ਸ਼੍ਰੋਮਣੀ ਕਮੇਟੀ ਵੱਲੋਂ ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਮਨਾਉਣ ਦਾ ਫ਼ੈਸਲਾ

ਅੰਮ੍ਰਿਤਸਰ (ਸਮਾਜ ਵੀਕਲੀ):  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਮਨਾਉਣ ਦਾ ਫ਼ੈਸਲਾ ਲਿਆ ਹੈ। ਇਹ ਸ਼ਹੀਦੀ ਸਾਕਾ 30 ਅਕਤੂਬਰ 1922 ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਪਾਕਿਸਤਾਨ ਵਿਖੇ ਵਾਪਰਿਆ ਸੀ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਦੌਰਾਨ ਸਾਕੇ ਦੀ ਪਹਿਲੀ ਸ਼ਤਾਬਦੀ ਮੌਕੇ ਭਾਰਤ ਅਤੇ ਪਾਕਿਸਤਾਨ ਵਿੱਚ ਵੱਖ-ਵੱਖ ਗੁਰਮਤਿ ਸਮਾਗਮ ਕਰਵਾਉਣ, ਧਾਰਮਿਕ ਸਾਹਿਤ ਛਪਵਾਉਣ ਆਦਿ ਸਬੰਧੀ ਵੱਖ-ਵੱਖ ਕਮੇਟੀਆਂ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼ਹੀਦੀ ਸਾਕੇ ਦਾ 100 ਸਾਲਾ ਦਿਹਾੜਾ ਪੰਥਕ ਰਵਾਇਤਾਂ ਅਨੁਸਾਰ ਮਨਾਇਆ ਜਾਵੇਗਾ। ਇਸ ਸ਼ਤਾਬਦੀ ਨੂੰ ਸਮਰਪਿਤ ਕੀਤੇ ਜਾਣ ਵਾਲੇ ਸਮਾਗਮਾਂ ਦੀ ਰੂਪ-ਰੇਖਾ ਅਤੇ ਵਿਉਂਤਬੰਦੀ ਲਈ ਸਬ-ਕਮੇਟੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਯਤਨ ਕੀਤਾ ਜਾਵੇਗਾ ਕਿ ਇਸ ਮੌਕੇ ਗੁਰਮਤਿ ਸਮਾਗਮਾਂ ਦੇ ਨਾਲ-ਨਾਲ ਸ਼ਹੀਦੀ ਸਾਕੇ ਦੇ ਵੱਖ-ਵੱਖ ਪਹਿਲੂਆਂ ਦਾ ਸਾਹਿਤ ਅਤੇ ਡਿਜੀਟਲ ਵਿਧੀ ਰਾਹੀਂ ਵੀ ਪ੍ਰਚਾਰ ਕੀਤਾ ਜਾਵੇ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਨੇ ਅਮਰੀਕਾ ਦੀ ਇੱਕ ਸੰਸਥਾ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਵਾਧੂ ਲਗਾ-ਮਾਤਰਾਵਾਂ ਅਤੇ ਬਿੰਦੀਆਂ ਲਗਾ ਕੇ ਛਾਪੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।

ਐਡਵੋਕੇਟ ਧਾਮੀ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ’ਚ ਜਲਦੀ ਇਕੱਤਰਤਾ ਸੱਦ ਕੇ ਆਦੇਸ਼ ਜਾਰੀ ਕਰਨ। ਇਸੇ ਦੌਰਾਨ ਕਮੇਟੀ ਪ੍ਰਧਾਨ ਨੇ ਕਾਰ ਸੇਵਾ ਵਾਲੇ ਮਹਾਪੁਰਖਾਂ ਨਾਲ ਮੀਟਿੰਗ ਕਰ ਕੇ ਇਤਿਹਾਸਕ ਗੁਰਦੁਆਰਿਆਂ ਵਿੱਚ ਚੱਲ ਰਹੀਆਂ ਕਾਰ ਸੇਵਾਵਾਂ ਸਬੰਧੀ ਵਿਚਾਰਾਂ ਕੀਤੀਆਂ ਅਤੇ ਇਹ ਕਾਰਜ ਜਲਦੀ ਮੁਕੰਮਲ ਕਰਨ ਦੀ ਅਪੀਲ ਕੀਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭ੍ਰਿਸ਼ਟਾਚਾਰ ਖ਼ਿਲਾਫ ਸ਼ਿਕਾਇਤ ’ਤੇ ਪਹਿਲੀ ਕਾਰਵਾਈ: ਜਲੰਧਰ ਤਹਿਸੀਲ ਦੀ ਕਲਰਕ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫਾਰਸ਼
Next articleਨਾਨਕਸ਼ਾਹੀ ਕੈਲੰਡਰ ਵਿਵਾਦ: ਸ਼ਹੀਦੀ ਪੁਰਬ ’ਤੇ ਜਥਾ ਪਾਕਿ ਭੇਜਣ ਬਾਰੇ ਬੇਯਕੀਨੀ