ਚਮਕ ਹੈ ਮੇਹਰ ਕੀ ਚਮਕੌਰ ਤੇਰੇ ਜ਼ੱਰੋਂ ਮੇਂ

ਬਲਵੀਰ ਸਿੰਘ ਬਾਸੀਆਂ ਬੇਟ 

(ਸਮਾਜ ਵੀਕਲੀ)

ਜਿਵੇਂ-ਜਿਵੇਂ ਦੁਨੀਆਂ ਤੇ ਪਾਪ ਵੱਧਦਾ ਹੈ,ਲੋਕਾਈ ਤੇ ਧਰਮ ਵਿਚਕਾਰ ਕੰਡੇ ਪੈਦਾ ਕਰਨ ਵਾਲੇ ਲੋਕ ਵੱਧਦੇ ਨੇ, ਤਾਂ ਅਵਤਾਰਾਂ ਨੂੰ ਪ੍ਰਗਟ ਹੋਣਾ ਪੈਂਦਾ ਹੈ। ਪਾਪ ਦੀ ਹੱਦ ਅਨੁਸਾਰ ਮਹਾਂਪੁਰਸ਼ ਦੁਨੀਆਂ ‘ਤੇ ਆਉਂਦੇ ਹਨ। ਪਾਪ ਵਧ ਜਾਣ ਤੇ ਸ਼੍ਰੀ ਰਾਮ, ਸ਼੍ਰੀ ਕ੍ਰਿਸ਼ਨ ਜੀ ਵਰਗੇ ਮਹਾਂਪੁਰਸ਼ ਅਵਤਾਰ ਧਾਰਦੇ ਹਨ,ਤੇ ਜਦੋਂ ਪਾਪ ਹੱਦੋਂ ਵਧ ਜਾਏ ਤਾਂ “ਆਪ ਨਾਰਾਇਣ ਕਲਾ ਧਾਰਿ ਜਗਿ ਮਹਿ ਪਰਵਰਿਯਉ “ਆਪ ਗੁਰ ਨਾਨਕ ਬਣ ਕੇ ਪ੍ਰਗਟ ਹੁੰਦੇ ਹਨ। ਭਾਰਤ ਵਰਸ ਵਿੱਚ ਲੱਗਭੱਗ 1001 ਈਸਵੀ ਤੋਂ ਮਹਿਮੂਦ ਗਜ਼ਨਵੀ ਤੋਂ ਮੁਗਲ, ਪਠਾਨ, ਲੋਧੀ ਵੰਸ਼ਾਂ ਦਾ ਰਾਜ ਰਿਹਾ। ਇਹ ਸਾਰੇ ਇਸਲਾਮ ਧਰਮ ਨਾਲ ਸੰਬੰਧਤ ਸਨ। ਤਖਤ ਦਾ ਨਸ਼ਾ ਇਹੋ ਜਿਹਾ ਹੁੰਦਾ ਹੈ ਕਿ ਆਮ ਲੋਕਾਈ ਕੀੜਿਆਂ-ਮਕੌੜਿਆਂ ਦੀ ਤਰ੍ਹਾਂ ਦਿਖਾਈ ਦਿੰਦੀ ਹੈ। ਲੋਕਾਈ ਤੇ ਬਾਬਰ ਜੁਲਮ ਕਰਦਾ ਹੈ ਤਾਂ ਗੁਰ ਨਾਨਕ ਸਾਹਿਬ ਰੋਕਦੇ ਹਨ,ਜਹਾਂਗੀਰ ਜੁਲਮ ਕਰਦਾ ਹੈ ਤਾਂ ਗੁਰ ਅਰਜਨ ਸਾਹਿਬ ਰੋਕਦੇ ਹਨ।

ਤਖਤ ਦੇ ਨਸ਼ੇ ਵਿੱਚ ਚੂਰ ਜਹਾਂਗੀਰ ਪ੍ਰੇਮ ਦੀ ਭਾਸ਼ਾ ਨਹੀਂ ਸਮਝਦਾ ਤੇ ਸਿੱਖੀ ਦੀ ਫੁੱਲਵਾੜੀ ਨੂੰ ਖਤਮ ਕਰਨ ਲਈ ਜਦੋਂ ਸਿੱਖੀ ਦੇ ਮਾਲੀ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਪੀਰੀ ਤੇ ਮੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਨੀਆਂ ਪਈਆਂ। ਉਹਨਾਂ ਨੂੰ ਦਰਸਾਉਣਾ ਪਿਆ ਕਿ ਕੰਡੇ ਕਦੇ ਵੀ ਕੋਮਲਤਾ ਨਾਲ ਨਹੀਂ ਮੁੜਦੇ। ਕਠੋਰ ਹੋਣਾ ਪੈਂਦਾ ਹੈ। ਭਗਤੀ ਨਾਲ ਸ਼ਕਤੀ ਜਰੂਰੀ ਹੈ। ਹਰਿਮੰਦਰ ਸਾਹਿਬ ਨਾਲ ਅਕਾਲ ਤਖਤ ਜਰੂਰੀ ਹੈ। ਪ੍ਰੇਮ ਦੀ ਭਾਸ਼ਾ ਹੁਕਮਰਾਨ ਨਹੀਂ ਸਮਝਦੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸ਼ਸ਼ਤਰ ਚੁੱਕਣੇ ਪਏ। ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬੇ ਕੇ ਤੇ ਬਾਬਰ ਕਿਆਂ ਦੀ ਟੱਕਰ ਵਿੱਚ ਸ਼ਹੀਦ ਹੋ ਗਏ।
“ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨੁ ਕੇ ਹੇਤੁ
ਪੁਰਜਾ-ਪੁਰਜਾ ਕਟਿ ਮਰਹਿ ਕਬਹੂੰ ਨਾ ਛਾਡਹਿ ਖੇਤੁ। ।

ਫਾਰਸੀ ਵਿੱਚ ਦੀਨ ਧਰਮ ਤੇ ਗਰੀਬ ਨੂੰ ਕਹਿੰਦੇ ਹਨ। ਧਰਮ ਲਈ, ਗਰੀਬ ਲਈ ਤੇ ਸੱਚ ਲਈ ਜਾਂ ਇਨਸਾਫ ਦਿਵਾਉਣ ਲਈ ਆਪਾ ਵਾਰਨ ਵਾਲੇ ਸ਼ਹਾਦਤ ਦੀ ਪਦਵੀ ਮਾਣਦੇ ਹਨ। ਲੋਕਾਈ ਨੂੰ ਜਾਲਮ ਤੋਂ ਇਨਸਾਫ, ਮੁਕਤੀ ਦਿਵਾਉਣ ਲਈ ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਆਪ ਔਰੰਗਜ਼ੇਬ ਨਾਲ ਟਕਰਾਏ।

ਇਤਿਹਾਸ ਵਾਚਦੇ ਹਾਂ ਤਾਂ 14 ਵੱਡੀਆਂ ਜੰਗਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ, ਬਾਈਧਾਰ ਦੇ ਰਾਜਿਆਂ ਨਾਲ ਤੇ ਔਰੰਗਜ਼ੇਬ ਦੀ ਫੌਜ ਨਾਲ ਲੜੀਆਂ। ਇਹਨਾਂ ਤੋਂ ਇਲਾਵਾ ਛੋਟੇ-ਮੋਟੇ ਟਕਰਾਅ ਤਾਂ ਸੈਂਕੜੇ ਵਾਰ ਹੁੰਦੇ ਰਹੇ। ਇਹਨਾਂ ਜੰਗਾਂ ਜਾਂ ਟਕਰਾਵਾਂ ਸਮੇਂ ਗੁਰੂ ਸਾਹਿਬ ਦੀ ਖਾਸੀਅਤ ਇਹ ਸੀ ਕਿ ਆਪ ਨੇ ਕਦੇ ਵੀ ਜੰਗ/ਟਕਰਾਅ ਲਈ ਪਹਿਲ ਨਹੀਂ ਕੀਤੀ ਸੀ। ਪਰ ਆਪ ਸਾਰੀਆਂ ਜੰਗਾਂ ਚੋਂ ਜੇਤੂ ਹੁੰਦੇ ਰਹੇ। ਆਪ ਦੇ ਜੰਗ ਲੜਨ ਲਈ ਪਹਿਲ ਨਾਂ ਕਰਨ ਦੇ ਇਸ ਅੰਦਾਜ ਤੋਂ ਪ੍ਰਭਾਵਿਤ ਹੋ ਕੇ ਸਈਅਦ ਬੇਗ ਅਲਫ ਖਾਂ ਵਰਗੇ ਦੁਸ਼ਮਣ ਵੀ ਆਪ ਦੇ ਮੁਰੀਦ ਬਣ ਗਏ।ਵਿਦਵਾਨ ਆਖਦੇ ਨੇ ਕਿ ਚੰਦਨ ਦੇ ਸੁਭਾਅ ਅਨੁਸਾਰ ਚੰਦਨ ਦੇ ਨਾਲ ਲੱਗਣ ਵਾਲੇ ਵੀ ਚੰਦਨ ਹੋ ਜਾਇਆ ਕਰਦੇ ਨੇ । ਦੂਜੇ ਪਾਸੇ ਬਾਂਸ ਬੇਸ਼ੱਕ ਆਪਣੇ ਕੱਦ ਕਾਠ ਕਾਰਨ ਉੱਚਾ- ਲੰਮਾ ਗਿਣਿਆ ਜਾਂਦੈ ਪਰ ਬਜਾਰ ਵਿੱਚ ਚੰਦਨ ਦਾ ਮੁੱਲ ਕਰੋੜਾਂ ਵਿੱਚ ਤੇ ਬਾਂਸ ਦਾ ਮੁੱਲ ਚੰਦ ਟਕੇ ਹੀ ਪੈਂਦਾ ਹੈ।

ਆਪ ਪਾਸੋਂ ਵਜ਼ੀਰ ਖਾਂ, ਸ਼ੈਦ ਖਾਂ ਤੇ ਭੀਮ ਚੰਦ ਅਨੇਕਾਂ ਜੰਗਾਂ ਹਾਰ ਗਏ ਇਹਨਾਂ ਨੇ ਫਿਰ ਵੀ ਆਪਣੀਆਂ ਚਿੱਠੀਆਂ/ਚੁਗਲੀਆਂ ਰਾਹੀਂ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਇਹ ਲਿਖਦੇ/ਸੁਨੇਹੇ ਭੇਜਦੇ ਰਹੇ ਕਿ ਤੁਹਾਡੇ ਬਰਾਬਰ ਇੱਕ ਬਾਦਸ਼ਾਹ ਬਣ ਬੈਠਾ ਆਨੰਦਪੁਰ ਵਿੱਚ ਆਪਣੇ ਹੁਕਮ ਚਲਾ ਰਿਹਾ ਹੈ। ਇਸ ਤੋਂ ਪਹਿਲਾਂ ਉਹ ਤੁਹਾਡੀ ਸਲਤਨਤ ਨੂੰ ਵੰਗਾਰੇ ,ਉਸ ਦਾ ਪਹਿਲਾਂ ਹੀ ਸਿਰ ਕੁਚਲ ਦੇਣਾ ਚਾਹੀਦਾ ਹੈ। ਇਹ ਇੱਕ ਦਿਨ ਤੁਹਾਡੇ ਤਖਤ ਲਈ ਚੁਣੌਤੀ ਬਣੇਗਾ। ਕਿਉਂਕਿ ਹਾਕਮ ਹਮੇਸ਼ਾ ਕੰਨਾਂ ਦੇ ਕੱਚੇ ਹੁੰਦੇ ਹਨ। ਉਹਨਾਂ ਦੀਆਂ ਲਾਵਾਂ-ਲੁਤਰੀਆਂ ਸੁਣ ਔਰੰਗਜ਼ੇਬ ਦੇ ਹੁਕਮਾਂ ਤਹਿਤ ਲਾਹੌਰ ਤੇ ਸਰਹੰਦ ਦਾ ਸੂਬੇ ਸਮੇਤ ਬਾਈਧਾਰ ਦੇ ਸਾਰੇ ਰਾਜਿਆਂ ਨੇ ਆਪੋ-ਆਪਣੀਆਂ ਫੌਜਾਂ ਲੈ ਕੇ ਮਈ 1704 ਈ: ਨੂ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ।

ਗੁਰੂ ਸਾਹਿਬ ਦੇ ਸਿੱਖਾਂ ਤੋਂ ਵੀਹ ਗੁਣਾਂ ਵੱਧ ਗਿਣਤੀ ਫੌਜ ਦੀ ਦੱਸੀ ਜਾਂਦੀ ਹੈ। ਸੂਰਜ ਚੜ੍ਹਦਾ ਹੈ, ਜੰਗ ਦਾ ਬਿਗੁਲ ਵੱਜਦਾ ਹੈ। ਗੁਰੂ ਦਾ ਥਾਪੜਾ ਲੈ ਕੇ ਸਿੰਘ ਮੈਦਾਨੇ ਜੰਗ ਵਿੱਚ ਉੱਤਰਦੇ ਹਨ। ਬਹੁਤਿਆਂ ਨੂੰ ਮਾਰ ਮੁਕਾ ਕੁਝ ਸਿੰਘ ਸ਼ਹੀਦ ਹੁੰਦੇ ਹਨ। ਸੂਰਜ ਅਸਤ ਹੋਣ ਸਾਰ ਜੰਗ ਰੁਕਦਾ ਹੈ। ਦੂਜੇ ਦਿਨ ਸੂਰਜ ਚੜ੍ਹਨ ਨਾਲ ਫਿਰ ਜੰਗ ਸ਼ੁਰੂ ਹੁੰਦਾ ਹੈ। ਇਸ ਵਰਤਾਰੇ ਦੌਰਾਨ ਗਰਮੀਆਂ ਲੰਘ ਗਈਆਂ ਹਨ। ਵਰਖਾ ਦੀ ਰੁੱਤ ਸ਼ੁਰੂ ਹੋ ਗਈ ਹੈ। ਵਰਖਾ ਸ਼ੁਰੂ ਹੋਣ ਤੇ ਮੌਸਮ ਦੇ ਤਕਾਜ਼ੇ ਦੌਰਾਨ ਫੌਜ ਵਿੱਚ ਅਫਰਾ -ਤਫਰੀ ਮੱਚ ਜਾਂਦੀ ਹੈ ਕਿ ਜੰਗ ਜਿੱਤਿਆ ਨਹੀਂ ਜਾ ਰਿਹਾ ਤੇ ਫੌਜ ਵਿੱਚ ਬਿਮਾਰੀ ਵਧ ਰਹੀ ਹੈ। ਕਿਉਂਕਿ ਇੰਨੀ ਜਿਆਦਾ ਗਿਣਤੀ ਵਿੱਚ ਫੌਜ ਹੈ ਕਿ ਇੱਕ ਦੀ ਲਾਗ ਦੂਜੇ ਤੱਕ ਬਹੁਤ ਜਲਦੀ ਪਹੁੰਚ ਰਹੀ ਹੈ। ਕੁਝ ਸਮੇਂ ਲਈ ਫੌਜਾਂ ਦੀ ਲਗਾਮ ਢਿੱਲੀ ਕਰ,ਉਡੀਕ ਕੀਤੀ ਜਾਂਦੀ ਹੈ ਕਿ ਕਦੋਂ ਗੁਰੂ ਗੋਬਿੰਦ ਸਿੰਘ ਆਪਣੇ ਆਪ ਕਿਲੇ ਵਿੱਚੋਂ ਨਿਕਲਣ ਤੇ ਉਹਨਾਂ ਨੂੰ ਰੜੇ ਮੈਦਾਨ ਵਿੱਚ ਸ਼ਹੀਦ ਕੀਤਾ ਜਾਏ।

ਇਸ ਸਮੇਂ ਤੱਕ ਗੁਰੂ ਸਾਹਿਬ ਜੀ ਤੇ ਸਿੱਖਾਂ ਨੂੰ ਲਗਾਤਾਰ ਜੰਗ ਲੜਦਿਆਂ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸੀ। ਲਗਾਤਾਰ ਜੰਗ ਲੜਦੇ ਰਹਿਣ ਨਾਲ ਥਕੇਵਾਂ ਵੀ ਹੁੰਦਾ ਹੈ ਤੇ ਵਿੱਚ-ਵਿੱਚ ਸਿਰਫ ਦੋ-ਚਾਰ ਦਿਨ ਹੀ ਅਰਾਮ ਮਿਲਦਾ ਸੀ। ਸਿੱਖ ਵੀ ਥੱਕ-ਹਾਰ ਚੁੱਕੇ। ਮੁਗਲ ਫੌਜਾਂ ਨੇ ਕਿਲ੍ਹੇ ਵਿਚਲਾ ਰਾਸ਼ਣ-ਪਾਣੀ ਵੀ ਬੰਦ ਕਰ ਦਿੱਤਾ। ਸਿੰਘ ਸਿਰਫ ਛੋਲਿਆਂ ਦੀ ਮੁੱਠ ਖਾ ਗੁਜਾਰਾ ਕਰਦੇ।ਅੱਕੇ-ਥੱਕੇ ਸਿੰਘਾਂ ਵਿੱਚੋਂ ਕੁੱਝ ਬੇਦਾਵਾ ਵੀ ਦੇ ਗਏ। ਉਧਰੋਂ ਮੁਗਲਾਂ ਵੱਲੋਂ ਕੁਰਾਨ ਦੀਆਂ ਝੂਠੀਆਂ ਕਸਮਾਂ ਦੇ ਪੱਤਰ ਆਉਣ ਲੱਗੇ ਕਿ ਤੁਸੀਂ ਕਿਲਾ ਛੱਡ ਜਾਉ, ਅਸੀਂ ਤੁਹਾਨੂੰ ਸੁਰੱਖਿਅਤ ਲਾਂਘਾ ਦੇ ਦੇਵਾਂਗੇ। ਪਰ ਗੁਰੂ ਸਾਹਿਬ ਸਭ ਜਾਣੀ -ਜਾਣ ਸਨ। ਸਿੰਘਾਂ ਨੇ ਜਿੱਦ ਕੀਤੀ ਕਿ ਕਿਲ੍ਹਾ ਛੱਡ ਦਿੱਤਾ ਜਾਵੇ। ਗੁਰੂ ਸਾਹਿਬ ਨੇ ਸਿੰਘਾਂ ਨੂੰ ਸਮਝਾਇਆ ਵੀ ਕਿ ਇੱਕ ਹਫਤਾ ਹੋਰ ਰੁਕਣਾ ਪਵੇਗਾ। ਜੇਕਰ ਅੱਜ ਕਿਲਾ ਛੱਡ ਦੇ ਹਾਂ ਤਾਂ ਇਸ ਆਉਣ ਵਾਲੇ ਹਫਤੇ ਦੌਰਾਨ ਸਿੱਖੀ ਦੀ ਫੁਲਵਾੜੀ ਦਾ ਇੰਨਾ ਕੁ ਨੁਕਸਾਨ ਹੋਵੇਗਾ ਕਿ ਕਦੇ ਪੂਰਾ ਨਹੀਂ ਹੋਵੇਗਾ।
ਗੁਰੂ ਸਾਹਿਬ ਜਫਰਨਾਮੇ ਚ ਲਿਖਦੇ ਨੇ,
“ਚਿ ਕਾਰੇ ਕੁਨਦ ਚਿਹਲ ਨਰ।
ਕਿ ਦਹ ਲਕ ਬਰਾਯਦ ਬਰੂ ਬੇਖਬਰ। “

ਭਾਵ ਭੁੱਖਣ-ਭਾਣੇ ਚਾਲੀ ਆਦਮੀ ਕੀ ਕਰ ਸਕਦੇ ਹਨ, ਜੇ ਉਹਨਾਂ ਉੱਤੇ ਦਸ ਲੱਖ (ਅਣਗਿਣਤ) ਫੌਜ ਟੁੱਟ ਪਵੇ।
ਕਿਉਂਕਿ ਦੁਸ਼ਮਣ ਦੀ ਅਣਗਿਣਤ ਫੌਜ ਨੇ ਸਥਿਤੀ ਹੀ ਇਹੋ ਜਿਹੀ ਬਣਾ ਦਿੱਤੀ ਸੀ ਕਿ ਜੇਕਰ ਕਿਲ੍ਹੇ ਅੰਦਰਲੇ ਸਿੰਘ ਦੁਸ਼ਮਣ ਤੇ ਹਮਲਾ ਕਰ ਕੇ ਰਾਸ਼ਣ-ਪਾਣੀ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਵੀ ਕਰਦੇ ਤਾਂ ਉਹਨਾਂ ਨੂੰ ਕਾਫੀ ਜਾਨੀ ਨੁਕਸਾਨ ਉਠਾਉਣਾ ਪੈਣਾ ਸੀ। ਅਖੀਰ ਸਾਰੀ ਗੱਲਬਾਤ ਕਰ ਨਾਲ ਜਰੂਰੀ ਸਮਾਨ ਚੁੱਕਣ ਤੇ ਕਿਲ੍ਹਾ ਛੱਡਣਾ ਤੈਅ ਹੋ ਗਿਆ। ਬਸ ਕਿਲ੍ਹਾ ਛੱਡਣ ਦੀ ਦੇਰ ਹੀ ਸੀ ਕਿ ਦੁਸ਼ਮਣ ਦਲਾਂ ਨੇ ਭੁੱਖਣ-ਭਾਣੇ ਸਿੰਘਾਂ ਤੇ ਹੱਲਾ ਬੋਲ ਦਿੱਤਾ। ਪੋਹ ਮਹੀਨੇ, ਬਾਰਸ਼ ਵਿੱਚ ਸੂਕਦੀ ਸਰਸਾ ਨਦੀ ਦੇ ਕੰਢੇ ਤੇ ਭਿਆਨਕ ਯੁੱਧ ਲੜਿਆ ਗਿਆ। ਭਾਈ ਬਚਿੱਤਰ ਸਿੰਘ ਸਮੇਤ ਕੁਝ ਹੋਰ ਸੂਰਮੇ ਸਿੰਘ ਸ਼ਹੀਦ ਹੋ ਚੁੱਕੇ ਸਨ। ਪਰ ਬਾਦਸ਼ਾਹ ਦਰਵੇਸ਼ ਸਰਸਾ ਦੇ ਕਿਨਾਰੇ ਅੰਮ੍ਰਿਤ ਵੇਲੇ ਨਿੱਤਨੇਮ/ਕੀਰਤਨ ਕਰਨ ਦਾ ਆਦੇਸ਼ ਦਿੰਦੇ ਹਨ।

ਇੱਥੇ ਹੀ ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਪੈਂਦਾ ਹੈ। ਪਰਿਵਾਰ ਤਿੰਨ ਹਿੱਸਿਆਂ/ਤਿੰਨ ਦਿਸ਼ਾਵਾਂ ਚ ਵੰਡਿਆ ਜਾਂਦਾ ਹੈ। ਗੁਰੂ ਸਾਹਿਬ, ਵੱਡੇ ਸਾਹਿਬਜ਼ਾਦੇ ਤੇ ਗਿਣਤੀ ਦੇ ਸਿੰਘ ਚਮਕੌਰ ਦੀ ਕੱਚੀ ਗੜ੍ਹੀ ਵੱਲ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਭਾਈ ਮਨੀ ਸਿੰਘ ਨਾਲ ਦਿੱਲੀ ਵੱਲ ਤੇ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਗੰਗੂ ਰਸੋਈਏ ਨਾਲ ਇੱਕ ਪਾਸੇ ਨੂੰ ਚੱਲ ਪੈਂਦੇ ਹਨ। ਚਮਕੌਰ ਦੀ ਗੜ੍ਹੀ ਤੱਕ ਵੀ ਦੁਸ਼ਮਣ ਫੌਜ ਗੁਰੂ ਜੀ ਦਾ ਪਿੱਛਾ ਨਹੀਂ ਛੱਡਦੀ। 22 ਦਸੰਬਰ 1704 ਨੂੰ ਮੁਗਲ ਫੌਜ ਕੱਚੀ ਗੜ੍ਹੀ ਤੇ ਭਰਵਾਂ ਹਮਲਾ ਕਰਦੀ ਹੈ। ਗੁਰੂ ਸਾਹਿਬ ਪੰਜ-ਪੰਜ ਸਿੰਘਾਂ ਦੇ ਜੱਥੇ ਬਣਾ ਕੇ ਭੇਜਦੇ ਹਨ। ਸਿੰਘ ਖੂਨ ਡੋਲ੍ਹਵੀਂ ਲੜਾਈ ਲੜਦੇ ਹਨ। ਸਿੰਘਾਂ ਨੂੰ ਲੜਦੇ ਵੇਖ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ (17 ਸਾਲ) ਨੇ ਰਣ-ਤੱਤੇ ਵਿੱਚ ਜਾਣ ਦੀ ਆਗਿਆ ਮੰਗੀ।

ਬਾਬਾ ਅਜੀਤ ਸਿੰਘ ਦੀ ਟੁਕੜੀ ਵਿੱਚ ਭਾਈ ਆਲਮ ਸਿੰਘ ਸੀ, ਜੋ ਕਾਫੀ ਛੋਟੀਆਂ ਜੰਗਾਂ ਦਾ ਹੀਰੋ ਸੀ । ਬਾਬਾ ਅਜੀਤ ਸਿੰਘ ਨੇ ਮੈਦਾਨੇ ਜੰਗ ਵਿੱਚ ਜਾਣ ਸਾਰ ਤਰਥੱਲੀ ਮਚਾ ਦਿੱਤੀ। ਪੂਰੇ ਜੋਸ਼ ਨਾਲ ਲੜੇ। ਪਹਿਲਾਂ ਬਰਛੇ ਨਾਲ ਫਿਰ ਤਲਵਾਰ ਨਾਲ। ਕਈਆਂ ਨੂੰ ਮਾਰ-ਮੁਕਾ ਸ਼ਹੀਦ ਹੋ ਗਏ। ਗੁਰੂ ਸਾਹਿਬ ਇਹ ਕੌਤਕ ਆਪਣੇ ਅੱਖੀਂ ਦੇਖ ਰਹੇ ਸਨ। ਇੱਕ ਵੀ ਹੰਝੂ ਅੱਖਾਂ ਚੋਂ ਨੀ ਡੇਗਿਆ। ਵੱਡੇ ਵੀਰ ਨੂੰ ਸ਼ਹੀਦ ਹੁੰਦਾ ਦੇਖ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਨੇ ਵੀ ਗੁਰੂ ਜੀ ਪਾਸੋਂ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗੀ। ਗੁਰੂ ਜੀ ਨੇ ਉਸ ਨੂੰ ਤਿਆਰ ਕੀਤਾ ਤੇ ਗੁਰੂ ਜੀ ਦੀ ਦਿਲੀ ਖਾਹਿਸ਼ ਨੂੰ ਅੱਲਾ ਯਾਰ ਖਾਂ ਜੋਗੀ ਇਉਂ ਲਿਖਦੈ,
“ਖਾਹਿਸ਼ ਹੈ ਤੁਮਹੇਂ ਤੇਗ ਚਲਾਤੇ ਹੂਏ ਦੇਖੇਂ।
ਹਮ ਆਂਖ ਸੇ ਬਰਛੀ ਤੁਮਹੇਂ ਖਾਤੇ ਹੂਏ ਦੇਖੇਂ। “

ਇਸ ਤਰ੍ਹਾਂ ਬਾਬਾ ਜੁਝਾਰ ਸਿੰਘ ਵੀ ਜੰਗ ਵਿੱਚ ਲੜਦੇ-ਲੜਦੇ ਸ਼ਹੀਦੀ ਪ੍ਰਾਪਤ ਕਰ ਗਏ। ਪੰਜ ਪਿਆਰਿਆਂ ਚੋਂ ਤਿੰਨ ਪਿਆਰੇ, ਭਾਈ ਜੈਤਾ ਜੀ ਵੀ ਰਣ-ਭੂਮੀ ਦੀ ਭੇਂਟ ਚੜ੍ਹ ਗਏ। ਪਰ ਗੁਰੂ ਜੀ ਨੇ ਕੁਝ ਸਿੰਘ ਅਜੇ ਵੀ ਬਚਾ ਕੇ ਰੱਖੇ ਸਨ। ਰਾਤ ਪਈ ਲੜਾਈ ਬੰਦ ਹੋਈ। ਗੜ੍ਹੀ ਵਿੱਚ ਕੇਵਲ 11 ਸਿੰਘ ਬਾਕੀ ਸਨ। ਵਿਦਵਾਨ ਈ ਸੀ ਅਰੋੜਾ ਦੀ ਕਿਤਾਬ “ਪੰਜਾਬ ਦਾ ਇਤਿਹਾਸ ” ਵਿੱਚ ਕੇਵਲ 5 ਸਿੰਘ ਬਚੇ ਲਿਖਿਆ ਮਿਲਦਾ ਹੈ। ਸਿੰਘ ਚਾਹੇ ਪੰਜ ਹੋਣ ਚਾਹੇ ਗਿਆਰਾਂ। ਇਹ ਸਾਰੇ 8 ਪੋਹ ਦੀ ਰਾਤ ਨੂੰ ਗੁਰੂ ਜੀ ਕੋਲ ਬੈਠੇ ਹਨ ।ਇਹਨਾਂ ਨੇ ਭਾਈ ਦਇਆ ਸਿੰਘ ਦੀ ਅਗਵਾਈ ਚ ਪੰਜ ਪਿਆਰੇ ਚੁਣੇ। ਸਮੇਂ ਦੀ ਨਜਾਕਤ ਪੰਜ ਪਿਆਰਿਆਂ ਨੇ ਗੁਰੂ ਜੀ ਨੂੰ ਬੇਨਤੀ ਨੁਮਾ ਹੁਕਮਨਾਮਾ ਬਚ ਕੇ ਨਿਕਲਣ ਦਾ ਕੀਤਾ। ਗੁਰੂ ਸਾਹਿਬ ਨੇ ਖਾਲਸੇ ਦਾ ਹੁਕਮ ਮੰਨ ਆਪਣੇ ਸ਼ਸ਼ਤਰ-ਵਸਤਰ ਉਤਾਰ ਕੇ ਬਾਬਾ ਸੰਗਤ ਸਿੰਘ ਨੂੰ ਪਹਿਨਾਂ ਦਿੱਤੇ ਤੇ ਆਪਣੀ ਹੀਰਿਆਂ ਜੜੀ ਕਲਗੀ ਵੀ ਉਹਨਾ ਦੇ ਸਿਰ ਤੇ ਸਜਾ ਦਿੱਤੀ।

ਇਹ ਸਭ ਦੁਸ਼ਮਣ ਦੀਆਂ ਫੌਜਾਂ ਨੂੰ ਭੰਬਲਭੂਸੇ ਪਾਉਣ ਲਈ ਕੀਤਾ। ਬਹੁਤੇ ਪ੍ਰਚਾਰਕ ਇਸ ਸਮੇਂ ਆਖਦੇ ਹਨ ਕਿ ਗੁਰੂ ਸਾਹਿਬ ਤਾੜੀ ਮਾਰ ਕੇ ਗੜ੍ਹੀ ਚੋਂ ਨਿਕਲੇ। ਜੇ ਦੇਖਿਆ ਜਾਏ ਤਾਂ ਉਸ ਸਮੇਂ ਵੀ ਦੁਸ਼ਮਣ ਦੀ ਲੱਖਾਂ ਵਿੱਚ ਬਚਦੀ ਫੌਜ ਦਾ ਘੇਰਾ ਕਿੱਥੋਂ ਤੱਕ ਫੈਲਿਆ ਹੋਵੇਗਾ ? ਤੇ ਉਥੋਂ ਬਚ ਨਿਕਲਣਾ ਕਿੰਨਾ ਕੁ ਮੁਮਕਿਨ ਹੋਵੇਗਾ? ਸਿੱਖ ਪ੍ਰਚਾਰਕ ਬਾਬਾ ਬੰਤਾ ਸਿੰਘ ਦੇ ਕਥਨ ਅਨੁਸਾਰ ਗੁਰੂ ਸਾਹਿਬ ਹਨੇਰੇ ਵਿੱਚ ਅਗਨੀ ਤੀਰ ਦੁਸ਼ਮਣ ਫੌਜ ਵੱਲ ਮਾਰਦੇ ਤੇ ਦੁਸ਼ਮਣ ਫੌਜ ਵਿੱਚ ਤਰਥੱਲੀ ਮੱਚ ਜਾਂਦੀ। ਉਹ ਉਧਰ ਨੂੰ ਭੱਜਦੇ ਤੇ ਰਾਹ ਵਿੱਚ ਆਇਆਂ ਦੇ ਤਲਵਾਰ ਨਾਲ ਆਹੂ ਲਾਹੁੰਦੇ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ਚ ਪਹੁੰਚਦੇ ਹਨ ।ਗੜ੍ਹੀ ਵਿੱਚ ਰਹਿ ਗਏ ਸਿੰਘ ਸ਼ਹੀਦੀਆਂ ਪਾਉਂਦੇ ਹਨ। ਇਹ ਸੀ ਦੁਨੀਆਂ ਦੇ ਇਤਿਹਾਸ ਦੀ ਇੱਕ ਬੇਜੋੜ ਤੇ ਅਸਾਵੀਂ ਜੰਗ ਦੀ ਦਾਸਤਾਂ। ਇਸ ਘਟਨਾ ਦੇ ਪ੍ਰਤੀਕਰਮ ਵਜੋਂ ਹੀ ਗੁਰੂ ਸਾਹਿਬ ਨੇ ਸਿੱਖਾਂ ਨੂੰ ਨਾਅਰਾ ਦਿੱਤਾ ਸੀ ਕਿ ਜਦੋਂ ਜੁਲਮ ਨੂੰ ਰੋਕਣ ਦੇ ਸਾਰੇ ਹੀਲੇ-ਉਪਾਅ ਮੁੱਕ ਜਾਣ ਤਾਂ ਹੱਥ ਵਿੱਚ ਤਲਵਾਰ ਚੁੱਕਣਾ ਜਾਇਜ ਹੈ। ਇਸ ਨਵੀਂ ਸੋਚ ਤੇ ਫਲਸਫੇ ਨੇ ਸਿੱਖਾਂ ਨੂੰ ਕ੍ਰਾਂਤੀਕਾਰੀ ਬਣਾ ਦਿੱਤਾ। ਇਤਿਹਾਸ ਆਪਣੇ ਆਪ ਨੂੰ ਦਰਸਾਉਂਦਾ ਰਹੇਗਾ। ਅੱਜ ਤਾਹੀਉਂ ਤਾਂ ਦੁਨੀਆਂ ਭਰ ਦੇ ਲੋਕ ਚਮਕੌਰ ਸਾਹਿਬ ਨਤਮਸਤਕ ਹੁੰਦੇ ਹੋਏ ਕਿਸੇ ਕਵੀ ਦੀਆਂ ਇਹ ਸਤਰਾਂ ਯਾਦ ਕਰਦੇ ਹਨ,
“ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜੱਰੋਂ ਮੇਂ
ਯਹੀਂ ਸੇ ਬਨਕੇ ਸਿਤਾਰੇ ਗਏ ਸਮਾਂ ਕੇ ਲੀਏ
ਬਸ ਏਕ ਹੀ ਹਿੰਦ ਮੇਂ ਤੀਰਥ ਹੈ, ਯਾਤਰਾ ਕੇ ਲੀਏ
ਕਟਾਏ ਬਾਪ ਨੇ ਬੱਚੇ ਯਹਾਂ ਖੁਦਾ ਕੇ ਲੀਯੇ। “

ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)
8437600371

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਲਦੇਵ ਸਿੰਘ ਮੁੱਲਾਂਪੁਰ ਨੇ ਬਤੌਰ ਹੈੱਡ ਟੀਚਰ ਸਪਸ ਮੰਡਿਆਣੀ ਵਿਖੇ ਅਹੁਦਾ ਸੰਭਾਲਿਆ
Next articleਗੁਜ਼ਰੀ ਦੇ ਲਾਲ