(ਸਮਾਜ ਵੀਕਲੀ)
ਵੈਸੇ ਜਦ ਦਾ ਹੱਥ ਵਿਚ ਮੋਬਾਈਲ ਆਇਆ, busy ਤਾਂ ਇਹਨੇ ਹੀ ਬਹੁਤ ਕਰ ਰੱਖੇ ਸੀ। ਪਹਿਲਾਂ ਪਹਿਲਾਂ ਸੱਪ ਸੀੜੀ ਗੇਮ ਹੀ ਖੇਡਦੇ ਰਹਿੰਦੇ ਸੀ ਫਿਰ ਸੋਸ਼ਲ ਮੀਡੀਆ ਦੀ ਆਮਦ ਨਾਲ ਤਾਂ ਇੱਕ ਪਹਿਲਾਂ ਹੀ ਕਾਣੀ ਸੀ ਉੱਤੋਂ ਕਣ ਪੈ ਗਿਆ ਵਾਲੀ ਗੱਲ ਹੋ ਗਈ। ਫਿਰ ਭਾਂਤ ਭਾਂਤ ਦੇ ott ਪਲੇਟਫਾਰਮ ਨੇ ਤਾਂ ਬਿਲਕੁਲ ਹੀ ਭੱਠਾ ਬਿਠਾ ਦਿੱਤਾ। ਇਹਦੇ ਨਾਲ ਕੀ ਹੋਇਆ, ਜਿਹੜੀ ਕਦੇ ਮਹੀਨੇ ਵੀਹ ਦਿਨ ਬਾਅਦ ਫਿਲਮ ਦੇਖ ਆਉਂਦੇ ਸੀ। ਉਹ ਚਾਅ ਮੱਠਾ ਪੈ ਗਿਆ। ਕਿਉਂਕਿ ਹਜਾਰਾਂ ਫਿਲਮਾਂ ਸੈਂਕੜੇ ਸੀਰੀਜ਼ ਹੁਣ ਜੇਬ ਵਿਚ ਨੇ।
ਅੱਜ mother,S day ਹੋਣ ਕਰਕੇ ਬੇਟੀ ਨੇ ਨਵੀਂ ਰਿਲੀਜ਼ ਹੋਈ ਫਿਲਮ “ਸ਼ਿੰਦਾ ਸ਼ਿੰਦਾ ਯੈੱਸ ਪਾਪਾ” ਆਪਣੀ ਮਾਂ ਨੂੰ ਦਿਖਾਉਣ ਦਾ ਪ੍ਰੋਗਰਾਮ ਬਣਾਇਆ ਤਾਂ ਇੱਕ ਨਾਲ ਇੱਕ ਫਰੀ ਦੇ ਪ੍ਰੋਗਰਾਮ ਨਾਲ ਬਾਪ ਰੂੰਗੇ ਵਿਚ ਨਾਲ ਚਲਿਆ ਗਿਆ। ਸਮਝੋ, ਲੱਕੜ ਨਾਲ ਲੋਹਾ ਤਰ ਗਿਆ। ਅੱਜਕਲ ਜਦ ਕੋਈ ਨਵੀਂ ਫਿਲਮ ਆਉਂਦੀ ਹੈ ਖ਼ਾਸ ਕਰ ਪੰਜਾਬੀ ਤਾਂ ਫੇਸਬੁੱਕ ਤੇ ਵਿਦਵਾਨ ਸ਼ੁਰੂ ਹੋ ਜਾਂਦੇ ਹਨ। ਜਿਵੇਂ ਹੁਣ ਮੈਨੂੰ ਵੀ ਕੀੜਾ ਤੰਗ ਕਰ ਰਿਹਾ ਹੈ। ਪਰ ਮੇਰਾ ਰੀਵਿਊ ਹਮੇਸ਼ਾ ਲੋਕਾਂ ਤੋਂ ਅਲੱਗ ਹੁੰਦਾ ਹੈ। ਕਿਉਂਕਿ ਤੁਸੀਂ ਸੋਸ਼ਲ ਮੀਡੀਆ ਤੇ ਸਵੇਰੇ ਦੇਖੀ ਫਿਲਮ ਦੂਸਰੇ ਦਿਨ ਦੱਸ ਨਹੀ ਸਕਦੇ, ਕਿ ਕਿਹੜੀ ਦੇਖੀ ਸੀ। ਜਿਵੇਂ ਇਹ ਯਾਦ ਨਹੀਂ ਰਹਿੰਦਾ ਕਿ ਕਿਹੜੇ ਧੂਤੇ ਨੇ ਕਦ ਕਿਹੜੀ ਧਮਕੀ ਦਿੱਤੀ ਸੀ। ਕਿਉਂਕਿ ਇੱਥੇ ਸਾਰਾ ਦਿਨ ਘੜਮੱਸ ਹੀ ਪਿਆ ਰਹਿੰਦਾ। ਮੈਂ ਹਮੇਸ਼ਾ ਸੋਚਦਾ ਹਾਂ, ਕਿ ਜਦ ਸਵੇਰੇ ਸ਼ਾਮ ਸਾਨੂੰ ਧੱਕੇ ਨਾਲ ਪੂਰੀ ਵੱਡੀ ਆਵਾਜ਼ ਵਿਚ ਭਾਈ ਜੀ ਵੱਲੋਂ ਸੁਣਾਈ ਜਾਂਦੀ ਗੁਰਬਾਣੀ ਤੇ ਨਿੱਤ ਸੁਣਦੇ ਚੱਜ ਦੇ ਵਿਚਾਰ ਸਾਡਾ ਜੀਵਨ ਨਹੀਂ ਬਦਲ ਸਕੇ, ਤਾਂ ਇਹਨਾ ਫਿਲਮਾਂ ਨੇ ਸਾਨੂੰ ਸਵਾਹ ਬਦਲ ਦੇਣਾ। ਜਿਸਦਾ ਤੀਸਰੇ ਦਿਨ ਨਾਮ ਵੀ ਯਾਦ ਨਹੀਂ ਰਹਿੰਦਾ, ਕਿ ਕਦ ਕਿਹੜੀ ਦੇਖੀ ਸੀ।
ਇਹ ਸਿਰਫ ਇੱਕ ਮਨੋਰੰਜਨ ਦਾ ਵਪਾਰ ਹੈ। ਜਿਸ ਵਿਚ ਕੰਮ ਕਰਕੇ ਕੁਛ ਲੋਕ ਪੈਸੇ ਬਣਾ ਰਹੇ। ਕਿਉ ਐਕਟਰ, ਕੋਈ ਡਾਇਰੈਕਟਰ ਕੋਈ ਨਿਰਮਾਤਾ, ਉਹ ਪੈਸੇ ਲੈਂਦੇ ਤੇ ਫਿਲਮਾਂ ਬਣਾਉਂਦੇ ਨੇ। ਅਸੀਂ ਥੋੜ੍ਹੇ ਥੋੜ੍ਹੇ ਨਾਲ ਉਹਨਾਂ ਦੇ ਪੈਸੇ ਵਧਾ ਦਿੰਦੇ ਹਾਂ ਤੇ ਦੋ ਘੰਟੇ ਇਸ ਘੁਟਣ ਭਰੇ ਮਾਹੌਲ ਵਿਚ ਹੱਸ ਕੇ ਆ ਜਾਂਦੇ ਹਾਂ। ਜੇਕਰ ਕਿਸੇ ਨੂੰ ਇਹ ਵਹਿਮ ਹੇ ਕਿ ਸਿਨਮੇ ਨੇ ਸਾਡੀ ਜਿੰਦਗੀ ਤੇ ਕੋਈ ਚੰਗਾ ਜਾ ਮਾੜਾ ਪ੍ਰਭਾਵ ਪਾਉਣਾ ਤਾਂ ਉਹ ਬਿਲਕੁਲ ਭੁਲੇਖੇ ਵਿਚ ਹੈ। ਜਿਵੇਂ ਅੱਜਕਲ ਅਕਾਲੀਆਂ ਨੂੰ ਭੁਲੇਖਾ ਹੈ ਕਿ ਉਹ ਦੇਰ ਸਵੇਰ ਵਾਪਸੀ ਕਰ ਲੈਣਗੇ। ਸੋ ਜੇਕਰ ਮੌਕਾ ਲਗਦਾ ਤਾਂ ਅਨੰਦ ਉਠਾ ਕੇ ਫਿਰ ਆਪਣੀ ਜਿੰਦਗੀ ਦੇ ਰੁਝੇਵਿਆਂ ਵਿਚ ਮਸ਼ਗੂਲ ਹੋ ਜਾਓ। ਇਹ ਨਾ ਸੋਚੋ ਕਿ ਚੰਗੀ ਬਣੀ ਜਾ ਮਾੜੀ। ਇਹ ਵੀ ਗਿੱਪੀ ਦੀਆਂ ਹੋਰ ਫਿਲਮਾਂ ਵਾਂਗ ਇੱਕ ਹਲਕੀ ਫੁਲਕਾ ਮਨੋਰੰਜਕ ਫਿਲਮ ਹੈ। ਟਾਇਮ ਲੱਗੇ ਤਾਂ ਦੇਖ ਲੈਣਾ, ਮਨੋਰੰਜਨ ਵਧੀਆ ਕਰਦੀ ਹੈ।
ਤੁਹਾਡਾ ਆਪਣਾ ਰੀਵੀਊਕਾਰ
ਵੈਦ ਬਲਵਿੰਦਰ ਸਿੰਘ ਢਿੱਲੋਂ
ਵਿੰਨੀਪੈਗ ਕਨੇਡਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly