ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸ਼ਿਮਲਾ ਪਹਾੜੀ ਪਾਰਕ ਟਾਂਡਾ ਦੇ ਕੋਲ ਬਰਸਾਤੀ ਦੇ ਪਾਣੀ ਦੀ ਨਿਕਾਸੀ ਲਈ ਬਣੀ ਪੁੱਲੀ ਨੂੰ ਗੈਰਕਾਨੂੰਨੀ ਤਰੀਕੇ ਨਾਲ ਬੰਦ ਕਰਨ ਦਾ ਮਾਮਲਾ ਨਗਰ ਕੌਂਸਲ ਟਾਂਡਾ ਦੇ ਧਿਆਨ ਵਿੱਚ ਆਇਆ, ਜਿਸ ‘ਤੇ ਨਗਰ ਕੌਂਸਲ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ। ਨਗਰ ਕੌਂਸਲ ਦੇ ਕਾਰਜਕਾਰੀ ਅਫ਼ਸਰ (ਈ.ਓ.) ਨੇ ਦੱਸਿਆ ਕਿ ਸ਼ਿਮਲਾ ਪਹਾੜੀ ਪਾਰਕ ਦੇ ਨੇੜੇ ਬਰਸਾਤ ਦੇ ਪਾਣੀ ਦੀ ਨਿਕਾਸੀ ਲਈ ਇੱਕ ਪੁਰਾਣੀ ਪੁੱਲੀ ਬਣੀ ਹੋਈ ਹੈ, ਜੋ ਬਾਰਿਸ਼ ਦੇ ਸਮੇਂ ਪਾਣੀ ਦੀ ਸਹੀ ਤਰ੍ਹਾਂ ਨਿਕਾਸੀ ਲਈ ਬਹੁਤ ਹੀ ਮਹੱਤਵਪੂਰਨ ਹੈ। ਹਾਲ ਹੀ ‘ਚ, ਪੁੱਲੀ ਦੇ ਕੋਲ ਦੀ ਜ਼ਮੀਨ ਦੇ ਮਾਲਕ ਨੇ ਰਾਤ ਦੇ ਸਮੇਂ ‘ਚ ਪੁੱਲੀ ਦੇ ਇੱਕ ਹਿੱਸੇ ‘ਤੇ ਮਿੱਟੀ ਪਾ ਕੇ ਉਸਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਇਹ ਮਾਮਲਾ ਨਗਰ ਕੌਂਸਲ ਦੇ ਧਿਆਨ ਵਿੱਚ ਆਇਆ, ਤਾਂ ਅਧਿਕਾਰੀਆਂ ਨੇ ਫ਼ੌਰੀ ਤੌਰ ‘ਤੇ ਮੌਕੇ ‘ਤੇ ਪਹੁੰਚ ਕੇ ਮਿੱਟੀ ਪਾਉਣ ਦੇ ਕੰਮ ਨੂੰ ਰੁਕਵਾ ਦਿੱਤਾ।
ਇਸ ਘਟਨਾ ਦੇ ਬਾਅਦ ਟਾਂਡਾ ਦੇ ਐਸ.ਡੀ.ਐਮ., ਤਹਿਸੀਲਦਾਰ, ਡੀ.ਐਸ.ਪੀ., ਐਸ.ਡੀ.ਓ. ਡ੍ਰੇਨਜ ਵਿਭਾਗ ਦੇ ਅਧਿਕਾਰੀ ਅਤੇ ਨਗਰ ਕੌਂਸਲ ਦੀ ਟੀਮ ਨੇ ਇਕੱਠੇ ਹੋ ਕੇ ਮੌਕੇ ਦਾ ਨਿਰੀਖਣ ਕੀਤਾ। ਨਿਰੀਖਣ ਮਗਰੋਂ, ਨਗਰ ਕੌਂਸਲ ਵੱਲੋਂ ਪੁੱਲੀ ਦੇ ਅੱਗੇ ਪਾਈ ਗਈ ਮਿੱਟੀ ਨੂੰ ਪੂਰੀ ਤਰ੍ਹਾਂ ਹਟਾਉਣ ਲਈ ਜੇ.ਸੀ.ਬੀ. ਮਸ਼ੀਨ ਦੀ ਵਰਤੋਂ ਕੀਤੀ ਗਈ ਅਤੇ ਪੁੱਲੀ ਦੀ ਪੂਰੀ ਤਰ੍ਹਾਂ ਸਫ਼ਾਈ ਕਰ ਦਿੱਤੀ ਗਈ। ਕਾਰਜਕਾਰੀ ਅਫ਼ਸਰ ਨੇ ਕਿਹਾ ਕਿ ਪੁੱਲੀ ਨੂੰ ਬੰਦ ਕਰਨ ਦਾ ਇਹ ਕਦਮ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਰੋਕ ਸਕਦਾ ਸੀ, ਜਿਸ ਨਾਲ ਇਲਾਕੇ ਵਿੱਚ ਜਲਭਰਾਅ ਦੀ ਸਮੱਸਿਆ ਪੈਦਾ ਹੋ ਸਕਦੀ ਸੀ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜੇਹੇ ਕਿਸੇ ਵੀ ਕੰਮ ਤੋਂ ਬਚਣ, ਜੋ ਲੋਕੀ ਜਨਸੰਪਤੀ ਨੂੰ ਨੁਕਸਾਨ ਪਹੁੰਚਾ ਸਕੇ ਅਤੇ ਨਗਰ ਕੌਂਸਲ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਫ਼ੌਰੀ ਸੂਚਨਾ ਦੇਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly