(ਸਮਾਜ ਵੀਕਲੀ)
ਕੰਧਾਂ ਤਾਂ ਕੰਧਾਂ ਈ ਹੁੰਦੀਆਂ
ਕੰਧਾਂ ਦੇ ਬਾਹਾਂ ਨਹੀਂ ਹੁੰਦੀਆਂ
ਜੋ ਉਸ ਨੂੰ ਕਲਾਵੇ ਵਿੱਚ ਲੈ
ਚੁੱਪ ਕਰਾ ਦਿੰਦੀਆਂ!
ਕੰਧਾਂ ਦੇ ਮੂੰਹ ਨਹੀਂ ਹੁੰਦਾ
ਜੋ ਦੋ ਮਿੱਠੇ ਬੋਲ
ਬੋਲ ਕੇ ਧੀਰਜ ਧਰਾ ਦਿੰਦਾ!
ਕੰਧਾਂ ਕੋਲ ਤਾਂ ਪਰਦਾ ਹੁੰਦਾ
ਜੋ ਉਸ ਦੀਆਂ ਪੀੜਾਂ ਸਿਸਕੀਆਂ
ਤੇ ਹਉਕਿਆਂ ਨੂੰ ਕੱਜ ਲੈਂਦਾ!
ਓਹ ਆਪਣੀਆਂ ਅੱਖਾਂ ‘ਚੋਂ ਵਹਿੰਦੇ
ਹੰਝੂਆਂ ਨੂੰ ਹੱਥਾਂ ਨਾਲ਼ ਪੂੰਝਦੀ
ਤੇ ਕੰਧਾਂ ਨਾਲ਼ ਮਲ਼
ਫਿਰ ਹੱਥਾਂ ਨੂੰ ਅੱਖਾਂ ‘ਤੇ ਧਰ ਲੈਂਦੀ!
ਕੁਝ ਸਾਲਾਂ ਵਿੱਚ ਹੀ
ਓਹ ਤੇ ਕੰਧਾਂ ਅਭੇਦ ਹੋ ਗਈਆਂ!
ਹੁਣ ਉਸ ਦੀਆਂ ਅੱਖਾਂ ‘ਚੋਂ
ਹੰਝੂ ਨਹੀਂ
‘ਰੇਤ ਕਿਰਨ ਲੱਗੀ’!
ਵਿਰਕ ਪੁਸ਼ਪਿੰਦਰ