ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਬਿਨਾਂ ਨਾਮ ਲਏ ਤਿੱਖਾ ਹਮਲਿਆਂ ਕਰਦਿਆਂ ਸੀਨੀਅਰ ਨੇਤਾ ਅੰਬਿਕਾ ਸੋਨੀ ਨੂੰ ਪਾਰਟੀ ਚੋਂ ਚੱਲਦਾ ਕਰਨ ਦੀ ਹਾਈਕਮਾਨ ਅੱਗੇ ਮੰਗ ਰੱਖ ਦਿੱਤੀ ਹੈ। ਜਾਖੜ ਨੇ ਕਿਹਾ ਕਿ ਹੁਣ ਇੱਕ ਦੂਜੇ ’ਤੇ ਨਿਰਮੂਲ ਦੋਸ਼ ਲਾਉਣ ਨਾਲ ਕੋਈ ਮਸਲਾ ਹੱਲ ਹੋਣ ਵਾਲਾ ਨਹੀਂ ਹੈ ਅਤੇ ਹੁਣ ਸਖ਼ਤ ਕਦਮ ਚੁੱਕਣੇ ਪੈਣੇ ਹਨ। ਜਾਖੜ ਨੇ ਇਸ਼ਾਰੇ ਵਿੱਚ ਕਿਹਾ ਕਿ ਹਾਈਕਮਾਨ ਨੂੰ ਇਸ ਵਾਸਤੇ ਵੱਡਾ ਹੌਸਲਾ ਦਿਖਾਉਣਾ ਪਵੇਗਾ। ਚੇਤੇ ਰਹੇ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰਕੇ ਨਵੇਂ ਮੁੱਖ ਮੰਤਰੀ ਲਈ ਉਮੀਦਵਾਰ ਦੀ ਚੋਣ ਹੋ ਰਹੀ ਸੀ ਤਾਂ ਉਦੋਂ ਬਹੁਗਿਣਤੀ ਵਿਧਾਇਕਾਂ ਦੀ ਹਮਾਇਤ ਹੋਣ ਕਰਕੇ ਜਾਖੜ ਨੂੰ ਮੁੱਖ ਮੰਤਰੀ ਬਣਾਏ ਜਾਣ ਦਾ ਫ਼ੈਸਲਾ ਕਰ ਲਿਆ ਗਿਆ ਸੀ ਪਰ ਉਸੇ ਵੇਲੇ ਹੀ ਅੰਬਿਕਾ ਸੋਨੀ ਨੇ ਮੁੱਖ ਮੰਤਰੀ ਕਿਸੇ ਸਿੱਖ ਨੂੰ ਬਣਾਏ ਜਾਣ ਦਾ ਬਿਆਨ ਜਾਰੀ ਕਰ ਦਿੱਤਾ ਸੀ।
ਅੰਬਿਕਾ ਸੋਨੀ ਦੇ ਇਸ ਬਿਆਨ ਮਗਰੋਂ ਹਾਈਕਮਾਨ ਨੇ ਫ਼ੈਸਲਾ ਬਦਲ ਕੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਐਲਾਨ ਦਿੱਤਾ ਸੀ। ਸੁਨੀਲ ਜਾਖੜ ਹਾਲੇ ਤੱਕ ਅੰਬਿਕਾ ਸੋਨੀ ਦੇ ਉਸ ਬਿਆਨ ਨੂੰ ਭੁੱਲੇ ਨਹੀਂ। ਜਾਖੜ ਨੇ ਆਪਣੇ ਟਵੀਟ ਵਿਚ ਕਿਹਾ, ‘‘ਇਹ ਜਿੰਨ (ਜਾਤ-ਪਾਤ ਦਾ) ਕਿਸ ਨੇ ਕੱਢਿਆ ਹੈ। ਇੱਕ ਦੂਜੇ ’ਤੇ ਬੇਮਤਲਬ ਦੋਸ਼ ਲਾਉਣ ਨਾਲ ਮਾਮਲਾ ਹੱਲ ਹੋਣਾ ਨਹੀਂ। ਇਸ ਲਈ ਵੱਡਾ ਹੌਸਲਾ ਅਤੇ ਹਿੰਮਤ ਵਿਖਾ ਕੇ ਉਨ੍ਹਾਂ ਲੋਕਾਂ ਨੂੰ (ਜਿਨ੍ਹਾਂ ਨੇ ਜਾਤ-ਪਾਤ ਦਾ ਪਾੜਾ ਪਾਰਟੀ ਵਿੱਚ ਪਾਇਆ) ਬੇਨਕਾਬ ਕਰਦੇ ਹੋਈ ਕਾਰਵਾਈ ਕਰਨੀ ਪੈਣੀ ਹੈ। ਨਹੀਂ ਤਾਂ ਜਾਤ-ਪਾਤ ਅਤੇ ਧਰਮ ਦੇ ਨਾਮ ਦੀਆਂ ਵੰਡੀਆਂ ਦਾ ਇਹ ਭੂਤ ਪਾਰਟੀ ਲਈ ਅੱਗੇ ਵੀ ਘਾਤਕ ਸਿੱਧ ਹੋਵੇਗਾ ਅਤੇ ਇਸ ਦਾ ਨੁਕਸਾਨ 2024 ਦੀਆਂ ਆਮ ਚੋਣਾਂ ਅਤੇ ਉਸ ਤੋਂ ਬਾਅਦ ਵੀ ਭੁਗਤਣਾ ਪੈ ਸਕਦਾ ਹੈ।’’
ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਜਾਰੀ
ਪੰਜਾਬ ਚੋਣਾਂ ਹਾਰਨ ਮਗਰੋਂ ਕਾਂਗਰਸ ਦਾ ਅੰਦਰੂਨੀ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹਾਲਾਂਕਿ ਨਵਜੋਤ ਸਿੱਧੂ ਅਸਤੀਫ਼ਾ ਦੇ ਚੁੱਕੇ ਹਨ ਅਤੇ ਚਰਨਜੀਤ ਚੰਨੀ ਨੇ ਚੁੱਪ ਵੱਟੀ ਹੋਈ ਹੈ। ਕਾਂਗਰਸ ਅੰਦਰ ਹੁਣ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਗਿਣਤੀ ਮਿਣਤੀ ਸ਼ੁਰੂ ਹੋ ਗਈ ਹੈ। ਇਸੇ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਦੀ ਚੋਣ ਨੂੰ ਲੈ ਕੇ ਵੀ ਵਿਧਾਇਕਾਂ ਨੇ ਸਰਗਰਮੀ ਸ਼ੁਰੂ ਕਰ ਦਿੱਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly