ਥਿੜਕੇ ਕਦਮ

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਮਾਂ…. ਨੀਂ ਮਾਂ, ਆਹ ਸੁਣ ਲੈ ਆ ਕੇ, ਕੀ ਚੰਨ ਚੜ੍ਹਾਏ ਨੇ ਤੇਰੇ ਲਾਡਲੇ ਨੇ। ਮੈਂ ਕਹਿੰਦੀ ਰਹੀ ਕਿ ਐਨਾ ਸਿਰ ਨਾ ਚੜ੍ਹਾ ਇਹਨੂੰ। ਤੰਗ ਕਰੂਗਾ,ਵੱਡਾ ਹੋ ਕੇ। ਆਹ ਵੇਖ ਲੈ ਹੁਣ, ਓਹੀ ਗੱਲ ਹੋ ਗਈ ਨਾ। ਪ੍ਰੀਤੋ ਘਰ ਵੜਦਿਆਂ ਹੀ ਇੱਕੋ ਸਾਹੇ ਕਿੰਨਾਂ ਕੁੱਝ ਬੋਲ ਗਈ।
ਨੀਂ ਪਹਿਲਾਂ ਗੱਲ ਤਾਂ ਦੱਸ ਕੀ ਹੋ ਗਈ। ਕੀ ਕਰ ‘ਤਾ ਮੇਰੇ ਪੁੱਤ ਨੇ ਇਹੋ ਜਿਹਾ ਕਿ ਤੂੰ ਮਗਰੇ ਪੈ ਗਈ ਏਂ। ਮਾਂ ਨੇ ਘਾਬਰਦਿਆਂ ਕਿਹਾ।
ਵਿਆਹ ਕਰਾ ਲਿਆ ਆਪੇ ‘ਕੱਲੇ ਨੇ। ਨਾਲ਼ੇ ਆਪ ਤੋਂ ਤਿੰਨ ਚਾਰ ਸਾਲ ਵੱਡੀ ਕੁੜੀ ਨਾਲ਼। ਉਹ ਵੀ ਚੋਰਾਂ ਦੇ ਖਾਨਦਾਨ ਵਿੱਚ।ਪ੍ਰੀਤੋ ਨੇ ਮੱਥੇ ਤੇ ਹੱਥ ਮਾਰਦਿਆਂ ਕਿਹਾ।

ਨੀਂ ਫਿੱਟੇ ਮੂੰਹ ਤੇਰੇ! ਇਹ ਕੀ ਕਹਿ ਰਹੀ ਏਂ। ਇਹ ਨਹੀਂ ਹੋ ਸਕਦਾ ਕਦੇ। ਤੂੰ ਐਵੇਂ ਮੇਰੇ ਇਕਲੌਤੇ ਪੁੱਤ ਦੇ ਮਗਰ ਪਈ ਰਹਿੰਦੀ ਏ। ਮਾਂ ਨੇ ਧੀ ਨੂੰ ਝਿੜਕਦਿਆਂ ਤੇ ਆਪਣੇ ਆਪ ਨੂੰ ਤੱਸਲੀ ਦਿੰਦੇ ਹੋਏ ਕਿਹਾ।

ਮਾਂ ਨੀਂ …ਮੈਂ ਕੋਈ ਝੂਠ ਬੋਲਦੀ ਭਲਾ? ਮੈਨੂੰ ਪੱਕਾ ਪਤਾ ਲੱਗਿਆ, ਤਾਂ ਹੀ ਤੈਨੂੰ ਦੱਸਿਆ। ਪ੍ਰੀਤੋ ਨੇ ਮਾਂ ਦੇ ਨੇੜੇ ਹੁੰਦਿਆਂ ਕਿਹਾ।
ਹਾਏ ਵੇ ਰੱਬਾ! ਇਹ ਕੀ ਕਹਿਰ ਕੀਤਾ ਮੇਰੇ ਤੇ। ਮੈਂ ਤਾਂ ਚਾਅ ਵੀ ਨਾ ਪੂਰੇ ਕਰ ਸਕੀ। ਇੱਕ ਪੁੱਤ ਤੂੰ ਪਹਿਲਾਂ ਖੋਹ ਲਿਆ। ਆਹ ਦੂਜੇ ਨੂੰ ਚਾਵਾਂ ਦੇ ਨਾਲ਼ ਪਾਲਿਆ ਸੀ। ਆਪਣੇ ਮੂੰਹ ‘ਚੋਂ ਕੱਢ ਵੀ ਓਹਨੂੰ ਖਵਾਉਂਦੀ ਰਹੀ। ਤੇ ਅੱਜ ਆਹ ਸਿਲਾ ਦੇ ਗਿਆ ਮੈਨੂੰ। ਮਾਂ ਉੱਚੀ- ਉੱਚੀ ਰੋਣ ਕੁਰਲਾਉਣ ਲੱਗ ਪਈ।

ਮਾਂ ਤੂੰ ਹੌਂਸਲਾ ਰੱਖ। ਆਪਾਂ ਗੱਲ ਕਰਦੇ ਹਾਂ ਓਹਦੇ ਨਾਲ ਕਿ ਕਿਉਂ ਨਾ ਦੱਸਿਆ ਸਾਨੂੰ। ਜੇ ਦੱਸ ਦਿੰਦਾ ਤਾਂ ਅਸੀਂ ਆਪ ਹੀ ਕਰ ਦਿੰਦੇ ਉਹਨਾਂ ਦੋਵਾਂ ਦਾ ਵਿਆਹ। ਭਲਾ ਅਸੀਂ ਐਨੇ ਮਾੜੇ ਹੋ ਗਏ ਕਿ ਓਹਨੇ ਪੁੱਛਣਾ ਤਾਂ ਦੂਰ ਦੱਸਣਾ ਵੀ ਜ਼ਰੂਰੀ ਨਾ ਸਮਝਿਆ ਸਾਨੂੰ। ਪ੍ਰੀਤੋ ਭਰੇ ਮਨ ਨਾਲ ਬੋਲੀ।

ਨੀਂ ਧੀਏ ਮੇਰਾ ਪੁੱਤ ਨੀ ਮਾੜਾ। ਜ਼ਰੂਰ ਕਿਸੇ ਨੇ ਵਰਗਲਾਇਆ ਹੋਣਾ ਓਸਨੂੰ। ਓਹ ਤਾਂ ਇੱਕੀਆਂ ਸਾਲਾਂ ਦਾ ਮਾਸੂਮ ਹਜ਼ੇ। ਓਹਨੂੰ ਕੀ ਪਤਾ ਵਿਆਹ ਦਾ ਹਜ਼ੇ। ਨੀਂ ਤੂੰ ਫੂਨ ਲਾ ਮੈਂ ਪੁੱਛਾਂ ਕਿੱਥੇ ਬੈਠਾ ਕਮਲਾ। ਮਾਂ ਨੂੰ ਪੁੱਤ ਦੀ ਬਹੁਤ ਫ਼ਿਕਰ ਹੋ ਰਹੀ ਸੀ।

ਓਹਦਾ ਫ਼ੋਨ ਤਾਂ ਮੈ ਸਵੇਰ ਦਾ ਕਿੰਨੀ ਵਾਰ ਲਾ ਕੇ ਵੇਖਿਆ ਪਰ ਬੰਦ ਹੀ ਆ ਰਿਹਾ ਹੈ। ਪ੍ਰੀਤੋ ਨੇ ਬੇਵਸੀ ਦੱਸੀ।

ਹਾਏ ਲੋਹੜਾ ਵੇ ਰੱਬਾ! ਇੱਕ ਪੁੱਤ ……! ਜੀਹਨੂੰ ਵਾਜਿਆਂ ਨਾਲ਼ ਵਿਆਹੁਣਾ ਸੀ। ਖੌਰੇ ਕੀਹਦੇ ਮਗਰ ਲਗ ਗਿਆ …..ਵੇ ਰੱਬਾ ਚੱਕ ਲੈ ਮੈਨੂੰ ਇਸ ਨਮੋਸ਼ੀ ਤੋਂ ਤਾਂ ਮਰਨਾ ਚੰਗਾ ਵੇ…. ਪੁੱਤਰਾ ਹੁਣ ਨੀਂ ਬੱਚਦੀ ਮੈਂ। ਕਹਿੰਦਿਆਂ ਮਾਂ ਉੱਥੇ ਹੀ ਬੈਠ ਗਈ ਜਿਵੇਂ ਸਾਹ ਸੱਤ ਹੀ ਮੁੱਕ ਗਏ ਹੋਣ।

ਨਹੀ ਮਾਂ, ਇੰਝ ਨਾ ਆਖ। ਮੈਂ ਹਾਂ ਨਾ…. ਮੈਂ ਸੱਭ ਠੀਕ ਕਰ ਦੇਵਾਂਗੀ। ਮੈਂ ਸਮਝਾਵਾਂਗੀ ਆਪਣੇ ਛੋਟੇ ਵੀਰ ਨੂੰ। ਵੇਖਾਂ ਕਿਵੇਂ ਨੀਂ ਮੰਨਦਾ ਉਹ? ਪ੍ਰੀਤੋ ਨੇ ਮਾਂ ਨੂੰ ਕਲਾਵੇ ਵਿੱਚ ਲੈਂਦੇ ਹੋਏ ਕਿਹਾ।

ਨੀਂ ਹੁਣ ਕੀ ਸਮਝਾਏਂਗੀ ਤੂੰ? ਹੁਣ ਤਾਂ ਉਹ ਕਰ ਬੈਠਾ ਜੋ ਓਹਨੇ ਕਰਨਾ ਸੀ। ਮਾਂ ਹੋਰ ਵੀ ਦੁੱਖੀ ਹੋ ਕੇ ਬੋਲੀ।

ਦੇਖ ਮਾਂ, ਮੇਰੀ ਗੱਲ ਧਿਆਨ ਨਾਲ ਸੁਣ ਤੇ ਸਮਝ। ਛੋਟੇ ਨੇ ਤਾਂ ਜੋ ਕਰਨਾ ਸੀ ਓਹਨੇ ਕਰ ਲਿਆ। ਹੁਣ ਸਮਝਦਾਰੀ ਸਾਨੂੰ ਦਿਖਾਣੀ ਪੈਣੀ ਹੈ। ਓਹ ਕਿਤੇ ਕਿਰਾਏ ਤੇ ਰਹਿ ਰਿਹਾ ਹੈ।

ਉਹਨੂੰ ਮਨਾਂ ਕੇ ਘਰ ਲੈ ਆਉਂਦੇ ਹਾਂ। ਪ੍ਰੀਤੋਂ ਨੇ ਸਲਾਹ ਦਿੰਦਿਆਂ ਕਿਹਾ।

ਨੀਂ ਇਹ ਤਾਂ ਉਹ ਗੱਲ ਹੋਈ ਅਖੇ ਚੋਰੀ ਨਾਲ਼ੇ ਸੀਨਾਜ਼ੋਰੀ।ਅਸੀਂ ਕਾਹਤੋਂ ਮਨਾਉਣਾ ਭਲਾ। ਅਸੀਂ ਕਦੋਂ ਕਿਹਾ ਓਹਨੂੰ ਬਈ ਪੁੱਠੇ ਕੰਮ ਕਰ। ਮਾਂ ਨੇ ਹੈਰਾਨੀ ਨਾਲ ਕਿਹਾ।

ਉਹ ਸੱਭ ਤਾਂ ਠੀਕ ਹੈ ਮਾਂ। ਪਰ ਅੱਜਕਲ੍ਹ ਦੇ ਜੁਆਕ ਇੰਝ ਹੀ ਕਰਦੇ ਹਨ। ਗਲਤੀ ਆਪ ਕਰਦੇ ਹਨ ਤੇ ਪਰੇਸ਼ਾਨ ਘਰਦੇ ਹੁੰਦੇ ਹਨ। ਹੁਣ ਉਹ ਤਾਂ ਲੱਗ ਗਿਆ ਜ਼ਨਾਨੀ ਆਪਣੀ ਦੇ ਮਗਰ ਇਸ ਲਈ ਆਪਾਂ ਨੂੰ ਹੀ ਅੱਗੇ ਹੋ ਕੇ ਪਹਿਲ ਕਰਨੀ ਪੈਣੀ। ਆਪੇ ਨੀ ਆਉਣਾ ਉਹਨਾਂ ਨੇ। ਬਾਕੀ ਵੇਖ ਲੈ ਪੁੱਤਰ ਦੀ ਲੋੜ ਤੈਨੂੰ ਹੈ, ਓਹਨੂੰ ਮਾਂ ਦੀ ਲੋੜ ਨਹੀਂ। ਜੇ ਹੁੰਦੀ ਤਾਂ ਸ਼ਾਇਦ ਇਹ ਹਰਕਤ ਹੀ ਨਾ ਕਰਦਾ ਉਹ। ਪ੍ਰੀਤੋ ਨੇ ਮਾਂ ਨੂੰ ਸਮਝਾਇਆ।

ਨੀਂ ਪਹਿਲੋਂ ਇਹ ਦੱਸ ਕਿ ਜੇ ਤੇਰੇ ਹੋਣ ਵਾਲ਼ੇ ਸਹੁਰਿਆਂ ਨੂੰ ਇਹ ਗੱਲ ਪਤਾ ਲੱਗ ਗਈ ਤਾਂ ਮੈਂ ਕੀ ਦੱਸਾਂਗੀ ਉਹਨਾਂ ਨੂੰ? ਮਾਂ ਨੇ ਇੱਕ ਹੋਰ ਪਰੇਸ਼ਾਨੀ ਦਾ ਜ਼ਿਕਰ ਕੀਤਾ।

ਮਾਂ ਆਪਾਂ ਛੋਟੇ ਨੂੰ ਪਹਿਲਾਂ ਘਰ ਲੈ ਆਈਏ ਫ਼ਿਰ ਇੱਕ ਪਾਰਟੀ ਕਰ ਦੇਵਾਂਗੇ ਤੇ ਸੱਭ ਨੂੰ ਕਹਿ ਦੇਵਾਂਗੇ ਕਿ ਅਸੀਂ ਚੁੰਨੀ ਚੜ੍ਹਾ ਕੇ ਲੈ ਆਂਦੀ ਕੁੜੀ। ਪ੍ਰੀਤੋ ਨੇ ਸੋਚਦਿਆਂ ਕਿਹਾ।

ਠੀਕ ਹੈ ਧੀਏ! ਜਿਵੇਂ ਤੁਹਾਨੂੰ ਠੀਕ ਲੱਗੇ, ਕਰੋ। ਮਾਂ ਨੇ ਬੇਵਸੀ ਦਿਖਾਈ।

ਚੰਗਾ ਮਾਂ, ਮੈਂ ਹੀ ਜਾਨੀ ਆਂ ਤੇ ਓਹਨੂੰ ਲਿਆਉਂਦੀ ਹਾਂ ਮਨਾਂ ਕੇ। ਕਹਿ ਕੇ ਪ੍ਰੀਤੋ ਚਲੀ ਗਈ।

ਜਿੱਥੇ ਪਤਾ ਲੱਗਾ ਸੀ ਉੱਥੇ ਪਹੁੰਚੀ ਤਾਂ ਛੋਟੇ ਨੇ ਚੱਜ ਨਾਲ ਬੁਲਾਇਆ ਨਾ। ਫਿਰ ਹੌਲੀ-ਹੌਲੀ ਕੁੱਝ ਗੱਲਾਂ ਹੋਈਆਂ। ਕੁੱਝ ਗਿਲੇ-ਸ਼ਿਕਵੇ ਦੂਰ ਹੋਏ। ਫਿਰ ਦੋਵਾਂ ਨੂੰ ਸਮਝਾ-ਬੁਝਾ ਕੇ ਘਰ ਲੈ ਆਈ। ਮਾਂ ਨੇ ਕਹੇ ਸੁਣੇ ਪਾਣੀ ਵਾਰਿਆ। ਮੈਂ ਤਾਂ ਪੀਪਣੀ ਵਾਲ਼ੇ ਵਾਜੇ ਲੈ ਕੇ ਜਾਣਾ ਸੀ ਪੁੱਤ ਨੂੰ ਵਿਆਹੁਣ, ਸੋਚ ਕੇ ਓਹਦੀ ਭੁੱਬ ਨਿੱਕਲ ਗਈ। ਕੁੱਝ ਦਿਨਾਂ ਬਾਅਦ ਜ਼ਿੰਦਗੀ ਆਮ ਦੀ ਤਰ੍ਹਾਂ ਹੋ ਗਈ। ਬੇਸ਼ੱਕ ਬਹੂ ਸੱਸ ਤੇ ਨਨਾਣ ਤੋਂ ਦੂਰ-ਦੂਰ ਹੀ ਰਹਿੰਦੀ ਪਰ ਫਿਰ ਵੀ ਉਹ ਦੋਵਾਂ ਦੀ ਖੈਰ ਹੀ ਮੰਗਦੀਆਂ।

ਕੁੱਝ ਸਮਾਂ ਪਿਆਰ ਪਿਆਰ ਵਿੱਚ ਗੁਜ਼ਰ ਗਿਆ। ਫ਼ਿਰ ਪਤਾ ਨਹੀਂ ਕੀ ਹੋਇਆ! ਦੋਵਾਂ ਵਿੱਚ ਕੁੱਝ ਅਣਬਣ ਜਿਹੀ ਰਹਿਣ ਲੱਗ ਗਈ।ਮਾਂ ਵੇਖ-ਵੇਖ ਝੂਰਦੀ ਕਿ ਹੁਣ ਐਨੀ ਛੇਤੀ ਕੀ ਹੋ ਗਿਆ?

ਇੱਕ ਦਿਨ ਹਿੰਮਤ ਕਰਕੇ ਪੁੱਛ ਲਿਆ ਕਿ ਪੁੱਤ ਕੀ ਹੋਇਆ ਤੂੰ ਚੰਗੀ ਤਰ੍ਹਾਂ ਖਾਂਦਾ- ਪੀਂਦਾ ਨਹੀਂ। ਐਨਾ ਸੁਣ ਕੇ ਫਿੱਸ ਪਿਆ। ਅਖੇ ਮਾਂ ਇਹ ਮੈਨੂੰ ਮੇਰੇ ਦੋਸਤਾਂ ਨੂੰ ਮਿਲਣ ਤੋਂ ਮਨਾਂ ਕਰਦੀ ਹੈ, ਮੈਨੂੰ ਫੋਨ ਤੇ ਵੀ ਉਹਨਾਂ ਨਾਲ਼ ਗੱਲ ਨਹੀਂ ਕਰਨ ਦਿੰਦੀ। ਹੋਰ ਤਾਂ ਹੋਰ ਤੇਰੇ ਤੇ ਭੈਣ ਕੋਲ਼ ਬੈਠਣ ਤੋਂ ਵੀ ਰੋਕਦੀ ਹੈ। ਮਾਂ ਮੈਨੂੰ ਮਾਫ਼ ਕਰਦੇ। ਮੈਂ ਨੀਂ ਰਹਿ ਸਕਦਾ ਏਹਦੇ ਨਾਲ਼। ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਇਹ ਪਹਿਲਾਂ ਵੀ ਕਿਤੇ ਵਿਆਹੀ ਸੀ ਤੇ ਤਲਾਕ ਹੋ ਗਿਆ ਸੀ, ਇਹਨੇ ਐਡੀ ਵੱਡੀ ਗੱਲ ਮੈਥੋਂ ਲਕੋਈ। ਮਾਂ ਮੈਨੂੰ ਕੁੱਝ ਸਮਝ ਨਹੀਂ ਆ ਰਿਹਾ ਕਿ ਕੀ ਕਰਾਂ। ਛੋਟੇ ਨੇ ਹੱਥ ਜੋੜਦਿਆਂ ਅੱਖਾਂ ਭਰ ਲਈਆਂ।

ਮਾਂ ਦਾ ਕਾਲਜਾ ਮੱਚ ਉੱਠਿਆ। ਔਲਾਦ ਭਾਵੇਂ ਗਲਤੀਆਂ ਕਰੇ ਪਰ ਮਾਂ ਬਾਪ ਮਾਫ਼ ਕਰ ਹੀ ਦਿੰਦੇ ਹਨ। ਹੁਣ ਓਹਨੇ ਕੀ ਕਹਿਣਾ ਸੀ! ਪਿਆਰ ਨਾਲ ਸਮਝਾਇਆ ਕਿ ਪੁੱਤ ਪਿੱਛਲੀਆਂ ਗੱਲਾਂ ਛੱਡ ਕੇ ਅੱਗੇ ਵੱਧੋ।

ਪਰ ਮਾਂ ਇਹ ਐਕਟਿੰਗ ਕਰਨਾ ਚਾਹੁੰਦੀ ਹੈ ਜਦਕਿ ਮੈਂ ਇਹਨੂੰ ਵਿਆਹ ਤੋਂ ਪਹਿਲਾਂ ਹੀ ਇਸ ਗੱਲ ਲਈ ਮਨਾਂ ਕਰ ਦਿੱਤਾ ਸੀ ਹੁਣ ਇਹ ਮੇਰੇ ਤੇ ਦਬਾਅ ਪਾ ਰਹੀ ਹੈ,ਜ਼ਬਰਦਸਤੀ। ਤੇ ਮਾਂ ਇਹਨੇ ਤਾਂ ਮੇਰਾ ਬੱਚਾ ਵੀ ਮਾਰ ਦਿੱਤਾ, ਪੈਦਾ ਹੋਣ ਤੋਂ ਪਹਿਲਾਂ ਹੀ। ਛੋਟੇ ਦਾ ਇਹ ਰਾਜ ਬੰਬ ਵਾਂਗ ਮਾਂ ਦੇ ਕਾਲਜੇ ਵੱਜਿਆ।

ਹਾਏ ਓ ਰੱਬਾ! ਐਡਾ ਜੇ਼ਰਾ ਇਹਦਾ!ਨੀਂ ਮੈਂ ਮਰ ਜਾਂ! ਹੁਣ ਮਾਂ ਨੂੰ ਕੁੱਝ ਵੀ ਸੁੱਝ ਨਹੀਂ ਰਿਹਾ ਸੀ ਕਿ ਉਹ ਆਪਣੇ ਪੁੱਤਰ ਨੂੰ ਕੀ ਕਹੇ?
ਹਜ਼ੇ ਮਾਂ ਸਦਮੇ ਵਿੱਚ ਹੀ ਸੀ ਕਿ ਛੋਟਾ ਉੱਠ ਕੇ ਬਾਹਰ ਨਿੱਕਲ ਗਿਆ।

ਸ਼ਾਮ ਨੂੰ ਘਰ ਵੜਿਆ ਤੇ ਆਪਣੀ ਪਤਨੀ ਨੂੰ ਤਿਆਰ ਹੋਣ ਲਈ ਕਿਹਾ। ਉਹਨੇ ਪੁੱਛਿਆ ਤਾਂ ਕਹਿਣ ਲੱਗਾ ਕਿ ਤੇਰੇ ਘਰੇ ਜਾਣਾ। ਉਹ ਤਿਆਰ ਹੋ ਗਈ ਤਾਂ ਲੈ ਕੇ ਤੁਰ ਗਿਆ। ਉਹਨੂੰ ਪੇਕੀ ਛੱਡ ਆਪ ਮੁੜ ਆਇਆ।

ਕੁੱਝ ਦਿਨਾਂ ਵਿੱਚ ਦੁਬਈ ਦਾ ਵੀਜ਼ਾ ਲਗਵਾ ਆਪਣੇ ਬਾਪੂ ਕੋਲ਼ ਚਲਾ ਗਿਆ। ਮਾਂ ਨੂੰ ਕੁੱਝ ਤੱਸਲੀ ਹੋਈ ਕਿ ਸੱਭ ਠੀਕ ਹੋ ਜਾਵੇਗਾ ਪਰ ਓਹਨੂੰ ਕੀ ਪਤਾ ਸੀ ਕਿ ਹੋਣੀ ਤਾਂ ਹਜੇ ਉਹਨੂੰ ਉਡੀਕ ਰਹੀ ਹੈ।

ਕੁੱਝ ਦਿਨਾਂ ਬਾਅਦ ਪਤਾ ਲੱਗਾ ਕਿ ਛੋਟੇ ਨੇ ਜ਼ਨਾਨੀ ਤੇ ਧੋਖੇਬਾਜ਼ੀ ਦਾ ਕੇਸ ਕੀਤਾ ਹੈ ਤੇ ਤਲਾਕ ਦੀ ਵੀ ਅਰਜ਼ੀ ਲਾਈ ਹੈ।

ਇੱਕ ਦਿਨ ਫ਼ੋਨ ਕਰਕੇ ਮਾਂ ਨੂੰ ਕਹਿੰਦਾ ਕਿ ਮਾਂ ਮੇਰੀ ਘਰਵਾਲੀ ਮੈਨੂੰ ਮਾਰਨ ਦੀਆਂ ਧਮਕੀਆਂ ਦੇ ਰਹੀ ਹੈ। ਤੇ ਹੋਰ ਵੀ ਬਹੁਤ ਫ਼ੋਨ ਆਉਂਦੇ ਹਨ, ਧਮਕੀਆਂ ਭਰੇ। ਮਾਂ ਨੇ ਸਮਝਾਇਆ ਕਿ ਪੁੱਤ ਤੂੰ ਹਜ਼ੇ ਨੰ: ਬਦਲ ਦੇ। ਫ਼ੇਰ ਜਦੋਂ ਆਵੇਂਗਾ ਤਾਂ ਬਹਿ ਕੇ ਗੱਲ ਨਬੇੜ ਲਵਾਂਗੇ। ਫ਼ੇਰ ਅਚਾਨਕ ਅੱਧੀ ਰਾਤ ਨੂੰ ਫ਼ੋਨ ਦੀ ਘੰਟੀ ਵੱਜੀ। ਅਖੇ ਛੇਤੀ ਆਓ। ਤੁਹਾਡਾ ਮੁੰਡਾ ਬਹੁਤ ਗੰਭੀਰ ਹੈ… ਫਲਾਣੀ ਥਾਂ। ਮਾਂ ਨੂੰ ਲੱਗਿਆ ਕਿ ਕੋਈ ਜਾਣਬੁੱਝ ਕੇ ਤੰਗ ਕਰ ਰਿਹਾ ਹੈ। ਉਹਤਾਂ ਦੁਬਈ ‘ਚ ਹੈ।

ਪਰ ਜਦੋਂ ਫ਼ੋਨ ਦੂਜੀ ਵਾਰ ਆਇਆ ਤਾਂ ਉਹ ਬਹੁਤ ਪਰੇਸ਼ਾਨ ਹੋ ਉੱਠੀ। ਘਰ ‘ਚ ਉਹ ਮਾਵਾਂ ਧੀਆਂ ਦੋਵੇਂ ਹੀ ਸਨ। ਕਿਸੇ ਤਰ੍ਹਾਂ ਗੱਡੀ ਦਾ ਇੰਤਜ਼ਾਮ ਕੀਤਾ ਤੇ ਸਰੀਕੇ ‘ਚੋਂ ਕਿਸੇ ਮੁੰਡੇ ਨੂੰ ਨਾਲ਼ ਲੈ ਕੇ ਮਾਂ ਚੱਲ ਪਈ ,ਗੁਆਚੇ ਪੁੱਤ ਨੂੰ ਲੱਭਣ ਲਈ। ਮਨ ਵਿੱਚ ਕਿੰਨੇ ਸਾਰੇ ਸਵਾਲ ਸਨ ਕਿ ਛੋਟਾ ਤਾਂ ਦੁੱਬਈ ਸੀ, ਉਹ ਕਦੋਂ ਆਇਆ ਤੇ ਜੇ ਆਇਆ ਹੀ ਸੀ ਤਾਂ ਘਰ ਕਿਉਂ ਨਹੀਂ ਆਇਆ। ਐਡੀ ਦੂਰ ਕੀ ਕਰਨ ਗਿਆ ਹੋਵੇਗਾ? ਓਹਦੇ ਬਾਪੂ ਨੂੰ ਪਤਾ ਨਹੀਂ ਇਸ ਬਾਰੇ ਪਤਾ ਹੋਵੇਗਾ ਕਿ ਨਹੀਂ।

ਇਹਦੇ ਨਾਲ ਹੀ ਸਰੀਰ ਦੀ ਸਾਰੀ ਤਾਕਤ ਖਤਮ ਹੋ ਰਹੀ ਸੀ। ਜਦੋਂ ਦੱਸੀ ਜਗ੍ਹਾ ਤੇ ਪਹੁੰਚੇ ਤਾਂ ਪਤਾ ਲੱਗਿਆ ਕਿ ਹਾਲਾਤ ਜ਼ਿਆਦਾ ਖ਼ਰਾਬ ਹੋਣ ਕਰਕੇ ਅੱਗੇ ਕਿਸੇ ਹਸਪਤਾਲ ਭੇਜ ਦਿੱਤਾ ਗਿਆ ਹੈ। ਹੁਣ ਤਾਂ ਮਾਂ ਦੇ ਪ੍ਰਾਣ ਨਿਕਲਣ ਵਾਲੇ ਹੋ ਗਏ ਸਨ। ਕਿਸੇ ਤਰ੍ਹਾਂ ਔਖੇ-ਸੌਖੇ ਅੱਗੇ ਵਾਲ਼ੇ ਹਸਪਤਾਲ਼ ਪਹੁੰਚੇ ਪਰ ਤਦ ਤੱਕ ਸੱਭ ਖਤਮ ਹੋ ਚੁੱਕਾ ਸੀ। ਛੋਟਾ ਤਾਂ ਉਡਾਰੀ ਮਾਰ ਗਿਆ ਸੀ ਬੱਸ ਓਹਦਾ ਖ਼ਾਲੀ ਸਰੀਰ ਮਾਂ ਦੀ ਝੋਲ਼ੀ ਪਾ ਦਿੱਤਾ ਗਿਆ। ਉਹ ਤਾਂ ਗੁੰਮ ਸੁੰਮ ਹੋ ਗਈ।

ਕਈ ਮਹੀਨਿਆਂ ਤੱਕ ਕੋਸ਼ਿਸ਼ ਕਰਦੇ ਰਹੇ ਪਰ ਜੇ ਪਤਾ ਲੱਗਾ ਤਾਂ ਸਿਰਫ਼ ਐਨਾ ਕਿ ਉਹ ਆਪਣੇ ਬਾਪੂ ਨੂੰ ਦੱਸੇ ਬਿਨਾਂ ਹੀ ਆ ਗਿਆ ਸੀ ਸ਼ਾਇਦ ਬਹੁਤ ਪਰੇਸ਼ਾਨ ਸੀ ਤੇ ਆਪਣੀ ਜਨਾਨੀ ਦੇ ਕਹੇ ਤੇ ਇੱਕ ਵਾਰ ਕਿਤੇ ਦੂਰ ਮਿਲਣ ਲਈ ਤਿਆਰ ਹੋ ਗਿਆ ਸੀ ਪਰ ਉਹ ਭੋਲ਼ਾ ਇਹ ਨਹੀਂ ਜਾਣਦਾ ਸੀ ਕਿ ਉਹਨੇ ਉੱਥੇ ਸਮਝੌਤੇ ਲਈ ਬੁਲਾ ਕੇ ਉਸਨੂੰ ਜ਼ਹਿਰ ਦੇ ਦੇ ਕੇ ਤੁਰ ਜਾਣਾ ਹੈ। ਕੁੱਝ ਲੋਕਾਂ ਨੇ ਦੱਸਿਆ ਕਿ ਉਹ ਆਖ਼ਰੀ ਸਮੇਂ ਤੜਫ ਰਿਹਾ ਸੀ ਕਿ ਮੈਨੂੰ ਬਚਾ ਲਓ, ਜੇ ਮੈਨੂੰ ਕੁੱਝ ਹੋ ਗਿਆ ਤਾਂ ਮੇਰੀ ਮਾਂ ਕਿਵੇਂ ਜਿਊਗੀ?

ਫੇਰ ਉਹਦੇ ਸਮਾਨ ਵਿੱਚੋ ਇੱਕ ਡਾਇਰੀ ਮਿਲ਼ੀ ਜਿਸ ਵਿੱਚ ਲਿਖਿਆ ਸੀ ਕਿ ਮੇਰੀ ਮਾਂ, ਬਾਪੂ ਅਤੇ ਭੈਣ ਮੈਨੂੰ ਬਹੁਤ ਪਿਆਰ ਕਰਦੇ ਹਨ ਪਰ ਮੇਰੀ ਪਤਨੀ ਤੇ ਉਸਦੀ ਮਾਂ ਮੇਰੀ ਮੌਤ ਦੇ ਜ਼ਿੰਮੇਦਾਰ ਹਨ। ਜਦੋਂ ਇਹ ਡਾਇਰੀ ਪੁਲਿਸ ਥਾਣੇ ਦਿਖਾਈ ਤਾਂ ਉਹਨਾਂ ਨੇ ਡਾਇਰੀ ਲੈ ਕੇ ਰੱਖ ਲਈ ਤੇ ਦੁਬਾਰਾ ਨਾ ਦਿੱਤੀ ਤੇ ਨਾ ਹੀ ਕੋਈ ਕਾਰਵਾਈ ਕੀਤੀ। ਹੁਣ ਧੀ ਵਿਆਹ ਦਿੱਤੀ ਤੇ ਮਾਂ ਬਾਪੂ ਕੱਲੇ ਬੈਠੇ ਉਸ ਸੋਹਣੇ ਪੁੱਤ ਨੂੰ ਯਾਦ ਕਰਦੇ ਹਨ ਅਤੇ ਸੋਚਦੇ ਹਨ ਕਿ ਜੇ ਉਹ ਸੋਚ ਸਮਝ ਕੇ ਜ਼ਿੰਦਗੀ ਦੇ ਰਾਹਾਂ ਤੇ ਚੱਲਦਾ ਤਾਂ ਅੱਜ ਕਹਾਣੀ ਕੁੱਝ ਹੋਰ ਹੀ ਹੋਣੀ ਸੀ। ਇਸ ਉਮਰੇ ਥਿੜਕੇ ਕਦਮ ਸ਼ਾਇਦ ਮੌਤ ਵੱਲ ਹੀ ਜਾਂਦੇ ਹਨ।

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਤਾ ਦਰਸ਼ਨਾ ਦੇਵੀ ਦੀ ਯਾਦ ਵਿੱਚ ਸਮਾਜ ਸੇਵਾ ਦੇ ਕੰਮ ਨਿਰੰਤਰ ਜਾਰੀ ਰਹਿਣਗੇ: ਸੰਜੀਵ ਬਾਂਸਲ
Next articleਬੁੱਧ ਚਿੰਤਨ