ਸ਼ਹੀਦ ਊਧਮ ਸਿੰਘ ਉਰਫ ਮੁਹੰਮਦ ਸਿੰਘ ਆਜ਼ਾਦ ਦੀ ਸ਼ਹਾਦਤ ਨੂੰ ਚੇਤੇ ਕਰਦਿਆਂ

ਸ਼ਹੀਦ ਊਧਮ ਸਿੰਘ

ਹਰਜਿੰਦਰ ਸਿੰਘ ਚੰਦੀ

ਹਰਜਿੰਦਰ ਸਿੰਘ ਚੰਦੀ

(ਸਮਾਜ ਵੀਕਲੀ) ਪੰਜਾਬ ਦੇ ਸੂਰਮਿਆਂ ਵਿਚ ਸ਼ਹੀਦ ਊਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਆਜ਼ਾਦ ਇੱਕ ਅਜਿਹਾ ਨਾਮ  ਜੋ ਅਸਮਾਨ ਦੀ ਹਿੱਕ ਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ। ਗੱਲ  ਕਰਦੇ ਹਾਂ ਪੰਜਾਬ ਦੇ ਅਜਿਹੇ  ਬੱਬਰ ਸ਼ੇਰ ਦੀ ਜਿਸ ਦੀ ਦਹਾੜ ਨਾਲ ਇਕ ਸਮੇਂ ਲੰਡਨ  ਕੰਬ ਗਿਆ ਸੀ । ਇਸ ਸੂਰਮੇ ਦਾ ਨਾਮ ਸੀ ਸ਼ੇਰ ਸਿੰਘ , ਕਹਿੰਦੇ ਹਨ ਕਿ ਊਧਮ ਸਿੰਘ ਨੇ ਬਚਪਨ ਵਿਚ ਆਪਣੇ ਭਰਾ ਦੀ ਰੱਖਿਆ ਕਰਦਿਆਂ ਸ਼ੇਰ ਨੂੰ ਮਾਰ ਮੁਕਾਇਆ ਸੀ ਜਿਸ ਕਰਕੇ ਊਧਮ ਸਿੰਘ ਨੂੰ ਬਚਪਨ ਵਿਚ ਸ਼ੇਰ ਸਿੰਘ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਊਧਮ ਸਿੰਘ ਦਾ ਜਨਮ ਸੰਗਰੂਰ ਦੇ ਕਸਬੇ ਸੁਨਾਮ ਵਿਚ ਹੋਇਆ । ਸ਼ੇਰ ਸਿੰਘ ਉਰਫ ਊਧਮ ਸਿੰਘ ਦੇ ਪਿਤਾ ਦਾ ਨਾਮ ਸਰਦਾਰ ਟਹਿਲ ਸਿੰਘ ਜੰਮੂ  ਤੇ ਮਾਤਾ ਦਾ ਨਾਮ ਹਰਨਾਮ ਕੌਰ ਸੀ ਊਧਮ ਸਿੰਘ ਦਾ ਇੱਕ ਵੱਡਾ ਭਰਾ ਮੁਕਤਾ ਸਿੰਘ ਸੀ। ਊਧਮ ਸਿੰਘ ਦਾ ਪਿਤਾ ਸਰਦਾਰ ਟਹਿਲ ਸਿੰਘ ਜੰਮੂ ਅੱਤ ਗਰੀਬ ਪਰਿਵਾਰ ਵਿਚੋਂ ਸੀ ਤੇ ਉਹ ਗੋਰੀ ਹਕੂਮਤ ਦੇ ਰਾਜ ਵਿਚ ਰੇਲਵੇ ਵਿਭਾਗ ਵਿੱਚ ਫਾਟਕ ਤੇ ਕੰਮ ਕਰਦਾ ਸੀ।ਬਚਪਨ ਵਿੱਚ  ਊਧਮ ਸਿੰਘ ਦੀ ਮਾਤਾ ਹਰਨਾਮ ਕੌਰ ਦਾ ਦਿਹਾਂਤ ਹੋ ਗਿਆ। ਟਹਿਲ ਸਿੰਘ ਆਪਣੇ ਦੋਨਾਂ ਪੁੱਤਰਾਂ ਨਾਲ ਅੰਮ੍ਰਿਤਸਰ ਆਪਣੇ ਭਰਾ ਚੰਚਲ ਸਿੰਘ ਕੋਲ ਆ ਗਿਆ। ਚੰਚਲ ਸਿੰਘ ਕੋਲ ਆਇਆ ਨੂੰ ਅਜੇ ਥੋੜਾ ਸਮਾਂ ਹੋਇਆ ਸੀ ਕਿ ਊਧਮ ਸਿੰਘ ਦੇ ਪਿਤਾ ਟਹਿਲ ਸਿੰਘ ਦਾ ਵੀ ਦਿਹਾਂਤ ਹੋ ਗਿਆ ਤੇ ਸ਼ੇਰ ਸਿੰਘ (ਊਧਮ ਸਿੰਘ) ਅਤੇ ਮੁਕਤਾ ਸਿੰਘ ਅਨਾਥ ਹੋ ਗਏ। ਚੰਚਲ ਸਿੰਘ ਦਾ ਆਪਣਾ ਪਰਿਵਾਰ ਵੀ ਸੀ ਤੇ ਘਰ ਦੀ ਮਾਲੀ ਹਲਾਤ ਵੀ ਪਤਲੀ ਸੀ ਚੰਚਲ ਸਿੰਘ ਨੇ ਆਪਣੇ ਭਤੀਜਿਆਂ ਨੂੰ ਅੰਮ੍ਰਿਤਸਰ ਦੇ ਚੀਫ ਖਾਲਸਾ ਦੀਵਾਨ ਹਾਲ ਵਿਚ ਸਰਦਾਰ ਕਿਸ਼ਨ ਸਿੰਘ ਪਾਸ਼ ਪੜਨ ਲਈ ਭਰਤੀ ਕਰਵਾ ਦਿੱਤਾ ਇਥੇ ਮਾਸਟਰ ਕਿਸ਼ਨ ਸਿੰਘ ਨੇ ਹੀ ਸ਼ੇਰ ਸਿੰਘ ਦਾ ਨਾਮ ਊਧਮ ਸਿੰਘ ਰੱਖਿਆ ਸੀ  ਅਤੇ  ਊਧਮ ਸਿੰਘ ਦੇ ਭਰਾ ਮੁਕਤਾ ਸਿੰਘ ਦਾ ਨਾਮ ਸਾਧੂ ਸਿੰਘ। ਊਧਮ ਸਿੰਘ ਅਜੇ ਪੜ੍ਹ ਹੀ ਰਿਹਾ ਸੀ  ਕਿ ਉਸਦਾ ਭਰਾ ਸਾਧੂ ਸਿੰਘ  ਪਰਲੋਕ ਸੁਧਾਰ ਗਿਆ। ਊਧਮ ਸਿੰਘ ਯਤੀਮ ਹੋ ਗਿਆ ਤੇ ਉਸਨੇ ਦਸਵੀਂ ਕਰਨ ਤੋਂ ਬਾਅਦ ਪੜਾਈ ਛੱਡ ਦਿਤੀ।ਅੰਮ੍ਰਿਤਸਰ ਸ਼ਹਿਰ ਵਿੱਚ ਡਾਕਟਰ ਸਤਪਾਲ ਤੇ ਡਾਕਟਰ ਸੈਫੂਦੀਨ ਕਿਚਲੂ ਦੀ ਅਗਵਾਈ ਹੇਠ ਅੰਗਰੇਜੀ ਸਾਮਰਾਜ ਦੇ ਕਾਲੇ ਕਨੂੰਨ ਨੂੰ ਲੈ ਕੇ ਅੰਦੋਲਨ ਹੋਇਆ ਅੰਗਰੇਜ਼ੀ ਸਰਕਾਰ ਵੱਲੋਂ ਭਾਰਤ ਮਾਂ ਦੇ ਇਨਾਂ ਦੋਨਾਂ ਲਾਲਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ । ਅਪ੍ਰੈਲ 1919 ਨੂੰ ਪੰਜਾਬ ਦੇ ਗਵਰਨਰ ਸਰ ਮਾਈਕਲ ਉਡਵਾਇਰ ਨੇ ਬ੍ਰਗੇਡੀਅਰ ਰਿਜ਼ਨਲ ਹੈਰੀ ਡਾਇਰ ਦੀ ਕਮਾਂਡ ਹੇਠ ਅੰਮ੍ਰਿਤਸਰ ਫੌਜ ਦੇ ਹਵਾਲੇ ਕਰ ਦਿੱਤਾ। ਅਤੇ  ਅੰਮ੍ਰਿਤਸਰ ਵਿੱਚ ਧਾਰਾ 44 ਲਗਾ ਦਿੱਤੀ। ਇਸ ਦੇ ਬਾਵਜੂਦ ਅੰਮ੍ਰਿਤਸਰ ਜਲਿਆਂ ਵਾਲਾ ਬਾਗ ਵਿਚ ਲੋਕਾਂ ਵੱਲੋਂ ਇੱਕ ਭਾਰੀ ਜਲਸਾ ਕੀਤਾ ਗਿਆ।  ਜਿਸ ਤੇ ਡਾਇਰ ਵੱਲੋਂ ਸਖ਼ਤੀ ਵਰਤਦੇ ਹੋਏ  ਸਾਂਤ ਮਈ ਢੰਗ ਨਾਲ ਅੰਦੋਲਨ ਕਰ ਰਹੇ ਲੋਕਾਂ ਤੇ ਅੰਧਾਧੁੰਦ ਗੋਲੀਆਂ ਦਾ ਮੀਂਹ ਦਿੱਤਾ। ਜਲਿਆਂ ਵਾਲਾ ਬਾਗ਼ ਦਾ ਇਕੋ ਇੱਕ ਰਸਤਾ ਸੀ ਜੋ ਅੰਗਰੇਜ਼ ਪੁਲਿਸ ਵੱਲੋਂ ਰੋਕਿਆ ਹੋਇਆ ਸੀ। ਲੋਕਾਂ ਵੱਲੋਂ ਜਾਨ ਬਚਾਉਣ ਲਈ ਹਫ਼ੜਾ ਦਫੜੀ ਮਚ ਗਈ। ਵਰਦੀਆਂ ਗੋਲੀਆਂ ਵਿਚ ਜਾਨ ਬਚਾਉਣ ਲਈ  ਲੋਕਾਂ ਨੇ ਜ਼ਿਲਿਆਂ ਵਾਲੇ ਬਾਗ ਦੇ ਖੂਹ ਵਿੱਚ ਛਾਲਾਂ ਮਾਰੀਆਂ ਖੂਹ ਲਾਸ਼ਾਂ ਨਾਲ ਭਰ ਗਿਆ ਅੰਗਰੇਜ਼ ਹਕੂਮਤ ਵੱਲੋਂ ਅਸਲਾ ਖਤਮ ਹੋਣ ਤੱਕ ਫਾਇਰਿੰਗ ਜਾਰੀ ਰਹੀ। ਇਸ ਗੋਲੀਬਾਰੀ ਵਿਚ ਹਜ਼ਾਰਾਂ ਲੋਕ ਸ਼ਹਾਦਤ ਦਾ ਜਾਮ ਪੀ ਗਏ ਅਤੇ ਸੈਂਕੜੇ ਜ਼ਖ਼ਮੀ ਹੋਏ। ਇਸ ਮੌਕੇ ਊਧਮ ਸਿੰਘ  ਜਲਿਆਂ ਵਾਲਾ ਬਾਗ ਵਿਚ ਲੋਕਾਂ ਨੂੰ ਪਾਣੀ ਪਿਲਾਉਣ ਦੀ ਲੱਗੀ ਡਿਊਟੀ ਨਿਭਾ ਰਿਹਾ ਸੀ। ਗੋਰੀ ਸਰਕਾਰ ਦਾ ਜ਼ੁਲਮ ਸੂਰਮੇ ਤੋਂ ਸਹਾਰਿਆ ਨਾ ਗਿਆ ਤੇ ਸੂਰਮੇ ਨੇ ਜਲਿਆਂਵਾਲਾ ਬਾਗ ਦੇ ਕਾਤਲਾਂ ਨੂੰ ਸੋਧਾ ਲਾਉਣ ਦੀ ਕਸਮ ਖਾਂਦੀ। ਇਸ ਘਟਨਾ ਦੇ ਸਾਜਸ਼ ਘਾੜੇ ਅਤੇ ਅੰਗਰੇਜ਼ੀ ਸਰਕਾਰ ਦੇ ਟੋਢੀ ਹੰਸ ਰਾਜ ਗਦਾਰ ਨੂੰ ਊਧਮ ਸਿੰਘ ਨੇ ਇਸੇ ਖੂਹ ਵਿਚ ਸੁੱਟ ਕੇ ਮੋਤ ਦੇ ਉਤਾਰ ਦਿੱਤਾ।ਇਸ ਘਟਨਾ ਨੇ ਊਧਮ ਸਿੰਘ ਦੇ ਦਿਲ ਤੇ ਗਹਿਰਾ ਜਖ਼ਮ ਕੀਤਾ। ਅਤੇ ਜਲਿਆਂ ਵਾਲਾ ਬਾਗ਼ ਦੇ ਖ਼ੂਨੀ ਕਾਂਡ ਦਾ ਬਦਲਾਂ ਲੈਣ ਦਾ ਪ੍ਰਣ ਕੀਤਾ। ਊਧਮ ਸਿੰਘ ਨੇ ਗ਼ਦਰ ਪਾਰਟੀ ਦੇ ਮਾਸਟਰ ਮੋਤਾ ਸਿੰਘ ਨਾਲ ਰਲਕੇ ਗਦਰ ਅਖਬਾਰ ਕਢਿਆ ਤੇ ਗਦਰ ਪਾਰਟੀ ਜੁਆਇੰਨ ਕੀਤੀ। ਉਹ ਅਕਸਰ ਆਖਦਾ ਮੋਤਾ ਸਿੰਘ ਜੀ ਜ਼ਿਲਿਆਂ ਵਾਲਾਂ ਬਾਗ਼ ਦੇ ਕਾਤਲਾਂ ਨੂੰ ਸਜ਼ਾ ਮੈਂ ਦਿਆਂਗਾ। ਇਸ ਦੌਰਾਨ  ਊਧਮ ਸਿੰਘ ਨੇ ਅਫਰੀਕਾ ਅਮਰੀਕਾ, ਜਰਮਨ ਆਦਿ ਦੇਸ਼ਾਂ ਦਾ ਦੌਰਾ ਕੀਤਾ ਤੇ ਵਿਦੇਸ਼ਾਂ ਵਿਚ ਕ੍ਰਾਂਤੀ ਦੀ ਮਿਸਾਲ ਜਗਾਈ ਊਧਮ ਸਿੰਘ ਨੇ  ਗ਼ਦਰ ਪਾਰਟੀ, ਹਿੰਦੋਸਤਾਨ ਸੋਸ਼ਲਿਸਟ ਪਾਰਟੀ, ਰਿਪਬਲਿਕਨ ਐਸੋਸੀਏਸ਼ਨ ਪਾਰਟੀ , ਇੰਡੀਅਨ ਵਰਕਰ ਤੋਂ ਇਲਾਵਾ ਵਿਦੇਸ਼ਾਂ ਵਿਚ ਹਰ ਮਜ਼ਦੂਰ ਵਰਕਰ ਲਈ ਕੰਮ ਕੀਤਾ ਚਾਹੇ ਉਹ ਦੇਸ਼ ਦਾ ਹੋਵੇ ਜਾਂ ਵਿਦੇਸ਼ ਦਾ ਉਹ ਹਰ ਮਜ਼ਦੂਰ ਦੇ ਨਾਲ ਸਨ ਅਤੇ ਗੌਰੀ ਹਕੂਮਤ ਦੇ ਤਾਨਾਸ਼ਾਹੀ ਰਵਈਏ ਦੇ ਖਿਲਾਫ । ਊਧਮ ਸਿੰਘ ਵਿਦੇਸ਼ ਵਿਚੋਂ ਸ਼ਹੀਦ ਭਗਤ ਸਿੰਘ, ਰਾਜ ਗੁਰੂ, ਸੁਖਦੇਵ, ਅਤੇ ਹੋਰ ਕ੍ਰਾਂਤੀਕਾਰੀਆਂ ਨੂੰ ਪੈਸਾ ਅਤੇ ਹਥਿਆਰ ਭੇਜਿਆ ਕਰਦੇ ਸਨ। ਤਾ ਕਿ ਅਜ਼ਾਦੀ ਦੀ ਜੰਗ ਜਾਰੀ ਰੱਖੀ ਜਾ ਸਕੇ। ਇਸੇ ਕੜੀ ਤਹਿਤ ਅਮਰੀਕਾ ਤੋਂ ਭਾਰਤ ਆਉਣ ਤੇ ਊਧਮ ਸਿੰਘ ਨੂੰ ਕ੍ਰਾਂਤੀਕਾਰੀਆਂ ਨੂੰ ਹਥਿਆਰ ਸਪਲਾਈ ਕਰਨ ਤੇ 4 ਸਾਲ ਦੀ ਸਜ਼ਾ ਵੀ ਸੁਣਾਈ ਗਈ ਸੀ ।ਇਸ ਦੌਰਾਨ ਭਾਰਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਗੋਰੀ ਸਰਕਾਰ ਵੱਲੋਂ ਫਾਂਸੀ ਦੇਣ ਦਾ ਮਨਹੂਸ ਸਮਾਚਾਰ ਊਧਮ ਸਿੰਘ ਨੂੰ ਜੇਲ੍ਹ ਵਿਚ ਹੀ  ਮਿਲਿਆ ਸੀ। ਹੁਣ ਊਧਮ ਸਿੰਘ ਵੀ ਆਪਣੀ ਕਸਮ ਜਲਦ ਪੂਰੀ ਕਰਨਾ ਚਾਹੁੰਦਾ ਸੀ ਉਸ ਨੇ ਇਕ ਹੋਰ ਨਾਮ ਤੇ ਪਾਸਪੋਰਟ ਬਣਾ ਕੇ ਇੰਗਲੈਂਡ ਨੂੰ ਚਾਲੇ ਪਾ ਦਿਤੇ ਇੰਗਲੈਂਡ ਪਹੁੰਚਣ ਤੇ ਉਸ ਦੀ ਮੁਲਾਕਾਤ ਇਕ ਕ੍ਰਾਂਤੀਕਾਰੀ ਅੰਗਰੇਜ਼ ਔਰਤ ਜੋ ਆਇਰਲੈਂਡ ਦੀ ਵਸਨੀਕ ਸੀ ਤੇ ਜਿਸਦਾ ਨਾਮ ਰੋਜ ਪਾਮਾ ਸੀ ਨਾਲ ਹੋਈ। ਇਥੇ ਹੀ ਊਧਮ ਸਿੰਘ ਨੂੰ ਇਕ ਪੰਜਾਬੀ ਦੋਸਤ ਸ਼ਿਵ ਸਿੰਘ ਜੌਹਲ ਦੇ ਘਰ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਇਗਲੈਂਡ ਵਿਚ ਰਹਿੰਦਿਆਂ ਇੰਗਲੈਂਡ ਦੇ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਇੱਕ ਦਿਨ ਊਧਮ ਸਿੰਘ ਨੂੰ ਪਤਾ ਲਗਾ ਕੇ ਪੰਜਾਬ ਦਾ ਸਾਬਕਾ ਗਵਰਨਰ ਸਰ ਮਾਈਕਲ ਓਡਵਾਇਰ ਕੈਕਸਟਨ ਹਾਲ ਲੰਡਨ ਵਿਖੇ ਭਾਸ਼ਨ ਦੇਣ ਆ ਰਿਹਾ ਹੈ ਤਾਂ ਸੂਰਮੇ ਨੇ ਪੂਰੀ ਤਿਆਰੀ ਕਰਦਿਆਂ ਇਕ ਮੋਟੀ ਕਿਤਾਬ ਨੂੰ ਵਿਚੋਂ ਕੱਟ ਕੇ ਉਸ ਵਿੱਚ ਪਸਤੌਲ ਲੁੱਕਾ ਲਿਆ ਤੇ ਇਕ ਲੰਮਾ ਕੋਟ ਤੇ ਹੈਟ ਪਾ ਕੇ ਕੈਕਸਟਨ ਹਾਲ ਵਿਚ ਪਹੁੰਚ ਗਿਆ।ਜਿਉਂ ਹੀ ਸਰ ਮਾਈਕਲ ਓਡਵਾਇਰ ਨੇ ਭਾਸ਼ਨ ਸ਼ੁਰੂ ਕੀਤਾ ਤਾਂ ਊਧਮ ਸਿੰਘ ਨੇ ਪਸਤੌਲ ਕੱਢਿਆ ਤੇ ਸਰ ਮਾਈਕਲ ਓਡਵਾਇਰ ਤੇ ਫਾਇਰਿੰਗ ਕਰ  ਦਿੱਤੀ ਜਿਸ ਵਿੱਚ ਸਰ ਮਾਈਕਲ ਓਡਵਾਇਰ ਮੌਕੇ ਤੇ ਹੀ ਮਰ ਗਿਆ। ਊਧਮ ਸਿੰਘ ਨੇ ਭੱਜਣ ਦੀ ਬਜਾਏ ਗਿਰਫਤਾਰੀ ਦੇ ਦਿੱਤੀ ਤੇ ਇਗਲੈਂਡ ਵਿਚ ਊਧਮ ਸਿੰਘ ਦਾ ਕੇਸ ਚਲਿਆ ਜਿਸ ਵਿੱਚ ਊਧਮ ਸਿੰਘ ਨੇ ਕਿਹਾ ਮੈਂ ਜਲਿਆਂ ਵਾਲਾ ਬਾਗ ਦੇ ਨਿਹੱਥੇ ਲੋਕਾਂ ਦੇ ਕਾਤਲ ਨੂੰ ਮਾਰ ਕੇ ਬਦਲਾ ਲੈ ਲਿਆ ਹੈ। ਤੁਸੀਂ ਫਾਂਸੀ ਦੇ ਕੇ ਆਪਣਾ ਫਰਜ਼ ਨਿਭਾ ਦਿਓ ਮੈਨੂੰ ਕੋਈ ਅਫਸੋਸ ਨਹੀਂ ਹੈ।ਊਧਮ ਸਿੰਘ ਨੇ ਅਦਾਲਤ ਨੂੰ ਆਪਣਾ ਨਾਂ  ਮੁਹੰਮਦ ਸਿੰਘ ਆਜ਼ਾਦ ਦੱਸਿਆ  ਅੰਤ 31 ਜੁਲਾਈ 1940 ਨੂੰ ਸਵੇਰ ਦੇ 8:43 ਮਿੰਟ ਤੇ ਇੰਗਲੈਂਡ ਦੀ ਪੈਨਟਲਵਿਲਾ ਜੇਲ ਵਿੱਚ ਸ਼ਹੀਦ ਊਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਆਜ਼ਾਦ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ। ਇਸ ਤਰਾਂ ਸੂਰਮੇ ਨੇ ਆਪਣਾ ਪ੍ਰਣ ਪੂਰਾ ਕਰਦਿਆ ਹੱਸਦੇ ਹੱਸਦੇ ਫਾਂਸੀ ਦਾ ਰੱਸਾ ਚੁੰਮਿਆ ਤੇ ਇਨਕਲਾਬ ਜ਼ਿੰਦਾਬਾਦ ਦੀ ਜੋਤ ਜਗਾ ਦਿਤੀ। ਹਰ ਸਾਲ 31 ਜੁਲਾਈ ਨੂੰ ਅਜ਼ਾਦੀ ਦੀ ਸਮਾਂ ਦੇ ਇਸ ਪ੍ਰਵਾਨੇ ਨੂੰ ਦੇਸ਼ ਵਿਦੇਸ਼ ਦੇ ਮਿਹਨਤਕਸ਼ ਲੋਕਾਂ ਹਮੇਸ਼ਾ  ਯਾਦ ਕੀਤਾ ਜਾਂਦਾ ਰਹੇਗਾ।

ਪੱਤਰਕਾਰ ਹਰਜਿੰਦਰ ਸਿੰਘ ਚੰਦੀ ਮਹਿਤਪੁਰ  981460163

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਘਰ ਬੈਠੀ ਮੌਤ
Next articleਬਰਿੰਦਰ ਮਸੌਣ ਦਾ ਚਰਚਿਤ ਨਾਵਲ ‘ਹੀਰੇ ਦੀ ਤਲਾਸ਼ ਖ਼ਤਮ’ ਹੋਇਆ ਲੋਕ ਅਰਪਣ