ਸ਼ਹੀਦ ਊਧਮ ਸਿੰਘ 

“ਸਰ ਫਿਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ,
ਦੇਖਨਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੇਂ ਹੈ।”
ਹਿੰਦੁਸਤਾਨ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ ਕਰਵਾਉਣ ਲਈ ਦੇਸ਼ਵਾਸੀਆਂ ਨੂੰ ਇੱਕ ਲੰਮਾ ਸੰਘਰਸ਼ ਕਰਨਾ ਪਿਆ। ਇਸ ਲੰਮੇ ਤੇ ਕੁਰਬਾਨੀਆਂ ਦੇ ਇਤਿਹਾਸ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਹਿੱਸਾ ਪਾਇਆ। ਅਜਿਹੇ ਸੂਰਬੀਰ ਅਤੇ ਅਣਖੀਲੇ ਯੋਧਿਆਂ ਵਿੱਚ ਸ: ਊਧਮ ਸਿੰਘ ਦਾ ਨਾਂ ਬਹੁਤ ਹੀ ਸਤਿਕਾਰ ਦਾ ਪਾਤਰ ਹੈ।
ਊਧਮ ਸਿੰਘ ਦਾ ਜਨਮ 26 ਦਸੰਬਰ, 1898 ਨੂੰ ਪਿੰਡ ਸੁਨਾਮ ਜ਼ਿਲ੍ਹਾ ਸੰਗਰੂਰ (ਪੰਜਾਬ) ਵਿਖੇ ਹੋਇਆ। ਉਸ ਦਾ ਪਿਤਾ ਸ. ਟਹਿਲ ਸਿੰਘ ਕੰਬੋਜ ਬਰਾਦਰੀ ‘ਚੋਂ ਸੀ ਅਤੇ ਰੇਲਵੇ ਫਾਟਕ ਦੀ ਚੌਕੀਦਾਰੀ ਕਰਦਾ ਸੀ।ਉਸ ਦੀ ਮਾਤਾ ਦਾ ਨਾਂ ਨਰਾਇਣ ਕੌਰ ਸੀ। ਊਧਮ ਸਿੰਘ ਅਜੇ ਬਾਲ ਹੀ ਸੀ ਜਦੋਂ ਉਸ ਦੇ ਮਾਤਾ-ਪਿਤਾ ਚੱਲ ਵੱਸੇ ਤੇ ਊਧਮ ਸਿੰਘ ਯਤੀਮ ਹੋ ਗਿਆ। ਗਿਆਨੀ ਚੈਂਚਲ ਸਿੰਘ ਇੱਕ ਬਹੁਤ ਰਹਿਮ-ਦਿਲ ਪਿੰਡਵਾਸੀ ਸੀ। ਉਸ ਨੇ ਲੰਮੀ ਸੋਚ ਕੇ ਬਾਲ ਊਧਮ ਸਿੰਘ ਨੂੰ ਸੈਂਟਰਲ ਖ਼ਾਲਸਾ ਯਤੀਮਖ਼ਾਨਾ, ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾ ਦਿੱਤਾ। ਊਧਮ ਸਿੰਘ ਦੀ ਮੁਢਲੀ ਵਿੱਦਿਆ ਇੱਥੇ ਹੀ ਪੂਰੀ ਹੋਈ। ਉਸ ਦਾ ਪਹਿਲਾ ਨਾਂ ਸ਼ੇਰ ਸਿੰਘ ਸੀ ਜੋ ਯਤੀਮਖ਼ਾਨੇ ਅੰਮ੍ਰਿਤਪਾਨ ਕਰਨ ਉਪਰੰਤ ਉਦੈ ਸਿੰਘ ਰੱਖਿਆ ਗਿਆ। ਉਹ ਬਾਅਦ ਵਿੱਚ ਊਧਮ ਸਿੰਘ ਦੇ ਨਾਂ ਨਾਲ ਦੁਨੀਆ ਵਿੱਚ ਜਾਣਿਆ ਜਾਣ ਲੱਗਾ। ਇਸ ਦੌਰਾਨ ਊਧਮ ਸਿੰਘ ਦਾ ਵੱਡਾ ਭਰਾ ਸਾਧੂ ਸਿੰਘ 19 ਸਾਲ ਦੀ ਉਮਰ ਵਿੱਚ ਹੀ ਚਲਾਣਾ ਕਰ ਗਿਆ। ਭਰਾ ਦੀ ਮੌਤ ਨੇ ਊਧਮ ਸਿੰਘ ਨੂੰ ਡੂੰਘਾ ਸਦਮਾ ਪਹੁੰਚਾਇਆ। ਹੁਣ ਊਧਮ ਸਿੰਘ ਇਕੱਲਾ ਰਹਿ ਗਿਆ।
ਯਤੀਮਖ਼ਾਨੇ ਰਹਿ ਕੇ ਊਧਮ ਸਿੰਘ ਨੇ ਦਸਵੀਂ ਪਾਸ ਕਰ ਲਈ।ਉਹ ਆਪਣੇ ਭਵਿਖ ਬਾਰੇ ਸੁਪਨੇ ਲੈਣ ਲੱਗਿਆ। ਦੇਸ ਦੀ ਅਜ਼ਾਦੀ ਦੀ ਲਹਿਰ ਜ਼ੋਰਾਂ ‘ਤੇ ਸੀ। 13 ਅਪਰੈਲ, 1919 ਨੂੰ ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਕਾ ਵਾਪਰ ਗਿਆ। ਜਨਰਲ ਡਾਇਰ ਨੇ ਨਿਹੱਥੇ ਤੇ ਬੇਕਸੂਰ ਲੋਕਾਂ ਉੱਪਰ ਗੋਲੀਆਂ ਚਲਾ ਕੇ ਉਹਨਾਂ ਦੇ ਖੂਨ ਨਾਲ ਹੋਲੀ ਖੇਡੀ। ਪੰਜਾਬ ਦੀ ਵਿਸਾਖੀ ਲਹੂ-ਲੁਹਾਨ ਹੋ ਗਈ।ਯਤੀਮਖ਼ਾਨੇ ਨੇ ਊਧਮ ਸਿੰਘ ਦੀ ਅਗਵਾਈ ਵਿੱਚ ਇੱਕ ਜਥਾ ਜ਼ਖ਼ਮੀਆਂ ਦੀ ਦੇਖ-ਭਾਲ ਲਈ ਜਲ੍ਹਿਆਂਵਾਲੇ ਬਾਗ ਭੇਜਿਆ। ਊਧਮ ਸਿੰਘ ਨੇ ਜਲ੍ਹਿਆਂ ਵਾਲੇ ਬਾਗ਼ ਦਾ ਦਿਲ-ਕੰਬਾਊ ਤੇ ਦਰਦਨਾਕ ਦ੍ਰਿਸ਼ ਆਪਣੇ ਅੱਖੀਂ ਵੇਖਿਆ ਸੀ।ਉਸ ਦੇ ਖੂਨ ਨੇ ਉਬਾਲਾ ਖਾਧਾ।ਉਸ ਨੇ ਪ੍ਰਣ ਕੀਤਾ ਕਿ ਉਹ ਇਸ ਘਟਨਾ ਦੇ ਜ਼ਿੰਮੇਵਾਰ ਜਨਰਲ ਡਾਇਰ ਤੋਂ ਖੂਨ ਦਾ ਬਦਲਾ ਲਏ ਬਿਨਾਂ ਸਾਹ ਨਹੀਂ ਲਵੇਗਾ। ਇਸ ਘਟਨਾ ਨੇ ਊਧਮ ਸਿੰਘ ਦੀ ਜੀਵਨ-ਸੋਚ ਹੀ ਬਦਲ ਕੇ ਰੱਖ ਦਿੱਤੀ। ਆਖ਼ਰ ਉਹ 1920 ਵਿੱਚ ਅਫ਼ਰੀਕਾ ਚਲੇ ਗਿਆ ਅਤੇ 1921 ਵਿੱਚ ਅਮਰੀਕਾ ਪਹੁੰਚਿਆ। ਇੱਥੇ ਉਸ ਦਾ ਮੇਲ ਹਿੰਦੁਸਤਾਨ ਦੇ ਇਨਕਲਾਬੀ ਲੀਡਰਾਂ ਨਾਲ ਹੋਇਆ।ਫਿਰ ਉਹ ਦੇਸ ਪਰਤ ਆਇਆ ਅਤੇ ਅੰਮ੍ਰਿਤਸਰ ਇੱਕ ਛੋਟੇ ਜਿਹੇ ਮਕਾਨ ‘ਚ ਕਿਰਾਏ ‘ਤੇ ਰਹਿਣ ਲੱਗ ਪਿਆ। ਉਸ ਨੇ ਆਪਣਾ ਨਾਂ ਬਦਲ ਕੇ ‘ਰਾਮ ਮੁਹੰਮਦ ਸਿੰਘ ਆਜ਼ਾਦ’ ਰੱਖ ਲਿਆ।
ਆਖ਼ਰ 1937 ਈ. ਵਿੱਚ ਉਹ ਇੰਗਲੈਂਡ ਪਹੁੰਚ ਗਿਆ। ਲੰਡਨ ਪੁੱਜ ਕੇ ਊਧਮ ਸਿੰਘ ਨੇ ਇੰਜੀਨੀਅਰਿੰਗ ਦਾ ਕੋਰਸ ਕਰ ਕੇ ਉੱਥੇ ਹੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਪਰੰਤੂ ਉਹ ਕਿਸੇ ਹੋਰ ਤਾਕ ਵਿੱਚ ਸੀ।ਊਧਮ ਸਿੰਘ ਦੇ ਲੰਡਨ ਪਹੁੰਚਣ ਤੋਂ ਪਹਿਲਾਂ 1927 ਵਿਚ ਜਨਰਲ ਡਾਇਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ, ਪਰ ਉਹ ਮਾਈਕਲ ਓਡਵਾਇਰ ਨੂੰ ਮਾਰਨ ਦਾ ਮੌਕਾ ਲੱਭਦਾ ਰਿਹਾ। ਊਧਮ ਸਿੰਘ ਉਥੇ 9, ਐਲਡਰ ਸਟਰੀਟ ਕਮਰਸ਼ੀਅਲ ਰੋਡ ਵਿਖੇ ਰਹਿਣ ਲੱਗਾ। ਉੱਥੇ ਉਸ ਨੇ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਛੇ ਗੋਲੀਆਂ ਨਾਲ ਇੱਕ ਕਾਰ ਅਤੇ ਇੱਕ ਰਿਵਾਲਵਰ ਵੀ ਖਰੀਦਿਆ। ਫਿਰ ਉਨ੍ਹਾਂ ਨੇ ਮਾਈਕਲ ਓਡਵਾਇਰ ਨੂੰ ਲੱਭਣ ਲਈ ਸਹੀ ਸਮੇਂ ਦੀ ਉਡੀਕ ਕੀਤੀ। ਉਹ ਲਗ-ਪਗ ਸੱਤ ਸਾਲ ਇੰਗਲੈਂਡ ਵਿੱਚ ਰਿਹਾ।
16 ਮਾਰਚ 1940: ਨੂੰ ਇੰਡੀਆ ਹਾਊਸ ਵਿੱਚ ਜਲਸਾ ਹੋ ਰਿਹਾ ਸੀ। ਊਧਮ ਸਿੰਘ ਉਸ ਦਿਨ ਸਮੇਂ ਤੇ ਮੀਟਿੰਗ ਸਥਾਨ ਤੱਕ ਪਹੁੰਚ ਗਿਆ।  ਉਸਨੇ ਪਿਸਤੌਲ ਨੂੰ ਇੱਕ ਮੋਟੀ ਕਿਤਾਬ ਵਿੱਚ ਛੁਪਾਇਆ।  ਇਸ ਦੇ ਲਈ ਉਸ ਨੇ ਕਿਤਾਬਾਂ ਦੇ ਪੰਨੇ ਨੂੰ ਪਿਸਤੌਲ ਦੇ ਆਕਾਰ ਵਿੱਚ ਕੱਟ ਲਿਆ ਅਤੇ ਪਿਸਤੌਲ ਨੂੰ ਕਿਤਾਬ ਦੇ ਵਿੱਚ ਫਿੱਟ ਕਰ ਲਿਆ। ਜਰਮਨੀ ਦੇ ਵਿਰੁੱਧ ਤਕਰੀਰਾਂ ਹੋ ਰਹੀਆਂ ਸਨ ਕਿਉਂਕਿ ਹਿਟਲਰ ਨੇ ਲੰਦਨ ‘ਤੇ ਹਮਲਾ ਕਰਕੇ ਬੰਬ-ਬਾਰੀ ਕੀਤੀ ਸੀ। ਇਸ ਵਿੱਚ ਸਰ ਮਾਇਕਲ ਓਡਵਾਇਰ ਵੀ ਆਪਣੇ ਵਿਚਾਰ ਪੇਸ਼ ਕਰਨ ਆਇਆ। ਜਦੋਂ ਉਹ ਸਟੇਜ ‘ਤੇ ਆ ਕੇ ਬੋਲਣ ਲੱਗਾ ਕਿ ਮੈਂ ਪੰਜਾਬ ਵਿੱਚ ਰੋਲਟ ਐਕਟ ਦੇ ਵਿਰੋਧੀਆਂ ਨੂੰ ਅਮ੍ਰਿਤਸਰ ਵਿਖੇ ਮਾਰ ਮੁਕਾਇਆ ਸੀ ਤਾਂ ਪੰਜਾਬ ਦੀ ਧਰਤੀ ਦੇ ਵੀਰ ਸਪੂਤ ਸ. ਊਧਮ ਸਿੰਘ ਨੇ ਠਾਹ-ਠਾਹ ਕਰਦੀਆਂ ਤਿੰਨ ਗੋਲੀਆਂ ਉਸ ਦੀ ਛਾਤੀ ਵਿੱਚ ਦਾਗ ਦਿੱਤੀਆਂ ਅਤੇ ਉਸ ਨੇ 21 ਸਾਲ ਬਾਅਦ ਬੇਕਸੂਰੇ ਪੰਜਾਬੀਆਂ ਦੇ ਖੂਨ ਅਤੇ ਬੇਇੱਜਤੀ ਦਾ ਬਦਲਾ ਲੈ ਕੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦਿੱਤੀ। ਊਧਮ ਸਿੰਘ ਉੱਥੋਂ ਭੱਜਿਆ ਨਹੀਂ ਸਗੋਂ ਉਸ ਨੇ ਆਪਣੀ ਗ੍ਰਿਫਤਾਰੀ ਦੇ ਦਿੱਤੀ।ਮਜ਼ਦੂਰਾਂ ਦੇ ਅਖ਼ਬਾਰ ‘ਡੇਲੀ ਵਰਕਰਜ਼’ ਨੇ ਸ. ਊਧਮ ਸਿੰਘ ਦੀ ਤਸਵੀਰ ਆਪਣੇ ਅਖ਼ਬਾਰ ਵਿੱਚ ਛਾਪੀ ‘ਤੇ ਲਿਖਿਆ ਕਿ ਨਿੱਡਰ ਇਨਕਲਾਬੀ ਹਿੰਦੋਸਤਾਨੀਆਂ ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਦੇ ਖੂਨ ਦਾ ਬਦਲਾ 21 ਸਾਲ ਪਿੱਛੋਂ ਲਿਆ ਗਿਆ। ਮੁਲਜ਼ਮ ਨੇ ਕਿਸੇ ਕਿਸਮ ਦਾ ਬਿਆਨ ਦੇਣੋਂ ਨਾਂਹ ਕਰ ਦਿੱਤੀ, ਉਹ ਅਦਾਲਤ ਵਿੱਚ ਪੂਰਾ ਬਿਆਨ ਦੇਵੇਗਾ।
 ਊਧਮ ਸਿੰਘ ਨੂੰ ਬਰਿਕਸਟਨ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਤੇ ਉਸ ‘ਤੇ ਮੁਕੱਦਮਾ ਚਲਾਇਆ ਗਿਆ। ਜੇਲ੍ਹ ਵਿੱਚ ਉਹ ਬਹੁਤ ਹੌਸਲੇ ਨਾਲ ਰਿਹਾ। ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਉਸ ਨੇ ਆਖਿਆ, ਮੈਂ ਮਰਨ ਤੋਂ ਨਹੀਂ ਡਰਦਾ। ਮੈਂ ਉਡਵਾਇਰ ਨੂੰ ਮਾਰ ਕੇ ਹਜ਼ਾਰਾਂ ਬੇਗੁਨਾਹਾਂ ਦੇ ਖੂਨ ਦਾ ਬਦਲਾ ਲਿਆ ਹੈ। ਇਸ ਅਨੋਖੇ ਤੇ ਉੱਦਮੀ ਕਾਰਨਾਮੇ ਲਈ ਊਧਮ ਸਿੰਘ ਨੂੰ 20 ਸਾਲ, 11 ਮਹੀਨੇ ਤੱਕ ਉਡੀਕ ਕਰਨੀ ਪਈ ਜੋ ਦੁਨੀਆ ਦੇ ਇਤਿਹਾਸ ਵਿੱਚ ਇੱਕ ਵਿਚਿੱਤਰ ਘਟਨਾ ਹੈ।  31 ਜੁਲਾਈ 1940 ਵਿੱਚ ਸ. ਊਧਮ ਸਿੰਘ ਨੂੰ ਸਰ ਮਾਇਕਲ ਓਡਵਾਇਰ ਦੇ ਕਤਲ ਦੇ ਦੋਸ਼ ਵਿੱਚ ਪੈਂਟਨਵਿਲੇ ਜੇਲ੍ਹ ਵਿਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ।
ਇਸ ਸੂਰਬੀਰ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤ ਸਰਕਾਰ ਰਾਹੀਂ ਪੰਜਾਬ ਵਿੱਚ ਲਿਆਂਦੀਆਂ ਗਈਆਂ ਤੇ ਉਸ ਦੇ ਜੱਦੀ ਪਿੰਡ ਸੁਨਾਮ ਵਿਖੇ 31 ਜੁਲਾਈ, 1974 ਨੂੰ ਪੂਰੇ ਸਨਮਾਨਾਂ ਨਾਲ ਉਹਨਾਂ ਦਾ ਸਸਕਾਰ ਕੀਤਾ ਗਿਆ। ਪੰਜਾਬ ਸਰਕਾਰ ਨੇ ਸ਼ਹੀਦ ਊਧਮ ਸਿੰਘ ਦਾ ਆਦਮ-ਕੱਦ ਬੁੱਤ, ਇੱਕ ਲੱਖ 60 ਹਜ਼ਾਰ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ ਵਿੱਚ ਵੀ ਲਾਇਆ। ਇਸ ਅਮਰ ਸ਼ਹੀਦ ਦੀ ਯਾਦ ਵਿੱਚ ਕਈ ਕਾਲਜ, ਸਕੂਲ, ਹਸਪਤਾਲ, ਚੌਂਕ, ਲਾਇਬ੍ਰੇਰੀਆਂ, ਇੱਕ ਨਗਰ ਅਤੇ ਹੋਰ ਕਈ ਸੰਸਥਾਵਾਂ ਸਥਾਪਤ ਕੀਤੀਆਂ ਗਈਆਂ ਹਨ। ਪੰਜਾਬ ਦੇ ਇਸ ਸੂਰਬੀਰ ਨੂੰ ਆਉਣ ਵਾਲੀਆਂ ਨਸਲਾਂ ਸਦਾ ਚੇਤੇ ਰੱਖਣਗੀਆਂ। ਹਰ 31 ਜੁਲਾਈ ਨੂੰ ਭਾਰਤ ਮਾਤਾ ਦੇ ਇਸ ਬਹਾਦਰ ਪੁੱਤਰ ਦੀ ਬਰਸੀ ਮਨਾਈ ਜਾਂਦੀ ਹੈ, ਜਿਸਨੇ ਆਪਣੇ ਹੀ ਘਰ ਵਿੱਚ ਵੜ ਕੇ ਦੁਸ਼ਮਣ ਨੂੰ ਮਾਰ ਮੁਕਾਇਆ ਅਤੇ ਜਲਿਆਂਵਾਲਾ ਬਾਗ ਸਾਕੇ ਦਾ ਬਦਲਾ ਲਿਆ। ਅੱਜ ਵੀ ਜਦੋ ਊਧਮ ਸਿੰਘ ਦਾ ਨਾਮ ਲੰਦਨ ਵਿੱਚ ਲਿੱਤਾ ਜਾਂਦਾ ਹੈ ਤਾਂ ਗੋਰੇ ਉਸ ਦੇ ਨਾਂਅ ਤੋਂ ਥਰ ਥਰ ਕੰਬਦੇ ਹਨ।
ਜਸਪਾਲ ਸਿੰਘ ਮਹਿਰੋਕ
ਸਨੌਰ (ਪਟਿਆਲਾ)
ਮੋਬਾਈਲ 6284347188

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲੰਧਰ ਖੇਤਰ ਦੇ ਖੇਡ ਮੁਕਾਬਲਿਆਂ ਵਿੱਚ ਸਰਵਹਿੱਤਕਾਰੀ ਵਿਦਿਆ ਮੰਦਿਰ ਛੋਕਰਾਂ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ
Next articleशहीद-ए-आजम उधम सिंह :भारतीय क्रांतिकारी इतिहास का गौरवपूर्ण पृष्ठ-वर्तमान संदर्भ में प्रासंगिकता