ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸ਼ਹੀਦ ਭਗਤ ਸਿੰਘ ਵਿਚਾਰ ਮੰਚ ਨੇ ਜੰਤਰ-ਮੰਤਰ ਵਿਖੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਖਿਡਾਰੀਆਂ ਦੀ ਹਮਾਇਤ ਵਿੱਚ ਨਿੰਦਾ ਦਾ ਮਤਾ ਪਾਸ ਕਰਕੇ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਵਿਰੁੱਧ, ਨੌਜਵਾਨ ਮਹਿਲਾ ਪਹਿਲਵਾਨਾਂ ਦੀ ਜਾਇਜ਼ ਮੰਗ ਨੂੰ ਤੁਰੰਤ ਪ੍ਰਵਾਨ ਕਰਨ ਦਾ ਸਮਰਥਨ ਕੀਤਾ । ਆਪਣੀ ਮਿਹਨਤ ਅਤੇ ਲਗਨ ਨਾਲ ਤਗਮੇ ਜਿੱਤ ਕੇ ਦੇਸ਼ ਦਾ ਨਾਮ ਅਤੇ ਰੌਸ਼ਨ ਬੁਲੰਦੀਆਂ ‘ਤੇ ਪਹੁੰਚਾਉਣ ਵਾਲੀਆਂ ਨੌਜਵਾਨ ਮਹਿਲਾ ਪਹਿਲਵਾਨਾਂ ਨੇ ਪਿਛਲੇ ਸਮੇਂ ਤੋਂ ਆਪਣੇ ਨਾਲ ਹੋਏ ਸਰੀਰਕ ਸ਼ੋਸ਼ਣ ਦੇ ਵਿਰੋਧ ‘ਚ ਦੇਸ਼ ਦੀ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ ‘ਤੇ ਸ਼ਾਂਤਮਈ ਪ੍ਰਦਰਸ਼ਨ ਕਰਕੇ ਇਨਸਾਫ਼ ਦੀ ਮੰਗ ਕੀਤੀ |
ਜਿਸ ਦੀ ਅਵਾਜ਼ ਸਰਕਾਰ ਵੱਲੋਂ ਲਗਾਤਾਰ ਅਣਸੁਣੀ ਕੀਤੀ ਜਾ ਰਹੀ ਹੈ। ਇਹ ਕੋਈ ਆਮ ਔਰਤਾਂ ਨਹੀਂ ਹਨ, ਇਹ ਉਹੀ ਨੌਜਵਾਨ ਮਹਿਲਾ ਖਿਡਾਰਨਾਂ ਹਨ, ਜਿਨ੍ਹਾਂ ਨੇ ਓਲੰਪਿਕ ਅਤੇ ਏਸ਼ੀਅਨ ਖੇਡਾਂ ਵਿੱਚ ਤਗਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ। ਜਿੱਥੇ ਹਰ ਨਾਗਰਿਕ ਨੂੰ ਆਪਣੀ ਗੱਲ ਰੱਖਣ ਅਤੇ ਇਨਸਾਫ਼ ਮੰਗਣ ਦਾ ਪੂਰਾ ਹੱਕ ਹੈ। ਪਰ ਇਸ ਦੇ ਉਲਟ ਮਹਿਲਾ ਪਹਿਲਵਾਨਾਂ ਨਾਲ ਸਭ ਤੋਂ ਮਾੜਾ ਉਦੋਂ ਵਾਪਰਿਆ ਜਦੋਂ ਨੌਜਵਾਨ ਮਹਿਲਾ ਪਹਿਲਵਾਨ ਰਾਤ ਨੂੰ ਮੀਂਹ ਵਿੱਚ ਆਪਣੇ ਬਚਾਅ ਲਈ ਬਿਸਤਰੇ ਅਤੇ ਚਾਦਰਾਂ ਦਾ ਪ੍ਰਬੰਧ ਕਰ ਰਹੀਆਂ ਸਨ।ਇਸ ਦੇ ਨਾਲ ਹੀ ਪੁਲਿਸ ਨੇ ਉਨ੍ਹਾਂ ‘ਤੇ ਜ਼ੁਲਮ ਵੀ ਕੀਤੇ। ਪਹਿਲਵਾਨਾਂ ਵੱਲੋਂ ਬੁਲੰਦ ਕੀਤੀ ਗਈ ਅਵਾਜ਼ ਉਹਨਾਂ ਸਾਰੀਆਂ ਔਰਤਾਂ ਦੀ ਅਵਾਜ ਹੈ। ਜਿਹਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਉਹਨਾਂ ਦੀ ਅਵਾਜ਼ ਸੁਣਨਾ ਤਾਂ ਦੂਰ ਦੀ ਗੱਲ ਹੈ। ਇਸ ਤੋਂ ਉਲਟ ਮੁਲਜ਼ਮ ਦਾ ਸੱਤਾ ਦੇ ਗਲਿਆਰਿਆਂ ਹੋਣ ਕਾਰਨ ਖਿਡਾਰਨਾਂ ਨੂੰ ਸਮਾਜ ਦੇ ਤਸ਼ੱਦਦ ਅਤੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ਹੀਦ ਭਗਤ ਸਿੰਘ ਵਿਚਾਰ ਮੰਚ ਸਰਕਾਰ ਤੋਂ ਮੰਗ ਕਰਦਾ ਹੈ ਕਿ ਇਨਸਾਫ਼ ਲਈ ਉੱਠੀ ਅਵਾਜ਼ ਨੂੰ ਸੁਣ ਕੇ ਜਲਦ ਤੋਂ ਜਲਦ ਇਨਸਾਫ਼ ਦਿਵਾਇਆ ਜਾਵੇ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly