
ਪਵਨ ਕੁਮਾਰ ਅੱਤਰੀ
(ਸਮਾਜ ਵੀਕਲੀ) ਗਰਮੀ ਦਾ ਮੌਸਮ ਸੀ ਤੇ ਮੈਂ ਵਿਦਿਆਰਥੀਆਂ ਨੂੰ ਕਲਾਸਰੂਮ ਵਿੱਚ ਪੜ੍ਹਾ ਰਿਹਾ ਸੀ। ਲਾਈਟ ਚਲੀ ਗਈ। ਵਿਦਿਆਰਥੀ ਗਰਮੀ ਨਾਲ ਬੇਹਾਲ ਹੋ ਰਹੇ ਸਨ। ਇਸ ਲਈ ਮੈਂ ਵਿਦਿਆਰਥੀਆਂ ਨੂੰ ਕਿਹਾ ਬੱਚਿਓ ਕਿਤਾਬਾਂ ਬੰਦ ਕਰ ਦਿਓ ਅੱਜ ਅਸੀਂ ਬਿਨਾਂ ਕਿਤਾਬਾਂ ਤੋਂ ਪੜ੍ਹਦੇ ਹਾਂ। ਕੁਝ ਵਿਦਿਆਰਥੀ ਬੋਲ ਰਹੇ ਸੀ ਕਿ ਮਾਸਟਰ ਜੀ, ਅੱਜ ਅਸੀਂ ਨਹੀਂ ਪੜ੍ਹਨਾ ਕਿਉਂਕਿ ਗਰਮੀ ਬਹੁਤ ਜਿਆਦਾ ਹੈ ਤੇ ਲਾਈਟ ਵੀ ਚਲੀ ਗਈ ਹੈ। ਇਸ ਲਈ ਮੈਂ ਵਿਦਿਆਰਥੀਆਂ ਨਾਲ ਮਜ਼ਾਕ ਭਰੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜੋ ਕਿ ਮੈਂ ਅਕਸਰ ਉਦੋਂ ਕਰਦਾ ਹਾਂ ਜਦੋਂ ਮੈਨੂੰ ਲੱਗੇ ਕਿ ਅੱਜ ਵਿਦਿਆਰਥੀਆਂ ਦੇ ਪੜ੍ਹਨ ਦਾ ਮਨ ਨਹੀਂ ਹੈ। ਹਾਸੇ ਮਜ਼ਾਕ ਦੀਆਂ ਗੱਲਾਂ ਚੱਲ ਰਹੀਆਂ ਸਨ। ਅਚਾਨਕ ਇੱਕ ਵਿਦਿਆਰਥੀ ਨੇ ਮੈਨੂੰ ਮਜ਼ਾਕ ਵਿੱਚ ਪ੍ਰਸ਼ਨ ਪੁੱਛਿਆ, ਮਾਸਟਰ ਜੀ ! ਜੇ ਤੁਹਾਨੂੰ ਪਤਾ ਚੱਲ ਜਾਏ ਕਿ ਤੁਸੀਂ ਕੁੱਝ ਦਿਨਾਂ ਬਾਅਦ ਮਰ ਜਾਣਾ ਹੈ ਤਾਂ ਤੁਸੀਂ ਕੀ ਕਰੋਗੇ? ਸਾਰੇ ਵਿਦਿਆਰਥੀ ਉਸ ਵੱਲ ਹੈਰਾਨੀ ਨਾਲ ਵੇਖਣ ਲੱਗੇ ਕਿ ਇਸ ਨੇ ਮਾਸਟਰ ਨੂੰ ਕਿਸ ਤਰ੍ਹਾਂ ਦਾ ਪ੍ਰਸ਼ਨ ਪੁੱਛਿਆ ਹੈ। ਮੈਂ ਉਸ ਦੇ ਪ੍ਰਸ਼ਨ ਦਾ ਕੋਈ ਜਵਾਬ ਨਹੀਂ ਦਿੱਤਾ। ਇਸ ਲਈ ਵਿਦਿਆਰਥੀ ਡਰ ਕੇ ਚੁੱਪ ਕਰ ਗਿਆ ਕਿਉਂਕਿ ਸਾਇਦ ਉਸ ਨੂੰ ਲੱਗਿਆ ਮਾਸਟਰ ਜੀ ਨੇ ਗੁੱਸਾ ਕਰ ਲਿਆ ਹੈ ਅਤੇ ਮੈਨੂੰ ਹੁਣ ਕੋਈ ਸਜ਼ਾ ਜਰੂਰ ਮਿਲੇਗੀ। ਮੈਂ ਗੁੱਸਾ ਤਾਂ ਨਹੀਂ ਕੀਤਾ ਪਰ ਉਸ ਸਮੇਂ ਮੇਰੇ ਮਨ ਵਿੱਚ ਇੱਕ ਵਿਚਾਰ ਆਇਆ ਤੇ ਇਹ ਵਿਚਾਰ ਮੈਂ ਵਿਦਿਆਰਥੀਆਂ ਨਾਲ ਸਾਂਝਾ ਕਰਨ ਲੱਗ ਗਿਆ।
ਬੱਚਿਓ! ਕੀ ਤੁਸੀਂ ਜਾਣਦੇ ਹੋ ਕਿ ਸ਼ਹੀਦ ਭਗਤ ਸਿੰਘ ਜੀ ਕਿੰਨੇ ਵੱਡੇ ਪੜ੍ਹਾਕੂ ਸਨ? ਕੀ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਆਪਣੀ ਛੋਟੀ ਜਿਹੀ ਜ਼ਿੰਦਗੀ ਵਿੱਚ ਕਿੰਨੀਆਂ ਕਿਤਾਬਾਂ ਪੜ੍ਹੀਆਂ ਸਨ ? ਬੱਚੇ ਮੇਰੀਆਂ ਗੱਲਾਂ ਨੂੰ ਉਤਸਾਹ ਪੂਰਵਕ ਸੁਣਨ ਲੱਗੇ । ਬੱਚਿਓ ਅਗਰ ਅਸੀਂ ਗੂਗਲ ਦੀ ਮੰਨੀਏ ਤਾਂ ਉਹਨਾਂ ਆਪਣੀ ਛੋਟੀ ਜਿਹੀ ਜ਼ਿੰਦਗੀ ਵਿੱਚ ਲਗਭਗ 550 ਕਿਤਾਬਾਂ ਪੜ੍ਹੀਆਂ ਸਨ। ਸਕੂਲ ਦੀ ਸਿੱਖਿਆ ਪ੍ਰਾਪਤ ਕਰਦੇ ਸਮੇਂ ਤੱਕ ਉਹਨਾਂ ਨੇ 50 ਕਿਤਾਬਾਂ ਪੜ੍ਹੀਆਂ ਸਨ। ਕਾਲਜ ਦੀ ਪੜ੍ਹਾਈ ਦੇ ਸਮੇਂ ਤੋਂ ਲੈ ਕੇ ਜੇਲ੍ਹ ਜਾਣ ਤੱਕ ਦੇ ਸਮੇਂ ਵਿੱਚ ਉਹਨਾਂ 200 ਦੇ ਕਰੀਬ ਕਿਤਾਬਾਂ ਪੜ੍ਹੀਆਂ ਸਨ। ਜੇਲ੍ਹ ਵਿੱਚ ਰਹਿ ਕੇ ਵੀ ਉਹਨਾਂ ਨੇ 300 ਦੇ ਕਰੀਬ ਕਿਤਾਬਾਂ ਪੜ੍ਹੀਆਂ ਸਨ। ਉਹਨਾਂ ਸਿਰਫ ਕਿਤਾਬਾਂ ਪੜ੍ਹੀਆਂ ਹੀ ਨਹੀਂ ਸਗੋਂ ਜੇਲ੍ਹ ਦੇ ਵਿੱਚ ਕਿਤਾਬਾਂ ਲਿਖੀਆਂ ਵੀ ਸਨ। ਵਿਦਿਆਰਥੀ ਇਹ ਸਭ ਗੱਲਾਂ ਸੁਣ ਕੇ ਬਹੁਤ ਹੈਰਾਨ ਹੋਏ ਸ਼ਾਇਦ ਉਹਨਾਂ ਨੇ ਇਹ ਪਹਿਲੀ ਵਾਰ ਹੀ ਸੁਣਿਆ ਸੀ ਕਿ ਸ਼ਹੀਦ ਭਗਤ ਸਿੰਘ ਜੀ ਇਨੀਆਂ ਕਿਤਾਬਾਂ ਪੜ੍ਹਦੇ ਸਨ। ਭਗਤ ਸਿੰਘ ਜੀ ਲਗਭਗ 2 ਸਾਲ ਜੇਲ੍ਹ ਵਿੱਚ ਰਹੇ । ਉਹ ਜਦੋਂ ਜੇਲ੍ਹ ਵਿੱਚ ਸਨ ਤਾਂ ਉਹ ਆਪਣੇ ਕੋਲ ਇੱਕ ਡਾਇਰੀ ਰੱਖਦੇ ਸਨ। ਉਹ ਜਿਹੜੀਆਂ ਵੀ ਕਿਤਾਬਾਂ ਪੜ੍ਹਦੇ ਉਹਨਾਂ ਵਿੱਚੋਂ ਕੁਝ ਗੱਲਾਂ ਨੂੰ ਨੋਟਸ ਦੇ ਰੂਪ ਵਿੱਚ ਆਪਣੀ ਡਾਇਰੀ ਵਿੱਚ ਨੋਟ ਕਰਦੇ ਸਨ। ਉਹਨਾਂ ਦੇ ਲਿਖੇ ਗਏ ਨੋਟਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਹਨਾਂ ਨੂੰ ਪੱਕਾ ਵਿਸ਼ਵਾਸ ਸੀ ਕਿ ਅਸੀਂ ਆਪਣਾ ਦੇਸ਼ ਆਜ਼ਾਦ ਕਰਵਾ ਲਵਾਂਗੇ। ਪ੍ਰੰਤੂ ਉਹਨਾਂ ਨੂੰ ਇਸ ਗੱਲ ਦੀ ਬਹੁਤ ਫਿਕਰ ਸੀ ਕਿ ਦੇਸ਼ ਆਜ਼ਾਦ ਹੋ ਜਾਣ ਤੋਂ ਬਾਅਦ ਸਾਡੇ ਦੇਸ਼ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ। ਕਿਸ ਤਰ੍ਹਾਂ ਦੇ ਲੋਕਾਂ ਦੇ ਹੱਥਾਂ ਵਿੱਚ ਦੇਸ਼ ਦੀ ਵਾਗਡੋਰ ਹੋਵੇਗੀ। ਆਜ਼ਾਦ ਭਾਰਤ ਦਾ ਸਮਾਜ ਕਿਸ ਤਰ੍ਹਾਂ ਦਾ ਹੋਵੇਗਾ। 23 ਸਾਲ ਦੀ ਛੋਟੀ ਉਮਰ ਵਿੱਚ ਚਿੰਤਨ ਦਾ ਜੋ ਤਰੀਕਾ ਉਹਨਾਂ ਨੇ ਪ੍ਰਾਪਤ ਕਰ ਲਿਆ ਸੀ, ਇਸ ਨੇ ਹੀ ਉਹਨਾਂ ਨੂੰ ਯੁਗ ਪੁਰਸ ਬਣਾਇਆ। ਬੱਚਿਓ! ਸੋਚੋ 22,23 ਸਾਲ ਦੀ ਉਮਰ ਵਿੱਚ ਜਿਹੜਾ ਵਿਅਕਤੀ ਜੇਲ੍ਹ ਵਿੱਚ ਹੋਵੇ ਤੇ ਉਸਨੂੰ ਫਾਂਸੀ ਦੀ ਸਜ਼ਾ ਹੋਈ ਹੋਵੇ ਫਿਰ ਵੀ ਉਸ ਨੂੰ ਆਪਣੀ ਮੌਤ ਦਾ ਡਰ ਨਹੀਂ ਹੈ, ਉਹ ਇਸ ਸਮੇਂ ਵੀ ਆਪਣੇ ਦੇਸ਼ ਦੇ ਲੋਕਾਂ ਲਈ ਚਿੰਤਿਤ ਸਨ। ਉਹਨਾਂ ਨੂੰ ਪਤਾ ਸੀ ਕਿ ਦੇਸ਼ ਨੂੰ ਆਜ਼ਾਦ ਕਰਾਉਣਾ ਬਹੁਤ ਜਰੂਰੀ ਹੈ ਕਿਉਂਕਿ ਗੁਲਾਮ ਦੇਸ਼ ਦੇ ਵਿੱਚ ਜੋ ਲੋਕਾਂ ਦੇ ਹਾਲਾਤ ਸਨ ਉਹ ਉਹਨਾਂ ਨੇ ਆਪਣੇ ਬਚਪਨ ਵਿੱਚ ਜਲਿਆਂਵਾਲਾ ਬਾਗ ਦੀ ਘਟਨਾ ਦੌਰਾਨ ਦੇਖ ਲੇ ਸਨ ।
ਇਹ ਸਭ ਗੱਲਾਂ ਵਿਦਿਆਰਥੀਆਂ ਨਾਲ ਸਾਂਝੀਆਂ ਕਰਨ ਤੋਂ ਬਾਅਦ ਮੇਰਾ ਮਨ ਬੱਚੇ ਦੇ ਪੁੱਛੇ ਹੋਏ ਸਵਾਲ ਵੱਲ ਗਿਆ ਕਿ ਅਗਰ ਕਿਸੇ ਨੂੰ ਪਤਾ ਚੱਲ ਜਾਏ ਕਿ ਮੇਰੀ ਉਮਰ ਕਿੰਨੀ ਹੈ, ਬੇਸ਼ਕ ਉਸ ਨੂੰ ਪਤਾ ਚੱਲ ਜਾਵੇ ਕਿ ਮੇਰੇ ਕੋਲ 10 ਸਾਲ ਹੋਰ ਹਨ ਫਿਰ ਵੀ ਕਿ ਕੋਈ ਕੁਝ ਦਿਨ ਵੀ ਉਸ ਤਰਾਂ ਦੀ ਸੋਚ ਨਾਲ ਜਿਉਂਦਾ ਰਹਿ ਸਕਦੇ ਹਾਂ ਜਿਵੇਂ ਭਗਤ ਸਿੰਘ ਜੀ ਰਹੇ ਹਾਲਾਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਉਹਨਾਂ ਨੂੰ ਕੁਝ ਦਿਨਾਂ ਵਿੱਚ ਫਾਂਸੀ ਲਗਾ ਦਿੱਤੀ ਜਾਵੇਗੀ। ਭਗਤ ਸਿੰਘ ਜੀ ਇਹੋ ਜਿਹੇ ਸਮੇਂ ਵੀ ਆਪਣੇ ਮਤਲਬ ਲਈ ਕੁਝ ਨਹੀਂ ਕਰ ਰਹੇ ਸਨ ਜੋ ਵੀ ਕਰ ਰਹੇ ਸਨ ਆਪਣੇ ਦੇਸ਼ ਦੇ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਕਰ ਰਹੇ ਸਨ। ਜਿਸ ਮਾਂ ਨੇ ਇਸ ਤਰ੍ਹਾਂ ਦੀ ਸੋਚ ਵਾਲੇ ਪੁੱਤ ਨੂੰ ਜਨਮ ਦਿੱਤਾ ਉਹ ਕਿੰਨੀ ਭਾਗਾਂ ਵਾਲੀ ਹੋਏਗੀ। ਮਾਤਾ-ਪਿਤਾ ਨੇ ਉਹਨਾਂ ਨੂੰ ਬਚਪਨ ਵਿੱਚ ਕਿੰਨੀ ਵਧੀਆ ਸਿੱਖਿਆ ਦਿੱਤੀ ਹੋਵੇਗੀ। ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਪਰਿਵਾਰ ਵਿੱਚ ਆਪਣੇ ਮਤਲਬ ਲਈ ਨਹੀਂ ਸਗੋਂ ਦੇਸ਼ ਹਿੱਤ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਦੀਆਂ ਹੀ ਗੱਲਾਂ ਹੁੰਦੀਆਂ ਹੋਣਗੀਆਂ ।
ਬੱਚਿਓ ਭਗਤ ਸਿੰਘ ਜੀ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ ਜਿਲ੍ਹੇ ਦੇ ਪਿੰਡ ਬੰਗਾ (ਪੰਜਾਬ, ਬਰਤਾਨਵੀ ਭਾਰਤ, ਹੁਣ ਪਾਕਿਸਤਾਨ) ਵਿੱਚ ਹੋਇਆ। ਉਹਨਾਂ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਨੇ ਉਹਨਾਂ ਨੂੰ ਦੇਸ਼ ਭਗਤੀ ਦਾ ਪਾਠ ਪੜ੍ਹਾਇਆ। ਭਗਤ ਸਿੰਘ ਦੇ ਪਰਿਵਾਰ ਦਾ ਮਾਹੌਲ ਦੇਸ਼ ਭਗਤੀ ਵਾਲਾ ਸੀ। ਉਹਨਾਂ ਦੇ ਚਾਚਾ ਤੇ ਪਿਤਾ ਸੁਤੰਤਰਤਾ ਸੰਗਰਾਮੀ ਸਨ।
ਬੱਚਿਓ ਤੁਹਾਨੂੰ ਆਪਣਾ ਸਿਲੇਬਸ ਪੜ੍ਹਨਾਂ ਵੀ ਔਖਾ ਲੱਗਦਾ ਹੈ ਹਾਲਾਂਕਿ ਤੁਸੀਂ ਇਹ ਸਿਰਫ ਆਪਣੇ ਲਈ ਹੀ ਪੜ੍ਹਦੇ ਹੋ। ਤੁਸੀਂ ਤਾਂ ਇਹ ਸੋਚ ਕੇ ਹੀ ਪੜ੍ਹਾਈ ਕਰ ਰਹੇ ਹੋ ਕਿ ਤੁਸੀਂ ਪੜ੍ਹ-ਲਿਖ ਕੇ ਆਪਣਾ ਕੈਰੀਅਰ ਬਣਾਉਣਾ ਹੈ ਕੋਈ ਬਿਜਨਸ ਕਰਨਾ ਹੈ ਜਾਂ ਕੋਈ ਵਧੀਆ ਨੌਕਰੀ ਕਰਨੀ ਹੈ। ਪਰ ਸੋਚਣ ਵਾਲੀ ਗੱਲ ਹੈ ਕਿ ਉਹ ਕਿੰਨੇ ਮਹਾਨ ਵਿਅਕਤੀ ਸਨ ਜਿਹਨਾਂ ਨੇ ਇੰਨੀਆਂ ਕਿਤਾਬਾਂ ਪੜ੍ਹੀਆਂ ਉਹ ਵੀ ਸਿਰਫ ਅਪਣੇ ਮਤਲਬ ਲਈ ਨਹੀਂ ਸਗੋਂ ਆਪਣੇ ਭਾਰਤ ਦੇਸ਼ ਲਈ। ਅੱਜ ਅਸੀਂ ਜਦੋਂ ਕੋਈ ਕੰਮ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਇਹ ਦੇਖਦੇ ਹਾਂ ਕਿ ਸਾਨੂੰ ਇਸ ਕੰਮ ਵਿੱਚ ਕਿੰਨਾ ਕੁ ਫਾਇਦਾ ਹੋਏਗਾ ਕਿੰਨਾ ਕੁ ਨੁਕਸਾਨ ਹੋਏਗਾ। ਅਸੀਂ ਕਿੰਨੇ ਕੁ ਅਜਿਹੇ ਕੰਮ ਕੀਤੇ ਹਨ ਜੋ ਸਿਰਫ ਆਪਣੇ ਦੇਸ਼ ਦੇ ਹਿੱਤ ਲਈ ਸੋਚ ਕੇ ਕਰਦੇ ਹਾਂ? ਭਗਤ ਸਿੰਘ ਜੀ ਦੇਸ਼ ਭਗਤਾਂ ਦੀਆਂ ਜੀਵਨੀਆਂ ਨੂੰ ਬਹੁਤ ਧਿਆਨ ਨਾਲ ਪੜ੍ਹਦੇ ਸਨ। ਭਗਤ ਸਿੰਘ ਜੀ ਕਿਤਾਬਾਂ ਦੀ ਚੋਣ ਬੜੇ ਧਿਆਨ ਨਾਲ ਕਰਦੇ ਸਨ। ਉਹਨਾਂ ਨੇ ਲਗਭਗ ਦੋ ਸਾਲ ਜੇਲ੍ਹ ਵਿੱਚ ਬਤਾਏ ਜਿੱਥੇ ਉਹਨਾਂ ਜ਼ਿਆਦਾ ਸਮਾਂ ਕਿਤਾਬਾਂ ਨੂੰ ਦਿੱਤਾ। ਜੇਲ੍ਹ ਵਿੱਚ ਉਹਨਾਂ ਨੇ ਕੁਝ ਕਿਤਾਬਾਂ ਲਿਖੀਆਂ ਵੀ ਸਨ। ਇੱਕ ਪਾਸੇ ਉਹਨਾਂ ਦੇ ਪਿੱਛੇ ਅੰਗਰੇਜ਼ ਹਕੂਮਤ ਪਈ ਸੀ ਅਤੇ ਦੂਜੇ ਪਾਸੇ ਉਹਨਾਂ ਦੀ ਕਿਤਾਬਾਂ ਪ੍ਰਤੀ ਦੀਵਾਨਗੀ ਹੈਰਾਨ ਕਰਨ ਵਾਲੀ ਸੀ।
ਬੱਚਿਓ ਜਦੋਂ ਭਗਤ ਸਿੰਘ ਜੀ ਨੂੰ ਜੇਲ੍ਹ ਅਧਿਕਾਰੀ ਆਖਰੀ ਸਮੇਂ ਲੈਣ ਆਏ ਤੇ ਉਹਨਾਂ ਬੋਲਿਆ ਸਰਦਾਰ ਜੀ, ਫਾਂਸੀ ਲਗਾਉਣ ਦਾ ਹੁਕਮ ਆ ਗਿਆ ਹੈ ਤਿਆਰ ਹੋ ਜਾਓ । ਭਗਤ ਸਿੰਘ ਜੀ ਉਸ ਸਮੇਂ “ਲੈਨਿਨ ਦੀ ਜੀਵਨੀ” ਕਿਤਾਬ ਪੜ੍ਹ ਰਹੇ ਸਨ । ਕਿਤਾਬ ਉਹਨਾਂ ਦੇ ਸੱਜੇ ਹੱਥ ਵਿੱਚ ਸੀ । ਉਹਨਾਂ ਬਿਨ੍ਹਾਂ ਜੇਲ੍ਹ ਅਧਿਕਾਰੀਆਂ ਵੱਲ ਦੇਖੇ ਖੱਬਾ ਹੱਥ ਉੱਪਰ ਚੁੱਕ ਕੇ ਕਿਹਾ ਠਹਿਰੋ! ਇੱਥੇ ਇੱਕ ਇਨਕਲਾਬੀ ਦੂਸਰੇ ਇਨਕਲਾਬੀ ਨੂੰ ਮਿਲ ਰਿਹਾ ਹੈ। ਉਹ ਲੈਨਿਨ ਦੀ ਜੀਵਨੀ ਪੜ੍ਹਨ ਵਿੱਚ ਮਸਰੂਫ ਸਨ। ਕੁਝ ਲਾਈਨਾਂ ਹੋਰ ਪੜ੍ਹ ਕੇ ਉਹਨਾਂ ਨੇ ਕਿਤਾਬ ਇੱਕ ਪਾਸੇ ਰੱਖ ਦਿੱਤੀ ਅਤੇ ਉੱਠ ਕੇ ਖਲੋਂਦਿਆਂ ਬੋਲੇ, “ਚਲੋ”। ਉਹਨਾਂ ਦੀ ਆਖਰੀ ਇੱਛਾ ਵੀ ਇਹੀ ਸੀ ਕਿ ਉਹ ਲੈਨਿਨ ਦੀ ਜੀਵਨੀ ਜੋ ਪੜ੍ਹ ਰਹੇ ਸਨ ਉਹਨਾਂ ਨੂੰ ਪੂਰਾ ਕਰਨ ਦਾ ਸਮਾਂ ਦਿੱਤਾ ਜਾਵੇ। ਸੋਚੋ ਉਹ ਕਿੰਨੇ ਬਹਾਦੁਰ ਅਤੇ ਚਿੰਤਨ ਕਰਨ ਵਾਲੇ ਇਨਸਾਨ ਸਨ ਇੱਕ ਪਾਸੇ ਉਹਨਾਂ ਨੂੰ ਫਾਂਸੀ ਦਿੱਤੀ ਜਾਣੀ ਸੀ ਅਤੇ ਦੂਜੇ ਪਾਸੇ ਉਹ ਕਿਤਾਬਾਂ ਪੜ੍ਹਨ ਵਿੱਚ ਵਿਅਸਤ ਸਨ। ਉਹਨਾਂ ਨੂੰ ਆਪਣੀ ਮੌਤ ਦਾ ਕੋਈ ਭੈ ਨਹੀਂ ਸੀ। ਉਹ ਕਿੰਨੇ ਵੱਡੇ ਦੇਸ਼ ਭਗਤ ਸਨ ਜੋ ਆਖਰੀ ਸਮੇਂ ਵਿੱਚ ਵੀ ਕਿਤਾਬਾ ਪੜ੍ਹ ਕੇ ਨੋਟਸ ਬਣਾ ਰਹੇ ਸਨ। ਬੱਚਿਓ! ਸੋਚੋ ਉਹ ਇਹ ਸਭ ਕਿਸ ਲਈ ਕਰ ਰਹੇ ਸਨ..?
ਬੇਟਾ ਅੱਜ ਤੁਹਾਨੂੰ ਹੀ ਨਹੀਂ ਸਗੋਂ ਹਰ ਉਮਰ ਦੇ ਵਿਅਕਤੀ ਨੂੰ ਉਸ 22,23 ਸਾਲਾਂ ਦੇ ਨੌਜਵਾਨ ਤੋਂ ਬਹੁਤ ਕੁਝ ਸਿੱਖਣ ਦੀ ਜਰੂਰਤ ਹੈ। ਭਗਤ ਸਿੰਘ ਨੇ ਕਿਤਾਬਾਂ ਪੜ੍ਹ-ਪੜ੍ਹ ਕੇ ਜੋ ਗਿਆਨ ਪ੍ਰਾਪਤ ਕੀਤਾ ਸੀ ਇਸ ਗਿਆਨ ਦੇ ਦੁਆਰਾ ਉਹ ਇੱਕ ਚੰਗੇ ਲੀਡਰ ਤਾਂ ਬਣੇ ਹੀ ਨਾਲ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੀਹ ਤੇ ਲੈ ਕੇ ਗਏ। ਇਸ ਲਈ ਸਾਨੂੰ ਭਗਤ ਸਿੰਘ ਜੀ ਵਰਗੇ ਜੋ ਉੱਚੀ ਸੋਚ ਦੇ ਮਾਲਕ ਸਨ ਉਹਨਾਂ ਦੇ ਦਿਖਾਏ ਰਸਤੇ ਤੇ ਚਲਣਾ ਚਾਹੀਦਾ ਹੈ। ਉਹਨਾਂ ਦੇ ਕਿਤਾਬੀ ਗਿਆਨ ਅਤੇ ਬਣਾਏ ਨੋਟਸ ਜੋ ਅੱਜ ਇਤਿਹਾਸਿਕ ਦਸਤਾਵੇਜ਼ ਦਾ ਰੂਪ ਲੈ ਚੁੱਕੇ ਹਨ। ਜਿਨਾਂ ਤੋਂ ਉਸ ਸਮੇਂ ਦੇ ਹਾਲਾਤ ਅਤੇ ਭਗਤ ਸਿੰਘ ਜੀ ਦੀ ਦੇਸ਼ ਤੇ ਸਮਾਜ ਲਈ ਸੋਚ ਦਾ ਪਤਾ ਚੱਲਦਾ ਹੈ।
ਸ਼ਹੀਦ ਭਗਤ ਸਿੰਘ ਇੱਕ ਮਹਾਨ ਇਨਕਲਾਬੀ ਅਤੇ ਆਜ਼ਾਦੀ ਘੁਲਾਟੀਏ ਸਨ। ਉਨ੍ਹਾਂ ਦੀਆਂ ਕਿਤਾਬਾਂ ਅਤੇ ਲਿਖਤਾਂ ਸਾਨੂੰ ਬਹੁਤ ਸਾਰੇ ਮਹੱਤਵਪੂਰਨ ਸਬਕ ਸਿਖਾਉਂਦੀਆਂ ਹਨ । ਉਨ੍ਹਾਂ ਦੀ ਵਿਚਾਰਧਾਰਾ ਵਿੱਚ ਨਿਆਂ, ਸਮਾਨਤਾ ਅਤੇ ਆਜ਼ਾਦੀ ਦੀ ਭਾਵਨਾ ਸੀ, ਜੋ ਸਾਨੂੰ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਪ੍ਰੇਰਿਤ ਕਰਦੀ ਹੈ। ਉਹਨਾਂ ਦੀਆਂ ਲਿਖਤਾਂ ਦੇਸ਼ ਭਗਤੀ ਦੀ ਮਹੱਤਤਾ ਅਤੇ ਕੁਰਬਾਨੀ ਦੀ ਭਾਵਨਾ, ਇਨਕਲਾਬੀ ਸੋਚ ਅਤੇ ਇੱਕ ਨਵੇਂ ਦ੍ਰਿਸ਼ਟੀਕੋਣ ਨਾਲ ਸੋਚਣ ਲਈ ਪ੍ਰੇਰਿਤ ਕਰਦੀਆਂ ਹਨ, ਜੋ ਸਾਨੂੰ ਸਮਾਜ ਵਿੱਚ ਤਬਦੀਲੀ ਲਿਆਉਣ ਲਈ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਦੀ ਕਹਾਣੀ ਸਾਨੂੰ ਸਵੈ-ਬਲੀਦਾਨ ਅਤੇ ਵਫ਼ਾਦਾਰੀ ਦੇ ਮਹੱਤਵ ਨੂੰ ਸਮਝਣ ਵਿੱਚ ਮਦਦ ਕਰਦੀ ਹੈ, ਜੋ ਸਾਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀ ਹੈ। ਭਗਤ ਸਿੰਘ ਦੀਆਂ ਕਿਤਾਬਾਂ ਅਤੇ ਵਿਚਾਰ ਸਾਨੂੰ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਪ੍ਰੇਰਿਤ ਕਰਦੇ ਹਨ ਅਤੇ ਉਤਸ਼ਾਹਿਤ ਕਰਦੇ ਹਨ।
ਪਵਨ ਕੁਮਾਰ ਅੱਤਰੀ
ਅਧਿਆਪਕ (ਕਪੂਰਥਲਾ)