ਸ਼ਹੀਦ ਭਗਤ ਸਿੰਘ ਨਰਸਰੀ ਬਨੂੜ

ਸ਼ਹੀਦ ਭਗਤ ਸਿੰਘ ਨਰਸਰੀ ਬਨੂੜ

(ਸਮਾਜ ਵੀਕਲੀ)- ਦੋਸਤੋ, ਸਾਲ ਦਾ ਅਖ਼ੀਰਲਾ ਹਫ਼ਤਾ (ਪੋਹ) ਚੱਲ ਰਿਹਾ ਹੈ। ਅਕਤੂਬਰ ਤੋਂ ਬਾਅਦ ਲੋਕਾਂ ‘ਚ ਪੌਦੇ ਲਗਾਉਣ ਦੀ ਦਿਲਚਸਪੀ ਘਟ ਜਾਂਦੀ ਹੈ, ਸਾਡੇ ਸਮਾਜ ‘ਚ ਬਰਸਾਤਾਂ ‘ਚ ਪੌਦੇ ਲਗਾਉਣ ਨੂੰ ਹੀ ਸਹੀ ਮੰਨਿਆ ਜਾਂਦਾ ਹੈ, ਜਦਕਿ ਪੌਦੇ ਸਾਲ ਦੇ 365 ਦਿਨ ਲਗਾਏ ਜਾ ਸਕਦੇ ਹਨ। ਜੇਠ (ਅੱਤ ਗਰਮੀਂ) ਤੇ ਪੋਹ (ਅੱਤ ਠੰਢ) ਦੇ ਮਹੀਨਿਆਂ ‘ਚ ਬਹੁਤ ਵਾਰ ਕੁਝ ਪੌਦੇ ਅੱਗੇ ਤੁਰ ਨਹੀਂ ਪਾਉਂਦੇ ਸੁਕ ਸੜ ਜਾਂਦੇ ਹਨ, ਪਰ ਅਗਰ ਤੁਸੀਂ ਥੋੜਾ ਵੱਡਾ ਪਲਿਆ ਢਾਈ ਤਿੰਨ ਫੁੱਟ ਦਾ ਰੁੱਖ ਲਾਉਂਦੇ ਹੋ ਤਾਂ ਉਹ ਸੌਖਾ ਹੀ ਤੁਰ ਪੈਂਦਾ ਹੈ। ਗਮਲਿਆਂ ‘ਚ ਲੱਗਣ ਵਾਲੇ ਕੁਝ ਛੋਟੇ ਬੂਟੇ ਜ਼ਰੂਰ ਬਹੁਤ ਘੱਟ ਸਮੇਂ ਲਈ ਹੁੰਦੇ ਹਨ ਤੇ ਉਹ ਹੁੰਦੇ ਵੀ ਸਮੇਂ (ਰੁੱਤ) ਅਨੁਸਾਰ ਨੇ।

“ਸ਼ਹੀਦ ਭਗਤ ਸਿੰਘ ਨਰਸਰੀ ਬਨੂੜ”
ਸਾਡੀ ਨਰਸਰੀ ਵਿੱਚ ਅੱਜ ਅਰਜਨ, ਸੁਖਚੈਨ, ਕਚਨਾਰ, ਗੁਲਮੋਹਰ, ਅਮਲਤਾਸ, ਜਾਮਣ, ਜਮੋਅ, ਅਮਰੂਦ, ਕੜੀ ਪੱਤਾ, ਸੁਹੰਜਣਾ, ਨਿੰਮ, ਹਿਬੀਸਕਸ, ਸੱਤਪਤੀਆ ਆਦਿ ਕੁਝ ਹੋਰ ਪੌਦੇ ਤਿਆਰ ਹੋ ਰਹੇ ਹਨ ਅਤੇ ਹੁਣ ਆਉਂਦੀ 20 ਫਰਵਰੀ ਤੋਂ ਪਹਿਲਾਂ ਪਹਿਲਾਂ ਕਲਮਾਂ ਤੋਂ ਤਿਆਰ ਹੋਣ ਵਾਲੇ ਪੌਦੇ ਜਿਵੇਂ ਗ਼ੁਲਾਬ, ਗੁਲਾਬੀ ਕਨੇਰ, ਚਾਂਦਨੀ, ਪਿੱਪਲ, ਬੋਹੜ, ਤੂਤ, ਅਮਰੂਦ, ਅਨਾਰ, ਹਿਬੀਸਕਸ ਆਦਿ ਪੌਦੇ ਤਿਆਰ ਕਰਨ ਦੀ ਕੋਸ਼ਿਸ਼ ਕਰਾਂਗੇ।

ਅਸੀਂ 23 ਮਾਰਚ 2022 ਨੂੰ ਸ਼ਹੀਦ ਭਗਤ ਸਿੰਘ ਹੁਰਾਂ ਦੇ ਸ਼ਹੀਦੀ ਦਿਹਾੜੇ ਤੇ ਨਰਸਰੀ ਦੇ ਨਾਮਕਰਨ ਮੌਕੇ ਕਿਹਾ ਸੀ ਕਿ ਐਤਕੀਂ ਅਸੀਂ ਇਸ ਸਾਲ ‘ਚ 10,000 ਦੇ ਕਰੀਬ ਪੌਦੇ ਤਿਆਰ ਕਰਾਂਗੇ। ਪਰ ਮੌਸਮ ਤਬਦੀਲੀ ਕਾਰਨ, ਸਾਡੀ ਲਾਪਰਵਾਹੀ ਕਾਰਨ, ਪੌਦੇ ਤਿਆਰ ਦੀ ਸਟੀਕ ਜਾਣਕਾਰੀ ਨਾ ਹੋਣ ਕਾਰਨ, ਬੀਜਾਂ ਦੀ ਚੋਣ ‘ਚ ਕਮੀਂ ਹੋਣ ਕਾਰਨ, ਨਵੇਂ ਪੌਦਿਆਂ ਨੂੰ ਲੋੜੀਂਦੀ ਧੁੱਪ-ਛਾਂ ਨਾ ਦੇਣ ਕਾਰਨ ਅਸੀਂ ਆਪਣੇ ਮਿਥੇ ਟੀਚੇ ਪਹੁੰਚ ਨਾ ਸਕੇ। ਪਰ ਐਤਕੀਂ ਉਨ੍ਹਾਂ ਗ਼ਲਤੀਆਂ ਤੋਂ ਸਿੱਖਕੇ ਨਵੇਂ ਸਿਰਿਉਂ ਜ਼ਰੂਰ ਵਧੀਆ ਢੰਗ ਨਾਲ ਤੇ ਜ਼ਿਆਦਾ ਪੌਦੇ ਤਿਆਰ ਕਰ ਸਕਾਂਗੇ… ਇਹ ਸਾਨੂੰ ਪੂਰੀ ਉਮੀਦ ਹੈ।

ਵੱਡੇ ਪੈਕਟਾਂ ਵਾਲੇ ਰੁੱਖ :
ਤੁਸੀਂ ਸਭ ਨੇ ਸਾਡੀ ਨਰਸਰੀ ਦੀਆਂ ਫੋਟੋਆਂ ਤੇ ਵੀਡੀਓ ‘ਚ ਦੇਖਿਆ ਹੋਵੇਗਾ ਕਿ ਅਸੀਂ ਕੁਝ ਦਰੱਖਤ ਦੁੱਧ ਵਾਲੇ ਵੱਡੇ ਪੈਕਟਾਂ ‘ਚ ਤਿਆਰ ਕੀਤੇ ਹੋਏ ਹਨ। ਅਸੀਂ ਉਨ੍ਹਾਂ ਨੂੰ ਤਾਂ ਕਰਕੇ ਵੱਡੇ ਤਿਆਰ ਕਰਕੇ ਵੰਡਦੇ ਹਾਂ ਤਾਂ ਕਿ ਉਹ ਰੁੱਖ ਸਾਡੀ ਨਰਸਰੀ ਵਿੱਚ ਹੀ ਪਲਕੇ ਵੱਡੇ ਹੋਕੇ ਅੱਗੇ ਜਾਣ। ਜਿਵੇਂ ਛੋਟੇ ਰੁੱਖ ਸਾਡੀ ਕਿਸੇ ਲਾਪਰਵਾਹੀ ਕਾਰਨ ਜਾਂ ਤੇਜ਼ ਗਰਮੀ-ਠੰਡ ਕਾਰਨ ਮਰ ਜਾਂਦੇ ਨੇ ਤਾਂ ਉੱਥੇ ਇਹ ਵੱਡੇ ਰੁੱਖ ਜਿਊਂਦੇ ਰਹਿਣ ਦੀ ਵੱਧ ਸਮਰੱਥਾ ਰੱਖਦੇ ਹਨ। ਐਤਕੀਂ ਵੀ ਅਸੀਂ ਵੱਧ ਤੋਂ ਵੱਧ ਵੱਡੇ ਰੁੱਖ ਤਿਆਰ ਕਰਨ ਦੀ ਕੋਸ਼ਿਸ਼ ਕਰਾਂਗੇ।

ਖੇਖਣਾਂ ਤੋਂ ਪ੍ਰਹੇਜ਼ :
ਕੁਝ ਲੋਕ ਸਿਰਫ਼ ਖ਼ਾਸ ਖ਼ਾਸ ਦਿਨਾਂ ਤੇ ਹੀ ਰੁੱਖ ਲਗਾਉਂਦੇ ਹਨ। ਪਰ ਇਹਦੇ ‘ਚ ਇੱਕ ਨੈਗੇਟਿਵ ਪੱਖ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਉਨ੍ਹਾਂ ਦਿਨਾਂ ‘ਚ ਲਗਾਏ ਰੁੱਖ ਅਖ਼ਬਾਰਾਂ ਦੀਆਂ ਖ਼ਬਰਾਂ ਜਾਂ ਸੋਸ਼ਲ ਮੀਡੀਆ ਤੇ ਰਹਿ ਜਾਂਦੇ ਹਨ ਤੇ ਧਰਤੀ ਤੇ ਉਹ ਰੁੱਖ ਲੱਭਿਆ ਨੀ ਲੱਭਦੇ।
ਰੁੱਖ ਲਗਾਓ ਤਾਂ ਉਸਨੂੰ ਸਾਂਭੋ ਵੀ, ਰੁੱਖ ਜ਼ਿਆਦਾ ਸਮਾਂ ਨਹੀਂ ਮੰਗਦੇ, ਰੁੱਖ ਪੈਸੇ ਨਹੀਂ ਮੰਗਦੇ, ਰੁੱਖ ਤੁਹਾਡੀ ਉਨ੍ਹਾਂ ਪ੍ਰਤੀ ਦਿਲਚਸਪੀ ਮੰਗਦੇ ਨੇ, ਰੁੱਖ ਤੁਹਾਡੇ ਤੋਂ ਪਿਆਰ ਮੰਗਦੇ ਨੇ।

• ਸਾਡੀ ਨਰਸਰੀ ‘ਚੋਂ ਪੌਦੇ ਬਿਲਕੁਲ ਮੁਫ਼ਤ ਮਿਲ਼ਦੇ ਹਨ। ਸਾਡੀ ਨਰਸਰੀ ਵਿੱਚ ਜ਼ਿਆਦਾਤਰ ਵੱਡੇ ਛਾਂ ਦਾਰ ਰੁੱਖ ਮਿਲ਼ਦੇ ਹਨ। ਸਾਡਾ ਮਨੋਰਥ ਆਪਣਾ ਇਲਾਕਾ ਹਰਿਆ ਭਰਿਆ ਕਰਨ ਦਾ ਹੈ।

ਅਸੀਂ ਨਰਸਰੀ ‘ਚ ਰੁੱਖਾਂ ਨੂੰ ਪਾਲ ਰਹੇ ਹਾਂ ਤੇ ਨਰਸਰੀ ਸਾਨੂੰ ਪਾਲ ਰਹੀਂ ਹੈ “ਜਮਾਂ ਹੀ ਮਾਂ ਵਾਂਗ” !
ਨਰਸਰੀ ਸਾਨੂੰ ਹੱਥੀ ਕੰਮ ਕਰਨਾ ਸਿਖਾ ਰਹੀ ਹੈ।
ਨਰਸਰੀ ਸਾਨੂੰ ਵਿਹਲੜ ਨਹੀਂ ਬਣਨ ਦਿੰਦੀ।
ਨਰਸਰੀ ਸਾਨੂੰ ਨਸ਼ਿਆਂ ਤੋਂ ਬਚਾ ਰਹੀ ਹੈ।
ਨਰਸਰੀ ਸਾਨੂੰ ਚੰਗੇ ਲੋਕਾਂ ਨਾਲ ਮਿਲਾ ਰਹੀ ਹੈ।
ਨਰਸਰੀ ਸਾਨੂੰ ਰੋਜ਼ ਮਰਕੇ ਜਿਊਣਾਂ ਸਿਖਾ ਰਹੀ ਹੈ।
ਨਰਸਰੀ ਸਾਨੂੰ ਸਬਰ ਸਿਖਾ ਰਹੀ ਹੈ।
ਨਰਸਰੀ ਸਾਨੂੰ ਘਾਟੇ ਵਾਧੇ ਸਹਿਣਾ ਸਿਖਾ ਰਹੀ ਹੈ।
ਨਰਸਰੀ ਸਾਨੂੰ ਜ਼ਿੰਮੇਵਾਰ ਬਣਾ ਰਹੀ ਹੈ।
ਨਰਸਰੀ ਸਾਨੂੰ ਪਿਆਰ ਕਰਨਾ ਸਿਖਾ ਰਹੀ ਹੈ।
ਨਰਸਰੀ ਸਾਨੂੰ ਖਿੜਨਾ ਸਿਖਾ ਰਹੀ ਹੈ।
ਨਰਸਰੀ ਸਾਡਾ ਸਿੱਖਿਆ ਦਾ ਕੇਂਦਰ ਬਣਦੀ ਜਾ ਰਹੀ ਹੈ।
ਨਰਸਰੀ ਸਾਨੂੰ ਮੌਸਮ ਦਾ ਹਰ ਰੰਗ ਦਿਖਾ ਰਹੀ ਹੈ, ਹਰ ਰੰਗ ਦੇ ਰੰਗ ਨੂੰ ਮਾਨਣਾ ਸਿਖਾ ਰਹੀ ਹੈ।
ਨਰਸਰੀ ਸਾਨੂੰ ਸਿਖਾ ਰਹੀ ਹੈ, ਬਹੁਤ ਕੁਝ ਸਿਖਾ ਰਹੀ ਹੈ, ਜੋ ਨਹੀਂ ਸੀ ਸਿੱਖਿਆ ਸਕੂਲ-ਕਾਲਜੇ ਉਹ ਕੁਝ ਵੀ ਸਿਖਾ ਰਹੀ ਹੈ।

ਸਾਡਾ ਮੰਦਰ ਹੈ ਨਰਸਰੀ
ਸਾਡੀ ਮਸਜਿਦ ਹੈ ਨਰਸਰੀ
ਸਾਡੀ ਚਰਚ ਹੈ ਨਰਸਰੀ
ਸਾਡਾ ਗੁਰਦੁਆਰਾ ਹੈ ਨਰਸਰੀ

ਜੋਰਾ ਸਿੰਘ-ਸ਼ਹੀਦ ਭਗਤ ਸਿੰਘ ਨਰਸਰੀ ਬਨੂੜ

Previous articleFBI offers $10K reward for Indian student who went missing in New Jersey 4 years ago
Next articleਪਤਾ ਨਹੀਂ ਕਦੋ ਚੰਗੇ ਦਿਨ ਆਉਣਗੇ…..