ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਸਰਕਾਰ ਵੱਲੋਂ ਆਯੋਜਿਤ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ 117ਵੇਂ ਜਨਮ ਦਿਹਾੜੇ ਨੂੰ ਸਮਰਪਿਤ ਖਟਕੜ ਕਲਾਂ ਵਿਖੇ ਇਨਕਲਾਬ ਫੈਸਟੀਵਲ ‘ਚ ਸਿੱਖ ਨੈਸ਼ਨਲ ਕਾਲਜ ਬੰਗਾ ਦੀਆਂ ਵੱਖ-ਵੱਖ ਟੀਮਾਂ ਨੇ ਸ਼ਮੂਲੀਅਤ ਕਰਕੇ ਮੇਲੇ ਨੂੰ ਚਾਰ ਚੰਨ ਲਾਏ। ਇਸ ਸਮਾਗਮ ਦੌਰਾਨ ਪੰਜਾਬ ਸਰਕਾਰ ਦੇ ਨੁਮਾਇੰਦਿਆਂ ‘ਚੋਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਸ. ਤਰੁਨਪ੍ਰੀਤ ਸਿੰਘ ਸੌਂਦ (ਮੰਤਰੀ ਸੱਭਿਆਚਾਰ ਤੇ ਸੈਰ-ਸਪਾਟਾ ਮੰਤਰਾਲਾ), ਸ. ਹਰਭਜਨ ਸਿੰਘ ਈ.ਟੀ.ਓ (ਬਿਜਲੀ ਤੇ ਲੋਕ ਨਿਰਮਾਣ ਮੰਤਰੀ), ਮਲਵਿੰਦਰ ਸਿੰਘ ਕੰਗ(ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ)ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ, ਐਮ ਐਲ ਏ ਡਾ. ਸੁਖਵਿੰਦਰ ਸੁੱਖੀ, ਐਮ ਐਲ ਏ ਸੰਤੋਸ਼ ਕਟਾਰੀਆ, ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ, ਹਰਜੋਤ ਕੌਰ ਲੋਹਟੀਆ ਸਕੱਤਰ ਮਹਿਲਾ ਵਿੰਗ ਪੰਜਾਬ, ਫ਼ਿਲਮੀ ਅਦਾਕਾਰ ਦੇਵ ਖਰੌੜ, ਕੁਲਵਿੰਦਰ ਬਿੱਲਾ, ਬਿੰਨੂ ਢਿੱਲੋਂ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਸ੍ਰੋਤਿਆਂ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੂੰ ਖ਼ੂਬ ਸਰਹਾਇਆ ਤੇ ਵਿਦਿਆਰਥੀ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਇਨ੍ਹਾਂ ਵਿਦਿਆਰਥੀ ਕਲਾਕਾਰਾਂ ਨੂੰ ਇਹੋ-ਜਿਹੇ ਸਮਾਗਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਇਸ ਨਾਲ ਪੰਜਾਬ ਦੇ ਅਮੀਰ ਸੱਭਿਆਚਾਰ ਤੇ ਵਿਰਸੇ ਦੀ ਪਛਾਣ ਹਰ ਵਿਅਕਤੀ ਤੱਕ ਪੁੱਜਦੀ ਹੋਵੇਗੀ। ਪ੍ਰੋ. ਗੁਰਪ੍ਰੀਤ ਸਿੰਘ ਹੁਰਾਂ ਦੱਸਿਆ ਕਿ ਵਿਦਿਆਰਥੀਆਂ ਨੇ ਮੇਲੇ ਦੇ ਆਗਾਜ਼ ਮੌਕੇ ਸ਼ਬਦ ਗਾਇਨ ਕੀਤਾ ਤੇ ਭੰਗੜਾ ਲੁੱਡੀ ਗਿੱਧੇ ਆਦਿ ਦੀਆਂ ਮਨਮੋਹਕ ਵੰਨਗੀਆਂ ਪ੍ਰਸਤੁਤ ਕੀਤੀਆਂ।
https://play.google.com/store/apps/details?id=in.yourhost.samajweekly