ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਲਮੀ ਦਹਿਸ਼ਤੀ ਜਥੇਬੰਦੀਆਂ, ਸਾਈਬਰ ਸਪੇਸ ਦੀ ਦੁਰਵਰਤੋਂ ਅਤੇ ਵਿਦੇਸ਼ੀ ਦਹਿਸ਼ਤਗਰਦਾਂ ਦੀ ਘੁਸਪੈਠ ਸਮੇਤ ਮੁਲਕ ਨੂੰ ਦਰਪੇਸ਼ ਹੋਰ ਚੁਣੌਤੀਆਂ ਬਾਰੇ ਸਮੀਖਿਆ ਕੀਤੀ। ਨਵੇਂ ਵਰ੍ਹੇ ’ਚ ਇਹ ਅਜਿਹੀ ਉੱਚ ਪੱਧਰੀ ਪਹਿਲੀ ਮੀਟਿੰਗ ਸੀ ਜਿਸ ਦੀ ਅਗਵਾਈ ਸ਼ਾਹ ਨੇ ਕੀਤੀ ਅਤੇ ਇਸ ’ਚ ਮੁਲਕ ਦੇ ਸੁਰੱਖਿਆ ਅਤੇ ਖੁਫ਼ੀਆ ਅਧਿਕਾਰੀ ਵੀ ਹਾਜ਼ਰ ਸਨ। ਇਕ ਸਰਕਾਰੀ ਬਿਆਨ ’ਚ ਕਿਹਾ ਗਿਆ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਸੁਰੱਖਿਆ ਬਾਰੇ ਉੱਚ ਪੱਧਰੀ ਮੀਟਿੰਗ ਕਰਕੇ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਬਾਰੇ ਸਮੀਖਿਆ ਕੀਤੀ। ਗ੍ਰਹਿ ਮੰਤਰੀ ਨੇ ਕੇਂਦਰੀ ਅਤੇ ਸੂਬਾਈ ਸੁਰੱਖਿਆ ਏਜੰਸੀਆਂ ’ਚ ਬਿਹਤਰ ਤਾਲਮੇਲ ਦੀ ਲੋੜ ’ਤੇ ਜ਼ੋਰ ਦਿੱਤਾ। ਬਿਆਨ ਮੁਤਾਬਕ ਬੈਠਕ ’ਚ ਕੇਂਦਰੀ ਖ਼ੁਫ਼ੀਆ ਏਜੰਸੀਆਂ, ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੇ ਮੁਖੀਆਂ, ਹਥਿਆਰਬੰਦ ਬਲਾਂ ਦੇ ਖ਼ੁਫ਼ੀਆ ਵਿੰਗਾਂ, ਮਾਲ ਅਤੇ ਵਿੱਤੀ ਖ਼ੁਫ਼ੀਆ ਏਜੰਸੀਆਂ ਦੇ ਮੁਖੀਆਂ ਨੇ ਵੀ ਹਾਜ਼ਰੀ ਭਰੀ। ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਡੀਜੀਪੀਜ਼ ਨੇ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਹਾਜ਼ਰੀ ਭਰੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly