ਸ਼ਾਹ ਅਤੇ ਆਦਿਤਿਆਨਾਥ ਨੇ ਭਾਜਪਾ ਦੀ ਮੀਟਿੰਗ ’ਚ ਹਿੱਸਾ ਲਿਆ

ਨਵੀਂ ਦਿੱਲੀ (ਸਮਾਜ ਵੀਕਲੀ):  ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇੱਥੇ ਭਾਜਪਾ ਵੱਲੋਂ ਯੂਪੀ ਵਿਧਾਨ ਸਭਾ ਚੋਣਾਂ ਦੇ ਮੁੱਢਲੇ ਪੜਾਵਾਂ ਤੋਂ ਪਹਿਲਾਂ ਇਸ ਦੇ ਸੰਭਾਵਿਤ ਉਮੀਦਵਾਰਾਂ ਬਾਰੇ ਫ਼ੈਸਲਾ ਲੈਣ ਲਈ ਕੀਤੀ ਗਈ ਇੱਕ ਅਹਿਮ ਮੀਟਿੰਗ ਵਿੱਚ ਹਿੱਸਾ ਲਿਆ। ਹਾਲਾਂਕਿ ਕੇਂਦਰੀ ਚੋਣ ਕਮੇਟੀ ਨਾਵਾਂ ਸਬੰਧੀ ਅੰਤਿਮ ਫ਼ੈਸਲਾ ਲਵੇਗੀ। ਮੀਟਿੰਗ ਵਿੱਚ ਉਪ ਮੁੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਤੇ ਯੂਪੀ ਭਾਜਪਾ ਦੇ ਮੁਖੀ ਸਵਤੰਤਰ ਦੇਵ ਸਿੰਘ ਤੋਂ ਇਲਾਵਾ ਹੋਰ ਕਈ ਆਗੂਆਂ ਨੇ ਵੀ ਹਿੱਸਾ ਲਿਆ ਜਦਕਿ ਕਰੋਨਾ ਤੋਂ ਪੀੜਤ ਪਾਰਟੀ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਨੇ ਵਰਚੁਅਲ ਮਾਧਿਅਮ ਰਾਹੀਂ ਪਾਰਟੀ ਦੀ ਮੀਟਿੰਗ ਵਿੱਚ ਹਿੱਸਾ ਲਿਆ।

ਸੂਤਰਾਂ ਮੁਤਾਬਕ ਪਾਰਟੀ ਦੀ ਮੀਟਿੰਗ ਵਿੱਚ ਚੋਣ ਕਮਿਸ਼ਨ ਵੱਲੋਂ ਕਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ 15 ਜਨਵਰੀ ਤੱਕ ਰੈਲੀਆਂ ਤੇ ਰੋਡ ਸ਼ੋਆਂ ’ਤੇ ਰੋਕ ਲਾਉਣ ਦੇ ਫ਼ੈਸਲੇ ਤੋਂ ਬਾਅਦ ਦੀ ਸਥਿਤੀ ਬਾਰੇ ਚਰਚਾ ਤੇ ਪਾਰਟੀ ਦੀ ਰਣਨੀਤੀ ਦੇ ਪੱਖਾਂ ਬਾਰੇ ਚਰਚਾ ਲਈ ਕੀਤੀ ਗਈ ਸੀ। ਸੱਤ ਪੜਾਵਾਂ ’ਚ ਹੋਣ ਵਾਲੀਆਂ ਯੂਪੀ ਚੋਣਾਂ ਦੇ ਪਹਿਲੇ ਪੜਾਅ ਲਈ 14 ਜਨਵਰੀ ਤੋਂ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਨਾਲ ਹੀ ਪਾਰਟੀ ਦੇ ਸੀਈਸੀ ਵੱਲੋਂ ਇਸ ਹਫ਼ਤੇ ਦੇ ਅਖੀਰ ਵਿੱਚ ਉਮੀਦਵਾਰਾਂ ਦੇ ਨਾਵਾਂ ਸਬੰਧੀ ਫ਼ੈਸਲਾ ਲੈਣ ਲਈ ਮੀਟਿੰਗ ਕੀਤੀ ਜਾਵੇਗੀ। ਯੂਪੀ ਵਿੱਚ 10 ਫਰਵਰੀ ਨੂੰ ਪਹਿਲੇ ਪੜਾਅ ਤਹਿਤ 58 ਸੀਟਾਂ ਲਈ ਵੋਟਾਂ ਪੈਣਗੀਆਂ ਜਦਕਿ 14 ਫਰਵਰੀ ਨੂੰ ਦੂਜੇ ਪੜਾਅ ਲਈ 55 ਸੀਟਾਂ ਲਈ ਵੋਟਿੰਗ ਹੋਵੇਗੀ।

ਭਾਜਪਾ ਵੱਲੋਂ ਜਲਦੀ ਹੀ ਇਨ੍ਹਾਂ ਹਲਕਿਆਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਯੂਪੀ ਭਾਜਪਾ ਦੇ ਕੋਰ ਗਰੁੱਪ ਵੱਲੋਂ ਸੰਭਾਵੀ ਉਮੀਦਵਾਰਾਂ ਦੀ ਸੂਚੀ ਤਿਆਰ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ, ਖਾਸ ਤੌਰ ’ਤੇ ਉਨ੍ਹਾਂ ਸੀਟਾਂ ਲਈ ਜਿਨ੍ਹਾਂ ’ਤੇ ਸ਼ੁਰੂਆਤੀ ਪੜਾਵਾਂ ’ਚ ਵੋਟਾਂ ਪੈਣੀਆਂ ਹਨ। ਹਾਲਾਂਕਿ ਇੱਥੇ ਪਾਰਟੀ ਦੇ ਮੁੱਖ ਦਫ਼ਤਰ ’ਚ ਹੋਈ ਮੀਟਿੰਗ ’ਚ ਹੋਈ ਚਰਚਾ ਬਾਰੇ ਪਾਰਟੀ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਸ਼ਵ ਮੌਰਿਆ ਨੇ ਧਰਮ ਸੰਸਦ ਬਾਰੇ ਸੁਆਲ ਪੁੱਛਣ ਉੱਤੇ ਇੰਟਰਵਿਊ ਵਿਚਾਲੇ ਛੱਡੀ
Next articleਮਾਇਆਵਤੀ ਨਹੀਂ ਲੜੇਗੀ ਯੂਪੀ ਚੋਣਾਂ