ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਮਨੁੱਖ ਜਦ ਤੁਰਦਾ ਹੈ ਤਾਂ ਉਸਦੇ ਨਾਲ.ਨਾਲ ਸ਼ਬਦ ਤੁਰਦਾ ਹੈ, ਇੱਕ ਥਾਂ ਤੋਂ ਦੂਜੀ ਥਾਂ ਤੱਕ। ਸ਼ਬਦ ਵੀ ਮਨੁੱਖ ਵਾਂਗ ਸਫਰ ਕਰਦੇ ਹਨ ਪਰ ਸ਼ਬਦਾਂ ਦਾ ਕੋਈ ਸਫਰਨਾਮਾ ਨਹੀਂ ਲਿਖਦਾ। ਮਨੁੱਖ ਨੇ ਜਦ ਵੀ ਸਫਰਨਾਮਾ ਲਿਖਿਆ ਹੈ ਤਾਂ ਉਸਨੇ ਆਪਣੇ ਝੂਠ ਨੂੰ ਸਦਾ ਹੀ ਸੱਚ ਬਣਾਇਆ ਹੈ ਪਰ ਸ਼ਬਦ ਕਦੇ ਵੀ ਝੂਠ ਨਹੀਂ ਬੋਲਦੇ। ਮਨੁੱਖ ਬੋਲ ਬਾਣੀ ਤੋਂ ਪਰਖਿਆ ਜਾਂਦਾ ਹੈ।
ਮਾਹਿਰ ਸ਼ਬਦਾਂ ਦੇ ਪੈਰ ਨੱਪਦੇ ਸੱਚ ਤੱਕ ਪੁਜ ਜਾਂਦੇ ਹਨ। ਗੁਰੂ ਨਾਨਕ ਨੇ ਸਾਨੂੰ ਸ਼ਬਦ ਤੇ ਰਬਾਬ ਦੇ ਨਾਲ ਜੋੜਿਆ । ਸ਼ਬਦ ਤੇ ਸੰਗੀਤ ਮਨੁੱਖਤਾ ਦਾ ਬਿਰਤਾਂਤ ਸਿਰਜਦੇ ਹਨ। ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸ਼ਬਦ ਦੇ ਲੜ ਲਾਇਆ। ਸ਼ਬਦ ਨੂੰ ਗੁਰੂ ਬਣਾਇਆ ਸੀ। ਸ਼ਬਦ ਜਦੋਂ ਗੁਰੂ ਬਣਦਾ ਹੈ ਤਾਂ ਫੇਰ ਉਹ ਸ਼ਬਦ ਨਹੀਂ ਰਹਿੰਦਾ ਸਗੋਂ ਉਹ ਗਰੂ ਹੋ ਜਾਂਦਾ ਹੈ ਪਰ ਅਸੀਂ ਸ਼ਬਦ ਨੂੰ ਕਦੇ ਵੀ ਗੁਰੂ ਨਹੀਂ ਮੰਨਿਆ ਤਾਂ ਅਸੀਂ ਸੰਤਾਪ ਭੋਗ ਰਹੇ ਹਾਂ । ਗੁਰੂ ਜਦੋਂ ਸ਼ਬਦ ਰਾਹੀਂ ਸਾਡੇ ਅੰਦਰ ਵਾਸ ਕਰਦਾ ਹੈ ਤਾਂ ਸਾਡਾ ਅੰਦਰ ਨਿਰਮਲ, ਨਿਰਛਲ ਤੇ ਭੈਅ-ਰਹਿਤ ਹੋ ਜਾਂਦਾ ਹੈ। ਫਿਰ ਮਨ ਅੰਦਰ ਨਾ ਡਰ ਹੁੰਦਾ ਹੈ, ਨਿਰਵੈਰ ਹੁੰਦਾ। ਉਸ ਸਮੇਂ ‘ਤੂੰ ਹੀ ਤੂੰ’ ਹੁੰਦਾ ਹੈ, ਪਰ ਇਹ ਦੌਰ ਮਨੁੱਖ ਦੇ ਹਿੱਸੇ ਬਹੁਤ ਘੱਟ ਆਉਂਦਾ ਹੈ। ਜਦੋਂ ਮਨੁੱਖ ਸ਼ਬਦ ਦੇ ਲੜ ਲੱਗ ਕੇ ਸ਼ਬਦ-ਗੁਰੂ ਤੱਕ ਪੁੱਜਦਾ ਹੈ ਤਾਂ ਸੰਸਾਰਿਕ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ਪਰ ਬਹੁਤੀ ਵਾਰ ਤਾਂ ਮਨੁੱਖ ਸ਼ਬਦ ਗੁਰੂ ਤੋਂ ਬਹੁਤ ਪਿੱਛੇ ਰਹਿ ਜਾਂਦਾ ਹੈ।
ਸ਼ਬਦ ਅੱਗੇ ਲੰਘ ਜਾਂਦਾ ਹੈ। ਸ਼ਬਦ ਸਾਨੂੰ ਗਿਆਨ ਨਾਲ ਜੋੜ ਕੇ ਧਿਆਨ ਵੱਲ ਲੈ ਕੇ ਜਾਂਦਾ ਹੈ। ਜਦੋਂ ਅਸੀਂ ਧਿਆਨ ਕਰਦੇ ਹਾਂ ਤਾਂ ਸਾਡੇ ਅੰਦਰ ਸੁਪਨਿਆਂ ਦੀ ਤਾਕੀ ਖੁੱਲ੍ਹ ਜਾਂਦੀ ਹੈ। ਉਹ ਤਾਕੀ ਜਿਹੜੀ ਧਿਆਨ ਤੋਂ ਸਮਾਧੀ ਤੱਕ ਦੇ ਸਫ਼ਰ ਵਿੱਚ ਰੁਕਾਵਟ ਬਣਦੀ ਹੈ। ਅਸੀਂ ਅੰਦਰ ਵੱਲ ਝਾਕਣ ਦੀ ਵਜਾਏ ਬਾਹਰ ਵੱਲ ਦੇਖਦੇ ਹਾਂ ਪਰ ਸਾਨੂੰ ਧਿਆਨ ਨਹੀਂ ਰਹਿੰਦਾ । ਅਸੀਂ ਧਿਆਨ ਕਰਦੇ ਹੋਏ, ਉਸ ਤਾਕੀ ਰਾਹੀਂ ਸੰਸਾਰ ਨੂੰ ਵੇਖਦੇ ਹਾਂ। ਤਾਂ ਸੰਸਾਰ ਖੂਬਸੂਰਤ ਨਜ਼ਰ ਆਉਂਦਾ ਹੈ ਪਰ ਉਹ ਸੰਸਾਰ ਜਿਹੜਾ ਸੁਪਨਾ ਹੈ ਤੇ ਅਸੀਂ ਸੁਪਨਿਆਂ ਦੇ ਵਿੱਚ ਜਿਉਣ ਦੇ ਆਦੀ ਹੋ ਜਾਂਦੇ ਹਾਂ । ਫੇਰ ਅਸੀਂ ਇਸ ਸੁਪਨਮਈ ਸੰਸਾਰ ਵਿਚ ਹੀ ਜੀਦੇਂ ਤੇ ਮਰਦੇ ਹਾਂ। ਤੇ ਅਸੀਂ ਸ਼ਬਦ ਗੁਰੂ ਨੂੰ ਭੁੱਲ ਜਾਂਦੇ ਹਾਂ ਤੇ ਸੰਸਾਰ ਨਾਲ ਜੁੜ ਜਾਂਦੇ ਹਾਂ। ਸੰਸਾਰ ਨਾਲ ਜੁੜਿਆ ਮਨੁੱਖ ਕਦੇ ਵੀ ਧਿਆਨ ਨਹੀਂ ਲਗਾ ਸਕਦਾ।
ਪਦਾਰਥਾਂ ਦਾ ਮੋਹ, ਲਾਲਚ, ਤ੍ਰਿਸ਼ਨਾ, ਦੁੱਖ, ਹਊਮੈ ਤੇ ਲਾਲਸਾ ਉਸ ਨੂੰ ਆਪਣੀ ਗ੍ਰਿਫਤ ‘ਚੋਂ ਮੁਕਤ ਨਹੀਂ ਹੋਣ ਦਿੰਦੀ। ਮੁਕਤੀ ਲਈ ਸਾਨੂੰ ਖ਼ੁਦ ‘ਮੁਕਤ’ ਹੋਣਾ ਪੈਂਦਾ ਹੈ। ਬਿਨ ਮੁਕਤ ਹੋਇਆਂ ਮੁਕਤੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਕੁੱਝ ਪ੍ਰਾਪਤ ਕਰਨ ਲਈ ਸਾਨੂੰ ਕੁੱਝ ਦੇਣਾ ਅਤੇ ਛੱਡਣਾ ਤਾਂ ਪਵੇਗਾ। ਇਹ ਲੈਣ-ਦੇਣ ਦਾ ਰਿਸ਼ਤਾ ਸੰਸਾਰੀ ਵੀ ਤੇ ਕਰਤਾਰੀ ਵੀ ਹੈ। ਇਹ ਸਾਨੂੰ ਚੱਕਰ ਵਿੱਚ ਘੁੰਮਾਈ ਰੱਖਦਾ ਹੈ। ਚੱਕਰ ਵਿੱਚ ਪਿਆ ਮਨੁੱਖ ਕਦੇ ਵੀ ਬਾਹਰ ਨਹੀਂ ਆਉਂਦਾ। ਉਹ ਉਥੇ ਦਾ ਹੋ ਕੇ ਰਹਿ ਜਾਂਦਾ ਹੈ, ਫਿਰ ਉਸਦਾ ਆਪਣਾ ਹੀ ਇੱਕ ਸੰਸਾਰ ਬਣ ਜਾਂਦਾ ਹੈ। ਉਹ ਸੰਸਾਰ ਜਿਸ ਵਿੱਚ ਉਹ ਜਿਉਂਦਾ ਹੈ। ਜਿਉਂਦੇ ਰਹਿਣ ਲਈ ਸਾਨੂੰ ਪੌਣ-ਪਾਣੀ, ਕਿਰਤ ਤੇ ਅੰਨ ਦੀ ਲੋੜ ਹੈ।
ਜਿਹੜੇ ਜ਼ਿੰਦਗੀ ਨੂੰ ਕਰਤਾਰੀ ਬਣਾਉਦੇ ਹਨ, ਉਹ ਗੁਰੂ ਨੂੰ ਮਿਲਦੇ ਹਨ। ਜ਼ਿੰਦਗੀ ਤੇ ਸੰਸਾਰ ਇੱਕ ਹਨ, ਪਰ ਜਦੋਂ ਮਨੁੱਖ ਸ਼ਬਦ ਦੀ ਓਟ ਵਿੱਚ ਆਉਂਦਾ ਹੈ ਤਾਂ ਉਹ ਸ਼ਬਦ ਨਾਲ ਖੇਡਣ ਲੱਗ ਲੈਂਦਾ ਹੈ। ਸ਼ਬਦਾਂ ਨਾਲ ਖੇਡਣ ਵਾਲਾ ਵਿਅਕਤੀ ਬਹੁਤ ਛੇਤੀ ਹੋਰਨਾਂ ਉੱਤੇ ਕਾਬਜ਼ ਹੋ ਜਾਂਦਾ ਹੈ।
ਜਦੋਂ ਤੁਸੀਂ ਕਬਜ਼ਾ ਕਰਦੇ ਹੋ, ਉਸ ਸਮੇਂ ਤੁਸੀ ਸ਼ਬਦ ਨਾਲੋਂ ਟੁੱਟ ਕੇ ਸੰਸਾਰ ਨਾਲ ਜੁੜ ਜਾਂਦੇ ਹੋ। ਸੰਸਾਰ ਨਾਲ ਜੁੜਿਆ ਮਨੁੱਖ ਜਦੋਂ ਵੀ ਕੁੱਝ ਕਰਦਾ ਹੈ ਤਾਂ ਉਸ ਦੇ ਕੀਤੇ ਦਾ ਕੋਈ ਅਸਰ ਸੰਸਾਰ ਤੇ ਨਹੀਂ ਪੈਂਦਾ ਹੈ ਪਰ ਇਹ ਉਸਨੂੰ ਸੰਸਾਰ ਦੇ ਧੁਰ ਅੰਦਰ ਤੀਕ ਲੈ ਜਾਂਦਾ ਹੈ। ਸੰਸਾਰ ਵਿੱਚ ਰਹਿੰਦਾ ਮਨੁੱਖ ਸ਼ਬਦ ਦੀ ਪ੍ਰਵਾਹ ਨਹੀਂ ਕਰਦਾ। ਜਦੋਂ ਉਹ ਸ਼ਬਦ ਨਾਲੋਂ ਟੁੱਟਦਾ ਹੈ ਤਾਂ ਉਹ ਵਕਾਰਾਂ ਵੱਲ ਤੁਰਦਾ ਹੈ।
ਉਹ ਵਕਾਰ ਦੀ ਬਦੌਲਤ ਆਪਣੇ ਆਲ਼ੇ-ਦੁਆਲ਼ੇ ਅਜਿਹਾ ਜੰਗਲ ਉਗਾਉਂਦਾ ਹੈ, ਉਹ ਜੰਗਲ ਉਸ ਦੁਆਲ਼ੇ ਕੰਡਿਆਲੀ ਤਾਰ ਬਣ ਜਾਂਦਾ ਹੈ। ਉਸ ਦੀ ਹਾਲਤ ਮੱਕੜੀ ਦੇ ਜਾਲ ਵਰਗੀ ਹੁੰਦੀ ਹੈ। ਉਹ ਖ਼ੁਦ ਜਾਲ ਵਿੱਚ ਫਸ ਜਾਂਦਾ ਹੈ।
ਜਦੋਂ ਕੋਈ ਵਿਅਕਤੀ ਕਿਸੇ ਭਵ-ਸਾਗਰ ਵਿੱਚ ਫਸ ਜਾਂਦਾ ਹੈ। ਫੇਰ ਉਸ ਦੇ ਮਿੱਤਰ ਹੀ ਦੁਸ਼ਮਣ ਬਣ ਜਾਂਦੇ ਹਨ। ਫੇਰ ਉਹ ਉਸਦੀ ਮਜਬੂਰੀ ਦਾ ਲਾਭ ਤਾਂ ਉਠਾਉਂਦੇ ਹਨ। ਉਸ ਦਾ ਜਾਇਦਾਦ ਤੇ ਦੌਲਤ ਨੂੰ ਲੁੱਟਦੇ ਹਨ। ਉਹ ਲੁੱਟ ਕਈ ਰੂਪਾਂ ਦੀ ਹੁੰਦੀ ਹੈ। ਕਈ ਵਾਰ ਇਸ ਦਾ ਬਾਹਰੀ ਰੂਪ ਕੋਈ ਹੋਰ ਵੀ ਹੋ ਸਕਦਾ ਹੈ ਤੇ ਅੰਦਰਲਾ ਰੂਪ ਕੁੱਝ ਹੋਰ ਹੁੰਦਾ ਹੈ।
ਸਾਨੂੰ ਗੁਰੂ ਸਾਹਿਬ ਨੇ ਸ਼ਬਦ ਗੁਰੂ ਦੇ ਲੜ ਲਾਇਆ ਸੀ ਤੇ ਸਮਝਾਇਆ ਸੀ ਕਿ ਹੁਣ ਦੇਹ ਨਹੀਂ ਸਗੋਂ ਤੁਹਾਡਾ ਸ਼ਬਦ ਗੁਰੂ ਹੈ ਪਰ ਅਸੀਂ ਗੁਰੂ ਦਾ ਹੁਕਮ ਭੁੱਲ ਗਏ ਹਾਂ । ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਮਨੁੱਖ ਸ਼ਬਦ ਗੁਰੂ ਨਾਲੋਂ ਟੁੱਟ ਕੇ ‘ਪ੍ਰੇਮੀ ‘ਕਦੋਂ ਬਣ ਗਿਆ ?
ਅਸੀਂ ਸ਼ਬਦ ਨੂੰ ਨਹੀਂ ਸਗੋਂ ਦੇਹ ਨੂੰ ਪ੍ਰੇਮ ਕਰਦੇ ਹਾਂ। ਤਾਂ ਹੀ ਡੇਰਿਆਂ ਤੇ ਸਾਧਾਂ ਵਿੱਚ ਵਾਧਾ ਹੋਇਆ ਹੈ। ਸ੍ਰੋਮਣੀ ਗੁਰਦੁਆਰਾ ਕਮੇਟੀ ਆਪਣਾ ਫਰਜ਼ ਭੁੱਲ ਗਈ। ਗੁਰਦੁਆਰਿਆਂ ਦੇ ਉਪਰ ਜੱਟਵਾਦ ਭਾਰੂ ਹੋ ਗਿਆ । ਇਹ ਸਫਰ ਬਹੁਤਾ ਲੰਮਾ ਨਹੀਂ ਥੋੜ੍ਹਾ ਹੀ ਹੈ ਪਰ ਅਸੀਂ ਸ਼ਬਦ ਗੁਰ ਤੋਂ ਬਹੁਤ ਦੂਰ ਹੋ ਗਏ ਹਾਂ । ਅਸੀਂ ਸ਼ਬਦ ਕੋਲੋਂ ਦੂਰ ਕਿਉਂ ਹੋਏ ਜਾਂ ਸਾਨੂੰ ਕਿਸੇ ਨੇ ਕੀਤਾ ਹੈ। ਅਸੀਂ ਕਦੇ ਆਪਣੇ ਆਪ ਨੂੰ ਸਵਾਲ ਹੀ ਨਹੀਂ ਕੀਤਾ । ਸਾਡੇ ਹੰਕਾਰ ਤੇ ਹਾਉਮੈਂ ਨੇ ਸਾਨੂੰ ਇਸ ਰਸਤੇ ਤੋਰਿਆ ਤੇ ਦੇਹ ਦੇ ਨਾਲ ਜੋੜਿਆ ਹੈ। ਸ਼ਬਦ ਗੁਰੂ ਨਾਲ ਤੋੜਿਆ ਹੈ ।
ਇਸ ਵਿੱਚ ‘ਸ਼ਬਦ ਗੁਰੂ’ ਵਾਲੇ ਵੀ ਓਨੇ ਹੀ ਕਸੂਰਵਾਰ ਹਨ, ਜਿਨ੍ਹਾਂ ਨੇ ਮਨੁੱਖ ਨੂੰ ਸ਼ਬਦ ਗੁਰੂ ਨਾਲ ਜੋੜਨ ਦੀ ਬਜਾਏ ਉਹਨਾਂ ਨੂੰ ਸਦਾ ਹੀ ਆਪਣੇ ਨਾਲੋਂ ਤੋੜਿਆ। ਇਸੇ ਤੋੜ-ਵਿਛੋੜੇ ਕਰਕੇ ਪਿੰਡਾਂ ਤੇ ਸ਼ਹਿਰਾਂ ਵਿੱਚ ਵੱਖੋ-ਵੱਖ ਨਾਵਾਂ ਹੇਠ ਬਹੁਤ ਕੁੱਝ ਉੱਗ ਆਇਆ ਹੈ। ਜਿਨ੍ਹਾਂ ਵਿੱਚੋਂ ਜਾਤ-ਪਾਤ ਦੀ ਬੋਅ ਆਉਂਦੀ ਹੈ।
‘ਗੁਰੂ ਸ਼ਬਦ’ ਨੇ ਤਾਂ ਨਿਮਾਣਿਆਂ-ਨਿਤਾਣਿਆਂ ਨੂੰ ਸ਼ਕਤੀ ਪ੍ਰਦਾਨ ਕਰਕੇ ਗੁਰੂ ਸ਼ਬਦ ਦੇ ਮੋਹਰੀ ਬਣਾਇਆ ਸੀ। ਉਨਾਂ ਤਾਂ ਜਾਤ-ਪਾਤ ਤੇ ਊਜ-ਨੀਚ ਦਾ ਵਰਕਾ ਹੀ ਪਾੜ ਦਿੱਤਾ ਸੀ। ਉਹ ਵਰਕਾ ਜਿਹੜਾ ਅੱਜ ਪਿੰਡ-ਪਿੰਡ ਥੋਹਰ ਬਣ ਕੇ ਉੱਗ ਆਇਆ ਹੈ। ਇਹਨਾਂ ਥੋਹਰਾਂ ਦੇ ਕੰਡੇ ਸਾਡੇ ਚੁੱਭਦੇ ਹਨ ਪਰ ਅਸੀਂ ਇਸ ਕੰਡਿਆਲੀ ਥੋਹਰ ਗਲੇ ਲਾ ਲਿਆ ਹੈ। ਹੁਣ ਇਸ ਥੋਹਰ ਨੂੰ ਪਾਣੀ ਵੀ ਉਨ੍ਹਾਂ ਨੇ ਦਿੱਤਾ ਹੈ, ਜਿਹੜੇ ਅੱਜ ਪ੍ਰੇਮੀਆਂ ਨੂੰ ਸ਼ਬਦ ਗੁਰੂ ਨਾਲ ਜੋੜ ਰਹੇ ਹਨ, ਅੱਜ ਉਹੀ ਲੋਕ ਆਪਣੀ ਬਚਾਉਣ ਦੇ ਲਈ ਉਹਨਾਂ ਦਾ ਸਹਾਰਾ ਲੈ ਰਹੇ ਹਨ। ਕੱਲ੍ਹ ਜਿਹੜੇ ਹਾਕਮ ਸਨ, ਅੱਜ ਕਟਹਿਰੇ ‘ਚ ਖੜੇ ਹਨ।
ਜਿਹਨਾਂ ਨੇ ਗੁਰੂ ਸ਼ਬਦ ਨੂੰ ਭਾਰੀ ਠੇਸ ਪਹੁੰਚਾਈ ਹੈ। ਇਹ ਠੇਸ ਹੁਣ ਮਨਾਂ ਅੰਦਰ ਹੁੰਦੀ ਮੜੀਆਂ ਤੱਕ ਵੀ ਪੁੱਜ ਗਈ ਹੈ। ਹੁਣ ਪਿੰਡਾਂ ਵਿੱਚ ਪ੍ਰੇਮੀਆਂ ਤੇ ਹੋਰ ਥੋਹਰਾਂ ਦੀ ਭਰਮਾਰ ਹੈ। ਡਰ ਤੇ ਲਾਲਚ ਨਾਲ ਕੋਈ ਸ਼ਬਦ ਗੁਰੂ ਨਾਲ ਨਹੀਂ ਜੁੜ ਸਕਦਾ। ਨਾ ਹੀ ਸਿਰੋਪਾ ਪਾਉਣ ਨਾਲ ਕੋਈ ਗੁਰੂ ਦੇ ਮਾਰਗ ਦਾ ਪਾਂਧੀ ਨਹੀਂ ਬਣ ਸਕਦਾ ਹੈ। ਸ਼ਬਦ ਗੁਰੂ ਨੇ ਸਾਨੂੰ ਜਾਤਪਾਤ ਵਿੱਚੋ ਬਾਹਰ ਕੱਢਿਆ ਸੀ ਪਰ ਅਸੀਂ ਨਿਕਲ ਨਹੀਂ ਸਕੇ। ਜਾਤੀਆਂ ਦੀਆਂ ਥੋਹਰਾਂ ਸਾਡੇ ਸਿਰਾਂ ਵਿੱਚ ਉਗ ਆਈਆਂ ਹਨ ਜੋ ਹੁਣ ਨਾਸੂਰ ਬਣ ਗਈਆਂ ਹਨ ।
ਜਿਸ ਤਰ੍ਹਾਂ ਨੀਵੀਆਂ ਜਾਤੀਆਂ ਤੇ ਪ੍ਰੇਮੀਆਂ ਨੂੰ ਡਾਂਗ ਦੇ ਜ਼ੋਰ ਨਾਲ ਸ਼ਬਦ ਗੁਰੂ ਨਾਲ ਜੋੜਿਆ ਜਾ ਰਿਹਾ ਹੈ, ਇਹ ਡਰਾਮਾ ਤੇ ਡਰਾਵਾ ਹੈ।
ਉਂਝ ਤਾਂ ‘ਸ਼ਬਦ ਗੁਰੂ’ ਵਾਲੇ ਵੀ ਨਹੀਂ ਚਾਹੁੰਦੇ ਕਿ ਇਹ ਪ੍ਰੇਮੀ ਨੀਵੀਆਂ ਜਾਤਾਂ ਵਾਲੇ ਸਾਡੇ ਨਾਲ ਆ ਰਲਣ। ਜੇ ਇਹ ਨਿੱਕੀਆਂ-ਨਿੱਕੀਆਂ ਜਾਤਾਂ ‘ਸ਼ਬਦ ਗੁਰੂ’ ਦੇ ਲੜ ਲੱਗ ਗਈਆਂ ਤਾਂ ਇੱਕ ਦਿਨ ਇਹ ਆਪਣਾ ਹਿੱਸਾ ਵੀ ਮੰਗਣਗੀਆਂ। ਹੁਣ ਇਸ ਜਾਤ ਦੀ ਥੋਹਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਮਨੁੱਖ ਫੇਰ ਜਾਤਾਂ ਤੇ ਨਸਲਾਂ ਵਿੱਚ ਵੰਡਿਆ ਜਾ ਰਿਹਾ ਹੈ। ਹੁਣ ਤੁਹਾਡੀ ਲਿਆਕਤ ਨਹੀਂ ਜਾਤ ਪਰਖੀ ਜਾਂਦੀ ਹੈ। ਤੁਹਾਡੇ ਉਤੇ ਠੱਪਾ ਲਾਇਆ ਜਾਂਦਾ ਹੈ ਊਚ ਤੇ ਨੀਚ ਦਾ।
ਹੁਣ ਅਸੀਂ ਆਧੁਨਿਕ ਦੌਰ ਵਿੱਚੋਂ ਦੀ ਲੰਘ ਰਹੇ ਹਾਂ, ਹੁਣ ਫੇਰ ਜਾਤ ਦੇ ਬੀਜ ਫੇਰ ਬੀਜੇ ਜਾ ਰਹੇ ਹਨ। ਭਾਵੇਂ ਮਨੁੱਖ ਇਕ ਹੈ ਪਰ ਜਾਤਪਾਤ ਨੇ ਮਨੁੱਖ ਬਹੁਤ ਟੁੱਕੜਿਆਂ ਦੇ ਵਿੱਚ ਵੰਡ ਦਿੱਤਾ ਹੈ। ਸਾਇੰਸ ਨੇ ਮਨੁੱਖ ਦੀਆਂ ਬਾਹਰੀ ਦੂਰੀਆਂ ਘੱਟ ਕਰ ਦਿੱਤੀਆਂ ਪਰ ਅੰਦਰਲੀਆਂ ਵੱਧ ਗਈਆਂ ਹਨ। ਭਾਵੇਂ ਸਾਰੇ ਪਾਸੇ ਤਕਨੀਕ ਨੇ ਦੁਨੀਆਂ ਨੂੰ ਇੱਕ-ਦੂਜੇ ਦੇ ਨੇੜੇ ਲੈ ਆਂਦਾ ਹੈ।
ਉਂਝ ਸਾਇੰਸ ਨੇ ਤਰੱਕੀ ਦੀਆਂ ਬੁਲੰਦੀਆਂ ਛੋਹ ਲਈਆਂ ਹਨ, ਪਰ ਅਸੀਂ ਅਜੇ ਵੀ ਆਪਣੇ ਆਪ ਨੂੰ ਸਤਾਰਵੀਂ ਸਦੀ ਵੱਲ ਖਿੱਚੀ ਜਾ ਰਹੇ ਹਾਂ। ਰੂੜ੍ਹੀਆਂ ਦੇ ਨਾਲ ਜੁੜਦੇ ਜਾ ਰਹੇ ਹਾਂ । ਬਾਬਰਸ਼ਾਹੀ, ਜਹਾਂਗੀਰੀ ਤੇ ਔਰੰਗਜ਼ੇਬੀ ਦਾ ਦੌਰ ਫਿਰ ਪਾਸਾ ਬਦਲ ਗਿਆ ਹੈ। ਉਦੋਂ ਜ਼ਬਰਨ ਮੁਸਲਮਾਨ ਬਣਾਇਆ ਜਾਂਦਾ ਸੀ। ਹੁਣ ਰਾਸ਼ਟਰਵਾਦੀ ਹਿੰਦੂ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ ਤੇ ਅਸੀਂ ਬਣ ਰਹੇ ਹਾਂ। ਬਾਬਿਆਂ ਨੇ ਤੇ ਆਖਿਆ ਸੀ : ‘ਏਕ ਨੂਰ ਤੋਂ ਸਭਿ ਜਗਿ ਉਪਜਿਆ ਕਉਨ ਭਲੇ, ਕੌਣ ਮੰਦੇ।’ ਪਰ ਅਸੀਂ ‘ਏਕ ਨੂਰ’ ਵਾਲੀ ਵਿਚਾਰਧਾਰਾ ਦਾ ਸ਼ਰੇਆਮ ਆਪਣੇ ਆਪ ਹੀ ਕਤਲ ਕਰ ਰਹੇ ਹਾਂ। ਪਰ ਫੇਰ ਕਾਤਲ ਨਹੀਂ ਅਖਵਾਉਦੇ ਕੇਹੀ ਵਿਡੰਬਨਾ ਹੈ ?
ਹੁਣ ਨਾ ਤਾਂ ਕੋਈ ਅਬਦਾਲੀ ਹੈ, ਨਾ ਜ਼ਕਰੀਆ ਖ਼ਾਂ ਹੈ। ਹੁਣ ਤਾਂ ਆਪਣਿਆਂ ਦੀ ਆਪਣਿਆਂ ਨਾਲ ਜੰਗ ਹੈ। ਇਹ ਉਹ ਜੰਗ ਹੈ, ਜਿਸ ਵਿੱਚ ਬਾਲਣ ਆਮ ਲੋਕ ਬਣ ਰਹੇ ਹਨ, ਜਿਨ੍ਹਾਂ ਨੂੰ ਅਜੇ ਵੀ ਰੋਜ਼ੀ ਰੋਟੀ ਦਾ ਚੌਵੀ ਘੰਟੇ ਫ਼ਿਕਰ ਵੱਢ-ਵੱਢ ਕੇ ਖਾ ਰਿਹਾ ਹੈ। ਇਹ ਫ਼ਿਕਰ ਦੀ ਪੰਡ ਉਨ੍ਹਾਂ ਦੇ ਸਿਰ ਉੱਤੋਂ ਕਿਸੇ ਨੇ ਵੀ ਧਰਮ ਨੇ ਉਤਾਰਨੀ ਨਹੀਂ, ਉਹ ਤਾਂ ਉਨ੍ਹਾਂ ਅੰਦਰ ਦਬਾਈ ਗਈ ਉਸ ਸ਼ਕਤੀ ਨੇ ਉਤਾਰਨੀ ਹੈ, ਜਿਸਨੂੰ ਮਨੁੱਖ ਭੁੱਲ ਗਿਆ ਹੈ। ਹੁਣ ਚਿੜੀਆਂ ਨੂੰ ਬਾਜ਼ਾਂ ਤੋਂ ਡਰ ਲਗਦੇ ਹੈ, ਜਿਹੜੀਆਂ ਚਿੜੀਆਂ ਤਾਂ ਸਦਾ ਬਾਜ਼ਾਂ ਦਾ ਭੋਜਨ ਬਣਦੀਆਂ ਰਹੀਆਂ ਹਨ ਤੇ ਬਣ ਰਹੀਆਂ ਹਨ, ਪਰ ਜਦੋਂ ਮਨੁੱਖ ਹੀ ਭੋਜਨ ਜਾਂ ਬਾਲਣ ਬਣ ਜਾਵੇ ਤਾਂ ਸ਼ਬਦ ਗੁਰੂ ਨੂੰ ਕੋਈ ਫ਼ਰਕ ਨਹੀਂ ਪੈਂਦਾ ਪਰ ਸਦਾ ਜਿਉਂਦਾ ਰਹਿੰਦਾ ਹੈ ਤੇ ਇਹ ਕਿਤਾਬਾਂ ਦੇ ਵਿੱਚ ਤੇ ਜਜ਼ਬਾਤਾਂ ਵਿੱਚ ਜਿਉਂਦਾ ਰਹਿੰਦਾ ਹੈ ਤੇ ਰਹੇਗਾ ਭਾਵੇਂ ਆਖਦੇ ਹਨ ਕਿ ਸਿਆਸਤ, ਜੰਗ ਤੇ ਪਿਆਰ ਵਿੱਚ ਸਭ ਕੁੱਝ ਜਾਇਜ਼ ਹੁੰਦਾ ਹੈ। ਹਰ ਜਾਇਜ਼ ਗੱਲ ਕਿਸੇ ਵਾਸਤੇ ਨਜਾਇਜ਼ ਵੀ ਹੋ ਸਕਦੀ ਹੈ। ਸ਼ਬਦ ਗੁਰੂ ਤੋਂ ਪ੍ਰੇਮੀ ਤੱਕ ਦਾ ਸਫ਼ਰ ਤਾਂ ਇਨਾਂ ਨੇ ਤਹਿ ਕਰ ਲਿਆ ਹੈ।
ਹੁਣ ਇਹ ਉੱਡਦੇ ਬਾਜ਼ਾਂ ਮਗਰ ਕਦੋਂ ਜਾਣਗੇ? ਜਿਨ੍ਹਾਂ, ਇਨ੍ਹਾਂ ਦਾ ਖੋਹ ਲਿਆ ਹੈ ਮਨ ਦਾ ਚੈਨ। ਸ਼ਬਦ ਦੇ ਲੜ ਲੱਗ ਕੇ ਗਿਆਨ ਤਾਂ ਮਿਲਦਾ ਹੈ, ਪਰ ਸ਼ਬਦ ਜਦੋਂ ਤਲਵਾਰ ਬਣ ਕੇ ਸੀਨੇ ਅੰਦਰ ਧਸਦਾ ਹੈ, ਤਾਂ ਬਹੁਤ ਕੁੱਝ ਮਰ ਜਾਂਦਾ ਹੈ। ਜੋ ਅਣਕਿਹਾ ਹੁੰਦਾ ਹੈ। ਇਸ ਅਣਕਹੇ ਅੰਦਰ ਬਣਾ ਕੁੱਝ ਕਹਿਣ ਜੋਗਾ ਵੀ ਨਹੀਂ ਕਿ ਸ਼ਬਦ ਦੀ ਤਲਾਸ਼ ਵਿੱਚ ਭਟਕਿਆ ਮਨੁੱਖ ਕਿੱਧਰੇ ਮਾਰੂਥਲ ਵਿੱਚ ਹੀ ਨਾ ਗਵਾਚ ਜਾਵੇ। ਸ਼ਬਦ ਗੁਰੂ ਤੋਂ ਪ੍ਰੇਮੀਂ ਤੱਕ ਦਾ ਸਫ਼ਰ ਸਾਡੇ ਸਮਿਆਂ ਦਾ ਉਹ ਸੱਚ ਹੈ, ਜਿਹੜਾ ਪਹਿਲਾਂ ਕਦੇ ਵੀ ਨਹੀਂ ਹੋਇਆ। ਸ਼ਬਦ ਮਨੁੱਖ ਨੂੰ ਜੋੜਦਾ ਹੈ, ਆਪਣੇ ਆਪ ਨਾਲ। ਉਸ ਅਦਿੱਖ ਸ਼ਕਤੀ ਦੇ ਨਾਲ। ਮਨੁੱਖ ਨੂੰ ਕਦੋਂ ਸਮਝ ਆਵੇਗੀ, ਜਿਹੜਾ ਹਉਮੈ ਤੇ ਹੰਕਾਰ ਦੀ ਪੰਡ ਚੁੱਕੀ, ਤੇ ਨਫ਼ਰਤ ਦੀ ਤਲਵਾਰ ਫੜੀ ਹਰ ਥਾਂ ਖੜਾ ਹੈ, ਉਸਦਾ ਆਪਣਾ ਸ਼ਰੀਰ ਵੀ ਉਸਦਾ ਆਪਣਾ ਨਹੀਂ ਹੈ, ਇਹ ਵੀ ਉਧਾਰਾ ਹੈ ਮਾਂ-ਬਾਪ ਪਾਸੋਂ ਲਿਆ, ਪਰ ਮਨੁੱਖ ਨੂੰ ਕਦ ਅਰਥ ਸਮਝ ਲੱਗਣਗੇ? ਮਨੁੱਖ ਤੋਂ ਵੱਡਾ ਕੋਈ ਨਹੀਂ।
ਧਰਮ, ਜਾਤ, ਗੋਤ ਤਾਂ ਸ਼ੈਤਾਨ ਦੀ ਸੰਤਾਨ ਹਨ। ਆਓ ਇਨ੍ਹਾਂ ਤੋਂ ਮੁਕਤ ਹੋਈਏ। ਆਪਣੇ ਅੰਦਰ ਝਾਤੀ ਮਾਰੀਏ। ਆਪਣੇ ਆਪ ਨੂੰ ਪਛਾਣਿਆ ਜਾਵੇ ਕਿ ਅਸੀਂ ਕੌਣ ਹਾਂ ? ਸ਼ਬਦ ਗੁਰੂ ਤੋਂ ਪ੍ਰੇਮ ਦੇ ਅਰਥ ਜਾਣੀਏ। ਸ਼ਬਦ ਦੇ ਨਾਲ ਜੁੜੀਏ ਤੇ ਉਸ ਦੇ ਉਪਦੇਸ਼ ਨੂੰ ਜ਼ਿੰਦਗੀ ‘ਚ ਵਸਾਈਏ। ਸ਼ਬਦ ਬਿਨ੍ਹਾਂ ਇਹ ਸੰਸਾਰ ‘ਚ ਹਨੇਰਾ ਹੈ। ਸ਼ਬਦ ਸਾਨੂੰ ਚਾਨਣ ਵੱਲ ਲੈ ਕੇ ਜਾਂਦਾ ਹੈ। ਸ਼ਬਦ ਦੇ ਵੱਲ ਜਿਸ ਨੇ ਪਿੱਠ ਕੀਤੀ ਸਾਨੂੰ ਹਨੇਰ ਵੱਲ ਲੈ ਕੇ ਜਾ ਰਹੀ ਹੈ, ਹੁਣ ਅਸੀਂ ਚੋਣ ਕਰਨੀ ਹੈ ਕਿ ਅਸੀਂ ਕਿਹੜੇ ਰਸਤੇ ਤੁਰਨਾ ਹੈ ? ਸਾਡੀ ਮੁਕਤੀ ਸ਼ਬਦ ਨਾਲ ਜੁੜਿਆ ਹੀ ਹੋਣੀ ਹੈ। ਸ਼ਬਦ ਨਾਲੋਂ ਟੁੱਟਿਆ ਮਨੁੱਖ ਨਾ ਘਰ ਦਾ ਨਾ ਘਾਟ ਦਾ ਰਹਿੰਦਾ ਹੈ। ਮਨੁੱਖਤਾ ਦੀ ਗਲਵੱਕੜੀ ਹੀ ਸਾਨੂੰ ਬਚਾ ਸਕਦੀ ਹੈ, ਦੂਰੀ ਸਾਨੂੰ ਖਤਮ ਕਰ ਦੇਵੇਗੀ। ਅਸੀਂ ਹੁਣ ਖਤਮ ਹੋਣ ਦੇ ਰਸਤੇ ਖੁਦ ਤੁਰ ਪਏ ਹਾਂ। ਸਾਨੂੰ ਵਿਰਸਾ ਤੇ ਵਿਰਾਸਤ ਭੁੱਲ ਗਈ ਹੈ। ਸਾਡੀ ਹਾਲਤ ਇਸ ਤਰ੍ਹਾਂ ਦੀ ਬਣੀ ਹੋਈ ਹੈ।
ਗਿਆਨ ਵਿਹੂਣਾ ਗਾਵੈ ਗੀਤ
ਭੁੱਖੇ ਮੁੱਲਾ ਘਰੇ ਮਸੀਤ !
ਆਓ ਆਪਾਂ ਸ਼ਬਦ ਗੁਰੂ ਨਾਲ ਜੁੜੀਏ, ਹੁਣ ਜੰਗ ਹਥਿਆਰਾਂ ਦੇ ਨਾਲ ਨਹੀਂ ਸਗੋਂ ਵਿਚਾਰਾਂ ਨਾਲ ਲੜੀ ਜਾ ਰਹੀ ਹੈ । ਸ਼ਬਦ ਤੋਂ ਵੱਡਾ ਕੋਈ ਹਥਿਆਰ ਨਹੀਂ ! ਪਰ ਅਜੋਕਾ ਮਨੁੱਖ ਪਦਾਰਥ ਨਾਲ ਜੁੜ ਗਿਆ, ਆਖਿਰ ਉਸ ਨੂੰ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨਾ ਪਵੇਗਾ, ਇਸ ਤੋਂ ਇਲਾਵਾ ਬਿਨਾਂ ਕੋਈ ਹੋਰ ਕੋਈ ਚਾਰਾ ਨਹੀਂ।
#####
ਬੁੱਧ ਸਿੰਘ ਨੀਲੋਂ
94643-70823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly