(ਸਮਾਜ ਵੀਕਲੀ)-ਸਾਡੇ ਸਮਾਜ ਵਿੱਚ ਸਭ ਤੋਂ ਵੱਧ ਨਫ਼ਰਤ ਜੇਕਰ ਕਿਸੇ ਚੀਜ਼ ਨੂੰ ਕੀਤੀ ਜਾਂਦੀ ਹੈ, ਤਾਂ ਬਿਨਾਂ ਸ਼ੱਕ ਉਹ ਸੈਕਸ ਹੀ ਹੈ। ਬਚਪਨ ਤੋਂ ਹੀ ਸਾਡੇ ਦਿਮਾਗ ਵਿੱਚ ਇਹ ਵਿਚਾਰ ਭਰ ਦਿੱਤਾ ਜਾਂਦਾ ਹੈ ਕਿ ਸੈਕਸ ਬਹੁਤ ਬੁਰਾ ਹੁੰਦਾ ਹੈ ਅਤੇ ਜਿਹੜੇ ਸਿਆਣੇ ਬੱਚੇ ਹੁੰਦੇ ਹਨ, ਉਨ੍ਹਾਂ ਨੂੰ ਸੈਕਸ ਬਾਰੇ ਕੋਈ ਗੱਲ ਨਹੀਂ ਛੇੜਨੀ ਚਾਹੀਦੀ। ਲੜਕੀਆਂ ਲਈ ਤਾਂ ਅਜਿਹੀ ਕੁਤਾਹੀ ਕਰਨੀ ਕਿਸੇ ਬੱਜਰ ਗੁਨਾਹ ਤੋਂ ਘੱਟ ਨਹੀਂ ਸਮਝੀ ਜਾਂਦੀ। ਘਰ ਵਿੱਚ ਲੜਕੀ ਪੈਦਾ ਹੁੰਦਿਆਂ ਹੀ ਸਾਰੇ ਪਰਿਵਾਰਕ ਮੈਂਬਰਾਂ ਦੇ ਮੂੰਹ ਲੁਡਕ ਜਾਂਦੇ ਹਨ ਕਿ ਇਹ ਵੱਡੀ ਹੋ ਕੇ ਕਿਤੇ ਸਾਡੀ ਬਦਨਾਮੀ ਦਾ ਕਾਰਨ ਨਾ ਬਣ ਜਾਵੇ। ਇਹੀ ਕਾਰਨ ਹੈ ਕਿ ਵੱਡੀ ਗਿਣਤੀ ਵਿੱਚ ਮਾਪੇ ਆਪਣੀਆਂ ਬੱਚੀਆਂ ਨੂੰ ਕੇਵਲ ਲੜਕੀਆਂ ਵਾਲੇ ਸਕੂਲਾਂ ਵਿੱਚ ਹੀ ਪੜ੍ਹਨ ਲਈ ਭੇਜਣਾ ਚਾਹੁੰਦੇ ਹਨ, ਜਿਸ ਕਾਰਨ ਅੱਗੇ ਜਾ ਕੇ ਉਨ੍ਹਾਂ ਨੂੰ ਬਹੁਤ ਸਾਰੀਆਂ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
ਅਸੀਂ ਜਾਣਦੇ ਹਾਂ ਕਿ ਬੱਚੇ ਆਪਣੇ ਸੁਭਾਅ ਤੋਂ ਹੀ ਜਗਿਆਸੂ ਹੁੰਦੇ ਹਨ ਅਤੇ ਉਹ ਨਿੱਕੀ-ਵੱਡੀ ਹਰ ਗੱਲ ਬਾਰੇ ਜਾਣਨਾ ਚਾਹੁੰਦੇ ਹਨ। ਜਦੋਂ ਉਹ ਕਿਸੇ ਘਰ ਵਿੱਚ ਨਵਾਂ ਪੈਦਾ ਹੋਇਆ ਬੱਚਾ ਦੇਖਦੇ ਹਨ ਤਾਂ ਉਨ੍ਹਾਂ ਦੇ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਇਹ ਬੱਚਾ ਕਿੱਥੋਂ ਆਇਆ? ਇਸ ਸਵਾਲ ਦੇ ਜਵਾਬ ਵਿੱਚ ਮਾਂ-ਬਾਪ ਅਕਸਰ ਉਸ ਨੂੰ ਇਹੋ ਹੀ ਦੱਸਦੇ ਹਨ ਕਿ ਇਹ ਬੱਚਾ ਰੱਬ ਨੇ ਭੇਜਿਆ ਹੈ। ਜਦੋਂ ਬੱਚਾ ਥੋੜ੍ਹਾ ਜਿਹਾ ਵੱਡਾ ਹੁੰਦਾ ਹੈ ਤਾਂ ਉਹ ਕਿਸੇ ਗਰਭਵਤੀ ਔਰਤ ਨੂੰ ਦੇਖ ਕੇ ਪੁੱਛਦਾ ਹੈ ਕਿ ਉਸ ਦਾ ਪੇਟ ਵਧਿਆ ਹੋਇਆ ਕਿਉਂ ਹੈ ਤਾਂ ਉਸ ਨੂੰ ਦੱਸਿਆ ਜਾਂਦਾ ਹੈ ਕਿ ਰੱਬ ਨੇ ਉਸ ਦੇ ਪੇਟ ਵਿੱਚ ਇੱਕ ਨਿੱਕਾ ਜਿਹਾ ਕਾਕਾ ਰੱਖ ਦਿੱਤਾ ਹੈ, ਜਿਹੜਾ ਬਹੁਤ ਛੇਤੀ ਉਸ ਨਾਲ ਖੇਡਿਆ ਕਰੇਗਾ। ਅਜਿਹੇ ਜਵਾਬਾਂ ਨਾਲ ਬੱਚੇ ਦੀ ਉਲਝਣ ਖ਼ਤਮ ਹੋਣ ਦੀ ਬਜਾਇ ਹੋਰ ਵਧਦੀ ਰਹਿੰਦੀ ਹੈ ਅਤੇ ਫਿਰ ਜਦੋਂ ਉਹ ਥੋੜ੍ਹਾ ਜਿਹਾ ਹੋਰ ਵੱਡਾ ਹੁੰਦਾ ਹੈ ਤਾਂ ਉਹ ਕਿਸੇ ਫਿਲਮ ਦੀ ਨਾਇਕਾ ਨੂੰ ਗਰਭਵਤੀ ਦੇਖ ਕੇ ਫਿਰ ਪੁੱਛਦਾ ਹੈ ਕਿ ਭਲਾਂ ਔਰਤ ਦੇ ਪੇਟ ਵਿੱਚ ਬੱਚਾ ਕਿਵੇਂ ਚਲਾ ਜਾਂਦਾ ਹੈ ਤਾਂ ਉਸ ਨੂੰ ਜਵਾਬ ਮਿਲਦਾ ਹੈ ਕਿ ਫਿਲਮ ਦੇ ਨਾਇਕ ਨੇ ਉਸ ਔਰਤ ਨੂੰ ਚੁੰਮ ਲਿਆ ਸੀ, ਜਿਸ ਕਰਕੇ ਉਹ ਗਰਭਵਤੀ ਹੋ ਗਈ ਹੈ।
ਇੱਕ ਪ੍ਰਸਿੱਧ ਡਾਕਟਰ ਦਾ ਇਹ ਬਿਆਨ ਪੜ੍ਹ ਕੇ ਬਹੁਤ ਸ਼ਰਮਿੰਦਾ ਹੋਣਾ ਪੈਂਦਾ ਹੈ, ਜਿਸ ਵਿੱਚ ਉਹ ਲਿਖਦੇ ਹਨ ਕਿ ਇੱਕ ਵਾਰ ਉਨ੍ਹਾਂ ਕੋਲ ਇੱਕ ਸਤਾਰਾਂ ਸਾਲ ਦੀ ਲੜਕੀ ਪਹੁੰਚੀ, ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਆਪਣੇ ਕਿਸੇ ਦੋਸਤ ਲੜਕੇ ਨਾਲ ਸੈਕਸ ਕਰ ਲਿਆ ਹੈ, ਜਿਸ ਕਰਕੇ ਉਹ ਗਰਭਵਤੀ ਹੋ ਗਈ ਹੈ। ਉਹ ਚਾਹੁੰਦੀ ਸੀ ਕਿ ਉਸ ਨੂੰ ਕੋਈ ਗਰਭ-ਨਿਰੋਧਕ ਦਵਾਈ ਮਿਲ ਜਾਵੇ ਪਰ ਜਦੋਂ ਡਾ. ਨੇ ਉਸ ਦੀ ਸਰੀਰਕ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਹ ਤਾਂ ਨੂੰ ਗਰਭਵਤੀ ਹੀ ਨਹੀਂ ਸੀ। ਲੜਕੀ ਨਾਲ ਗੱਲਬਾਤ ਕਰਨ ’ਤੇ ਡਾ. ਕੁੱਟੀ ਦੀ ਹੈਰਾਨਗੀ ਦੀ ਕੋਈ ਹੱਦ ਹੀ ਨਾ ਰਹੀ ਕਿ ਉਸ ਨੂੰ ਤਾਂ ਸੈਕਸ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ ਬਲਕਿ ਉਹ ਤਾਂ ਕਿਸੇ ਦੇ ਚੁੰਮ ਲੈਣ ਨੂੰ ਹੀ ਸੈਕਸ ਕਰਨਾ ਸਮਝ ਰਹੀ ਸੀ। ਡਾ. ਕੁੱਟੀ ਨੇ ਉਸ ਲੜਕੀ ਨੂੰ ਸਮਝਾਇਆ ਕਿ ਸੈਕਸ ਦਾ ਮਤਲਬ ਚੁੰਮਣਾ ਨਹੀਂ ਬਲਕਿ ਔਰਤ ਅਤੇ ਮਰਦ ਵੱਲੋਂ ਸਰੀਰਕ ਸਬੰਧ ਬਣਾਉਣਾ ਹੁੰਦਾ ਹੈ।
ਉਪਰੋਕਤ ਘਟਨਾ ਨੂੰ ਕੇਵਲ ਮਜ਼ਾਕ ਸਮਝ ਕੇ ਆਈ-ਗਈ ਕਰ ਦੇਣਾ ਇੱਕ ਹੋਰ ਵੱਡੀ ਗਲਤੀ ਹੋਵੇਗੀ। ਸਾਨੂੰ ਸੋਚਣਾ ਪਵੇਗਾ ਕਿ ਅਸੀਂ ਆਪਣੇ ਬੱਚਿਆਂ ਲਈ ਸੈਕਸ ਨੂੰ ਫੋਬੀਆ ਕਿਉਂ ਬਣਾ ਰੱਖਿਆ ਹੈ? ਅਸੀਂ ਉਨ੍ਹਾਂ ਨੂੰ ਸੈਕਸ ਬਾਰੇ ਜਾਣਕਾਰੀ ਕਿਉਂ ਨਹੀਂ ਦਿੰਦੇ? ਸਾਡੇ ਸਕੂਲਾਂ ਵਿੱਚ ਬੱਚਿਆਂ ਨੂੰ ਸੈਕਸ ਬਾਰੇ ਕਿਉਂ ਨਹੀਂ ਪੜ੍ਹਾਇਆ ਜਾਂਦਾ? ਜੇਕਰ ਸਾਡੇ ਬੱਚੇ ਸੈਕਸ ਸਬੰਧੀ ਗਲਤ ਜਾਣਕਾਰੀ ਕਿਸੇ ਹੋਰ ਘਟੀਆ ਜਾਂ ਵਪਾਰਕ ਸਰੋਤ ਤੋਂ ਹਾਸਲ ਕਰ ਲੈਂਦੇ ਹਨ ਤਾਂ ਕੀ ਇਸ ਵਰਤਾਰੇ ਲਈ ਅਸੀਂ ਖ਼ੁਦ ਜ਼ਿੰਮੇਵਾਰ ਨਹੀਂ ਹਾਂ? ਲੜਕੀਆਂ ਨੂੰ ਲੜਕਿਆਂ ਤੋਂ ਵੱਖਰੇ ਸਕੂਲਾਂ ਵਿੱਚ ਪੜ੍ਹਨ ਲਈ ਭੇਜ ਕੇ ਕੀ ਅਸੀਂ ਉਨ੍ਹਾਂ ਵਿੱਚ ਹੀਣ-ਭਾਵਨਾ ਤਾਂ ਪੈਦਾ ਨਹੀਂ ਕਰ ਰਹੇ? ਕੀ ਅਸੀਂ ਉਮਰ ਦੇ ਹਿਸਾਬ ਨਾਲ ਲੜਕੇ-ਲੜਕੀਆਂ ਵਿੱਚ ਹਾਰਮੋਨਜ਼ ਦੀ ਤਬਦੀਲੀ ਕਾਰਨ ਇੱਕ ਦੂਜੇ ਲਈ ਪੈਦਾ ਹੋਏ ਸਰੀਰਕ ਆਕਰਸ਼ਣ ਦਾ ਦਮਨ ਕਰ ਕੇ, ਉਨ੍ਹਾਂ ਨੂੰ ਮਾਨਸਿਕ ਰੋਗੀ ਤਾਂ ਨਹੀਂ ਬਣਾ ਰਹੇ? ਇਨ੍ਹਾਂ ਸਵਾਲਾਂ ਦੇ ਜਵਾਬ ਸਾਨੂੰ ਇੱਕ ਨਾ ਇੱਕ ਦਿਨ ਜ਼ਰੂਰ ਲੱਭਣੇ ਪੈਣਗੇ।
ਸੱਚ ਤਾਂ ਇਹ ਹੈ ਕਿ ਅਸੀਂ ਕਦੇ ਸੈਕਸ ਨੂੰ ਕੁਦਰਤੀ ਰੂਪ ਵਿੱਚ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਅਸੀਂ ਇਸ ਅਟੱਲ ਸੱਚਾਈ ਨੂੰ ਵੀ ਪ੍ਰਵਾਨ ਨਹੀਂ ਕੀਤਾ ਕਿ ਸੈਕਸ ਦੀ ਲੋੜ ਹਰ ਕਿਸੇ ਨੂੰ ਹੁੰਦੀ ਹੈ ਅਤੇ ਸੈਕਸ ਦਾ ਨੈਤਿਕਤਾ ਨਾਲ ਵੀ ਕਿਸੇ ਕਿਸਮ ਦਾ ਕੋਈ ਰਿਸ਼ਤਾ ਨਹੀਂ ਹੁੰਦਾ। ਇਸ ਮਾਨਸਿਕਤਾ ਨੂੰ ਵੀ ਬਦਲਣ ਦੀ ਜ਼ਰੂਰਤ ਹੈ ਕਿ ਸੈਕਸ ਕੇਵਲ ਵੱਡੀ ਉਮਰ ਦੇ ਲੋਕਾਂ ਦੇ ਹੀ ਕੰਮ ਦੀ ਗੱਲ ਹੈ ਜਾਂ ਬੱਚਿਆਂ ਨੂੰ ਇਸ ਬਾਰੇ ਜਾਣਨ ਦੀ ਕੋਈ ਲੋੜ ਹੀ ਨਹੀਂ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਲੜਕੇ-ਲੜਕੀਆਂ ਨੂੰ ਸਾਂਝੇ ਸਕੂਲਾਂ ਵਿੱਚ ਪੜ੍ਹਾਉਣ ਅਤੇ ਘਰਾਂ ਵਿੱਚ ਵੀ ਉਨ੍ਹਾਂ ਨੂੰ ਇੱਕ ਦੂਜੇ ਨਾਲ ਮਿਲਣ ਤੋਂ ਰੋਕਿਆ ਨਾ ਜਾਵੇ। ਸਕੂਲਾਂ ਵਿੱਚ ਉਨ੍ਹਾਂ ਨੂੰ ਇਕੱਠੇ ਬਿਠਾ ਕੇ ਸਹੀ ਸੰਪਰਕ, ਗਲਤ ਸੰਪਰਕ, ਸਰੀਰਕ ਤਬਦੀਲੀਆਂ, ਮਾਹਵਾਰੀ, ਸੁਰੱਖਿਅਤ ਸੈਕਸ, ਸੈਕਸ ਨਾਲ ਜੁੜੀਆਂ ਬਿਮਾਰੀਆਂ, ਗਰਭ ਨਿਰੋਧਕ ਵਿਧੀਆਂ ਅਤੇ ਉਨ੍ਹਾਂ ਦੇ ਗਲਤ ਪ੍ਰਭਾਵਾਂ ਸਬੰਧੀ ਲੋੜੀਂਦੀ ਸਿੱਖਿਆ ਜ਼ਰੂਰ ਦੇਣੀ ਚਾਹੀਦੀ ਹੈ। ਸੈਕਸ ਕੇਵਲ ਔਰਤ ਅਤੇ ਮਰਦ ਵਿਚਕਾਰ ਹੀ ਨਹੀਂ ਹੁੰਦਾ, ਇਸ ਲਈ ਬੱਚਿਆਂ ਨੂੰ ਲਿੰਗਕ ਵਿਭਿੰਨਤਾ ਬਾਰੇ ਵੀ ਦੱਸਿਆ ਜਾਣਾ ਚਾਹੀਦਾ ਹੈ।
ਅਸੀਂ ਭਲੀਭਾਂਤ ਜਾਣਦੇ ਹਾਂ ਕਿ ਜਿਉਂ-ਜਿਉਂ ਸਾਡੀ ਸੱਭਿਅਤਾ ਦਾ ਅਖੌਤੀ ਵਿਕਾਸ ਹੁੰਦਾ ਹੈ, ਤਿਉਂ-ਤਿਉਂ ਸਾਡੇ ਸਮਾਜ ਵਿੱਚ ਪਾਗਲਾਂ ਦੀ ਗਿਣਤੀ ਵੀ ਵਧਦੀ ਜਾਂਦੀ ਹੈ। ਖ਼ਾਸ ਕਰਕੇ ਬਹੁਤ ਸਾਰੇ ਸਾਧੂ ਸਮਝੇ ਜਾਂਦੇ ਲੋਕ ਸਾਨੂੰ ਵੱਖ-ਵੱਖ ਤਰ੍ਹਾਂ ਦੇ ਪਾਗਲਪਣ ਵਾਲੀ ਸਥਿਤੀ ਵਿੱਚ ਹੀ ਮਿਲਦੇ ਹਨ। ਲੋਕ ਬੁਰੀ ਤਰ੍ਹਾਂ ਚਿੰਤਾ, ਤਣਾਓ ਅਤੇ ਬੇਹੱਦ ਗੰਭੀਰ ਕਿਸਮ ਦੇ ਮਾਨਸਿਕ ਰੋਗਾਂ ਨਾਲ ਪੀੜਤ ਦਿਖਾਈ ਦਿੰਦੇ ਹਨ। ਮਾਨਸਿਕ ਮਾਹਿਰਾਂ ਨਾਲ ਗੱਲਬਾਤ ਕਰਦਿਆਂ ਪਤਾ ਲੱਗਦਾ ਹੈ ਕਿ ਅਜਿਹੇ ਵਰਤਾਰੇ ਲਈ ਜ਼ਿਆਦਾ ਕਰਕੇ ਜਿਹੜਾ ਮੁੱਖ ਕਾਰਨ ਸਾਡੇ ਸਾਹਮਣੇ ਆਉਂਦਾ ਹੈ, ਉਹ ਹੈ ਸੈਕਸ ਦੇ ਜਜ਼ਬੇ ਨੂੰ ਜ਼ਬਰਦਸਤੀ ਦਬਾਉਣਾ। ਧੱਕੇ ਨਾਲ ਦਬਾਇਆ ਹੋਇਆ ਸੈਕਸ ਵਿਰੋਧਾਭਾਸ ਪੈਦਾ ਕਰਦਾ ਹੈ, ਜਿਸ ਦੇ ਕਾਰਨ ਅਜਿਹੀਆਂ ਆਪੇ ਸਹੇੜੀਆਂ ਅਲਾਮਤਾਂ ਪੈਦਾ ਹੁੰਦੀਆਂ ਹਨ।
ਸੈਕਸ ਦੇ ਖ਼ਿਲਾਫ਼ ਸਭ ਤੋਂ ਵੱਧ ਜ਼ਹਿਰੀਲਾ ਪ੍ਰਚਾਰ ਸਾਡੇ ਧਰਮ-ਗ੍ਰੰਥਾਂ ਨੇ ਕੀਤਾ ਹੈ, ਜਿਨ੍ਹਾਂ ਵਿੱਚ ਪੰਜ ਵਿਕਾਰਾਂ ਦੀ ਚਰਚਾ ਕਰਦਿਆਂ ਕਾਮ ਨੂੰ ਸਭ ਤੋਂ ਖ਼ਤਰਨਾਕ ਦੱਸਿਆ ਗਿਆ ਹੈ ਪਰ ਇਹ ਵੀ ਇੱਕ ਤਲਖ਼ ਹਕੀਕਤ ਹੈ ਕਿ ਇਨ੍ਹਾਂ ਧਰਮ-ਗ੍ਰੰਥਾਂ ਵਿੱਚ ਕਾਮੁਕ ਕਥਾਵਾਂ ਦੀ ਭਰਮਾਰ ਵੀ ਕਿਸੇ ਤੋਂ ਲੁਕੀ-ਛਿਪੀ ਨਹੀਂ ਹੈ। ਅਸੀਂ ਪੜ੍ਹਦੇ ਆਏ ਹਾਂ ਕਿ ਕਿਵੇਂ ਗ੍ਰਹਿਸਥੀ ਜੀਵਨ ਤੋਂ ਭੱਜ ਕੇ ਜੰਗਲਾਂ ਵਿੱਚ ਸਮਾਧੀਆਂ ਲਗਾਉਣ ਵਾਲੇ ਮਹਪੁਰਖਾਂ ਦੀ, ਕਿਸੇ ਖ਼ੂਬਸੂਰਤ ਔਰਤ ਨੂੰ ਦੇਖਦਿਆਂ ਹੀ ਤਪੱਸਿਆ ਭੰਗ ਹੋ ਜਾਂਦੀ ਸੀ। ਅਸਲ ਵਿੱਚ ਸੈਕਸ ਨੂੰ ਸਮਝਣ ਦੀ ਜਗ੍ਹਾ, ਇਸ ਦਾ ਕੀਤਾ ਜਾ ਰਿਹਾ ਦਮਨ ਹੀ ਸਾਰੀ ਸਮੱਸਿਆ ਦੀ ਜੜ੍ਹ ਹੈ। ਬੇਸ਼ੱਕ ਸਾਨੂੰ ਇਹ ਸੁਣਨਾ ਚੰਗਾ ਨਹੀਂ ਲੱਗਦਾ ਕਿ ਜੇਕਰ ਸੱਚਮੁੱਚ ਹੀ ਕਾਮ ਨੂੰ ਖ਼ਤਮ ਕਰ ਦਿੱਤਾ ਗਿਆ ਹੁੰਦਾ ਤਾਂ ਫਿਰ ਸਾਡੇ ਵੱਡੇ-ਵੱਡੇ ਰਿਸ਼ੀਆਂ-ਮੁਨੀਆਂ ਅਤੇ ਗੁਰੂਆਂ-ਪੀਰਾਂ ਦੀਆਂ ਸਿੱਖਿਆਵਾਂ ਵੀ ਸਾਡੇ ਤੱਕ ਨਹੀਂ ਸੀ ਪਹੁੰਚ ਸਕਣੀਆਂ। ਕਾਮ ਦਾ ਅੰਨ੍ਹੇਵਾਹ ਵਿਰੋਧ ਤਿਆਗ ਕੇ ਇਸ ਦੀ ਰਚਨਾਤਮਿਕਤਾ ਅਤੇ ਸਿਰਜਣਾਤਮਿਕਤਾ ਨੂੰ ਸਮਝਣ ਦੀ ਲੋੜ ਹੈ। ਕਾਮ ਸਾਡੇ ਜੀਵਨ ਦਾ ਆਧਾਰ ਹੈ ਅਤੇ ਬਹੁਤ ਸਾਰੇ ਭਾਈਚਾਰਿਆਂ ਵਿੱਚ ਤਾਂ ਔਰਤ-ਮਰਦ ਦੇ ਗੁਪਤ ਅੰਗਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ।
ਬੇਸ਼ੱਕ ਅਸੀਂ ਜਾਨਵਰ ਨਹੀਂ ਹਾਂ ਅਤੇ ਨਾ ਹੀ ਅਸੀਂ ਜਾਨਵਰਾਂ ਵਾਂਗ ਸਰੀਰਕ ਸਬੰਧ ਬਣਾਉਣ ਦੇ ਵਰਤਾਰੇ ਨੂੰ ਪ੍ਰਵਾਨਗੀ ਦੇ ਸਕਦੇ ਹਾਂ। ਸੈਕਸ ਸਬੰਧ ਬਣਾਉਂਦੇ ਸਮੇਂ ਬਹੁਤ ਸਾਰੀਆਂ ਮਨੁੱਖੀ ਧਾਰਨਾਵਾਂ ਅਤੇ ਮਾਨਤਾਵਾਂ ਨੂੰ ਹਮੇਸ਼ਾ ਹੀ ਧਿਆਨ ਵਿੱਚ ਰੱਖਿਆ ਜਾਂਦਾ ਰਿਹਾ ਹੈ, ਜਿਨ੍ਹਾਂ ਦਾ ਪਾਲਣ ਕਰਨਾ ਬੇਹੱਦ ਜ਼ਰੂਰੀ ਵੀ ਹੁੰਦਾ ਹੈ ਪਰ ਮਨੁੱਖ ਦੇ ਇਸ ਬਿਲਕੁੱਲ ਹੀ ਨਿੱਜੀ ਸੰਦਰਭ ਨੂੰ ਕਿਸੇ ਤਰ੍ਹਾਂ ਦੀ ਅਪਰਾਧਿਕ ਸ਼੍ਰੇਣੀ ਵਿੱਚ ਰੱਖ ਕੇ ਦੇਖਿਆ ਜਾਣਾ ਉੱਕਾ ਹੀ ਬਰਦਾਸ਼ਤ ਨਹੀਂ ਕੀਤਾ ਜਾਣਆ ਚਾਹੀਦਾ। ਆਪਸੀ ਸਹਿਮਤੀ ਨਾਲ ਬਣਾਏ ਗਏ ਸੈਕਸ ਸਬੰਧ ਕਿਸੇ ਤਰ੍ਹਾਂ ਵੀ ਨਾਜਾਇਜ਼ ਨਹੀਂ ਹੁੰਦੇ ਅਤੇ ਨਾ ਹੀ ਇਨ੍ਹਾਂ ਨੂੰ ਨਿੰਦਣਯੋਗ ਠਹਿਰਾਇਆ ਜਾ ਸਕਦਾ ਹੈ। ਜਿਨ੍ਹਾਂ ਦੇਸ਼ਾਂ ਵਿੱਚ ਸੈਕਸ ਸਬੰਧਾਂ ਬਾਰੇ ਅਜਿਹਾ ਰੂੜ੍ਹੀਵਾਦੀ ਨਜ਼ਰੀਆ ਨਹੀਂ ਅਪਣਾਇਆ ਜਾਂਦਾ, ਉਨ੍ਹਾਂ ਵਿੱਚ ਬਲਾਤਾਕਰਾਂ ਵਰਗੀਆਂ ਸ਼ਰਮਨਾਕ ਘਟਨਾਵਾਂ ਵੀ ਬਹੁਤ ਘੱਟ ਵਾਪਰਦੀਆਂ ਹਨ। ਵੈਸੇ ਵੀ ਅਜੋਕੇ ਵਿਗਿਆਨਕ ਯੁੱਗ ਵਿੱਚ ਆਪਣੇ ਵਿਚਾਰਾਂ ਦੀ ਸੁਤੰਤਰਤਾ ਨਾਲ ਜਿਊਂ ਰਹੀ ਨਵੀਂ ਪੀੜ੍ਹੀ ਲਈ ਸੈਕਸ ਕੋਈ ਡਰਾਉਣੀ ਸ਼ੈਅ ਨਹੀਂ ਰਿਹਾ ਅਤੇ ਉਹ ਆਪਣੇ ਜਿਊਣ ਦੇ ਬੁਨਿਆਦੀ ਹੱਕ ਉੱਤੇ ਕਿਸੇ ਕਿਸਮ ਦਾ ਬਾਹਰੀ ਦਾਬਾ ਵੀ ਪ੍ਰਵਾਨ ਨਹੀਂ ਕਰਦੀ।
-ਕਰਮ ਸਿੰਘ ਜ਼ਖ਼ਮੀ
ਗੁਰੂ ਤੇਗ ਬਹਾਦਰ ਨਗਰ,
ਹਰੇੜੀ ਰੋਡ, ਸੰਗਰੂਰ-148001
ਸੰਪਰਕ: 98146-28027
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly