ਸੇਵਾ ਦੇ ਪੁੰਜ -ਮਹੰਤ ਦਇਆ ਸਿੰਘ ‘ਸੇਵਾਪੰਥੀ’ ਜਾਂ ਮਹਾਨ ਤਿਆਗੀ ਤੇ ਪਰ-ਉਪਕਾਰੀ : ਮਹੰਤ ਦਇਆ ਸਿੰਘ ‘ਸੇਵਾਪੰਥੀ’

8 ਤੋਂ 10 ਨਵੰਬਰ ਤੱਕ ਬਰਸੀ ’ਤੇ ਵਿਸ਼ੇਸ਼
 (ਸਮਾਜ ਵੀਕਲੀ) ‘ਨਾ ਕੋ ਬੈਰੀ ਨਹੀ ਬਿਗਾਨਾ’ ਗੁਰਵਾਕ ਅਨੁਸਾਰ ਸਿੱਖੀ ਸਿਧਾਂਤਾਂ ਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਲੋਕਾਈ ਦੀ ਭਲਾਈ ਅਤੇ ਸੇਵਾ ਸੰਭਾਲ ਦੇ ਅਨੂਠੇ ਕਾਰਜ ਵਿੱਚ ਲੀਨ ਭਾਈ ਕਨੱਈਆ ਜੀ ਨੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਖ਼ਸ਼ਿਸ਼ ਸਦਕਾ ਸੇਵਾ, ਸਿਮਰਨ ਅਤੇ ਵਿੱਦਿਆ ਦੇ ਮਹਾਨ ਕੇਂਦਰ ਉਸਾਰ ਕੇ ‘ਸੇਵਾਪੰਥੀ’ ਸੰਪਰਦਾਇ ਦੀ ਸਥਾਪਨਾ ਕੀਤੀ । ਸੇਵਾਪੰਥੀ ਸੰਤ-ਮਹਾਂਪੁਰਸ਼ ਅਨੇਕਾਂ ਹੋਏ, ਉਹਨਾਂ ਵਿੱਚੋਂ ਹੀ ਪਰ-ਉਪਕਾਰੀ, ਸੇਵਾ ਤੇ ਸਿਮਰਨ ਦੇ ਪੁੰਜ ਸਨ ਮਹੰਤ ਦਇਆ ਸਿੰਘ ਜੀ ‘ਸੇਵਾਪੰਥੀ’।
ਮਹੰਤ ਦਇਆ ਸਿੰਘ ਜੀ ਦਾ ਜਨਮ ਸੰਨ 1925 ਈ: ਸੰਮਤ 1982 ਬਿਕਰਮੀ ’ਚ ਪਿਤਾ ਸ੍ਰ: ਮਿਹਰ ਸਿੰਘ ਦੇ ਘਰ ਮਾਤਾ ਜੈ ਕੌਰ ਦੀ ਪਵਿੱਤਰ ਕੁੱਖ ਤੋਂ ਮਿੱਠਾ ਟਿਵਾਣਾ (ਪਾਕਿਸਤਾਨ) ਵਿਖੇ ਹੋਇਆ। ਬਚਪਨ ਤੋਂ ਹੀ ਆਪ ਸਾਧੂ-ਸੁਭਾਅ ਦੇ ਸਨ। ਆਪ ਨੇ ਸਕੂਲੀ ਵਿੱਦਿਆ ਚੌਥੀ ਜਮਾਤ ਤੱਕ ਹੀ ਪੜ੍ਹਾਈ ਕੀਤੀ। ਆਪ ਸਮੇਤ ਸੱਤ ਭਰਾ ਸਨ। ਮਹੰਤ ਦਇਆ ਸਿੰਘ ਨੇ ਘਰ-ਪਰਿਵਾਰ ਨਾਲ ਬਿਲਕੁਲ ਮੋਹ ਨਹੀਂ ਰੱਖਿਆ ਸੀ, ਨਾ ਹੀ ਉਹ ਪਰਿਵਾਰ ਵੱਲ ਧਿਆਨ ਦਿੰਦੇ ਸਨ। ਜਦੋਂ ਉਹਨਾਂ ਦੀ ਮਾਤਾ ਜੈ ਕੌਰ ਅਕਾਲ ਚਲਾਣਾ ਕਰ ਗਏ ਸਨ ਤਾਂ ਉਸ ਸਮੇਂ ਮਹੰਤ ਦਇਆ ਸਿੰਘ ਤੇ ਮਹੰਤ ਤਾਰਾ ਸਿੰਘ ਜੀ ਜਲੰਧਰ ਵਿੱਚ ਹੋਣ ਦੇ ਬਾਵਜੂਦ ਵੀ ਸਸਕਾਰ ਤੇ ਨਹੀਂ ਪਹੁੰਚੇ ਸਨ।
ਮਹੰਤ ਦਇਆ ਸਿੰਘ ਜੀ ਨੇ ਮਹੰਤ ਜਵਾਹਰ ਸਿੰਘ ਜੀ ਪਾਸੋਂ ਗੁਰਬਾਣੀ ਦੀ ਸੰਥਿਆ ਪ੍ਰਾਪਤ ਕੀਤੀ । ਮਹੰਤ ਜਵਾਹਰ ਸਿੰਘ ਨੇ ਉਹਨਾਂ ਨੂੰ ਗੁਰਮਤਿ ਸਮਾਗਮਾਂ ਅਤੇ ਅਸਥਾਨ ਵਿਖੇ ਕਥਾ, ਗੁਰਮਤਿ ਵਿਚਾਰ ਕਰਨ ਲਾਇਆ। ਮਹੰਤ ਦਇਆ ਸਿੰਘ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ। ਉਹ ਕ੍ਰਿਪਾਨ ਵੀ ਚੋਲੇ (ਕਮੀਜ਼) ਦੇ ਉੱਪਰੋਂ ਦੀ ਪਹਿਨਦੇ (ਧਾਰਨ ਕਰਦੇ) ਸਨ। ਉਹ ਰੋਜ਼ਾਨਾ ਅੰਮ੍ਰਿਤ ਵੇਲੇ ਨਿੱਤ-ਨੇਮ ਕਰਨ ਉਪਰੰਤ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਜਾਂਦੇ ਸਨ ਤੇ ਇਕਾਗਰ-ਚਿੱਤ ਹੋ ਕੇ ਕਈ-ਕਈ ਘੰਟੇ ਕੀਰਤਨ ਸੁਣਦੇ ਹੁੰਦੇ ਸਨ।
ਮਹੰਤ ਦਇਆ ਸਿੰਘ ਗ਼ਰੀਬ, ਲੋੜਵੰਦ ਦੀ ਹਰ ਮੱਦਦ ਕਰਨ ਦੀ ਕੋਸ਼ਿਸ਼ ਕਰਦੇ ਸਨ। ਉਹ ਕਿਸੇ ਦਾ ਦੁੱਖ ਨਹੀਂ ਦੇਖ ਸਕਦੇ ਸਨ। ਜੇਕਰ ਕੋਈ ਦੁਖੀ ਆਪਣੀ ਫ਼ਰਿਆਦ ਲੈ ਕੇ ਮਹੰਤ ਦਇਆ ਸਿੰਘ ਜੀ ਕੋਲ ਆਉਂਦਾ ਤਾਂ ਆਪ ਉਸ ਦੀ ਦੇਹ ਅਰੋਗਤਾ ਲਈ ਉਸ ਸਮੇਂ ਹੀ ਅਰਦਾਸ ਕਰਨ ਲਈ ਖੜ੍ਹੇ ਹੋ ਜਾਂਦੇ ਸਨ। ਮਹੰਤ ਦਇਆ ਸਿੰਘ ਜੀ ਨੇ 1978-79 ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨ ਵਿੱਚ ਲਗਾਤਾਰ ਚਾਰ ਮਹੀਨੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।
ਮਹੰਤ ਜਵਾਹਰ ਸਿੰਘ ਜੀ ਦੇ ਕਹਿਣ ਤੇ ਹੀ ਮਹੰਤ ਦਇਆ ਸਿੰਘ ਜੀ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਸਾਹਿਬ ਤੇ ਚੌਰਾਸੀ ਕੱਟ ਕੇ ਆਏ। ਮਹੰਤ ਦਇਆ ਸਿੰਘ, ਮਹੰਤ ਜਵਾਹਰ ਸਿੰਘ ਦੇ ਚੇਲੇ ਸਨ। ਆਪ ਮਹੰਤ ਜਵਾਹਰ ਸਿੰਘ ਦਾ ਹਰ ਹੁਕਮ ਸਿਰ ਮੱਥੇ ਮੰਨਦੇ ਸਨ। ਮਹੰਤ ਦਇਆ ਸਿੰਘ, ਦਇਆ ਅਤੇ ਸ਼ਾਂਤੀ ਦੇ ਪੁੰਜ ਸਨ। ਉਹਨਾਂ ਦੇ ਦਿਲ ਵਿੱਚ ਮਨੁੱਖਤਾ ਪ੍ਰਤੀ ਅਥਾਹ ਦਰਦ ਅਤੇ ਪ੍ਰੇਮ ਸੀ।
ਇੱਕ ਵਾਰ ਦੀ ਗੱਲ ਹੈ ਕਿ ਅੰਮ੍ਰਿਤ ਵੇਲੇ ਸਾਢੇ ਤਿੰਨ ਵਜੇ ਇੱਕ ਬਜ਼ੁਰਗ ਮਾਤਾ ਆਪਣੀ ਪੋਤਰੀ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੀ ਸੀ। ਉਸ ਨੇ ਗੁਰਦੁਆਰਾ ਸਾਹਿਬ  ਦਾ ਦਰਵਾਜ਼ਾ ਜ਼ੋਰ-ਜ਼ੋਰ ਦੀ ਖੜਕਾਇਆ। ਮਹੰਤ ਦਇਆ ਸਿੰਘ ਜੀ ਨੇ ਸੇਵਾਦਾਰ ਸੁਰਿੰਦਰ ਸਿੰਘ (ਮੌਜੂਦਾ ਮਹੰਤ) ਨੂੰ ਕਿਹਾ ਕਿ ਦੇਖੋ ਕੌਣ ਹੈ ? ਸੇਵਾਦਾਰ ਸੁਰਿੰਦਰ ਸਿੰਘ ਨੇ ਕਮਰੇ ਦੀ ਖਿੜਕੀ ਖੋਲ੍ਹ ਕੇ ਦੇਖਿਆ ਤਾਂ ਮਹੰਤ ਦਇਆ ਸਿੰਘ ਜੀ ਨੂੰ ਦੱਸਿਆ ਕਿ ਇੱਕ ਬਜ਼ੁਰਗ ਮਾਤਾ ਆਪਣੀ ਪੋਤਰੀ ਨੂੰ ਗੋਦ ’ਚ ਲੈ ਕੇ ਰੋ ਰਹੀ ਹੈ। ਮਹੰਤ ਦਇਆ ਸਿੰਘ ਜੀ ਨੇ ਸੇਵਾਦਾਰ ਸੁਰਿੰਦਰ ਸਿੰਘ ਨੂੰ ਕਿਹਾ ਕਿ ਸਾਰੇ ਸੇਵਾਦਾਰਾਂ ਨੂੰ ਉਠਾ ਕੇ ਹਾਲ ਕਮਰੇ ਵਿੱਚ ਭੇਜ ਦਿੳ ਤੇ ਆਪ ਹੇਠਾਂ ਜਾ ਕੇ ਦਰਵਾਜ਼ਾ ਖੋਲ੍ਹੋ। ਸੇਵਾਦਾਰ ਸੁਰਿੰਦਰ ਸਿੰਘ ਤੇ ਮਹੰਤ ਦਇਆ ਸਿੰਘ ਜੀ ਨੇ ਦੇਖਿਆ ਕਿ ਮਾਤਾ ਦੀ ਗੋਦ ਵਿੱਚ ਉਸ ਦੀ ਪੋਤਰੀ ਬੇਹੋਸ਼ ਸੀ। ਉਸ ਨੂੰ ਕੋਈ ਹੋਸ਼ ਨਹੀਂ ਸੀ। ਮਹੰਤ ਦਇਆ ਸਿੰਘ ਜੀ ਨੇ ਸੇਵਾਦਾਰ ਸੁਰਿੰਦਰ ਸਿੰਘ ਨੂੰ ਕਿਹਾ ਕਿ ਇੱਕ ਪਾਣੀ ਦਾ ਗਲਾਸ ਲੈ ਕੇ ਆਓ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ’ਚ ਰੱਖ ਕੇ ਆਪ ਵੀ ਹਾਲ ਕਮਰੇ ਵਿੱਚ ਚਲੇ ਜਾਓ। ਮਹੰਤ ਦਇਆ ਸਿੰਘ ਜੀ ਨੇ ਨੇਤਰ ਬੰਦ ਕਰਕੇ, ਅੰਤਰ ਧਿਆਨ ਹੋ ਕੇ ਪਾਠ ਕਰਕੇ ਅਰਦਾਸ ਕੀਤੀ ਤੇ ਬੱਚੀ ਦੇ ਸਰੀਰ ਉੱਪਰ ਜਲ (ਪਾਣੀ) ਦੇ ਛਿੱਟੇ ਮਾਰੇ। ਕੁਝ ਚਿਰ ਬਾਅਦ ਬੱਚੀ ਠੀਕ ਹੋ ਗਈ।
ਸੇਵਾ ਦੇ ਪੁੰਜ, ਪਰ-ਉਪਕਾਰੀ, ਤਿਆਗੀ, ਤਪੱਸਵੀ ਮਹੰਤ ਦਇਆ ਸਿੰਘ ਜੀ ‘ਸੇਵਾਪੰਥੀ’ 3 ਸਤੰਬਰ 1995 ਈ: ਸੰਮਤ 2052 ਬਿਕਰਮੀ ਨੂੰ 70 ਸਾਲ ਦੀ ਉਮਰ ਭੋਗ ਕੇ ਸੰਸਾਰਿਕ ਚੋਲਾ ਤਿਆਗ ਕੇ ਗੁਰਪੁਰੀ ਸਿਧਾਰ ਗਏ।
          ਮਹੰਤ ਸੁਰਿੰਦਰ ਸਿੰਘ ਜੀ ‘ਸੇਵਾਪੰਥੀ’ ਨੇ ਇੱਕ ਵਾਰ ਸੇਵਾਪੰਥੀ ਅੱਡਣ ਸ਼ਾਹੀ ਸਭਾ ਦੇ ਪ੍ਰਧਾਨ ਮਹੰਤ ਤੀਰਥ ਸਿੰਘ ਜੀ ‘ਸੇਵਾਪੰਥੀ’ ਨੂੰ ਪੁੱਛਿਆ ਕਿ ਜਿਸ ਸਮੇਂ ਮਹਾਂਪੁਰਸ਼ ਸੱਚ-ਖੰਡ ਜਾ ਬਿਰਾਜਦੇ ਹਨ ਤਾਂ ਉਸ ਤਾਰੀਖ਼ ਨੂੰ ਹੀ ਉਹਨਾਂ ਦੀ ਯਾਦ ਮਨਾਈ ਜਾਣੀ ਚਾਹੀਦੀ ਹੈ, ਤਾਂ ਮਹੰਤ ਤੀਰਥ ਸਿੰਘ ਜੀ ਨੇ ਉੱਤਰ ਦਿੱਤਾ, ਇਹ ਜ਼ਰੂਰੀ ਨਹੀਂ ਹੈ । ਮਹਾਂਪੁਰਸ਼ਾਂ ਦੀ ਯਾਦ ਕੁਝ ਦਿਨ ਅੱਗੇ-ਪਿੱਛੇ ਕਰਕੇ ਵੀ ਮਨਾਈ ਜਾ ਸਕਦੀ ਹੈ ।
      ਮਹੰਤ ਸੁਰਿੰਦਰ ਸਿੰਘ ਜੀ ਨੇ ਮਹੰਤ ਤੀਰਥ ਸਿੰਘ ਜੀ ਨੂੰ ਕਿਹਾ, “ਕਿ ਮਹੰਤ ਦਇਆ ਸਿੰਘ ਜੀ ‘ਸੇਵਾਪੰਥੀ’ 3 ਸਤੰਬਰ 1995 ਈਸਵੀ ਨੂੰ ਗੁਰਪੁਰੀ ਪਿਆਰਾ ਕਰ ਗਏ ਸਨ । ਉਸ ਸਮੇਂ ਗਰਮੀ ਬਹੁਤ ਸੀ ।” ਜੇਕਰ ਉਹਨਾਂ ਦੀ ਯਾਦ (ਯੱਗ- ਸਮਾਗਮ/ ਬਰਸੀ) ਨਵੰਬਰ ਮਹੀਨੇ ਵਿੱਚ ਮਨਾ ਲਈ ਜਾਵੇ, ਕਿਉਂਕਿ ਉਸ ਸਮੇਂ ਮੌਸਮ ਵਿੱਚ ਤਬਦੀਲੀ ਆ ਜਾਂਦੀ ਹੈ। ਨਾ ਜ਼ਿਆਦਾ ਗਰਮੀ ਹੁੰਦੀ ਹੈ ਤੇ ਨਾ ਹੀ ਜ਼ਿਆਦਾ ਸਰਦੀ ਹੁੰਦੀ ਹੈ । ਮਹੰਤ ਤੀਰਥ ਸਿੰਘ ਜੀ ‘ਸੇਵਾਪੰਥੀ’ ਨੇ ਕਿਹਾ, ਠੀਕ ਹੈ। ਉਸ ਸਮੇਂ ਤੋਂ ਹੀ ਮਹੰਤ ਦਇਆ ਸਿੰਘ ਜੀ ‘ਸੇਵਾਪੰਥੀ’ ਦੀ ਯਾਦ ਵਿੱਚ ਸਾਲਾਨਾ ਯੱਗ-ਸਮਾਗਮ ਨਵੰਬਰ ਮਹੀਨੇ ਮਨਾਉਣਾ ਸ਼ੁਰੂ ਕੀਤਾ ਗਿਆ ।
ਗੁਰਦੁਆਰਾ ਡੇਰਾ ਮਿੱਠਾ ਟਿਵਾਣਾ, ਚੌਂਕ ਬਾਬਾ ਸਾਹਿਬ, ਅੰਮ੍ਰਿਤਸਰ ਵਿਖੇ ਸ਼੍ਰੀਮਾਨ ਮਹੰਤ ਸੁਰਿੰਦਰ ਸਿੰਘ ਜੀ ‘ਸੇਵਾਪੰਥੀ’ ਦੀ ਸਰਪ੍ਰਸਤੀ ਹੇਠ ਮਹੰਤ ਦਇਆ ਸਿੰਘ ਜੀ ‘ਸੇਵਾਪੰਥੀ’ ਦਾ 29ਵਾਂ ਬਰਸੀ ਸਮਾਗਮ 8, 9 ਅਤੇ 10 ਨਵੰਬਰ ਦਿਨ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਬੜੇ ਪ੍ਰੇਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। 8 ਨਵੰਬਰ ਨੂੰ ਸਵੇਰੇ 11 ਵਜੇ ਅਖੰਡ-ਪਾਠ ਸਾਹਿਬ ਆਰੰਭ ਹੋਣਗੇ। ਜਿਨ੍ਹਾਂ ਦੀ ਸਮਾਪਤੀ 10 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਹੋਵੇਗੀ, ਉਪਰੰਤ ਕੀਰਤਨ-ਦਰਬਾਰ ਅਤੇ ਸੰਤ-ਸਮਾਗਮ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ। ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥੇ, ਪ੍ਰਚਾਰਕ, ਸੰਤ-ਮਹਾਂਪੁਰਸ਼ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।
 
ਕਰਨੈਲ ਸਿੰਘ ਐੱਮ.ਏ. ਲੁਧਿਆਣਾ
 # 1138/63-ਏ, ਗੁਰੂ ਤੇਗ਼ ਬਹਾਦਰ ਨਗਰ,
 ਗਲੀ ਨੰਬਰ 1, ਚੰਡੀਗੜ੍ਹ ਰੋਡ,
 ਜਮਾਲਪੁਰ, ਲੁਧਿਆਣਾ।
 Email : [email protected] 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleके.आर. नारायणन –गुंबदनुमा झोपड़ी से लेकर गुंबदनुमा राष्ट्रपति भवन तक का सफर :एक विश्लेषण
Next articleਲੁਧਿਆਣਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ ਕੰਪਿਊਟਰ ਅਧਿਆਪਕਾਂ ਨੇ ਕਾਲੀਆਂ ਝੰਡੀਆਂ ਵਿਖਾ ਕੇ ਕੀਤਾ ਸਵਾਗਤ