ਸੇਵਾ ਦੇ ਪੁੰਜ ਤੇ ਪਰਉਪਕਾਰੀ, ਸੰਤ ਬਾਬਾ ਲਾਭ ਸਿੰਘ

ਸੰਤ ਬਾਬਾ ਲਾਭ ਸਿੰਘ
28 ਜੁਲਾਈ ਬਰਸੀ ’ਤੇ ਵਿਸ਼ੇਸ਼
ਕਰਨੈਲ ਸਿੰਘ 
(ਸਮਾਜ ਵੀਕਲੀ) ਸੰਸਾਰ ਵਿੱਚ ਕੁਝ ਸੰਤ ਮਹਾਂਪੁਰਸ਼ ਅਜਿਹੇ ਹੁੰਦੇ ਹਨ ਜੋ ਆਪਣੇ ਖੇਤਰ ਦੀਆਂ ਪ੍ਰਾਪਤੀਆਂ  ਸਦਕਾ ਅਮਰ ਹੋ ਜਾਂਦੇ ਹਨ ਤੇ ਉਹਨਾਂ ਵੱਲੋਂ ਘਾਲੀਆਂ ਘਾਲਨਾਵਾਂ ਨੂੰ ਸੰਗਤਾਂ ਨਤਮਸਤਕ ਹੁੰਦੀਆਂ ਹਨ। ਅਜਿਹੇ ਹੀ ਸਨ ਪਰ-ਉਪਕਾਰੀ ਤੇ ਸੇਵਾ ਦੇ ਪੁੰਜ ਸੰਤ ਬਾਬਾ ਲਾਭ ਸਿੰਘ ਜੀ।
ਸੰਤ ਬਾਬਾ ਲਾਭ ਸਿੰਘ ਜੀ ਦਾ ਜਨਮ 15 ਜੂਨ 1923 ਈ: ਨੂੰ ਪਿਤਾ ਸ੍ਰ: ਗੰਗਾ ਸਿੰਘ ਤੇ ਮਾਤਾ ਇੰਦਰ ਕੌਰ ਦੇ ਘਰ ਪਿੰਡ ਸਾਘਣਾ ਹੁਣ ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ। ਉਹਨਾਂ ਦਾ ਬਚਪਨ ਤੋਂ ਹੀ ਝੁਕਾਅ ਸੇਵਾ ਵੱਲ ਸੀ। ਉਹਨਾਂ ਮੁੱਢਲੀ ਵਿੱਦਿਆ ਸ਼੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਉਹ ਬਾਲ ਉਮਰੇ ਹੀ ਗੁਰੂ ਘਰ ਦੀ ਸੇਵਾ ਬੜੀ ਲਗਨ ਨਾਲ ਕਰਦੇ। ਬਚਪਨ ਤੋਂ ਹੀ ਉਹ ਗੁਰੂ ਘਰ ਦੇ ਅਨਿੰਨ ਸ਼ਰਧਾਲੂ ਰਹੇ। ਉਹ ਰੋਜ਼ਾਨਾ ਸ਼੍ਰੀ ਦਰਬਾਰ ਸਾਹਿਬ ਵਿਖੇ ਜੋੜਿਆਂ ਦੀ ਸੇਵਾ ਅਤੇ ਪਰਕਰਮਾ ਧੋਣ ਦੀ ਸੇਵਾ ਕਰਨ ਜਾਂਦੇ। ਉਹ ਗੁਰਬਾਣੀ ਦੇ ਰਸੀਏ ਅਤੇ ਸੰਗੀਤ ਪ੍ਰੇਮੀ ਸਨ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ ਸੁਣਦੇ-ਸੁਣਦੇ ਇੰਨੇ ਲੀਨ ਹੋ ਜਾਂਦੇ ਕਿ ਪਰਕਰਮਾ ਵਿੱਚ ਹੀ ਸੌਂ ਜਾਂਦੇ ਸਨ। ਸੰਤ ਬਾਬਾ ਸੇਵਾ ਸਿੰਘ ਜੀ ਜਦ ਅੰਮ੍ਰਿਤਸਰ ਆਉਂਦੇ ਤਾਂ ਇਹਨਾਂ ਦੀ ਸੇਵਾ ਭਾਵਨਾ ਦੇਖ ਕੇ ਅਤੀ ਪ੍ਰਸੰਨ ਹੁੰਦੇ ਸਨ। ਸੰਤ ਸੇਵਾ ਸਿੰਘ ਇਹਨਾਂ ਦੀ ਸੇਵਾ-ਭਾਵਨਾ, ਮਿੱਠਬੋਲੜੇ ਸੁਭਾਅ ਤੇ ਮਿਲਣਸਾਰ ਤੋਂ ਬਹੁਤ ਪ੍ਰਸੰਨ ਹੋਏ। ਇਹਨਾਂ ਦੀ ਸੇਵਾ ਤੇ ਲਗਨ ਨੂੰ ਵੇਖ ਕੇ ਸੰਨ 1966 ਵਿੱਚ ਬਾਬਾ ਸੇਵਾ ਸਿੰਘ ਜੀ ਦੇ ਮਨ ਵਿੱਚ ਆਇਆ ਕਿ ਭਾਈ ਲਾਭ ਸਿੰਘ ਨੂੰ ਕਿਲ੍ਹਾ ਅਨੰਦਗੜ੍ਹ ਦੀ ਸੇਵਾ ਸੌਂਪੀ ਜਾਵੇ। ਸੰਤਾਂ ਦੀ ਦਿੱਬ-ਦ੍ਰਿਸ਼ਟੀ ਨਾਲ ਆਪ ਹੁਕਮ ਮੰਨ ਕੇ ਕਿਲ੍ਹਾ ਅਨੰਦਗੜ੍ਹ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦਫ਼ਤਰ ਦਾ ਕੰਮ ਸੰਭਾਲ ਲਿਆ ਅਤੇ ਉੱਥੇ ਹੀ ਸਾਰੇ ਗੁਰਦੁਆਰਿਆਂ ਦੀ ਦੇਖ-ਭਾਲ, ਸੰਗਤਾਂ ਲਈ ਗੁਰੂ ਕਾ ਲੰਗਰ ਤੇ ਉਹਨਾਂ ਦੀ ਰਿਹਾਇਸ਼ ਦਾ ਪੂਰਾ-ਪੂਰਾ ਪ੍ਰਬੰਧ ਕਰਨ ਵਿੱਚ ਜੁੱਟ ਗਏ।
ਸੰਤ ਸੇਵਾ ਸਿੰਘ ਕਿਲ੍ਹਾ ਅਨੰਦਗੜ੍ਹ (ਅਨੰਦਪੁਰ ਸਾਹਿਬ) ਵਿੱਚ ਸੇਵਾ ਕਰਦਿਆਂ ਬਿਰਧ ਅਵਸਥਾ ਵਿੱਚ ਪਹੁੰਚ ਚੁੱਕੇ ਸਨ। ਉਹਨਾਂ ਨੂੰ ਕਿਸੇ ਅਨਿੰਨ ਸੇਵਾਦਾਰ ਦੀ ਜ਼ਰੂਰਤ ਸੀ। ਜਿਹੜਾ ਉਹਨਾਂ ਦੀ ਕਸੌਟੀ ਉੱਤੇ ਪੂਰਾ ਉਤਰਦਾ। ਭਾਈ ਲਾਭ ਸਿੰਘ ਨੂੰ ਦੇਖ ਕੇ ਉਹਨਾਂ ਦੀ ਇਹ ਭਾਲ ਖ਼ਤਮ ਹੋ ਗਈ। ਸੰਤ ਬਾਬਾ ਸੇਵਾ ਸਿੰਘ 22 ਜਨਵਰੀ 1982 ਈ: ਨੂੰ ਗੁਰੂ ਚਰਨਾਂ ’ਚ ਜਾ ਬਿਰਾਜੇ। ਇਸ ਤੋਂ ਪਹਿਲਾਂ ਉਹ ਕਾਰ-ਸੇਵਾ ਦੀ ਸਮੁੱਚੀ ਜ਼ੁੰਮੇਵਾਰੀ ਭਾਈ ਲਾਭ ਸਿੰਘ ਨੂੰ ਸੌਂਪ ਗਏ। ਸੰਤ ਬਾਬਾ ਲਾਭ ਸਿੰਘ ਨੇ ਸੰਗਤਾਂ ਨੂੰ ਪ੍ਰੇਰ ਕੇ ਤੇ ਆਪ ਹੱਥੀਂ ਸੇਵਾ ਕਰਕੇ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਸੇਵਾ ਸੰਪੂਰਨ ਕੀਤੀ।
ਸੰਤ ਬਾਬਾ ਲਾਭ ਸਿੰਘ ਜੀ ਵੱਲੋਂ 8 ਵੱਡੇ ਪੁਲ, 275 ਗੁਰਦੁਆਰੇ (ਗੁਰੂ ਘਰ), ਸਕੂਲ, ਕਾਲਜ ਤੇ ਹੋਰ ਵਿੱਦਿਅਕ ਸੰਸਥਾਵਾਂ, ਹਸਪਤਾਲ, ਗਉੂਸ਼ਾਲਾ, ਮੰਦਰ, ਮਸਜਿਦ, ਖੇਡ ਮੇਲਿਆਂ, ਮੁਫ਼ਤ ਮੈਡੀਕਲ ਕੈਂਪਾਂ, ਮਸੀਤਾਂ, ਸਰਾਵਾਂ, ਲੰਗਰਾਂ ਦੀ ਸੇਵਾ ਨਿਭਾਈ।
ਸਿੱਖੀ ਸਿਦਕ, ਸੇਵਾ, ਸਿਮਰਨ ਦੀ ਮੂਰਤ ਸੰਤ ਬਾਬਾ ਲਾਭ ਸਿੰਘ ਜੀ ਨੇ ਕਾਰ-ਸੇਵਾ ਦੇ ਉਹ ਕੰਮ ਕਰਵਾਏ, ਜਿਹੜੇ ਸਰਕਾਰਾਂ ਵੀ ਨਹੀਂ ਕਰਵਾ ਸਕੀਆਂ। ਜਿਸ ਦੀ ਸੰਗਤ ਸ਼ਲਾਘਾ ਕਰਦੀ ਨਹੀਂ ਥੱਕਦੀ। ਉਹਨਾਂ ਕੀਰਤਪੁਰ ਸਾਹਿਬ ਨੇੜਲੇ ਪਿੰਡ ਸ਼ਾਹਪੁਰ ਬੇਲਾ ਵਿੱਚ 10 ਕਰੋੜ ਰੁਪਏ ਦੀ ਲਾਗਤ ਨਾਲ ਪੁਲ ਬਣਵਾਇਆ ਤੇ ਇਲਾਕੇ ਦੇ ਲੋਕਾਂ ਦੀ ਸਦੀਆਂ ਪੁਰਾਣੀ ਸਮੱਸਿਆ ਦਾ ਹੱਲ ਕੀਤਾ। ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਅਸਥਘਾਟ ਨੂੰ ਪੱਕਾ ਕਰਕੇ ਪੁਲ ਦਾ ਨਿਰਮਾਣ ਕਰਵਾਇਆ। ਬਾਬਾ ਜੀ ਵੱਲੋਂ ਪਹਾੜੀਆਂ ਨੂੰ ਕੱਟ ਕੇ 2500 ਫੁੱਟ ਲੰਬਾ ਤੇ 200 ਫੁੱਟ ਚੌੜੀ ਪੰਜ ਪਿਆਰੇ, ਚਾਰ ਸਾਹਿਬਜ਼ਾਦਾ ਮਾਰਗ ਉਸਾਰਿਆ ਗਿਆ ਜੋ ਕਿ ਕਿਲ੍ਹਾ ਅਨੰਦਗੜ੍ਹ ਸਾਹਿਬ ਨੂੰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਨਾਲ ਜੋੜਦਾ ਹੈ। ਚੰਡੀਗੜ੍ਹ ਦੇ ਸਭ ਤੋਂ ਵੱਡੇ ਹਸਪਤਾਲ ਪੀ.ਜੀ.ਆਈ ’ਚ ਮਰੀਜ਼ਾਂ ਦੇ ਠਹਿਰਣ ਲਈ ਦੋ ਮੰਜ਼ਿਲਾ  ਸਰਾਂ, ਮਰੀਜ਼ਾਂ ਤੇ ਉਹਨਾਂ ਦੇ ਰਿਸਤੇਦਾਰਾਂ ਲਈ 24 ਘੰਟੇ ਲੰਗਰ ਦੀ ਸੇਵਾ ਬਾਬਾ ਜੀ ਵੱਲੋਂ ਚਲਾਈ ਗਈ ਜੋ ਅੱਜ ਵੀ ਜਾਰੀ ਹੈ। ਉਹਨਾਂ ਪੰਜਾਬ ਦੀ ਹੱਦ ਤੱਕ ਜਾ ਕੇ ਹਰਿਆਣਾ ਵਿੱਚ ਵੀ ਪੁਲਾਂ ਦਾ ਨਿਰਮਾਣ ਕੀਤਾ। ਬਾਬਾ ਜੀ ਨੇ ਘੱਗਰ ਦਰਿਆ ਵਾਲੇ ਇਲਾਕੇ ਦੇ ਚਾਰ ਗੁਰਦੁਆਰਿਆਂ ਦੀ ਸੇਵਾ ਕਰਵਾਈ।
ਮਹਾਰਾਜਾ ਰਣਜੀਤ ਸਿੰਘ ਜੀ ਨੇ ਪਹਾੜਾਂ ਵਿੱਚ ਗੁਰੂ ਸਾਹਿਬਾਨਾਂ ਦੀਆਂ ਯਾਦਾਂ ਕਾਇਮ ਕੀਤੀਆਂ। ਸੰਤ ਬਾਬਾ ਲਾਭ ਸਿੰਘ ਜੀ ਨੇ ਉਹਨਾਂ ਯਾਦਾਂ ਨੂੰ ਗੁਰਦੁਆਰੇ ਸਾਹਿਬਾਨ ਦਾ ਰੂਪ ਦੇਣ ਦੀ ਸੇਵਾ ਕਰਵਾਈ। ਇਸ ਕਾਰਜ ਵਿੱਚ ਕਈ ਕਠਿਨਾਈਆਂ ਆਈਆਂ ਕਿਉਂਕਿ ਕਈ ਰਸਤੇ ਬੜੇ ਔਖੇ ਸਨ ਤੇ ਉਹਨਾਂ ਰਸਤਿਆਂ ਦੁਆਰਾ ਸਮਾਨ ਵੀ ਜਾਣਾ ਮੁਸ਼ਕਲ ਸੀ ਪਰ ਬਾਬਾ ਜੀ ਦੇ ਅਣਥੱਕ ਯਤਨਾਂ ਸਦਕਾ ਉਹਨਾਂ ਸਥਾਨਾਂ ’ਤੇ ਵੀ ਗੁਰਦੁਆਰੇ ਸੁਸ਼ੋਭਿਤ ਕੀਤੇ ਗਏ। ਕੁਦਰਤੀ ਆਫ਼ਤਾਂ ਲਈ ਤਾਂ ਉਹ ਮਸੀਹਾ ਬਣ ਕੇ ਬਹੁੜਦੇ ਸਨ। ਇਹੋ ਕਾਰਨ ਹੈ ਕਿ ਲੋਕ ਉਹਨਾਂ ਨੂੰ ‘ਸੇਵਾ ਦਾ ਪੁੰਜ’ ਵਰਗੀ ਉਪਾਧੀ ਦਿੰਦੇ ਹਨ।
ਸੰਤ ਬਾਬਾ ਲਾਭ ਸਿੰਘ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ‘ਸੰਤ ਬਾਬਾ ਸੇਵਾ ਸਿੰਘ ਜੀ ਮੈਮੋਰੀਅਲ ਟ੍ਰਸਟ’ ਕਾਇਮ ਕੀਤਾ। ਸੰਤ ਬਾਬਾ ਲਾਭ ਸਿੰਘ ਜੀ ਅਮਰੀਕਾ, ਕਨੇਡਾ, ਇੰਗਲੈਂਡ ਵਿਦੇਸ਼ਾਂ ਵਿੱਚ ਸੇਵਾ ਲੈਣ ਵਾਸਤੇ ਵੀ ਅਨੇਕਾਂ ਵਾਰ ਜਾਂਦੇ ਰਹੇ।
        ਸੰਤ ਬਾਬਾ ਲਾਭ ਸਿੰਘ ਜੀ ਵੱਲੋਂ 30 ਸਰਕਾਰੀ ਸਕੂਲ ਤੇ 8 ਕਾਲਜ ਜੋ ਬਹੁਤ ਹੀ ਖਸਤਾ ਹਾਲਤ ਵਿੱਚ ਸਨ। ਬੱਚੇ-ਬੱਚੀਆਂ ਕਮਰਿਆਂ ਦੇ ਬਾਹਰ ਦਰਖ਼ਤਾਂ ਹੇਠ ਬੈਠ ਕੇ ਪੜ੍ਹਾਈ ਕਰਦੇ ਸਨ। ਬਾਬਾ ਜੀ ਨੇ ਸਕੂਲਾਂ ਤੇ ਕਾਲਜਾਂ ਦੀਆਂ ਇਮਾਰਤਾਂ ਬਣਾ ਕੇ ਸਰਕਾਰ ਦੇ ਸਪੁਰਦ ਕਰ ਦਿੱਤੀਆਂ। ਉਹਨਾਂ 600 ਤੋਂ ਵੱਧ ਗ਼ਰੀਬ ਘਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ। ਸਾਲ ਵਿੱਚ ਦੋ ਵਾਰੀ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਕਰਵਾਏ ਜਾਂਦੇ ਸਨ। ਜਿਨ੍ਹਾਂ ਵਿੱਚ ਘਰੇਲੂ ਤੇ ਹੋਰ ਲੋੜੀਦਾ ਸਮਾਨ ਦਿੱਤਾ ਜਾਂਦਾ ਸੀ। ਬਾਬਾ ਜੀ ਵੱਲੋਂ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਉਤਰਾਖੰਡ, ਯੂ.ਪੀ., ਰਾਜਸਥਾਨ ਤੇ ਹੋਰ ਦੇਸ਼ਾਂ ਵਿੱਚ ਗੁਰਦੁਆਰਿਆਂ, ਹਸਪਤਾਲਾਂ, ਸਰਾਵਾਂ, ਲੰਗਰਾਂ, ਮੰਦਰਾਂ, ਮਸੀਤਾਂ ਦੀ ਅਥਾਹ ਸੇਵਾ ਕਰਵਾਈ। ਉਹਨਾਂ ਜਾਤ-ਪਾਤ, ਰੰਗ, ਨਸਲ ਤੇ ਧਰਮ ਤੋਂ ਉੱਪਰ ਉੱਠ ਕੇ ਲੋਕਾਈ ਦੀ ਸੇਵਾ ਕੀਤੀ।
ਸੰਤ ਬਾਬਾ ਲਾਭ ਸਿੰਘ ਜੀ ਇਲਾਕੇ ਵਿੱਚ ਬਹੁਤ ਹੀ ਹਰਮਨ-ਪਿਆਰੀ ਸ਼ਖ਼ਸੀਅਤ ਸਨ। ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ‘ਪੁਲਾਂ ਵਾਲੇ ਬਾਬਾ ਜੀ’ ਦੇ ਨਾਂ ਨਾਲ ਜਾਣੇ ਜਾਂਦੇ ਸਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੰਨ 2007 ਵਿੱਚ ਸੰਤ ਬਾਬਾ ਲਾਭ ਸਿੰਘ ਜੀ ਨੂੰ ‘ਮਾਨਵਤਾ ਦਾ ਮਸੀਹਾ’ ਐਵਾਰਡ ਨਾਲ ਸਨਮਾਨਿਆ ਗਿਆ। ਧਾਰਮਿਕ, ਸਮਾਜਿਕ ਤੇ ਲੋਕ-ਸੇਵੀ ਕਾਰਜਾਂ ਸਦਕਾ ਪ੍ਰੈਸ ਕਲੱਬ ਸ਼੍ਰੀ ਅਨੰਦਪੁਰ ਸਾਹਿਬ ਨੇ ਉਹਨਾਂ ਨੂੰ 2016-2017 ਦੇ ਪਹਿਲੇ ਸਾਲਾਨਾ ਐਵਾਰਡ ‘ਮਾਣ ਸ਼੍ਰੀ ਅਨੰਦਪੁਰ ਸਾਹਿਬ ਦਾ’ ਨਾਲ ਸਨਮਾਨਿਤ ਕੀਤਾ। ਬਿਹਾਰ ਸਰਕਾਰ ਨੇ ਵੀ ਉਹਨਾਂ ਨੂੰ ਬਹੁਤ ਮਾਣ-ਸਤਿਕਾਰ ਦਿੱਤਾ। ਉਹਨਾਂ ਨਾ ਸਿਰਫ ਨਿਰਸਵਾਰਥ ਸੇਵਾ ਨਾਲ ਮਨੁੱਖਤਾ ਦੀ ਭਲਾਈ ਕੀਤੀ ਬਲਕਿ ਸਮਾਜ ਦੀ ਰੂਹਾਨੀ ਅਗਵਾਈ ਵੀ ਕੀਤੀ।
ਸੰਤ ਬਾਬਾ ਲਾਭ ਸਿੰਘ ਜੀ ਦੇ ਗ੍ਰਹਿ ਤਿੰਨ ਪੁੱਤਰ ਗੁਰਪਾਲ ਸਿੰਘ, ਜਸਵੰਤ ਸਿੰਘ ਤੇ ਹਰਿੰਦਰ ਸਿੰਘ ਅਤੇ ਦੋ ਪੁੱਤਰੀਆਂ ਨਿਰਮਲ ਕੌਰ ਤੇ ਗੁਰਚਰਨ ਕੌਰ ਨੇ ਜਨਮ ਲਿਆ। ਸੰਤ ਬਾਬਾ ਲਾਭ ਸਿੰਘ ਜੀ ਦੇ ਪ੍ਰਬੰਧ ਅਧੀਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਛੇ ਸਕੂਲ ਤੇ ਇੱਕ ਕਾਲਜ ਵਿੱਦਿਆ ਦਾ ਦਾਨ ਵੰਡ ਰਿਹਾ ਸੀ। ਸੰਤ ਬਾਬਾ ਲਾਭ ਸਿੰਘ ਜੀ ਨੇ ਆਪਣੇ ਜਿਊੁਂਂਦੇ-ਜੀਅ ਹੀ ਅਗਲਾ ਉੱਤਰਾ-ਅਧਿਕਾਰੀ ਬਾਬਾ ਹਰਭਜਨ ਸਿੰਘ ਪਹਿਲਵਾਨ ਨੂੰ ਨਿਯੁਕਤ ਕਰ ਦਿੱਤਾ ਸੀ।
ਇਤਿਹਾਸਕ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੁਖੀ ਸੰਤ ਬਾਬਾ ਲਾਭ ਸਿੰਘ ਜੀ ਕਾਰ-ਸੇਵਾ ਵਾਲੇ 96 ਸਾਲ ਦੀ ਉਮਰ ਬਤੀਤ ਕਰਕੇ 28 ਜੁਲਾਈ 2019 ਈ: ਦਿਨ ਐਤਵਾਰ ਨੂੰ ਸੱਚ-ਖੰਡ ਜਾ ਬਿਰਾਜੇ।
ਕਰਨੈਲ ਸਿੰਘ ਐੱਮ.ਏ.
#1138/63-ਏ, ਗੁਰੂ ਤੇਗ਼ ਬਹਾਦਰ ਨਗਰ
ਗਲੀ ਨੰਬਰ-1, ਚੰਡੀਗੜ੍ਹ ਰੋਡ
ਜਮਾਲਪੁਰ, ਲੁਧਿਆਣਾ
Email- [email protected]
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਦੇਸ਼ ਅੰਦਰ ਸੰਵਿਧਾਨ ਪੜਾਉਣ ਦਾ ਵਿਸ਼ਾ ਲਾਜ਼ਮੀ ਹੋਵੇ-ਸੰਤ ਸਤਵਿੰਦਰ ਹੀਰਾ
Next articleਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਦਰਦਨਾਕ ਹਾਦਸਾ, ਟੋਏ ‘ਚ ਡਿੱਗੀ ਕਾਰ; ਇੱਕੋ ਪਰਿਵਾਰ ਦੇ 8 ਜੀਆਂ ਦੀ ਮੌਤ ਹੋ ਗਈ