ਸੇਵਾ ਫ਼ਲ ਬਨਾਮ ਸ਼ਬਦ !

(ਜਸਪਾਲ ਜੱਸੀ)
(ਸਮਾਜ ਵੀਕਲੀ)-ਸ਼ਬਦਾਂ ਦੀ ਸਭ ਤੋਂ ਵੱਡੀ ਖ਼ੂਬੀ ਤੇ ਖ਼ੂਬਸੂਰਤੀ ਉਸ ਦੀ ਵਾਕ ਵਿਚ ‘ਜੜਤ’ ਤੋਂ ਹੁੰਦੀ ਹੈ। ਉਸ ਤੋਂ ਵੀ ਵੱਡੀ ਖ਼ੂਬੀ ਉਹਨਾਂ ਸ਼ਬਦਾਂ ਦੀ ਗਹਿਰਾਈ ਦੀ, ਮਹਿਸੂਸਤਾ ਕਰਵਾਉਣਾ।
ਜੇਕਰ ਅਸੀਂ ਗ਼ੁਲਾਬ ਦੇ ਫੁੱਲਾਂ ਦੀ ਖ਼ੁਸ਼ਬੋ ਲੈਣੀ ਹੈ ਤੇ ਉਸ ਦੇ ਕੰਡਿਆਂ ਦੀ ਅਹਿਮੀਅਤ ਤੋਂ ਵੀ ਜਾਣੂ ਹੋਣਾ ਪਵੇਗਾ ਤੇ ਕਰਵਾਉਣਾ ਪਵੇਗਾ ਨਹੀਂ ਤਾਂ ਗ਼ੁਲਾਬ ਨੂੰ ਐਰਾ ਗੈਰਾ ਵੀ ਮਸਲ ਸਕਦਾ ਹੈ, ਸੋਹਣੇ ਵਡਮੁੱਲੇ ਸ਼ਬਦਾਂ ਵਾਂਗ।
ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਸ਼ਬਦ ਕਈ ਵਾਰ ਕੌੜੇ ਵੀ ਹੁੰਦੇ ਹਨ। ਜੇ ਉਹ ਸ਼ਬਦ,ਝੂਠਾ ਬੋਲ ਰਿਹਾ ਹੋਵੇ ਤਾਂ ਹੋਰ ਵੀ ਕੌੜੇ ਹੋ ਜਾਂਦੇ ਹਨ ਤੇ ਜੇ ਉਹੀ ਸ਼ਬਦ,ਸੱਚਾ ਮਨੁੱਖ, ਬੋਲ ਰਿਹਾ ਹੋਵੇ ਤਾਂ ਉਹਨਾਂ ਦੀ ਸਾਰਥਿਕਤਾ ਵਧ ਜਾਂਦੀ ਹੈ। ਹਰੇਕ ਸੋਝੀਵਾਨ,ਦੂਰਦ੍ਰਿਸ਼ਟ ਮਨੁੱਖ ਨੂੰ,ਆਪਣੇ ਸ਼ਬਦਾਂ ਦੀ ਗਹਿਰਾਈ ਦਾ ਪਤਾ ਹੁੰਦਾ ਹੈ।
                ਮਿੱਠੇ ਸ਼ਬਦ ਕਈ ਵਾਰ ਸਾਨੂੰ ਸੋਹਣੇ,ਵਡਮੁੱਲੇ,ਦਿਲ ਟਿਕਾਊ ਲੱਗਦੇ ਹਨ। ਇਹ ਨਾ ਸਮਝੋ ਕਿ ਇਹਨਾਂ ਸ਼ਬਦਾਂ ਦਾ ਸੱਚੇ ਤੇ ਝੂਠੇ ਮਨੁੱਖ ਨੂੰ ਪਤਾ ਨਹੀਂ ਹੁੰਦਾ ਹੈ ਉਹਨਾਂ ਨੂੰ ਤਾਂ ਇਹ ਵੀ ਪਤਾ ਹੁੰਦਾ ਹੈ ਕਿ ਇਹ ਸ਼ਬਦ ਕਿਸ ਲਈ ਤੇ ਕਿਉਂ ਕਹੇ ਗਏ ਹਨ।
ਇਸ ਲਈ ਦਿਲ ਵਿਚ ਚੰਗੇ ਸ਼ਬਦਾਂ ਦੀ ਚੋਣ ਕਰ ਕੇ ਦਿਮਾਗ਼ ‘ਚ ਲੈ ਆਓ,ਫ਼ੇਰ ਉਹਨਾਂ ਦਾ ਮਨਣ ਕਰ ਕੇ ਬੁੱਲ੍ਹਾਂ ‘ਤੇ ਆਉਣ ਦਿਓ, ਕਿਉਂਕਿ ਲੋਕਾਂ ਦਾ ਵਾਸਤਾ ਤੁਹਾਡੇ ਦਿਲ, ਦਿਮਾਗ਼ ਨਾਲ ਘੱਟ ਤੇ ਜ਼ੁਬਾਨ ਨਾਲ ਜ਼ਿਆਦਾ ਪੈਂਦਾ ਹੈ। ਦਿਲ,ਦਿਮਾਗ਼ ਤੱਕ ਕੁਝ ਖ਼ਾਸ ਲੋਕ ਹੀ ਪਹੁੰਚ ਸਕਦੇ ਹਨ।
ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਕਿਸੇ ਰਾਜਨੀਤਕ ਲੀਡਰ ਨੂੰ ਮਿਲੀ ਪਹਿਚਾਣ, ਉਸ ਦੀ ਸੇਵਾ ਦਾ ਫ਼ਲ ਨਹੀਂ ਹੁੰਦਾ ਜੇ ਹੁੰਦਾ ਹੈ ਤਾਂ ਕੁਝ ਸਮੇਂ ਲਈ ਟਿਕਦਾ ਹੈ,ਪ੍ਰੰਤੂ ਆਮ ਬੰਦੇ ਨੂੰ, ਸੇਵਾ ਨਾਲ ਮਿਲੀ ਪਹਿਚਾਣ,ਚਿਰ ਸਥਾਈ ਹੁੰਦੀ ਹੈ।
ਇਸ ਲਈ ਸੇਵਾ,ਸੁਹਿਰਦਤਾ ਤੇ ਸਿਆਣਪ ਨਾਲ ਬਣਾਈ ਪਹਿਚਾਣ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਲਈ ਵੀ ਸਾਰਥਕ ਸਿੱਧ ਹੁੰਦੀ ਹੈ।
ਧੰਨਵਾਦ ਪਿਆਰਿਓ!
(ਜਸਪਾਲ ਜੱਸੀ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਅੱਜ ਛੁੱਟੀ ਕਰ ਲੈ”
Next article*ਸਾਝੀਂ ਧਰਤੀ ਸਾਝਾਂ ਅੰਬਰ*