ਵੀਰ ਦਾ ਵਿਛੋੜਾ

ਦਿਲਬਾਗ ਰਿਉਂਦ

(ਸਮਾਜ ਵੀਕਲੀ)

ਵੀਰਾ ਗਿਓਂ ਕਿਹੜੇ ਦੇਸ਼
ਲਾ ਗਿਆ ਡਾਹਢੀ ਜਿਹੀ ਠੇਸ
ਭੁਲਿਆ ਨਾ ਤੇਰਾ ਵੇਸ
ਉਹ ਵੀ ਬਾਲ ਉਮਰੇ ਵਰੇਸ

ਭੈਣ ਬਾਰ ਚੋਂ ਉਠਾਉਣੀ
ਮਾਂ ਵੀ ਦਿਨਾਂ ਦੀ ਪ੍ਰਾਹੁਣੀ
ਪੱਲੇ ਹਾੜੀ ਨਾ ਸਾਉਣੀ
ਪਾਟਿਆ ਸੱਧਰਾਂ ਦਾ ਖੇਸ

ਸਭ ਲੰਘੀਆਂ ਤਰੀਕਾਂ
ਦਮ ਤੋੜਿਆ ਉਡੀਕਾਂ
ਸਾਰ ਲਈ ਨਾ ਸ਼ਰੀਕਾਂ
ਹਾਰੀ ਜ਼ਿੰਦਗੀ ਦੀ ਰੇਸ

ਕਿਹੜਾ ਮੱਲਿਆ ਬਨੇਰਾ
ਉੱਥੇ ਹੋਰ ਕੌਣ ਤੇਰਾ
ਏਨਾਂ ਲੰਮਾ ਹੋਇਆ ਗੇੜਾ
ਹੁਣ ਜਾਂਦੀ ਨਹੀਓਂ ਪੇਸ਼

ਦਿਨ ਤੇਰੇ ਨਾਲ ਬਿਤਾਏ
ਜਾਣ ਭੁੱਲੇ ਨਾ ਭੁਲਾਏ
ਦੁੱਖ ਚੜ੍ਹ ਚੜ੍ਹ ਆਏ
ਗੁੰਦੇ ਹਿਜ਼ਰਾਂ ਨਾਲ ਕੇਸ

ਟੁੱਟੀ ਨੀਂਦਾ ਦੀ ਸਲਾਈ
ਜੁੱਤੀ ਪੀੜਾਂ ਵਾਲੀ ਪਾਈ
ਜ਼ਿੰਦ ਜਾਵੇ ਨਾ ਹੰਢਾਈ
ਦੁੱਖ ਰਹਿਣਗੇ ਹਮੇਸ਼

ਜਿੰਨ੍ਹੇ ਪੋਤੜਿਆਂ ਨੂੰ ਧੋਇਆ
ਨਾਲੇ ਬਾਪੂ ਬਹੁਤ ਰੋਇਆ
ਸਾਡਾ ਸੂਰਜ ਹੀ ਮੋਇਆ
ਸੁਖ ਸਾਰੇ ਬਣਗੇ ਕਲੇਸ਼

ਵਿਹੜਾ ਖਾਣ ਤਾਂਈ ਆਵੇ
ਨਾ ਕੋਈ ਪੰਛੀ ਫੇਰਾ ਪਾਵੇ
ਚਿੱਤ ਮਰ ਮਰ ਜਾਵੇ
ਕੋਈ ਦੇਵੇ ਨਾ ਢਰੇਸ

ਦਿਲਬਾਗ ਰਿਉਂਦ
ਜਿਲ੍ਹਾ ਮਾਨਸਾ (ਪੰਜਾਬ)
9878911452

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਿਆਕਤ
Next articleਬੈਟਰ ਆਪਸ਼ਨ