ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਵਿਰੋਧੀ ਧਿਰ ਉਤੇ ਵਿਅੰਗ ਕਸਦਿਆਂ ਦੋਸ਼ ਲਾਇਆ ਕਿ ਜਿਹੜੀਆਂ ਸਿਆਸੀ ਪਾਰਟੀਆਂ ਦੇਸ਼ ਵਿਚ ਜ਼ਿਆਦਾ ਸਮਾਂ ਸੱਤਾ ਵਿਚ ਰਹੀਆਂ ਹਨ, ਉਨ੍ਹਾਂ ‘ਵੰਡ ਪਾਓ ਤੇ ਰਾਜ ਕਰੋ’ ਦਾ ਰਾਹ ਚੁਣਿਆ ਹੈ ਤੇ ਧਰਮ ਨਿਰਪੱਖਤਾ ਨੂੰ ਸਿਆਸੀ ਤੌਰ ਉਤੇ ਆਪਣੀ ਸੌਖ ਲਈ ਵਰਤਿਆ ਹੈ। ਇੱਥੇ ਬੋਧੀ ਸੰਗਠਨ ਦੇ ਇਕ ਸਮਾਗਮ ਵਿਚ ਭਾਸ਼ਣ ਦਿੰਦਿਆਂ ਭਾਜਪਾ ਆਗੂ ਨਕਵੀ ਨੇ ਕਿਹਾ ਕਿ ਇਨ੍ਹਾਂ ‘ਸਾਜ਼ਿਸ਼ਾਂ’ ਦੇ ਬਾਵਜੂਦ ਵੀ ਭਾਰਤ ਦਾ ਸਭਿਆਚਾਰ, ਰਵਾਇਤਾਂ ਤੇ ਸੰਵਿਧਾਨ ਕਿਸੇ ਵੀ ਸਥਿਤੀ ’ਚ ਭਿੰਨਤਾ ਵਿਚ ਏਕੇ ਦੇ ਧਾਗੇ ਨੂੰ ਕਮਜ਼ੋਰ ਨਹੀਂ ਪੈਣ ਦਿੰਦੇ।
ਘੱਟਗਿਣਤੀਆਂ ਬਾਰੇ ਮੰਤਰੀ ਨੇ ਕਿਹਾ ਕਿ ‘ਵਿਆਪਕ ਵਿਕਾਸ ਵਿਚ ਕਈ ਤਰ੍ਹਾਂ ਦੇ ਅੜਿੱਕੇ ਆਉਂਦੇ ਹਨ ਪਰ ਸਾਡਾ ਏਕਾ ਇਹ ਯਕੀਨੀ ਬਣਾਉਂਦਾ ਹੈ ਕਿ ਮੁਲਕ ਖ਼ੁਸ਼ਹਾਲੀ ਦੇ ਰਾਹ ਉਤੇ ਅੱਗੇ ਵਧਦਾ ਰਹੇ।’ ਉਨ੍ਹਾਂ ਨਾਲ ਹੀ ਕਿਹਾ ਕਿ ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ ਤੇ ਸਾਨੂੰ ‘ਦੇਸ਼ ਵੰਡ ਦੇ ਭਿਆਨਕ ਸਿੱਟਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।’ ਭਾਜਪਾ ਆਗੂ ਨੇ ਕਿਹਾ ਕਿ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਖ਼ੂਨੀ ਵੰਡ ਲਈ ਕੌਣ ਜ਼ਿੰਮੇਵਾਰ ਸੀ ਤੇ ਕਿਸ ਨੇ ਭਾਰਤ ਦੇ ਹਿੱਤਾਂ ਦੀ ਆਪਣੀ ਤੰਗ ਮਾਨਸਿਕਤਾ ਤੇ ਸੌੜੇ ਹਿੱਤਾਂ ਲਈ ਬਲੀ ਦਿੱਤੀ। ਨਕਵੀ ਨੇ ਕਿਹਾ ਕਿ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਅੱਜ ਵੀ ਪੂਰੀ ਤਰ੍ਹਾਂ ਢੁੱਕਵੀਆਂ ਹਨ ਜੋ ਅਧਿਆਤਮ ਨਾਲ ਜੁੜੀ ਮਨੁੱਖਤਾ ਤੇ ਕਰਮਾਂ ਅਧਾਰਿਤ ਜੀਵਨ ਦੀ ਹਾਮੀ ਭਰਦੀਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly