(ਸਮਾਜ ਵੀਕਲੀ)
ਉਹ ਦਿਨ ਕਿਹੜਾ ਜਿਸ ਦਿਨ ਕਿਰਤੀ,ਹੌਂਕੇ ਭਰ ਭਰ ਰੋਇਆ ਨਾ।
ਚਾਹੁੰਦਾ ਸੀ ਕਰਤਾਰ ਸਿੰਹਾਂ ਜੋ,ਸੁਪਨਾ ਪੂਰਾ ਹੋਇਆ ਨਾ।
ਪੜਿਆ ਨਾ ਇਤਿਹਾਸ ਗਦਰ ਦਾ,ਲਾਹਨਤ ਹੈ ਸਰਕਾਰਾਂ ਦੇ।
ਖਲਨਾਇਕਾਂ ਨੂੰ ਨਾਇਕ ਬਣਾਉਂਦੇ,ਪੰਨੇ ਹੁਣ ਅਖਬਾਰਾਂ ਦੇ।
ਕਿਹੜਾ ਸੱਚ ਤੇ ਝੂਠ ਪਛਾਣੇ,ਕੋਈ ਵੀ ਦੁੱਧ ਧੋਇਆ ਨਾ
ਉ ਹ ਦਿਨ ਕਿਹੜਾ——–‘
ਚੰਦ ਵਾਂਗੂੰ ਸੀ ਨਾਮ ਚਮਕਣਾ,ਦੁਨੀਆਂ ਦੇ ਵਿੱਚ ਭਾਰਤ ਦਾ।
ਸਰਬ ਵਿਆਪਕ ਹੋ ਗਿਆ ਚਿੱਟਾ,ਬੁੱਝੋ ਭੇਤ ਸ਼ਰਾਰਤ ਦਾ।
ਮੁਲਕ ਨਰਕ ਨਾ ਬਣਨਾ ਸੀ, ਜੇ ਹੁੰਦਾ ਤੈਨੂੰ ਖੋਇਆ ਨਾ
ਉਹ ਦਿਨ ਕਿਹੜਾ ਜਿਸ————‘
ਗੋਰਿਆਂ ਤੋਂ ਵੱਧ ਜਾਲਮ ਹੋ ਗਏ, ਕਾਲੀ ਚਮੜੀ ਵਾਲੇ ਨੇ।
ਜਾਤਾਂ ਤੇ ਧਰਮਾਂ ਦੇ ਝਗੜੇ,ਹਰ ਥਾਂ ਘਾਲੇ ਮਾਲੇ ਨੇ।
ਖੇਤਾਂ ਵਿੱਚ ਖੁਦਕੁਸ਼ੀਆਂ ਉੱਗੀਆਂ ,ਬੀਜ ਅਸੀਂ ਤਾਂ ਬੋਇਆ ਨਾ
ਉਹ ਦਿਨ ਕਿਹੜਾ ਜਿਸ——-‘
ਅੱਖ ਨਾ ਤੇਰੇ ਨਾਲ ਮਿਲਾਉਂਦੇ,ਖਾ ਗਏ ਨਸ਼ੇ ਜਵਾਨਾਂ ਨੂੰ।
ਅੱਜ ਤੇਰੀ ਲਲਕਾਰ ਭੁਲਾ ਕੇ,ਝਲਦੇ ਨੇ ਅਪਮਾਨਾਂ ਨੂੰ।
ਸੱਚੋ ਸੱਚ ਸੁਣਾਏ’ਰਾਜਨ ‘,ਤੈਥੋਂ ਕੁੱਝ ਲਕੋਇਆ ਨਾ
ਉਹ ਦਿਨ ਕਿਹੜਾ ਜਿਸ———-‘
ਰਜਿੰਦਰ ਸਿੰਘ ਰਾਜਨ
ਸੁੰਦਰ ਬਸਤੀ ਸੰਗਰੂਰ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ