
ਇਕ ਲੰਮੀ ਕਵਿਤਾ ਜਿਵੇਂ —
ਅਸੀਂ ਕੁੜੀਆਂ,
ਕੁੱਖ ਤੋਂ ਕਬਰ ਤੀਕ,
ਸੁਪਨਿਆਂ ‘ਚ ਹੀ ਜਿਓਂ ਲੈਂਦੀਆਂ ਹਾਂ
ਆਪਣੀ ਸਾਰੀ ਜ਼ਿੰਦਗੀ।
ਅੱਜ ਦੇ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਨੇ ਔਰਤ ਨੂੰ ਵਰਤਣ ਦੀ ਸ਼ੈਅ ਸਮਝਣ ਵਾਲੀ ਮਰਦ ਜਾਤ ਨੂੰ ਉਪਰੋਕਤ ਕਵਿਤਾ ਅਤੇ ‘ ਚੁੰਨੀ ‘ ਕਵਿਤਾ ਰਾਹੀਂ ਵਰਜਿਆ ਹੈ। ਇਹ ਸਮਝ ਹਰ ਜਾਗਰੂਕ ਅਤੇ ਚੇਤੰਨ ਇਸਤਰੀ ਲੇਖਿਕਾ ਦੀ ਹੋਣੀ ਚਾਹੀਦੀ ਹੈ ਕਿਉਂਕਿ ਸਮਾਜ ਵਿੱਚ ਦਿਨੋਦਿਨ ਔਰਤਾਂ ਤੇ ਅੱਤਿਆਚਾਰਾਂ ਦੀ ਲੜੀ ਲੰਮੀ ਹੁੰਦੀ ਜਾ ਰਹੀ ਹੈ।
ਅਯੋਕੇ ਦੌਰ ਵਿੱਚ ਲੇਖਿਕਾ ਦੇ ਚੇਤਨ ਮਨ ਦੀ ਲੋਅ ਪੀੜ੍ਹੀ ਦਰ ਪੀੜ੍ਹੀ ਸਫ਼ਰ ਤੈਅ ਕਰਕੇ ਆਉਂਦੇ ਅਹਿਸਾਸ ‘ ਕਰੋਮੋਸੋਮ ‘ਕਵਿਤਾ ਵਿਚ ਸਿਰਜੇ ਗਏ ਹਨ ਜਿਸ ਤਰ੍ਹਾਂ ਉਸਨੇ ਬਾਬਲ ਨੂੰ ਸੰਬੋਧਨ ਕਰਦਿਆਂ ਕਿਹਾ ਹੈ:-
ਬਾਬਲ ਮੇਰੇ
ਮੇਰੀ ਅਸਲੀ ਪਹਿਚਾਣ
ਤੇਰਾ ਦੋਗਲਾ ਭੁਲੇਖਾ ਨਹੀਂ
ਸਗੋਂ ਤੇਰੇ ਤੋਂ ਮਿਲੇ
ਕਰੋਮੋਸੋਮ ਹਨ।
ਇਸ ਪੁਸਤਕ ‘ ਕੱਕੀਆਂ ਕਣੀਆਂ ‘ ਵਿਚਲੀਆਂ ਕਵਿਤਾਵਾਂ ਵਿਚ ਅੰਜਨਾ ਪੂਰੀ ਕਾਇਨਾਤ ਸੰਗ ਮੌਲਦੀ ਹੋਈ ਨੂੰ ਰੂਹਾਂ ਦੇ ਵਿਛੋੜੇ ਉਸਦੇ ਜ਼ਖ਼ਮਾਂ ਨੂੰ ਹਰਾ ਕਰਦੇ ਪ੍ਰਤੀਤ ਹੁੰਦੇ ਹਨ । ਉਹ ਹਵਾ, ਧਰਤੀ, ਰੁੱਖ ਅਤੇ ਪਾਣੀ ਦੀ ਸੰਭਾਲ ਲਈ ਮਨੁੱਖ ਨੂੰ ਅਕ੍ਰਿਤਘਣ ਨਾ ਬਣਨ ਲਈ ਹਲੂਣਾ ਦੇਣ ਦਾ ਯਤਨ ਕਰਦੀ ਹੈ। ਜਿਵੇਂ ‘ਕੁਦਰਤ’ ਕਵਿਤਾ ਵਿਚ ਉਹ ਲਿਖ ਰਹੇ ਹੈ:-
ਪੂਜਣ ਨੂੰ ਤਾਂ ਉਂਝ ਕੁਦਰਤ ਸਾਡੀ ਰਾਣੀ ਏ,
ਅਸਾਂ ਨੇ ਮੁਕਾਏ ਖੁਦ ਰੁੱਖ ਅਤੇ ਪਾਣੀ ਏ।
ਲੇਖਿਕਾ ਮੁਹੱਬਤਾਂ ਦੀ ਸੂਹੀ ਫ਼ਸਲ ਨੂੰ ਮਹਿਕਾਉਣ ਦੀ ਗੱਲ ਕਰਦੇ ਕਵਿਤਾ ‘ ਕੋਈ ਤਾਂ ਯਾਦ ਕਰੇ’ ਵਿੱਚ ਕਿੰਨਰਾਂ ਦੇ ਧੜਕਦੇ ਦਿਲ, ਸੱਧਰਾਂ ਅਤੇ ਸੁਪਨਿਆਂ ਨੂੰ ਉਲੀਕਦੀ ਹੈ ਕਿ ਸਮਾਜ ਇਨ੍ਹਾਂ ਦੀ ਹੋਂਦ ਦੀ ਪਛਾਣ ਕਿਓਂ ਨਹੀਂ ਕਰਦਾ ਇਨ੍ਹਾਂ ਨੂੰ ਬਰਾਬਰਤਾ ਦਾ ਸਥਾਨ ਕਿਓਂ ਨਹੀਂ ਦੇ ਰਿਹਾ।
ਇੱਕ ਪਿਆਰਾ ਟੱਪਾ ਇਸ ਦੀ ਸ਼ਾਹਦੀ ਭਰਦਾ ਲੱਗ ਰਿਹਾ ਹੈ।
ਤੇਰੀ ਪੈੜ ਨਾ ਥਿਆਈ ਸਾਡੇ ਪੈਰ ਨੂੰ
ਕਿਹੜਾ ਪੈਂਡਾ ਤੂੰ ਮੱਲਿਆ।
ਇਸ ਕਿਤਾਬ ਵਿਚ ਲੇਖਿਕਾ ਨੇ ਟੱਪੇ ਅਤੇ ਮਾਡਰਨ ਬੋਲੀਆਂ ਲਿਖ ਕੇ ਮਾਰੂਥਲ ਵਰਗੇ ਸਮਾਜ ਚ ਬਸੰਤ ਬਹਾਰ ਵਰਗੀਆਂ ਪੈੜਾਂ ਪਾਉਂਦਿਆਂ ਕਿਸੇ ਨੇੜਲੇ ਨੂੰ ਯਾਦ ਕੀਤਾ ਹੈ।
ਕਿਤਾਬ ਵਿਚਲੀਆਂ 37 ਨਿੱਕੀਆਂ ਨਿੱਕੀਆਂ ਕਵਿਤਾਵਾਂ ਥੋੜੇ ਸ਼ਬਦਾਂ ਵਿਚ ਵੱਡੇ ਵਿਚਾਰਾਂ ਦੀ ਘੋਸ਼ਣਾ ਕਰਦੀਆਂ ਹਨ। ਜਿਵੇਂ ਹਰ ਲੇਖਕ ਸੋਹਣੇ ਸਮਾਜ ਦੀ ਕਲਪਨਾ ਕਰਦਾ ਹੈ, ਇਸੇ ਤਰ੍ਹਾਂ ਦੀ ਸਿਰਜਣਾ ਲਈ ਸੂਲਾਂ ਦੇ ਸਫ਼ਰ ਤੇ ਤੁਰਦਿਆਂ ਸਮਾਜ ਦੀ ਏਕਤਾ ਜ਼ਰੂਰੀ ਦੱਸਦਾ ਹੈ, ਉਹ ਸੰਦੇਸ਼ ‘ ਇਮਤਿਹਾਨ ‘ ਕਵਿਤਾ ਰਾਹੀਂ ਕਵਿੱਤਰੀ ਨੇ ਮੁਹੱਬਤ ਦਾ ਅਰਘ ਦਿੰਦਿਆਂ ਮਨੁੱਖ ਲਈ ਸੁੱਖ ਦਾ ਸੁਨੇਹਾ ਦਿੱਤਾ ਹੈ। ਕਿਤਾਬ ਪੜ੍ਹਨ ਵਾਲੀ ਹੈ ਅਤੇ ਸਮਾਜ ਵਧੀਆ ਦਿਸ਼ਾ ਦੇਣ ਲਈ ਅੰਜਨਾ ਮੈਨਨ ਨੂੰ ਮੁਬਾਰਕਬਾਦ।
ਰਜਿੰਦਰ ਸਿੰਘ ਰਾਜਨ
ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰ 1 ਹਰੇੜੀ ਰੋਡ ਸੰਗਰੂਰ।
9876184954