ਤਲਾਸ਼

ਬੌਬੀ ਗੁਰ ਪਰਵੀਨ

(ਸਮਾਜ ਵੀਕਲੀ) 

ਪਾਗਲ ਐਂ ਦਿਲਾ ?
ਜ਼ਿੰਦਗੀ ਨੂੰ ਮਾਣਨ ਦੀ,
ਅੰਦਰੋਂ ਕੋਈ ਧੂਹ ਲੱਭਦਾ ਐਂ
ਪੱਥਰਾਂ ਦੀ ਬਣੀ ਇਸ ਦੁਨੀਆ ਵਿੱਚ
ਤੂੰ ਜਿਉਂਦੀ ਕੋਈ ਰੂਹ ਲੱਭਦਾ ਐਂ ?

ਦਲਦਲਾਂ ਹੀ ਦਲਦਲਾਂ
ਵਿਛੀਆਂ ਨੇ ਹਰ ਪਾਸੇ ਤੇਰੇ
ਇੱਕ ਤੂੰ ਐ ਕਿ ਆਪਣੇ ਲਈ
ਮਹਿਕਦੀ ਕੋਈ ਬਰੂੰਹ ਲੱਭਦਾ ਐਂ ?

ਮਾਸ ਨੂੰ ਚੂੰਡਣ ਲਈ
ਜਿੱਥੇ ਤਿਆਰ ਗਿਰਝਾਂ ਬੈਠੀਆਂ
ਬੁੱਚੜਾਂ ਦੇ ਉਸ ਸ਼ਹਿਰ ਵਿੱਚ
ਪਿਆਰ ਦੀ ਤੂੰ ਕੋਈ ਛੂਹ ਲੱਭਦਾ ਐਂ ?

ਚਿਹਰੇ ਉੱਤੇ ਚਿਹਰੇ ਦੀਆਂ
ਪਰਤਾਂ ਨੇ ਚੜ੍ਹੀਆਂ ਬੇ ਸ਼ੁਮਾਰ
ਤੇਰੇ ਜਿਹਾ ਮਿਲੇ ਤੈਨੂੰ ਕੋਈ
ਕਿੱਥੇ ਤੂੰ ਐਸੀ ਕੋਈ ਜੂਹ ਲੱਭਦਾ ਐਂ ?

ਰਿਸ਼ਤਿਆਂ ਦੀ ਨਿਸਰੀ ਫ਼ਸਲ ਨੂੰ
ਮਤਲਬੀ ਸੋਚ ਦਾ ਕੀੜਾ ਲੱਗਿਆ
ਕੁਮਲ਼ਾਏ ਫੁੱਲਾਂ ਨੂੰ ਸਿੰਜਣ ਲਈ
ਤੂੰ ਵਫ਼ਾ ਦਾ ਕੋਈ ਖੂਹ ਲੱਭਦਾ ਐਂ ?

ਐ ਦਿਲਾ! ਹਠੀ ਨਹੀਂ ਕੋਈ ਤੇਰੇ ਜਿਹਾ
ਇਹ ਕਿਹੜੇ ਰਾਹ ਐਂ ਪੈ ਗਿਆ
ਦੂਰ ਤੱਕ ਪਸਰਿਆ ਹੈ ਹਨੇਰਾ ਸੰਘਣਾ
ਤੇ ਤੂੰ ਐਂ ਕਿ ਚਾਨਣ ਦੀ ਕੋਈ ਸੂਹ ਲੱਭਦਾ ਐਂ ?

ਬੌਬੀ ਗੁਰ ਪਰਵੀਨ

Previous articleਦਰੋਪਦੀ ਜਾਂ ਦੁਰਗਾ
Next articleਕਵਿਤਾ