(ਸਮਾਜ ਵੀਕਲੀ)
ਸੁਣਿਐ ਮਨੁੱਖਤਾ ਨੂੰ ਲਹੂ-ਲੁਹਾਣ ਕਰਕੇ
ਲਿਬੜੇ ਬੂਥਿਆਂ ਨਾਲ ਹਲਕੇ ਹੋਏ
ਗਲੀਆਂ ‘ਚ ਹਰਲ ਹਰਲ ਕਰਦੇ
ਡਰਾਉਂਦੇ ਫਿਰਦੇ ਨੇ
ਕੁਝ ਗੁੰਡੇ.
ਇਹ ਗੁੰਡੇ ਬੜੇ ਖਤਰਨਾਕ ਨੇ
ਮਾਸੂਮ ਬੱਚੀਆਂ,ਕੁੜੀਆਂ,ਬੁੜੀਆਂ
ਨੂੰ ਨੋਚ ਨੋਚ ਖਾਂਦੇ ਨੇ
ਵੱਡੀਆਂ ਵੱਡੀਆਂ ਬੁਰਕੀਆਂ ਭਰਦੇ ਨੇ
ਵੰਨ ਸੁਵੰਨੀਆਂ ਨਸਲਾਂ ਵਾਲੇ ਇਹ ਗੁੰਡੇ
ਕਿਹੜੀ ਗਲੀਓ ਨਿਕਲ ਆਉਣ
ਭਿਨਕ ਵੀ ਨਹੀਂ ਪੈਂਦੀ…
ਮਾਲਕ ਬੜਾ ਬਸ਼ਰਮ ਹੈ
ਨੱਥ ਨਹੀਂ ਪਾਉਂਦਾ ਗੁੰਡਿਆਂ ਨੂੰ
ਸਗੋਂ ਪੁਚਕਾਰਦਾ,ਦੁਲਾਰਦਾ ਤੇ
ਮਾਸ ਦੀਆਂ ਬੋਟੀਆਂ ਖਲਾਰਦਾ ਹੈ
ਮਨ ਕੀ ਬਾਤ ਤਾਂ ਦੱਸਦਾ ਹੈ
ਮਨ ਦੇ ਭੇਦ ਨਹੀਂ ਦੱਸਦਾ
ਤਾਂਹੀ ਤਾਂ ਦਿਨ ‘ਚ ਨੱਬੇ ਮਾਸੂਮਾਂ ਨੂੰ
ਦੰਦੀ ਭਰਦੇ ਇਹ ਗੁੰਡੇ
ਦਿਸਦੇ ਨਹੀਂ ਕਿਸੇ ਨੂੰ…
ਨਹੀਂ ਤਾਂ ਮਾਲਕ ਦੇ ਹੁੰਦਿਆਂ ਸੁੰਦਿਆਂ
ਸ਼ਹਿਰ ‘ਚ ਘੁੰਮਦੀ ਜੋਤੀ ਨਾ ਬੁੱਝਦੀ.
ਮੁੰਬਈ ‘ਚ ਖਬਰਾਂ ਇੱਕਠੀਆਂ ਕਰਦੀ
ਕੁੜੀ ਖਬਰ ਨਾ ਬਣਦੀ.
ਇਮਰਾਨਾ ਖੂਨੋ-ਖੂਨ ਨਾ ਹੁੰਦੀ..
ਆਸਿਫ਼ਾ ਦੇ ਹਉਂਕੇ
ਟੱਲ ਦੀ ਗੂੰਜ ‘ਚ ਗੁਆਚਦੇ ਨਾ
ਬਨਵਾਰੀ ਨੂੰ ਸੱਚ ਬੋਲਣ ‘ਤੇ
ਬੇਪੱਤ ਨਾ ਕੀਤਾ ਜਾਂਦਾ
ਸੌਮਿਆਂ ਦੀਆਂ ਕਲੇਜਾ ਵਲੂੰਧਰਦੀਆਂ
ਚੀਕਾਂ ਨਾ ਸੁਣਦੀਆਂ
ਕਿੰਨੇ ਕੁ ਨਾਮ ਲਵਾਂ
ਕਿੰਨੇ ਕੁ ਦੁੱਖ ਸੁਣਾਵਾਂ
ਇਹ ਗੁੰਡੇ ਕਦੋਂ ਤੱਕ
ਏਦਾ ਹੀ ਕਰਦੇ ਰਹਿਣਗੇ
ਤੇ ਅਸੀਂ ਕਦੋਂ ਤੱਕ
ਡਰਕੇ ਅੰਦਰਾਂ ‘ਚ ਵੜਦੇ ਰਹਾਂਗੇ
ਬੋਲੋ! ਹਾੜਾ ਬੋਲੋ
ਕਿਉਂ ਨਹੀਂ ਬੋਲਦੇ?
ਆਪਣੀ ਵਾਰੀ ਦੀ ਉਡੀਕ ਕਰਦੇ ਹੋ?
ਜਦ ਤੁਸੀਂ ਕਿਸੇ ਨਾਲ ਖੜ੍ਹੇ ਨਹੀਂ ਹੁੰਦੇ
ਤਾਂ ਮੱਤ ਸੋਚੋ ਕੋਈ ਤੁਹਾਡੇ ਨਾਲ ਖੜ੍ਹੇਗਾ
ਹਾਕਮ ‘ਤੇ ਟੇਕ ਨਾ ਲਾਓ
ਉਹ ਤਾਂ ਮਸ਼ਰੂਫ ਹੈ
ਸੌ ਕੰਮ ਹੈ ਉਹਨੂੰ
ਇਹ ਲੜਾਈ ਮੇਰੀ ਹੈ
ਤੇਰੀ ਹੈ
ਆਪਣੀ ਹੈ
ਤੇ ਆਪਾਂ ਹੀ ਲੜਨੀ ਹੈ।
– ਸੁਖਵੀਰ ‘ਸੁਖਨ’