(ਸਮਾਜ ਵੀਕਲੀ) ਪਿੰਡ ਭਿੰਡਰਾਂ ਇੱਕ ਸੋਹਣਾ ਪਿੰਡ ਸੀ। ਉੱਥੇ ਦੀ ਮਿੱਟੀ ਵਿਚੋਂ ਵੀ ਵਫ਼ਾਦਾਰੀ ਅਤੇ ਪਿਆਰ ਦੀ ਖੁਸ਼ਬੂ ਆਉਂਦੀ ਸੀ। ਪਰ ਹੁਣ ਉਹ ਖੁਸ਼ਬੂ ਨਸ਼ੇ ਦੀ ਬਦਬੂ ਵਿੱਚ ਗੁੰਮ ਹੋ ਰਹੀ ਸੀ। ਇਥੇ ਹੀ ਨਿਰਮਲ ਵੱਸਦਾ ਸੀ।ਇੱਕ ਅਕਲਮੰਦ ਅਤੇ ਜ਼ਿੰਮੇਵਾਰ ਨੌਜਵਾਨ, ਜੋ ਆਪਣੀ ਮਾਂ ਦਾ ਇਕੱਲਾ ਪੁੱਤ ਸੀ। ਉਸ ਦੇ ਪਿਤਾ ਬਚਪਨ ‘ਚ ਹੀ ਸਾਥ ਛੱਡ ਗਏ ਸਨ। ਮਾਂ ਨੇ ਸਿਲਾਈ ਕਰਕੇ, ਆਪਣੀਆਂ ਖ਼ੁਦ ਦੀਆਂ ਖ਼ੁਾਹਿਸ਼ਾਂ ਤਿਆਗ ਕੇ ਨਿਰਮਲ ਨੂੰ ਪਾਲਿਆ, ਉਸਨੂੰ ਪੜ੍ਹੀਆ ਲਿਖਾਇਆ,ਕਦੇ ਆਪਣੇ ਲਈ ਨਵੀਂ ਚੁੰਨੀ ਤੱਕ ਨਹੀਂ ਸੀ ਖ਼ਰੀਦੀ। ਪਰ ਇਕ ਦਿਨ ਨਿਰਮਲ ਰਾਹ ਭੁੱਲ ਗਿਆ। ਕਾਲਜ ਵਿਚ ਦੋਸਤਾਂ ਦੀ ਗੱਲਾਂ ,ਦਿਲ ਟੁੱਟਣ ਦੀ ਚੁੱਪ, ਫੈਸ਼ਨ ਦੀ ਦੌੜ ਅਤੇ ਅੰਦਰਲੇ ਦਰਦ ਦੀ ਦਵਾਈ ਬਣ ਗਿਆ ਨਸ਼ਾ। ਮਾਂ ਨੂੰ ਖ਼ਬਰ ਸੀ, ਪਰ ਉਮੀਦ ਵੀ ਸੀ ਕਿ ਉਹ ਪੁੱਤ ਨੂੰ ਬਚਾ ਲਵੇਗੀ। ਮਾਂ ਅਕਸਰ ਪੁੱਛਦੀ, “ਪੁੱਤ, ਕੀ ਖਾਦਾਂ ਏ? ਨੀਂਦ ਕਿਉਂ ਨਹੀਂ ਆਉਂਦੀ?” ਨਿਰਮਲ ਹੱਸ ਕੇ ਆਖਦਾ, “ਮਾਂ, ਥੱਕ ਜਾਂਦਾ ਹਾਂ। ਹੋਰ ਕੁਝ ਨਹੀਂ।” ਇੱਕ ਰਾਤ ਸਭ ਤੋਂ ਖ਼ਾਮੋਸ਼, ਪਰ ਮਾਂ ਦੇ ਦਿਲ ਵਿੱਚ ਅਜੀਬ ਥਰਥਲੀ ਸੀ। ਕਮਰੇ ਦੀ ਲਾਈਟ ਬੰਦ ਸੀ। ਦਰਵਾਜ਼ਾ ਲਾਕ ਨਹੀਂ ਸੀ, ਪਰ ਅੰਦਰੋਂ ਕੋਈ ਹਿਲਜੁਲ ਨਹੀਂ ਸੀ। ਜਦ ਮਾਂ ਨੇ ਹੋਕਾ ਦਿੱਤਾ, ਨਿਰਮਲ ਬਿਲਕੁਲ ਸਥਿਰ ਪਿਆ ਸੀ। ਮੂੰਹ ‘ਚੋਂ ਲਾਰ ਨਿਕਲ ਰਹੀ ਸੀ। ਹੱਥ ਵਿਚ ਇਕ ਇੰਜੈਕਸ਼ਨ ਸੀ, ਬੈਗ ਵਿੱਚ ਚਿੱਟਾ ਪਾਊਡਰ। ਮਾਂ ਦੀ ਚੀਖ ਨਿਕਲ ਗਈ, “ਨਹੀਂ ਰੱਬਾ… ਮੇਰਾ ਪੁੱਤ ਤਾਂ ਚੰਨ ਵਾਂਗ ਸੀ। ਮੈਂ ਤਾਂ ਉਸਦਾ ਵਿਆਹ ਵੇਖਣਾ ਸੀ…ਇਹ ਕੀ ਵੇਖਾਂ?” ਕੁਝ ਸਮੇਂ ਬਾਅਦ ਪੁਲੀਸ ਆ ਗਈ। ਪਿੰਡ ਵਾਲੇ ਵੀ ਆ ਗਏ। ਪਰ ਮਾਂ ਦੀਆਂ ਅੱਖਾਂ ਸੂੱਕ ਚੁੱਕੀਆਂ ਸਨ, ਉਹ ਖਾਲੀ ਹੋ ਚੁੱਕੀ ਸੀ। ਕਿਸੇ ਨੇ ਪੁੱਛਿਆ, “ਮਾਤਾ, ਤੁਹਾਨੂੰ ਪਤਾ ਨਹੀਂ ਸੀ ਕਿ ਤੁਹਾਡਾ ਪੁੱਤ ਨਸ਼ੇ ‘ਚ ਸੀ?” ਮਾਂ ਨੇ ਹੌਲੀ ਆਖਿਆ, “ਪਤਾ ਤਾਂ ਸੀ… ਪਰ ਮੈਂ ਮਾਂ ਸੀ। ਮੈਨੂੰ ਵਿਸ਼ਵਾਸ ਸੀ। ਮੈਂ ਉਸ ਨੂੰ ਬਚਾ ਲਵਾਂਗੀ। ਪਰ ਨਸ਼ਾ ਜਿੱਤ ਗਿਆ।”
ਮੰਜੂ ਰਾਇਕਾ।
ਸੰਗਰੂਰ।
7626053712
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



