(ਸਮਾਜ ਵੀਕਲੀ) ਪਿਆਰੇ ਬੱਚਿਓ! ਆਓ ਅੱਜ ਅਸੀਂ ਜਾਣਦੇ ਹਾਂ ਸਕੂਲੀ ਵਰਦੀ ਜਾਂ ਯੂਨੀਫ਼ਾਰਮ ਬਾਰੇ। ਵਿਸ਼ਵ ਵਿੱਚ ਸਕੂਲ ਦੀ ਵਰਦੀ ਦੀ ਸ਼ੁਰੂਆਤ ਇੰਗਲੈਂਡ ਵਿੱਚ 13ਵੀਂ ਸਦੀ ਵਿੱਚ ਹੋਈ ਮੰਨੀ ਜਾਂਦੀ ਹੈ ਅਤੇ ਇਸ ਦਾ ਵਿਕਾਸ ਵੀ ਇੰਗਲੈਂਡ ਵਿੱਚ 16ਵੀ ਸਦੀ ਵਿੱਚ ਹੋਇਆ। ਇਸ ਤੋਂ ਬਾਅਦ ਹੀ ਵਿਸ਼ਵ ਦੇ ਸਕੂਲਾਂ ਵਿੱਚ ਯੂਨੀਫ਼ਾਰਮ ਲਾਗੂ ਹੋਈ। ਸਾਡੇ ਦੇਸ਼ ਵਿੱਚ ਵੀ ਭਾਵੇਂ ਅੰਗਰੇਜ਼ੀ ਹਕੂਮਤ ਵੇਲੇ ਹੀ ਸਕੂਲੀ ਵਰਦੀ ਕੁਝ ਕੁ ਸਕੂਲ ਦੇ ਬੱਚੇ ਹੀ ਪਾਉਂਦੇ ਸਨ। ਪਰ 1994 ਵਿੱਚ ਸਾਡੇ ਦੇਸ਼ ਵਿੱਚ ਸਰਕਾਰੀ ਅਤੇ ਗੈਰਸਰਕਾਰੀ ਸਕੂਲਾਂ ਵਿੱਚ ਵਰਦੀ ਜਾਂ ਯੂਨੀਫ਼ਾਰਮ ਬਾਰੇ ਨਿਯਮ ਤਹਿ ਕੀਤੇ ਗਏ। ਅੱਜ ਸਾਡੇ ਦੇਸ਼ ਦੇ ਹਰ ਸਕੂਲ ਵਿੱਚ ਬੱਚਿਆਂ ਲਈ ਵਰਦੀ ਪਾਉਣੀ ਲਾਜ਼ਮੀ ਕੀਤੀ ਗਈ ਹੈ। ਅੰਗਰੇਜ਼ੀ ਸ਼ਬਦ ਯੂਨੀ ਤੋਂ ਭਾਵ ‘ਇੱਕ’ ਅਤੇ ਫ਼ਾਰਮ ਤੋਂ ਭਾਵ ‘ਸ਼ਕਲ’ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਯੂਨੀਫ਼ਾਰਮ ਦਾ ਅਰਥ ‘ਇੱਕੋ ਜਿਹੀ ਸ਼ਕਲ’ ਜਾਂ ‘ਇੱਕੋ ਜਿਹੇ’। ਸਕੂਲ ਵਿੱਚ ਬੱਚਿਆਂ ਵਿੱਚ ਬਰਾਬਰਤਾ ਅਤੇ ਇੱਕ ਸਮਾਨਤਾ ਲਿਆਉਣ ਦੇ ਮਕਸਦ ਨਾਲ਼ ਸਕੂਲਾਂ ਵਿੱਚ ਵਰਦੀ ਪਾਉਣੀ ਲਾਜ਼ਮੀ ਹੈ। ਵਰਦੀ ਪਾਉਣ ਨਾਲ਼ ਬੱਚਿਆਂ ਵਿੱਚ ਅਨੁਸ਼ਾਸਨ ਦੀ ਪਾਲਣਾ ਕਰਨ ਵਿੱਚ ਮੱਦਦ ਮਿਲਦੀ ਹੈ। ਵਰਦੀ ਪਾਉਣ ਤੇ ਬੱਚਿਆਂ ਵਿੱਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ। ਬੱਚਿਆਂ ਵਿੱਚ ਟੀਮ ਭਾਵਨਾ ਪੈਦਾ ਹੁੰਦੀ ਹੈ। ਗ਼ਰੀਬ-ਅਮੀਰ,ਧਰਮ,ਜਾਤ-ਪਾਤ,ਰੰਗ,ਭਾਸ਼ਾ ਆਦਿ ਅਨੇਕਤਾ ਵਿੱਚ ਏਕਤਾ ਨੂੰ ਸਮੋਈ ਰੱਖਣ ਵਿੱਚ ਵਰਦੀ ਵੱਡੀ ਲਾਹੇਵੰਦ ਹੈ। ਇੱਕ ਵਰਦੀ ਹੋਣ ਹੋਣ ਕਾਰਨ ਮਾਪਿਆਂ ਨੂੰ ਬੱਚਿਆਂ ਦੇ ਕੱਪੜਿਆਂ ਤੇ ਪੈਸਾ ਖ਼ਰਚ ਕਰਨ ਤੋਂ ਬਚਦਾ ਹੈ। ਅੱਜ ਦੇਸ਼ ਦੇ ਸਰਕਾਰੀ ਸਕੂਲਾਂ ਵਿੱਚ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਵਰਦੀਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਲਈ ਵਰਦੀ ਸਾਡੇ ਵਿਦਿਆਰਥੀ ਜੀਵਨ ਵਿੱਚ ਬਹੁਤ ਵੱਡੀ ਮਹੱਤਤਾ ਰੱਖਦੀ ਹੈ। ਸਾਨੂੰ ਵੀ ਸਕੂਲ ਵਿੱਚ ਵਰਦੀ ਬੜੇ ਮਾਣ,ਚਾਅ ਅਤੇ ਆਦਰ ਨਾਲ਼ ਪੂਰੀ ਪਾਉਣੀ ਚਾਹੀਦੀ ਹੈ। ਬੱਚਿਓ! ਵਰਦੀ ਨੂੰ ਸਾਫ਼ ਸੁਥਰਾ ਰੱਖਣ ਲਈ ਸਾਨੂੰ ਇਸ ਨੂੰ ਸਮੇਂ ਸਮੇਂ ਸਿਰ ਧੋਣਾ ਚਾਹੀਦਾ ਹੈ, ਪ੍ਰੈੱਸ ਕਰਨਾ ਚਾਹੀਦਾ ਹੈ,ਜੇਕਰ ਇਸਦੇ ਬਟਨ ਜਾਂ ਜਿੱਪ ਖ਼ਰਾਬ ਹੋ ਜਾਵੇ ਤਾਂ ਉਸਨੂੰ ਵੀ ਬਦਲ ਲੈਣਾ ਚਾਹੀਦਾ ਹੈ। ਸਕੂਲ ਵਿੱਚ ਮੈਲ਼ੀ ਜਾਂ ਫਟੀ ਹੋਈ ਵਰਦੀ ਨਹੀਂ ਪਾਉਣੀ ਚਾਹੀਦੀ। ਵਰਦੀ ਦੀ ਸਿਊਣਾਂ ਨੂੰ ਵੀ ਠੀਕ ਠਾਕ ਰੱਖਣਾ ਚਾਹੀਦਾ ਹੈ। ਸਕੂਲ ਤੋਂ ਘਰ ਜਾ ਕੇ ਵਰਦੀ ਨੂੰ ਸਹੀ ਟਿਕਾਣੇ ਤੇ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਯੂਨੀਫ਼ਾਰਮ ਜਾਂ ਵਰਦੀ ਸਾਡੇ ਸਕੂਲੀ ਜੀਵਨ ਦੀ ਇੱਕ ਵੱਡੀ ਪ੍ਰੋਪਰਟੀ ਹੈ ਜੋ ਸਾਨੂੰ ਵੱਡੇ ਹੋ ਕੇ ਸਦਾ ਯਾਦ ਰਹਿੰਦੀ ਹੈ।
ਦੇਵ ਕਰਨ ਸਿੰਘ ਹੈੱਡ ਟੀਚਰ
ਸਰਕਾਰੀ ਪ੍ਰਾਇਮਰੀ ਸਕੂਲ ਤਸਿੰਬਲੀ
ਜ਼ਿਲ੍ਹਾ ਮੋਹਾਲੀ
ਸੰਪਰਕ 9464491865 dksbrarh@gmail.com
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly