” ਇਨਸਾਨੀਅਤ ਧਰਮ ਨਿਭਾਉਣਾ , ਕਿਸੇ ਰੋਂਦੇ ਨੂੰ ਹਸਾਉਣਾ, ਤੇ ਆਪਣਾ ਆਪ ਗਵਾਉਣਾ , ਬਹੁਤ ਔਖਾ ਹੁੰਦਾ ‘ ਧਰਮਾਣੀ ‘ ਦੁਨੀਆ ‘ਚ ਨਾ ਕਮਾਉਣਾ। “
(ਸਮਾਜ ਵੀਕਲੀ) ਲਕੀਰ ਤੋਂ ਹਟ ਕੇ ਜੀਵਨ ਜਿਉਣਾ , ਕੁਝ ਵੱਖਰਾ ਤੇ ਸਾਰਥਕ ਕਰਨਾ , ਸਮਾਜ , ਸਕੂਲ ਤੇ ਆਪਣੇ ਵਿਦਿਆਰਥੀਆਂ ਬਾਰੇ ਕੁਝ ਸਕਾਰਾਤਮਕ , ਅਲੱਗ ਤੇ ਸੁਚੱਜਾ ਸੋਚਣਾ ਅਤੇ ਸੋਚਣ ਤੱਕ ਹੀ ਸੀਮਤ ਨਾ ਹੋ ਕੇ ਉਸਨੂੰ ਕਰਮ ਬਣਾ ਲੈਣਾ ਤੇ ਨਵੀਆਂ ਰਾਹਾਂ ਵੱਲ ਤੁਰ ਪੈਣਾ , ਇਹ ਸਭ ਕਿਸੇ ਸਧਾਰਨ ਮਨੁੱਖ ਦੇ ਵਸ ਨਹੀਂ ਹੁੰਦਾ। ਇਸ ਦੇ ਲਈ ਮਨ ਅੰਦਰ ਵੱਖਰਾ ਜੁਨੂੰਨ , ਦ੍ਰਿੜ੍ਹ ਨਿਸ਼ਚਾ ਤੇ ਤਿਆਗ ਦੇ ਨਾਲ਼ ਹੀ ਸਮਾਜ , ਸਕੂਲ , ਵਾਤਾਵਰਨ ਤੇ ਮਨੁੱਖਤਾ ਦੀ ਭਲਾਈ ਦੇ ਲਈ ਕੁਝ ਕਰ ਗੁਜਰਨ ਦੀ ਉਤੇਜਿਤ ਭਾਵਨਾ , ਪਰਿਵਾਰਕ ਸਹਿਯੋਗ ਅਤੇ ਸਭ ਤੋਂ ਵੱਡੀ ਗੱਲ ਪਰਮਾਤਮਾ ਦੀ ਮਿਹਰ ਦਾ ਹੋਣਾ ਬਹੁਤ ਜਰੂਰੀ ਹੁੰਦਾ ਹੈ। ਜਿਸ ਇਨਸਾਨ ਵਿੱਚ ਅਜਿਹੇ ਮਹਾਨ ਗੁਣਾਂ ਦਾ ਭੰਡਾਰ ਤੇ ਸੰਚਾਰ ਹੋਵੇ ਅਤੇ ਵਾਹਿਗੁਰੂ ਦੀ ਸਵੱਲੀ ਨਜ਼ਰ ਹੋਵੇ ਅਜਿਹੇ ਇਨਸਾਨ ਬਾਰੇ ਕਲਮ ਜਾਂ ਸ਼ਬਦਾਂ ਰਾਹੀਂ / ਬੋਲ ਕੇ ਦੱਸਣਾ , ਉਸਦੀ ਉਸਤਤ ਕਰਨਾ ਜਾਂ ਉਸਦੇ ਕੰਮਾਂ ਤੇ ਸੋਚ ਨੂੰ ਵਿਅਕਤ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ – ਪਵਿੱਤਰ ਧਰਤੀ ‘ਤੇ ਰਹਿਣ ਵਾਲ਼ੇ , ਮਹਾਨ ਸ਼ਖਸ਼ੀਅਤ ਦੇ ਧਾਰਨੀ ਅਜਿਹੇ ਹੀ ਇਨਸਾਨ ਹਨ – ਸ. ਸੁਖਜੀਤ ਸਿੰਘ ਕੈਂਥ ਜੀ। ਜੋ ਕਿ ਕਿੱਤੇ ਵਜੋਂ ਇੱਕ ਅਧਿਆਪਕ ਹਨ ਤੇ ਇੱਕ ਮਹਾਨ ਇਨਸਾਨ ਦੇ ਨਾਲ਼ – ਨਾਲ਼ ਆਪਣੇ ਆਪ ਵਿੱਚ ਇੱਕ ਸੰਸਥਾ ਵੀ ਹਨ , ਜੋ ਕਿ ਅੱਜ ਦੀ ਮੌਕਾ ਪ੍ਰਸਤ ਤੇ ਮਤਲਬ ਪ੍ਰਸਤ ਦੁਨੀਆਂ ਨਾਲੋਂ ਵੱਖਰੇ ਤੇ ਪਰਉਪਕਾਰੀ ਸੁਭਾਅ ਦੇ ਮਾਲਕ ਹਨ। ਇਹਨਾਂ ਦੀ ਸਭ ਤੋਂ ਵੱਡੀ ਖਾਸੀਅਤ ਹੈ : ਚੁੱਪ – ਚੁਪੀਤੇ ਨਿਸ਼ਕਾਮ ਸੇਵਾ ਕਰਦੇ ਰਹਿਣਾ। ਇਹਨਾਂ ਦੇ ਮਹਾਨ ਕਾਰਜਾਂ ਅਤੇ ਸੋਚ ਦੇ ਪਿੱਛੇ ਇਹਨਾਂ ਦੀ ਧਰਮ ਪਤਨੀ ਤੇ ਪਰਉਪਕਾਰਤਾ ਦੀ ਮੂਰਤ ਬਹੁਤ ਸਤਿਕਾਰਯੋਗ ਸਟੇਟ ਐਵਾਰਡੀ ਮੈਡਮ ਸਤਨਾਮ ਕੌਰ ਜੀ ਦੇ ਯੋਗਦਾਨ ਤੇ ਸੋਚ ਦਾ ਵੀ ਮਹਾਨ ਯੋਗਦਾਨ ਹੈ , ਜੋ ਕਿ ਇਹਨਾਂ ਵਾਂਗ ਹੀ ਮਹਾਨ ਰੂਹ ਤੇ ਇਨਸਾਨੀਅਤ ਦੇ ਧਾਰਨੀ ਹਨ। ਸ. ਸੁਖਜੀਤ ਸਿੰਘ ਕੈੰਥ ਜੀ ਦਾ ਜਨਮ 20.09.1986 ਨੂੰ ਮਾਤਾ ਇੰਦਰਜੀਤ ਕੌਰ ਜੀ , ਪਿਤਾ ਉੱਘੇ ਸਮਾਜ ਸੇਵੀ ਸੂਬੇਦਾਰ ਸ੍ਰ. ਮੋਹਣ ਸਿੰਘ ਕੈਂਥ ਜੀ ਦੇ ਘਰ ਵਿਖੇ ਹੋਇਆ। ਸ੍ਰ. ਸੁਖਜੀਤ ਸਿੰਘ ਕੈਂਥ ਅਧਿਆਪਨ ਦੇ ਖੇਤਰ ਵਿੱਚ 2011 ਤੋਂ ਸੇਵਾ ਨਿਭਾਅ ਰਹੇ ਨੇ। ਹੁਣ ਬਤੌਰ ਸਾਇੰਸ ਮਾਸਟਰ ਸਰਕਾਰੀ ਮਿਡਲ ਸਕੂਲ ਰਾਏਪੁਰ ਸਾਨੀ ਵਿਖੇ ਆਪਣੀ ਡਿਊਟੀ ਬਾਖੂਬੀ ਨਿਭਾਅ ਰਹੇ ਹਨ। ਇਸਦੇ ਨਾਲ਼ ਹੀ ਬਤੌਰ ਜ਼ਿਲ੍ਹਾ ਕੋਆਰਡੀਨੇਟਰ ਵਾਤਾਵਰਨ
ਸਿੱਖਿਆ ਪ੍ਰੋਗਰਾਮ ਅਤੇ ਜ਼ਿਲ੍ਹਾ ਨੋਡਲ ਅਫਸਰ ‘ ਏਕ ਭਾਰਤ – ਸ੍ਰੇਸ਼ਟ ਭਾਰਤ ‘ ਪ੍ਰੋਜੈਕਟ ਵਿੱਚ ਵੀ ਬਹੁਤ ਸਮਰਪਿਤ ਹੋ ਕੇ ਆਪਣਾ ਅਹਿਮ ਯੋਗਦਾਨ ਪਾ ਰਹੇ ਨੇ , ਜੋ ਕਿ ਸਕੂਲ ਅਤੇ ਇਲਾਕੇ ਲਈ ਬਹੁਤ ਜ਼ਿਆਦਾ ਮਾਣ ਵਾਲ਼ੀ ਗੱਲ ਹੈ। ਇਨ੍ਹਾਂ ਵਲੋਂ ਜ਼ਿਲ੍ਹੇ ਵਿੱਚ ਵਾਤਾਵਰਨ ਖੇਤਰ ਵਿੱਚ ਕੀਤੇ ਕੰਮ/ਮਿਹਨਤ ਸਦਕਾ ਜਿਲ੍ਹਾ ਰੂਪਨਗਰ ਨੂੰ ‘ ਬੈਸਟ ਪ੍ਰਫੋਰਮਿੰਗ ਜ਼ਿਲ੍ਹਾ ‘ ਅਵਾਰਡ ਪ੍ਰਾਪਤ ਹੋਇਆ। ਸ੍ਰ. ਸੁਖਜੀਤ ਸਿੰਘ ਕੈੰਥ ਜੀ ਦੀ ਸਿਰ ਤੋੜ ਮਿਹਨਤ ਸਦਕਾ ਇਨ੍ਹਾਂ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਅਤੇ ਸਟੇਟ ਪੱਧਰ ਤੱਕ ਵੱਖ – ਵੱਖ ਹੋਏ ਵਿਭਾਗੀ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕੀਤੀਆਂ ਹਨ ਤੇ ਹਰ ਸਾਲ ਬੋਰਡ ਪੇਪਰਾਂ ਵਿਚ ਸਾਰੇ ਵਿਦਿਆਰਥੀ 90 ਪ੍ਰਤੀਸਤ ਤੋਂ ਵੱਧ ਅੰਕ ਹਾਸਲ ਕਰਦੇ ਆ ਰਹੇ ਹਨ। ਇਸ ਤੋਂ ਇਲਾਵਾ NMMS , SOE ਪੇਪਰ , PSTST ਅਤੇ ਵਿਭਾਗੀ ਮੁਕਾਬਲੇ ਪ੍ਰੀਖਿਆਵਾਂ ਵਿੱਚ ਵੱਡੀ ਗਿਣਤੀ ਵਿੱਚ ਇਨ੍ਹਾਂ ਦੇ ਵਿਦਿਆਰਥੀਆਂ ਨੇ ਆਪਣਾ ਨਾਮ ਦਰਜ ਕਰਵਾਇਆ ਹੈ। ਵੱਖ – ਵੱਖ ਸੰਸਥਾਵਾਂ ਵੱਲੋਂ ਲਈ ਵਜੀਫਾ ਪ੍ਰੀਖਿਆਵਾਂ ਵਿੱਚ ਵੀ ਰਾਏਪੁਰ ਸਾਨੀ ਦੇ ਵਿਦਿਆਰਥੀ ਮੱਲਾਂ ਮਾਰਦੇ ਆ ਰਹੇ ਹਨ ਤੇ ਪੜ੍ਹਾਈ ਦੇ ਨਾਲ਼ – ਨਾਲ਼ ਖੇਡਾਂ , ਸੰਗੀਤ ਅਤੇ ਭਾਸ਼ਣ ਮੁਕਾਬਲਿਆਂ ਵਿੱਚ ਵੀ ਬੱਚਿਆਂ ਨੇ ਮੱਲਾਂ ਮਾਰੀਆਂ ਹਨ। ਪਿਛਲੇ ਦਿਨੀਂ ਦੂਰਦਰਸ਼ਨ ਜਲੰਧਰ ਵੱਲੋ ਕਰਵਾਏ ਬਾਲ – ਕਵੀ ਦਰਬਾਰ ਵਿੱਚ ਵੀ ਰਾਏਪੁਰ ਸਾਨੀ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਭਾਗ ਲਿਆ ਅਤੇ ਇਹ ਵਿਦਿਆਰਥੀ ਸ਼ਾਨ ਪੁੱਟ ਸਟੇਟ ਚੈਂਪੀਅਨ ਵੀ ਰਹੀ ਹੈ। ਸ੍ਰ. ਸੁਖਜੀਤ ਸਿੰਘ ਨੇ ਆਪਣੇ ਬੱਚੇ ਸੁਖਮਨਪ੍ਰੀਤ ਸਿੰਘ ਨੂੰ ਵੀ ਕਿਸੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਣ ਦੀ ਥਾਂ ਆਪਣੇ ਸਕੂਲ ਵਿੱਚ ਹੀ ਪੜਾਉਣ ਨੂੰ ਤਰਜੀਹ ਦਿੱਤੀ। ਇਨ੍ਹਾਂ ਦੇ ਸਮਰਪਿਤ ਕਾਰਜਾਂ ਸਦਕਾ ਇਨ੍ਹਾਂ ਨੂੰ ਬਹੁਤ ਸਾਰੇ ਐਵਾਰਡ ਪ੍ਰਾਪਤ ਹੋਏ ਹਨ ਜਿਵੇਂ :- ਸਾਬਕਾ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਤੋਂ ਵਿਸੇਸ ਪ੍ਰਸੰਸਾ ਪੱਤਰ , ਉੱਤਮ ਸਕੂਲ ਐਵਾਰਡ , ਮਿਸ਼ਨ ਸਮੱਰਥ ਅਧੀਨ ਅਗਜੇਪਲਰੀ ਸਕੂਲ ਐਵਾਰਡ , ਬੈਸਟ ਮੈਂਟਰ ਵਾਤਾਵਰਨ ਨੈਸ਼ਨਲ ਐਵਾਰਡ , ਜ਼ਿਲ੍ਹੇ ਵਿੱਚ ਵਾਤਾਵਰਨ ਖੇਤਰ ਵਿੱਚ ਕੀਤੇ ਕੰਮ/ਮਿਹਨਤ ਸਦਕਾ ਜਿਲ੍ਹਾ ਰੂਪਨਗਰ ਨੂੰ ਬੈਸਟ ਪ੍ਰਫੋਰਮਿੰਗ ਜ਼ਿਲ੍ਹਾ ਐਵਾਰਡ ਵੀ ਪ੍ਰਾਪਤ ਕੀਤਾ। ਸਭ ਤੋਂ ਵੱਡੀ ਪ੍ਰਾਪਤੀ ਤੇ ਖੁਸ਼ੀ ਉਦੋਂ ਹੋਈ ਜਦੋਂ ਅਣਥੱਕ ਮਿਹਨਤ ਲਈ ਸ੍ਰ.ਸੁਖਜੀਤ ਸਿੰਘ ਕੈਂਥ ਜੀ ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਸ੍ਰ. ਭਗਵੰਤ ਸਿੰਘ ਮਾਨ ਜੀ ਵਲੋਂ ਟੀਚਰ ਸਟੇਟ ਐਵਾਰਡ ( ਅਧਿਆਪਕ ਰਾਜ ਪੁਰਸਕਾਰ ) ਦੇ ਕੇ ਇਨ੍ਹਾਂ ਦਾ ਵੱਡੇ ਪੱਧਰ ‘ਤੇ ਮਾਣ – ਸਤਿਕਾਰ ਕੀਤਾ ਗਿਆ। ਸ੍ਰ. ਸੁਖਜੀਤ ਸਿੰਘ ਕੈਂਥ ਜੀ ਅਕਸਰ ਆਖਦੇ ਵੀ ਹਨ ਕਿ ਇੱਜ਼ਤ ਤੇ ਤਾਰੀਫ਼ ਕਿਸੇ ਇਨਸਾਨ ਦੀ ਨਹੀਂ ਹੁੰਦੀ , ਸਗੋਂ ਇਨਸਾਨ ਦੇ ਚੰਗੇ ਕਰਮ ਦੀ ਹੁੰਦੀ , ਇਸ ਲਈ ਹਰ ਇਨਸਾਨ ਨੂੰ ਜਿਸ ਪੱਧਰ ‘ਤੇ ਹੈ , ਉੱਥੇ ਮਿਹਨਤ ਅਤੇ ਇਮਾਨਦਾਰੀ ਨਾਲ ਕਰਮ ਕਰਦੇ ਰਹਿਣਾ ਚਾਹੀਦਾ ਹੈ। ਅਜਿਹੇ ਕਰਮਸ਼ੀਲ , ਅਣਥੱਕ ਮਿਹਨਤੀ , ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਤੱਤਪਰ , ਨਵੀਂ ਸੋਚ ਦੇ ਧਾਰਨੀ , ਪਾਕਿ – ਰੂਹ ਦੇ ਮਾਲਿਕ ਸ੍ਰ. ਸੁਖਜੀਤ ਸਿੰਘ ਕੈੰਥ ਜਿਹੇ ਮਹਾਨ ਇਨਸਾਨ ਨੂੰ ਉਨ੍ਹਾਂ ਦੇ ਵੱਡਮੁੱਲੇ ਕੰਮਾਂ ਤੇ ਮਿਲਾਪੜੇ ਸੁਭਾਅ ਕਰਕੇ ਹਰ ਕੋਈ ਦਿਲੋਂ ਪਿਆਰ ਤੇ ਸਤਿਕਾਰ ਕਰਦਾ ਹੈ। ਪਰਮਾਤਮਾ ਕਰੇ ! ਅਜਿਹੇ ਪਰਉਪਕਾਰੀ ਅਧਿਆਪਕ ਹਰ ਸਕੂਲ ਤੇ ਵਿਦਿਆਰਥੀ ਨੂੰ ਨਸੀਬ ਹੋਣ ਤੇ ਸ੍ਰ. ਸੁਖਜੀਤ ਸਿੰਘ ਕੈੰਥ ਸਾਹਬ ਜ਼ਿੰਦਗੀ ‘ਚ ਹੋਰ ਤਰੱਕੀ ਕਰਨ ਤੇ ਇਸੇ ਤਰ੍ਹਾਂ ਅਧਿਆਪਕ – ਵਰਗ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਰਹਿਣ।
ਦਿਲੋਂ ਸਲਾਮ
ਸ੍ਰ. ਸੁਖਜੀਤ ਸਿੰਘ ਕੈਂਥ ਸਾਹਬ ਨੂੰ ਦਿਲੋਂ ਸਲਾਮ…..!!!!
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ
( ਸਾਹਿਤ ਵਿੱਚ ਕੀਤੇ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦੋ ਵਾਰ ਦਰਜ਼ ਹੈ )
9478561356
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


