ਜਲੰਧਰ, ਰਾਹੋਂ, ਅੱਪਰਾ (ਜੱਸੀ)- ਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ (ਐੱਨ.ਐੱਲ.ਓ.) ਦੇ ਕਨਵੀਨਰ ਬਲਦੇਵ ਭਾਰਤੀ ਸਟੇਟ ਐਵਾਰਡੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਨੂੰ ਨਵੇਂ ਅਜੀਬੋ-ਗਰੀਬ ਆਦੇਸ਼ਾਂ ਰਾਹੀਂ ਜਨ ਸਧਾਰਨ, ਗਰੀਬ ਅਤੇ ਅਨਪੜ੍ਹ ਬਜੁਰਗਾਂ ਮਾਈਆਂ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਹੈ। ਕਿਓਂਕਿ ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੋ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਸ਼ਪੱਸ਼ਟ ਆਦੇਸ਼ ਦਿੱਤੇ ਗਏ ਹਨ ਕਿ ਕਿਸੇ ਲੋੜਵੰਦ ਬਜੁਰਗ/ਬੀਬੀ ਨੂੰ ਆਪਣੀ ਬੁੱਢਾਪਾ ਪੈਨਸ਼ਨ ਲਗਾਉਣ ਆਪਣੀ ਜਨਮ ਤਰੀਕ ਦੇ ਸਬੂਤ ਵਜੋਂ ਸਮਰੱਥ ਅਧਿਕਾਰੀ ਦੁਆਰਾ ਜਾਰੀ ਜਨਮ ਸਰਟੀਫਿਕੇਟ ਜਾਂ ਮੈਟ੍ਰਿਕ ਸਰਟੀਫਿਕੇਟ ਜਾਂ ਸਕੂਲ ਛੱਡਣ ਦੇ ਸਰਟੀਫਿਕੇਟ ਵਿੱਚੋਂ ਕਿਸੇ ਇਕ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।
ਬਲਦੇਵ ਭਾਰਤੀ ਨੇ ਦੱਸਿਆ ਕਿ ਦੱਸਿਆ ਕਿ ਇਸ ਤੋਂ ਪਹਿਲਾਂ ਬੁਢਾਪਾ ਪੈਨਸ਼ਨ ਸਕੀਮ ਦਾ ਲਾਭ ਲੈਣ ਲਈ ਉਮਰ ਦੇ ਸਬੂਤ ਵਜੋਂ ਅਧਾਰ ਕਾਰਡ, ਵੋਟਰ ਕਾਰਡ, ਵੋਟਰ ਸੂਚੀ, ਮੈਟ੍ਰਿਕ ਸਰਟੀਫਿਕੇਟ ਅਤੇ ਰਜਿਸਟਰਾਰ ਜਨਮ ਤੇ ਮੋਤ ਦੁਆਰਾ ਜਾਰੀ ਜਨਮ ਸਰਟੀਫਿਕੇਟ ਵਿੱਚੋ ਕੋਈ ਵੀ ਇਕ ਦਸਤਾਵੇਜ ਲਗਾਉਣਾ ਜਰੂਰੀ ਸੀ। ਪਰ ਪੰਜਾਬ ਸਰਕਾਰ ਨਵੇਂ ਹੁਕਮਾਂ ਨੇ ਗਰੀਬ ਲਾਚਾਰ ਬਜ਼ੁਰਗਾਂ ਬੀਬੀਆਂ ਪਾਸੋਂ ਬੁਢਾਪੇ ਦਾ ਆਖਰੀ ਸਹਾਰਾ ਬੁਢਾਪਾ ਪੈਨਸ਼ਨ ਦਾ ਹੱਕ ਵੀ ਖੋਹ ਲਿਆ ਹੈ। ਬੁਢਾਪਾ ਪੈਨਸ਼ਨ ਲੈਣ ਦੇ ਯੋਗ ਬਜ਼ੁਰਗਾਂ ਬੀਬੀਆਂ ਵਿੱਚੋਂ ਵੱਡੀ ਗਿਣਤੀ ਬਿਲਕੁਲ ਕੋਰੇ ਅਨਪੜ੍ਹ ਹਨ। ਅੱਜ ਤੋਂ 60-65 ਸਾਲ ਪਹਿਲਾਂ ਦੇ ਹਾਲਾਤਾਂ ਵਿੱਚ ਕਿੰਨੇ ਕੁ ਲੋਕਾਂ ਨੇ ਦਾਈਆਂ ਦੀ ਸੇਵਾ ਨਾਲ ਜਨਮੇਂ ਆਪਣੇ ਬੱਚਿਆਂ ਦੇ ਜਨਮ ਦਰਜ਼ ਕਰਵਾਏ ਹੋਣਗੇ ਇਸ ਦਾ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਿਲ ਨਹੀਂ ਹੈ। ਇਸ ਸਮੇਂ ਦਾਈਆਂ ਅਤੇ ਪਿੰਡਾਂ ਦੇ ਚੌਕੀਦਾਰਾਂ ਤੋਂ ਬਿਨਾਂ ਜਨਮ ਸਰਟੀਫਿਕੇਟ ਮੁਹੱਈਆ ਕਰਵਾਉਣ ਦਾ ਕੋਈ ਯੋਗ ਪ੍ਰਬੰਧ ਨਹੀਂ ਸੀ। ਅਨਪੜ੍ਹਤਾ ਕਾਰਨ ਅਤੇ ਜਨਮ ਸਰਟੀਫਿਕੇਟ ਦੀ ਅਹਿਮੀਅਤ ਤੋਂ ਅਣਜਾਣ ਬਹੁਤੇ ਮਾਪਿਆਂ, ਦਾਈਆਂ ਜਾ ਚੌਕੀਦਾਰਾਂ ਵੱਲੋਂ ਦਰਜ਼ ਕਰਵਾਏ ਜਾਂਦੇ ਜਨਮ ਸਬੰਧੀ ਵੇਰਵਿਆਂ ਵਿੱਚ ਵੀ ਵਧੇਰੇ ਗਲਤੀਆਂ ਹੋਣਾ ਸੁਭਾਵਿਕ ਹੈ । ਅਜਿਹੇ ਹਾਲਾਤਾਂ ਵਿੱਚ ਬਹੁਤ ਸਾਰੇ ਵੇਰਵੇ ਕਿਸੇ ਵੀ ਤਰ੍ਹਾਂ ਮੇਲ ਨਹੀਂ ਖਾਂਦੇ ਹੋਣਗੇ ਅਤੇ ਬਹੁਤ ਸਾਰੇ ਯੋਗ ਲੋੜਵੰਦ ਵੀ ਬੁੱਢਾਪਾ ਪੈਨਸ਼ਨ ਸਕੀਮ ਤੋਂ ਵਾਂਝੇ ਰਹਿ ਜਾਣਗੇ।
ਐੱਨ.ਐੱਲ.ਓ. ਮੁਖੀ ਬਲਦੇਵ ਭਾਰਤੀ ਨੇ ਪੰਜਾਬ ਸਰਕਾਰ ਪਾਸੋਂ ਪੁਰਜੋਰ ਮੰਗ ਕੀਤੀ ਕਿ ਬੁਢਾਪਾ ਪੈਨਸ਼ਨ ਲਈ ਬਜੁਰਗਾਂ ਅਤੇ ਬੀਬੀਆਂ ਲਈ ਲਗਾਈ ਜਨਮ ਸਰਟੀਫਿਕੇਟ ਜਾਂ ਸਕੂਲ ਸਰਟੀਫਿਕੇਟ ਦੀ ਸ਼ਰਤ ਤੁਰੰਤ ਹਟਾਈ ਜਾਵੇ ਅਤੇ ਆਧਾਰ ਕਾਰਡ ਅਤੇ ਪੈਨ ਕਾਰਡ ਦੇ ਆਧਾਰ ਤੇ ਬੁੱਢਾਪਾ ਪੈਨਸ਼ਨ ਸਕੀਮ ਦਾ ਲਾਭ ਦੇਣ ਦੀ ਵਿਵਸਥਾ ਕੀਤੀ ਜਾਵੇ।
ਇਸ ਮੌਕੇ ਤੇ ਜਨਮ ਸਰਟੀਫਿਕੇਟ ਜਾਂ ਸਕੂਲ ਸਰਟੀਫਿਕੇਟ ਦੀ ਸ਼ਰਤ ਕਾਰਨ ਸੇਵਾ ਕੇਂਦਰਾਂ ਵਿੱਚੋਂ ਵਾਪਸ ਭੇਜੇ ਗਏ ਗਰੀਬ ਲੋੜਵੰਦ ਬਜੁਰਗ ਸੋਹਣ ਲਾਲ ਮੁਠੱਡਾ ਕਲਾਂ, ਰਾਣਾ ਰਾਮ ਰਾਜਪੁਰਾ ਅਤੇ ਬੀਬੀ ਗੀਤਾ ਦੇਵੀ ਹਰੀਪੁਰ ਖਾਲਸਾ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly