(ਸਮਾਜ ਵੀਕਲੀ) ਬਥੇਰੇ ਵੇਰੀਂ ਵਿਦਵਾਨ ਹੁੰਦੇ ਨਹੀਂ ਪਰ ਪ੍ਰਭਾਵ ਬਣ ਜਾਂਦਾ ਹੈ ਕਿ ਵੱਡੇ ਵਿਦਵਾਨ ਨੇ,ਸਾਹਿਤ ਦੀ ਬੜੀ ਸੇਵਾ ਕਰ ਰਹੇ ਨੇ।ਏਸੇ ਪ੍ਰਭਾਵ ਦੀ ਉਹ ਖੱਟੀ ਤਾਉਮਰ ਖਾਂਦੇ ਨੇ।ਰਾਜਨੀਤੀ, ਸਿਖਿਆ, ਪ੍ਰਸ਼ਾਸਨ, ਵਕਾਲਤ,ਵੱਖ ਵੱਖ ਮਹਿਕਮਿਆਂ , ਸਭਿਆਚਾਰਕ ਕਾਮਿਆਂ, ਸਾਹਿਤਕਾਰਾਂ ਅੰਦਰ ਇਹ ਰੁਝਾਨ ਵੇਖੇ ਜਾ ਸਕਦੇ ਨੇ।ਇਹੋ ਜਿਹਿਆਂ ਕੋਲ ਕਲਾ ਹੁੰਦੀ ਹੈ ਜੀਹਨੂੰ ਉਹ ਆਪਣੇ ਹੱਕ ਵਿਚ ਭੁਗਤਾ ਕੇ ਵੱਡੇ ਫਾਇਦੇ ਲੈਂਦੇ ਨੇ। ਇਕ ਮੇਰੇ ਗੁਰੂ ਵੀ ਏਦਾਂ ਦੇ ਹੋਏ ਨੇ।ਉਹ ਚੰਗਾ ਸੰਗਠਨਕਰਤਾ ਤਾਂ ਸੀ ਪਰ ਸਿਰੇ ਦਾ ਜੁਗਾੜੂ ਤੇ ਤੇਜ਼ ਤਰਾਰ। ਉਸ ਨੇ ਆਪਣੀ ਇਸ ਕਲਾ ਨਾਲ ਸਾਹਿਤਕ ਹਲਕਿਆਂ ਅੰਦਰ ਵਾਹਵਾ ਭੱਲ ਬਣਾ ਰੱਖੀ ਸੀ।ਬਹੁਤਿਆਂ ਨੂੰ ਤਾਂ ਇਹ ਪ੍ਰਭਾਵ ਸੀ ਕਿ ਪੰਜਾਬੀ,ਪੰਜਾਬੀ ਸਭਿਆਚਾਰ ਤੇ ਸਾਹਿਤ ਦਾ ਰਾਖਾ ਇਕੋ ਇਕ ਏਹੀ ਸਖ਼ਸ਼ੀਅਤ ਏ।..ਇਕ ਵੇਰਾਂ ਮੈਂ ਆਪਣੇ ਮਿੱਤਰ ਨਾਲ ਗੱਲ ਸਾਂਝਾ ਕਰਦਿਆਂ ਕਿਹਾ ਕਿ ਉਹ ਪੰਜਾਬੀ ਸਾਹਿਤ ਦਾ ਰਾਖਾ ਨਹੀਂ ਬਲਕਿ ਖੁਦ ਦਾ ਹਿਤ-ਸਾਧਕ ਹੈ।ਵੱਡੇ ਵੱਡੇ ਸਾਹਿਤਕ ਪ੍ਰੋਗਰਾਮ ਕਰਾਉਣ ਪਿੱਛੇ ਖੁਦ ਦੀ ਸ਼ਖਸ਼ੀਅਤ ਨੂੰ ਉਸਾਰਨਾ ਔਰ ਵੱਡੇ ਫਾਇਦੇ ਲੈਣ ਦਾ ਉਹਦਾ ਬੜਾ ਸੂਖਮ ਤਰੀਕਾ ਹੈ।ਸਾਹਿਤ ਨੂੰ ਉਹ ਵਰਤ ਰਿਹਾ ਹੈ।ਉਹਦੀ ਨਿੱਜੀ ਜ਼ਿੰਦਗੀ ਤੇ ਸਾਹਿਤਕ ਪ੍ਰੋਗਰਾਮ ਕਰਾਉਣ ਪ੍ਰਤੀ ਪ੍ਰਤਿਬੱਧਤਾ ਵਿਚਕਾਰ ਵੱਡਾ ਫਰਕ ਹੈ।ਜੋ ਉਹ ਸਟੇਜ ਤੇ ਬੋਲਦਾ ਹੈ,ਨਿੱਜੀ ਜ਼ਿੰਦਗੀ ਵਿਚ ਉਹ ਨਹੀਂ ਹੈ।ਮੈਂ ਉਹਨੂੰ ਇਕ ਕਹਾਣੀ ਸੁਣਾਈ–‘ਇਕ ਕਾਂ ਪਿੰਡ ਦੀ ਫਿਰਨੀ ਤੇ ਲੱਗੇ ਬਿਰਖ ਤੇ ਰਹਿੰਦਾ ਸੀ।ਜਦੋਂ ਵੀ ਕੋਈ ਬਾਹਰਲਾ ਬੰਦਾ ਪਿੰਡ ਆਉਂਦਾ ਦਿਸਦਾ ਤਾਂ ਉਹ ਕਾਂ-ਕਾਂ ਦਾ ਸ਼ੋਰ ਪਾਉਣ ਲੱਗਦਾ।ਪਿੰਡ ਆਲਿਆਂ ‘ਚ ਇਹ ਭੱਲ ਬਣੀ ਹੋਈ ਸੀ ਕਿ ਇਹ ਹੈ ਇਕੋ ਇਕ ਪਿੰਡ ਦਾ ਰਾਖਾ।ਉਹਦੀਆਂ ਦੂਜੇ ਪੰਛੀਆਂ ਨਾਲ ਕੀਤੀਆਂ ਚਲਾਕੀਆਂ ਅਣਡਿੱਠ ਹੁੰਦੀਆਂ ਰਹੀਆਂ।ਦੂਜਿਆਂ ਦੇ ਆਲਣਿਆਂ ‘ਚ ਆਂਡੇ ਚੁੱਕ ਲੈਂਦਾ,ਪਿੰਡ ਆਲਿਆਂ ਨੂੰ ਕੋਈ ਪ੍ਰਵਾਹ ਨਹੀਂ ਸੀ।…ਇਕ ਵੇਰੀਂ ਹੰਸ ਤੇ ਹੰਸਣੀ ਰਾਤ ਪਈ ਤੋਂ ਓਸ ਬਿਰਖ਼ ਤੇ ਆਏ।ਹੰਸ ਨੇ ਕਾਂ ਨੂੰ ਬੇਨਤੀ ਕੀਤੀ,
“ਮੈੰ ਏਥੇ ਰਾਤ ਕੱਟ ਲਵਾਂ?”
“ਹਾਂ-ਹਾਂ ਕਿਉਂ ਨਹੀਂ!”ਕਾਂ ਨੇ ਬੜਾ ਮਿੱਠਾ ਬੋਲ ਕੇ ਸੁਆਗਤ ਕੀਤਾ।
ਰਾਤ ਕੱਟ ਕੇ ਜਦੋਂ ਹੰਸ ਨੇ ਜਾਣ ਦੀ ਇਜ਼ਾਜਤ ਮੰਗੀ ਤੇ ਹੰਸਣੀ ਵੀ ਉੱਡਣ ਲੱਗੀ ਤਾਂ ਕਾਂ ਨੇ ਉਹਦੀ ਬਾਂਹ ਫੜ੍ਹ ਲਈ, “ਓ ਭਾਈ ਤੂੰ ਕਿੱਥੇ ਚੱਲੀੰ ਏਂ?”
ਹੰਸ ਝੁੰਜਲਾ ਕੇ ਕਹਿੰਦਾ,” ਓ ਵੀਰ,ਆਹ ਮੇਰੀ ਘਰਆਲੀ ਐ,ਇਹਨੇ ਮੇਰੇ ਨਾਲ ਹੀ ਜਾਣੈ!..ਤੂੰ ਇਹਦੀ ਬਾਂਹ ਕਿਉਂ ਫੜ੍ਹ’ਲੀ?”
” ਤੂੰ ਚੰਗਾ ਬੰਦੈ,ਰਾਤ ਤੂੰ ਏਥੇ ਕਾਅਦੀ ਕੱਟੀ,ਤੂੰ ਤਾਂ ਮੇਰੀ ਘਰਆਲੀ ਤੇ ਕਬਜਾ ਕਰਨ ਨੂੰ ਫਿਰਦੈਂ।”ਕਾਂ ਨੇ ਝੂਠਾ ਜਿਹਾ ਚਿਹਰੇ ਤੇ ਗੁੱਸਾ ਲਿਆਂਦਿਆਂ ਕਿਹਾ।
ਹੰਸ ਨੇ ਬੜੀਆਂ ਦਲੀਲਾਂ ਦਿੱਤੀਆਂ,ਪਰ ਕੋਈ ਅਸਰ ਨਹੀਂ।ਹੰਸ ਜਦੋੰ ਜ਼ਿਆਦਾ ਈ ਝਗੜਾ ਕਰਨ ਲੱਗ ਪਿਆ ਤਾਂ ਕਾਂ ਉਹਨੂੰ ਕਹਿੰਦਾ,”ਐਂ ਕਰਦੇ ਆਂ, ਪਿੰਡ ਦੀ ਪੰਚਾਇਤ ਤੋਂ ਪੁੱਛ ਲੈੰਦੇ ਹਾਂ।ਅਗਰ ਪੰਚਾਇਤ ਕਹਿ ਦਿੰਦੀ ਐ ਕਿ ਇਹ ਮੇਰੀ ਘਰਆਲੀ ਨਹੀਂ ਤਾਂ ਤੂੰ ਲਿਜਾ ਸਕਦੈਂ।” ਚਲੋ ਜੀ ਪਿੰਡ ਦੀ ਪੰਚਾਇਤ ਸੱਦੀ ਗਈ।ਜਦੋਂ ਪਿੰਡ ਦੀ ਪੰਚਾਇਤ ਅੱਗੇ ਇਹ ਮਸਲਾ ਆਇਆ ਤਾਂ ਪਿੰਡ ਦੀ ਪੰਚਾਇਤ ਸਿਰ ਜੋੜ ਕੇ ਆਪਸ ‘ਚ ਵਿਚਾਰ ਕਰਨ ਲੱਗੀ। ਸਰਪੰਚ ਨੇ ਪੰਚਾਂ ਨੂੰ ਸਮਝਾਇਆ ਕਿ ,”ਆਪਾਂ ਹੰਸ ਤੋਂ ਕੀ ਲੈਣੇ?..ਕਾਂ ਤਾਂ ਪਿੰਡ ਦਾ ਰਾਖੈ,ਆਪਾਂ ਇਹਦੇ ਹੱਕ ਦੀ ਗੱਲ ਕਰਨੀ ਐ।”..ਅਖੀਰ ਸਰਪੰਚ ਨੇ ਫੈਸਲਾ ਸੁਣਾਉਂਦਿਆਂ ਹੰਸ ਨੂੰ ਆਖਿਆ,”ਓ ਭਾਈ! ਇਹ ਕਾਂ ਤੇ ਇਹਦੀ ਘਰਆਲੀ ਨੂੰ ਤਾਂ ਅਸੀਂ ਬਹੁਤ ਚਿਰ ਤੋਂ ਕੱਠਿਆਂ ਵੇਖ ਰਹੇ ਹਾਂ।ਤੇਰੇ ਆਸਤੇ ਇਹ ਚੰਗੀ ਗੱਲ ਨਹੀਂ ਕਿ ਤੂੰ ਰਾਤ ਇਹਦੇ ਘਰ ਕੱਟੀ ਤੇ ਇਹਦੀ ਘਰ ਆਲੀ ਤੇ ਕਬਜਾ ਕਰ ਬੈਠਾ।”…ਫੈਸਲਾ ਸੁਣ ਕੇ ਹੰਸ ਜਦੋੰ ਨਿਰਾਸ਼ ਹੋ ਕੇ ਥੋੜੀ ਹੀ ਦੂਰ ਗਿਆ ਤਾਂ ਕਾਂ ਹੰਸਣੀ ਨੂੰ ਨਾਲ ਲੈ ਕੇ ਉਹਦੇ ਕੋਲ ਪਹੁੰਚਦਿਆਂ ਕਿਹਾ ,”ਆਹ ਲੈ ਜਾ ਭਾਈ ਆਪਣੀ ਘਰਆਲੀ,ਮੈਂ ਤਾਂ ਬਸ ਪੰਚੈਤ ਪਰਖਣੀ ਸੀ ਕਿ ਉਹ ਮੇਰੇ ਨਾਲ ਹੈ ਜਾਂ ਨਹੀਂ!” ਸੋ ਮੈਂ ਆਪਣੇ ਮਿੱਤਰ ਨੂੰ ਕਿਹਾ ਕਿ ਬਥੇਰੇ ਜੁਗਾੜੂ ਬੰਦੇ ਹੁੰਦੇ ਨੇ ਜਿਹੜੇ ਆਪਣੀ ਭੱਲ ਬਣਾਉਣ ਲਈ ਦੂਜਿਆਂ ਦੀਆਂ ਅੱਖਾਂ ‘ਚ ਘੱਟਾ ਪਾਈ ਰੱਖਦੇ ਨੇ।ਉਹ ਉਹ ਨਹੀਂ ਹੁੰਦੇ ਜੋ ਉਹ ਦਿਸਦੇ ਨੇ,ਅੰਦਰੋਂ ਕੁਝ ਹੋਰ ਹੁੰਦੇ ਨੇ।ਸੋ ਭਾਈ ਇਹ ਨਾ ਤਾਂ ਵਿਦਵਾਨ ਹੈ ਨਾ ਪੰਜਾਬੀ ਤੇ ਪੰਜਾਬੀਅਤ ਦਾ ਰਾਖਾ ਬਲਕਿ ਆਪਣਾ ਹਿੱਤ ਸਾਧਣ ਵਾਲੈ ਕਿ ਕੋਈ ਵੱਡੀ ਕੁਰਸੀ ਮਿਲ’ਜੇ,ਕੋਈ ਯੂਨੀਵਰਸਿਟੀ ਦੀ ਵਾਈਸ ਚਾਂਸਰੀ ਮਿਲ’ਜੇ,ਕੋਈ ਵੱਡੀ ਚੇਅਰ ਦੀ ਚਿਅਰਮੈਨਸ਼ਿਪ ਜਾਂ ਕੋਈ ਵੱਡਾ ਇਨਾਮ। …ਮੈਂ ਆਪਣੇ ਮਿੱਤਰ ਨੂੰ ਇਕ ਮਹਿਲਾ ਟੀਚਰ ਦੀ ਗੱਲ ਸੁਣਾਈ ਜਿਸਨੂੰ ਰਾਸ਼ਟਰਪਤੀ ਅਵਾਰਡ ਮਿਲਿਆ ਪਰ ਸਿਰੇ ਦੀ ਜੁਗਾੜੂ ਤੇ ਜੁਗਾੜੂ ਢੰਗ ਨਾਲ ਕਾਰਗੁਜ਼ਾਰੀਆਂ ਦੀ ਕਿਵੇਂ ਉਹਨੇ ਮੋਟੀ ਫਾਈਲ ਬਣਾ ਕੇ ਰਾਸ਼ਰਪਤੀ ਅਵਾਰਡੀ ਦੇ ਸਿਰ ਤੇ ਦੋ ਸਾਲ ਵਾਧੂ ਪੜ੍ਹਾਉਣ ਦੇ ਮਿਲੇ। ਮਿੱਤਰੋ! ਜੁਗਾੜੂ ਕਾਂ ਤੁਹਾਨੂੰ ਆਸ ਪਾਸ ਬਥੇਰੇ ਮਿਲ ਜਾਣਗੇ,ਬਸ ਜ਼ਰਾ ਐਨਾ ਕੁ ਕੰਮ ਕਰਿਉ ਕਿ ਅੱਖਾਂ ਖੋਲ੍ਹ ਕੇ ਰੱਖਿਉ।
ਅਮਰਜੀਤ ਅਰਪਨ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



