ਨਵੀਂ ਦਿੱਲੀ (ਸਮਾਜ ਵੀਕਲੀ): ਖੇਤੀ ਕਾਨੂੰਨਾਂ ਦੇ ਰੱਦ ਹੋਣ ’ਤੇ ਕਿਸਾਨਾਂ ਵੱਲੋਂ ਸਿੰਘੂ ਮੋਰਚਾ ਖਾਲੀ ਕਰਕੇ ਜਾਣ ਮਗਰੋਂ ਅੱਜ ਉੱਥੇ ਕਬਾੜੀਏ ਅਤੇ ਲੋਕ ਸਾਰਾ ਦਿਨ ਬਾਂਸ, ਤਰਪਾਲਾਂ, ਪਲਾਸਟਿਕ ਅਤੇ ਲੱਕੜੀਆਂ ਦੇ ਟੁਕੜੇ ਇਕੱਠੇ ਕਰਦੇ ਰਹੇ। ਹਰਿਆਣਾ ਵਾਲੇ ਪਾਸੇ ਨੂੰ ਸੋਨੀਪਤ ਦੇ ਕੁੰਡਲੀ ਵਿੱਚ ਹਾਈਵੇਅ ਦੇ ਨਾਲ ਲੱਗਪਗ ਕਿਲੋਮੀਟਰ ਲੰਮੀ ਪੱਟੀ ’ਚ ਕਿਸਾਨਾਂ ਦਾ ਠਹਿਰਾਅ ਸਥਾਨ ਸੀ, ਜਿੱਥੇ ਉਨ੍ਹਾਂ ਨੇ ਬਾਥਰੂਮ ਤੇ ਰਸੋਈਆਂ ਆਦਿ ਸਹੂਲਤਾਂ ਸਣੇ ਰੈਣ ਬਸੇਰੇ ਬਣਾਏ ਹੋਏ ਸਨ।
ਕਿਸਾਨਾਂ ਵੱਲੋਂ ਸਾਮਾਨ ਇਕੱਠਾ ਕਰਕੇ ਜਾਣ ਮਗਰੋਂ ਝੁੱਗੀਆਂ-ਝੌਪੜੀਆਂ ਵਿੱਚ ਰਹਿੰਦੇ ਲੋਕ ਅਤੇ ਕਬਾੜੀਏ ਉਥੇ ਬਚੇ ਪਏ ਬਾਂਸ, ਤਰਪਾਲਾਂ, ਲੱਕੜੀਆਂ ਤੇ ਪਲਾਸਟਿਕ ਦੇ ਟੁਕੜੇ ਇਕੱਠੇ ਕਰਨ ਲਈ ਪਹੁੰਚ ਗਏ। ਉਨ੍ਹਾਂ ਵਿੱਚੋਂ ਕੁਝ ਲੋਕ ਖੁਸ਼ਕਿਸਮਤ ਰਹੇ, ਜਿਨ੍ਹਾਂ ਨੂੰ ਪੰਜਾਬ ਪਰਤ ਰਹੇ ਕਿਸਾਨਾਂ ਵੱਲੋਂ ਕੰਬਲ, ਗਰਮ ਕੱਪੜੇ, ਪੈਸੇ ਅਤੇ ਰੋਜ਼ਾਨਾ ਵਰਤੋਂ ਦਾ ਹੋਰ ਸਾਮਾਨ ਵੀ ਦਿੱਤਾ ਗਿਆ। ਬਾਂਸ ਇਕੱਠੇ ਕਰ ਰਹੇ ਬੱਚਿਆਂ ਵਿੱਚੋਂ 14 ਸਾਲਾਂ ਦੇ ਇੱਕ ਬੱਚੇ ਨੇ ਕੱਪੜਿਆਂ ਨਾਲ ਭਰੀ ਆਪਣੀ ਬੋਰੀ ਦਿਖਾਉਂਦਿਆਂ ਕਿਹਾ, ‘‘ਮੈਨੂੰ ਸਰਦਾਰਜੀ ਅੰਕਲ ਕੋਲੋਂ ਇੱਕ ਕੰਬਲ ਮਿਲਿਆ ਹੈ।’’ ਦੱਸਣਯੋਗ ਹੈ ਕਿ ਕਈ ਲੋਕ ਇੱਥੇ ਲੰਗਰ ਵੀ ਛਕਦੇ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly