ਐੱਸਸੀ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿਆਂਗੇ: ਕੇਜਰੀਵਾਲ

ਅੰਮ੍ਰਿਤਸਰ (ਸਮਾਜ ਵੀਕਲੀ):  ਨਵੇਂ ਸਾਲ ਦੀ ਆਮਦ ਮੌਕੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਇਥੇ ਭਗਵਾਨ ਵਾਲਮੀਕ ਨਾਲ ਸਬੰਧਤ ਧਾਰਮਿਕ ਅਸਥਾਨ ਰਾਮ ਤੀਰਥ ਮੰਦਰ ’ਚ ਨਤਮਸਤਕ ਹੋ ਕੇ ਐੱਸਸੀ ਭਾਈਚਾਰੇ ਅਤੇ ਸਫ਼ਾਈ ਕਰਮਚਾਰੀਆਂ ਦੇ ਹੱਕ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ’ਤੇ ਐੱਸਸੀ ਭਾਈਚਾਰੇ ਦੇ ਬੱਚਿਆਂ ਲਈ ਚੰਗੀ ਸਿੱਖਿਆ ਦਾ ਪ੍ਰਬੰਧ, ਕੱਚੇ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਸੀਵਰੇਜ ਦੀ ਸਫ਼ਾਈ ਲਈ ਮਸ਼ੀਨੀ ਉਪਕਰਨਾਂ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਇਸ ਧਰਮ ਅਸਥਾਨ ਦਾ ਪ੍ਰਬੰਧ ਵੀ ਵਾਲਮੀਕਿ ਸਮਾਜ ਦੇ ਹੱਥਾਂ ਵਿੱਚ ਦਿੱਤਾ ਜਾਵੇਗਾ।

ਕੇਜਰੀਵਾਲ ਅੱਜ ਵਰ੍ਹੇ ਦੇ ਪਹਿਲੇ ਦਿਨ ਇਤਿਹਾਸਕ ਰਾਮ ਤੀਰਥ ਮੰਦਰ ਵਿਚ ਨਤਮਸਤਕ ਹੋਣ ਲਈ ਇਥੇ ਪੁੱਜੇ। ਉਨ੍ਹਾਂ ਭਗਵਾਨ ਵਾਲਮੀਕਿ ਦੀ ਮੂਰਤੀ ਨੂੰ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ ਸੁਫਨਾ ਸੀ ਕਿ ਐੱਸਸੀ ਭਾਈਚਾਰੇ ਦੇ ਬੱਚਿਆਂ ਨੂੰ ਚੰਗੀ ਵਿੱਦਿਆ ਮੁਹੱਈਆ ਕਰਵਾਈ ਜਾਵੇ। ‘ਆਮ ਆਦਮੀ ਪਾਰਟੀ ਦੀ ਸੂਬੇ ਵਿਚ ਚੋਣਾਂ ਮਗਰੋਂ ਸਰਕਾਰ ਬਣਨ ’ਤੇ ਇਸ ਵਰਗ ਨਾਲ ਸਬੰਧਤ ਬੱਚਿਆਂ ਨੂੰ ਮੁਫ਼ਤ ਤੇ ਚੰਗੀ ਵਿੱਦਿਆ ਮੁਹੱਈਆ ਕਰਵਾਈ ਜਾਵੇਗੀ। ਜਿਸ ਤਰ੍ਹਾਂ ਦੀ ਚੰਗੀ ਵਿੱਦਿਆ ਪ੍ਰਾਈਵੇਟ ਸਕੂਲਾਂ ਵਿਚ ਉਪਲਬਧ ਹੈ, ਉਸੇ ਤਰ੍ਹਾਂ ਦੀ ਚੰਗੀ ਵਿੱਦਿਆ ਸਰਕਾਰੀ ਸਕੂਲਾਂ ਵਿਚੋਂ ਮਿਲੇਗੀ।’ ਉਨ੍ਹਾਂ ਸਫ਼ਾਈ ਕਰਮਚਾਰੀਆਂ ਦੇ ਹੱਕ ਵਿਚ ਗਾਰੰਟੀ ਦਿੰਦਿਆਂ ਆਖਿਆ ਕਿ ‘ਆਪ’ ਦੀ ਸਰਕਾਰ ਬਣਨ ਮਗਰੋਂ ਕੱਚੇ ਕਰਮਚਾਰੀਆਂ ਦੀ ਨੌਕਰੀ ਨੂੰ ਪੱਕਾ ਕੀਤਾ ਜਾਵੇਗਾ ਕਿਉਂਕਿ ਮੌਜੂਦਾ ਠੇਕਾ ਪ੍ਰਣਾਲੀ ਤਹਿਤ ਉਨ੍ਹਾਂ ਦਾ ਸੋਸ਼ਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਫਾਈ ਲਈ ਮਸ਼ੀਨੀ ਉਪਕਰਨਾਂ ਦੀ ਵਰਤੋਂ ਕੀਤੀ ਜਾਵੇਗੀ।

ਇਸ ਵੇਲੇ ਸਫਾਈ ਕਰਮਚਾਰੀ ਸੀਵਰੇਜ ਵਿਚ ਉਤਰ ਕੇ ਸਫਾਈ ਕਰਦੇ ਹਨ ਅਤੇ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਕਈ ਵਾਰ ਸਫਾਈ ਕਰਮਚਾਰੀਆਂ ਦੀ ਮੌਤ ਹੋ ਚੁੱਕੀ ਹੈ। ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸਫਾਈ ਵਾਸਤੇ ਮਸ਼ੀਨਾਂ ਦੀ ਵਰਤੋਂ ਹੋਵੇਗੀ। ਇਹ ਮਸ਼ੀਨਾਂ ਸਫਾਈ ਕਰਮਚਾਰੀਆਂ ਨੂੰ ਸਸਤੀਆਂ ਵਿਆਜ ਦਰਾਂ ’ਤੇ ਦਿੱਤੀਆਂ ਜਾਣਗੀਆਂ ਅਤੇ ਸਫਾਈ ਕਰਮਚਾਰੀ ਇਨ੍ਹਾਂ ਦੀ ਵਰਤੋਂ ਨਾਲ ਧਨ ਵੀ ਕਮਾ ਸਕਣਗੇ। ਉਨ੍ਹਾਂ ਕਿਹਾ ਕਿ ਵਾਲਮੀਕਿ ਸੰਤ ਸਮਾਜ ਦੀ ਮੰਗ ਨੂੰ ਪੂਰਾ ਕਰਨ ਲਈ ਇਸ ਧਰਮ ਅਸਥਾਨ ਦੇ ਪ੍ਰਬੰਧ ਲਈ ਬਣਾਏ ਗਏ ਸਰਕਾਰੀ ਧਾਮ ਬੋਰਡ ਨੂੰ ਭੰਗ ਕਰਕੇ ਇਸ ਦਾ ਪ੍ਰਬੰਧ ਵਾਲਮੀਕ ਸਮਾਜ ਨੂੰ ਸੌਂਪਿਆ ਜਾਵੇਗਾ। ਇਸ ਸਬੰਧ ਵਿਚ ਇਕ ਕਮੇਟੀ ਬਣਾਈ ਜਾਵੇਗੀ, ਜੋ ਇਸ ਦੇ ਪ੍ਰਬੰਧ ਨੂੰ ਚਲਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ’ਤੇ ਇਸ ਧਰਮ ਅਸਥਾਨ ਨੂੰ ਹੋਰ ਵੀ ਸੁੰਦਰ ਬਣਾਉਣ ਦੇ ਯਤਨ ਕੀਤੇ ਜਾਣਗੇ।

ਇਸ ਮੌਕੇ ਉਨ੍ਹਾਂ ਨਾਲ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਹਰਪਾਲ ਸਿੰਘ ਚੀਮਾ, ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ, ਦਿੱਲੀ ਤੋਂ ਵਿਧਾਇਕ ਰਾਘਵ ਚੱਢਾ, ਜੀਵਨਜੋਤ ਕੌਰ ਅਤੇ ਹੋਰ ਆਗੂ ਹਾਜ਼ਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਤਿਆਰ: ਚੰਨੀ
Next articleਵਿਦੇਸ਼ ਤੋਂ ਫੰਡ ਨਹੀਂ ਲੈ ਸਕਣਗੀਆਂ 5,789 ਸੰਸਥਾਵਾਂ