ਪੰਜਾਬ ਰੋਂਦਾ ਵੇਖਿਆ

ਦੀਪ ਸੈਂਪਲਾਂ

(ਸਮਾਜ ਵੀਕਲੀ)

ਜੀਹਦੀ ਇੱਕ ਮਹਿਕ ਲਈ ਮਾਲੀ ਹੀ ਕਾਤਲ ਹੋਇਆ
ਉਹ ਟਾਹਣੀ ਨਾਲੋਂ ਟੁੱਟਕੇ ਗੁਲਾਬ ਰੋਂਦਾ ਵੇਖਿਆ।

ਸਿੰਧ,ਬਿਆਸ, ਸਤਲੁਜ,ਜਿਹਲਮ, ਉਦਾਸੇ ਵਹਿਣ
ਰਾਵੀ ਨਾਲੋਂ ਜੁਦਾ ਹੋ ਝਨਾਬ ਰੋਂਦਾ ਵੇਖਿਆ।

ਦੁੱਧ, ਮੱਖਣਾਂ ਤੋਂ ਵਾਂਝੀ ਹੋ ਗ‌ਈ ਜਵਾਨੀ
ਜੀਹਦੀ ਨਸ਼ੇ ਥੱਲੇ ਦੱਬਿਆ ਪੰਜਾਬ ਰੋਂਦਾ ਵੇਖਿਆ।

ਦੀਪ ਸੈਂਪਲੇ ਦੇ ਜਜ਼ਬਾਤ, ਅਹਿਸਾਸ ਰੁਲੇ
ਫੜ ਹੱਥਾਂ ਵਿੱਚ ਸ਼ਿਵ ਦੀ ਕਿਤਾਬ ਰੋਂਦਾ ਵੇਖਿਆ।

ਸੌਹਰਿਆਂ ਨੇ ਚ੍ਹਾੜਤੀ ਦਹੇਜ ਲਈ ਬਲੀ ਨਵੀਂ ਵਿਆਹੀ
ਓਹਦੇ ਆਂਦਰਾਂ ਤਾ‌ਈ ਜਾਂਦਾ ਮੈਂ ਤੇਜ਼ਾਬ ਰੋਂਦਾ ਵੇਖਿਆ।

ਕੁਦਰਤ ਹੋ ਗਈ ਕਹਿਰਵਾਨ ਜੀਹਦੀ ਫ਼ਸਲ ਤੇ
ਉਹ ਜੱਟ ਕੰਂਧ ਓਹਲੇ ਹੋਕੇ ਬੇਹਿਸਾਬ ਰੋਂਦਾ ਵੇਖਿਆ।

ਪੁੱਤ ਖਾ ਲਿਆ ਚਿੱਟੇ ਨੇ ਤੇ ਟੱਬਰ ਜੋ ਰੁਲ ਗਿਆ
ਝੱਲ ਸਕੇ ਨਾ ਵਿਛੋੜਿਆਂ ਦੀ ਤਾਬ ਰੋਂਦਾ ਵੇਖਿਆ

ਦੁਨੀਆਂ ਦੇ ਕੌੜੇ ਸੁਰ ਝੱਲ ਝੁੰਡ ਕੋਈਲਾਂ ਦਾ
ਤੱਕ ਮਰਦਾਨੇ ਦੀ ਰਬਾਬ ਰੋਂਦਾ ਵੇਖਿਆ।

ਲੇਖਕ ਦੀਪ ਸੈਂਪਲਾਂ
ਸ਼੍ਰੀ ਫ਼ਤਹਿਗੜ੍ਹ ਸਾਹਿਬ
6283087924

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUN envoy calls for dialogue, compromises to achieve long-lasting peace in Yemen
Next articleIsrael’s cabinet approves establishment of national guard led by far-right minister