ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ ਦੀ ਅਗਵਾਈ ਹੇਠ ਪੰਡਿਤ ਜਗਤ ਰਾਮ ਸਰਕਾਰੀ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਵਿਖੇ 25 ਅਤੇ 26 ਨਵੰਬਰ ਨੂੰ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਜ਼ਿਲ੍ਹੇ ਦੇ ਵਿਸ਼ੇਸ਼ ਬਾਲ ਯੂਨਿਟ, ਸਰਕਾਰੀ ਐਲੀਮੈਂਟਰੀ ਅਤੇ ਸੈਕੰਡਰੀ ਅਧਿਆਪਕਾਂ ਲਈ ਕਰਵਾਇਆ ਗਿਆ। ਇਸ ਦੌਰਾਨ ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ, ਪੋਕਸੋ ਐਕਟ, ਗੁੱਡ ਟੱਚ-ਬੈਡ ਟੱਚ, ਸਪਾਂਸਰਸ਼ਿਪ ਫੰਡ ਸਕੀਮ, ਮਿਸ਼ਨ ਵਾਤਸਲਿਆ, ਮਿਸ਼ਨ ਸ਼ਕਤੀ, ਸੰਤੁਲਿਤ ਖੁਰਾਕ ਅਤੇ ਸਾਖੀ ਵਨ ਸਟਾਪ ਸੈਂਟਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦਾ ਉਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਸਕੀਮਾਂ ਦੇ ਲਾਭਾਂ ਤੋਂ ਜਾਣੂ ਕਰਵਾਉਣਾ ਸੀ ਤਾਂ ਜੋ ਲੋੜਵੰਦ ਲੋਕ ਇਨ੍ਹਾਂ ਦਾ ਲਾਭ ਉਠਾ ਸਕਣ। ਇਸ ਮੌਕੇ ਡੀ.ਐਸ.ਪੀ ਕ੍ਰਾਈਮ ਅਗੇਂਸਟ ਵੂਮੈਨ ਐਂਡ ਚਾਈਲਡ ਬਲਵਿੰਦਰ ਸਿੰਘ ਜੌੜਾ ਨੇ ਪੁਲਿਸ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਔਰਤਾਂ ਅਤੇ ਬੱਚਿਆਂ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਮਿਸ਼ਨ ਹੁਸ਼ਿਆਰ ਤਹਿਤ ਅਪਰਾਧ ਦਰ ਨੂੰ ਘਟਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ: ਹਰਪ੍ਰੀਤ ਕੌਰ ਨੇ ਬੱਚਿਆਂ ਦੇ ਅਧਿਕਾਰਾਂ ਅਤੇ ਉਨ੍ਹਾਂ ਨਾਲ ਸਬੰਧਿਤ ਸੰਵੇਦਨਸ਼ੀਲ ਮੁੱਦਿਆਂ ‘ਤੇ ਚਰਚਾ ਕੀਤੀ | ਉਨ੍ਹਾਂ ਜੁਵੇਨਾਈਲ ਜਸਟਿਸ ਐਕਟ, ਪੋਕਸੋ ਐਕਟ, ਬਾਲ ਵਿਆਹ ਰੋਕੂ ਕਾਨੂੰਨ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਵਰਗੇ ਕਾਨੂੰਨਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਲੋੜਵੰਦ ਬੱਚੇ ਪੁਲਿਸ ਸਟੇਸ਼ਨ, ਚਾਈਲਡ ਹੈਲਪਲਾਈਨ ਜਾਂ ਸਿੱਧੇ ਉਨ੍ਹਾਂ ਦੇ ਦਫ਼ਤਰ ਜਾ ਕੇ ਮਦਦ ਪ੍ਰਾਪਤ ਕਰ ਸਕਦੇ ਹਨ। ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਹੁਸ਼ਿਆਰਪੁਰ-2 ਦਇਆ ਰਾਣੀ ਨੇ ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਭਰੂਣ ਹੱਤਿਆ ਵਰਗੇ ਘਿਨਾਉਣੇ ਅਪਰਾਧਾਂ ਨੂੰ ਰੋਕਣ ਅਤੇ ਲਿੰਗ ਅਨੁਪਾਤ ਨੂੰ ਸੁਧਾਰਨ ਲਈ ਹਰ ਪਿੰਡ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਸਾਖੀ ਵਨ ਸਟਾਪ ਸੈਂਟਰ ਤੋਂ ਆਰਤੀ ਸ਼ਰਮਾ ਨੇ ਘਰੇਲੂ ਹਿੰਸਾ ਐਕਟ ਅਤੇ ਔਰਤਾਂ ਦੇ ਅਧਿਕਾਰਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਵਨ ਸਟਾਪ ਸੈਂਟਰ ਔਰਤਾਂ ਨੂੰ ਮੈਡੀਕਲ ਸਹਾਇਤਾ, ਮੁਫ਼ਤ ਕਾਨੂੰਨੀ ਸਹਾਇਤਾ, ਕਾਉਂਸਲਿੰਗ ਸੇਵਾਵਾਂ ਅਤੇ ਆਸਰਾ ਵਰਗੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ। ਮੱਧ ਪੱਧਰੀ ਸਿਖਲਾਈ ਕੇਂਦਰ ਤੋਂ ਸੀਮਾ ਸ਼ਰਮਾ ਨੇ ਪੌਸ਼ਟਿਕਤਾ ਅਤੇ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਦੱਸਦਿਆਂ ਅਨੀਮੀਆ ਦੇ ਇਲਾਜ ਵਿੱਚ ਸਹੀ ਖੁਰਾਕ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਬਲਾਕ ਮਿਸ਼ਨ ਮੈਨੇਜਰ ਮਹਿੰਦਰ ਸਿੰਘ ਰਾਣਾ ਨੇ ਅਧਿਆਪਕਾਂ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਜਿਵੇਂ ਕਿ ਵਿਸ਼ਵਕਰਮਾ ਯੋਜਨਾ ਅਤੇ ਦੀਨ ਦਿਆਲ ਯੋਜਨਾ ਤਹਿਤ 18 ਤੋਂ 35 ਸਾਲ ਦੇ ਗਰੀਬ ਬੱਚਿਆਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly