ਫਗਵਾੜਾ ਰੈਲੀ ਦੀਆਂ ਤਿਆਰੀਆਂ ਸਬੰਧੀ ਬਸਪਾ ਸੂਬਾ ਪ੍ਰਧਾਨ ਨੇ ਜਲੰਧਰ ਦੇ ਸ਼ਹਿਰੀ ਤੇ ਪੇਂਡੂ ਖੇਤਰਾਂ ‘ਚ ਭਰਵੀਆਂ ਮੀਟਿੰਗਾਂ ਕੀਤੀਆਂ
ਜਲੰਧਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਪਾਰਟੀ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਵਸ ‘ਤੇ 15 ਮਾਰਚ ਨੂੰ ਫਗਵਾੜਾ ਵਿਖੇ ‘ਪੰਜਾਬ ਸੰਭਾਲੋ ਰੈਲੀ’ ਕੀਤੀ ਜਾ ਰਹੀ ਹੈ। ਇਸ ਰੈਲੀ ਦੀਆਂ ਤਿਆਰੀਆਂ ਸਬੰਧੀ ਬਸਪਾ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਸ਼ੁੱਕਰਵਾਰ ਨੂੰ ਜਲੰਧਰ ਜ਼ਿਲ੍ਹੇ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਭਰਵੀਆਂ ਮੀਟਿੰਗਾਂ ਕੀਤੀਆਂ। ਇਸ ਦੌਰਾਨ ਮੀਟਿੰਗਾਂ ਨੂੰ ਸੰਬੋਧਿਤ ਕਰਦੇ ਹੋਏ ਡਾ. ਕਰੀਮਪੁਰੀ ਨੇ ਕਿਹਾ ਕਿ ਸੂਬੇ ਦੀ ਸੱਤਾ ਵਿੱਚ ਰਹੀਆਂ ਅਕਾਲੀ-ਭਾਜਪਾ, ਕਾਂਗਰਸ ਤੇ ਆਪ ਸਰਕਾਰਾਂ ਨੇ ਲੋਕ ਮਾਰੂ ਨੀਤੀਆਂ ਲਾਗੂ ਕਰਕੇ ਲੋਕਾਂ ਦਾ ਬੁਰੀ ਤਰ੍ਹਾਂ ਉਜਾੜਾ ਕੀਤਾ ਹੈ। ਇਨ੍ਹਾਂ ਸਰਕਾਰਾਂ ਦੇ ਮਾੜੇ ਪ੍ਰਬੰਧ ਤੇ ਬੇਰੁਜ਼ਗਾਰੀ ਤੋਂ ਦੁਖੀ ਲੋਕ ਕਰਜ਼ਾ ਚੁੱਕ ਕੇ ਵਿਦੇਸ਼ਾਂ ਵੱਲ ਜਾਣ ਲਈ ਮਜ਼ਬੂਰ ਹੋਏ, ਜਿੱਥੇ ਉਨ੍ਹਾਂ ਨੂੰ ਮੁਸ਼ਕਿਲ ਹਾਲਾਤਾਂ ਵਿੱਚ ਕੰਮ ਕਰਨਾ ਪੈ ਰਿਹਾ ਹੈ। ਇਨ੍ਹਾਂ ਦੇ ਰਾਜ ਵਿੱਚ ਫੈਲੇ ਨਸ਼ੇ ਨੇ ਕਈ ਲੋਕਾਂ ਦੇ ਘਰਾਂ ਦੇ ਦੀਵੇ ਬੁਝਾ ਦਿੱਤੇ ਤੇ ਸੂਬੇ ਦੇ ਸਮਾਜਿਕ ਢਾਂਚੇ ਨੂੰ ਤਹਿਸ-ਨਹਿਸ ਕਰ ਦਿੱਤਾ। ਭਾਜਪਾ, ਕਾਂਗਰਸ, ਅਕਾਲੀ ਦਲ ਤੇ ਮੌਜ਼ੂਦਾ ਸਮੇਂ ਵਿੱਚ ਆਪ ਸਰਕਾਰਾਂ ਲੋਕਾਂ ਨੂੰ ਚੰਗੀ ਸਿਹਤ, ਸਿੱਖਿਆ, ਰੁਜ਼ਗਾਰ ਦੇਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈਆਂ ਹਨ। ਡਾ. ਕਰੀਮਪੁਰੀ ਨੇ ਕਿਹਾ ਕਿ ਅਜਿਹੇ ਮਾੜੇ ਹਾਲਾਤਾਂ ਵਿੱਚੋਂ ਸੂਬੇ ਨੂੰ ਬਾਹਰ ਕੱਢਣ ਲਈ ਬਸਪਾ ਵੱਲੋਂ ‘ਪੰਜਾਬ ਸੰਭਾਲੋ ਰੈਲੀ’ ਰਾਹੀਂ ਲੋਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਲੋਕਾਂ ਨੂੰ ਅਪੀਲ ਹੈ ਕਿ ਉਹ ਬਸਪਾ ਰਾਹੀਂ ਸੂਬੇ ਦੀ ਕਮਾਨ ਸੰਭਾਲਣ ਅਤੇ ਖੁਸ਼ਹਾਲੀ, ਤਰੱਕੀ ਤੇ ਭਾਈਚਾਰੇ ‘ਤੇ ਆਧਾਰਿਤ ਪੰਜਾਬ ਸਿਰਜਣ ਵੱਲ ਕਦਮ ਵਧਾਉਣ। ਇਨ੍ਹਾਂ ਮੀਟਿੰਗਾਂ ਨੂੰ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਵੀ ਸੰਬੋਧਿਤ ਕੀਤਾ ਤੇ ਲੋਕਾਂ ਨੂੰ ਪੰਜਾਬ ਸੰਭਾਲੋ ਰੈਲੀ ਵਿੱਚ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਬਸਪਾ ਸੂਬਾ ਸਕੱਤਰ ਇੰਜ. ਜਸਵੰਤ ਰਾਏ, ਪਰਮਜੀਤ ਮੱਲ, ਸਲਵਿੰਦਰ ਕੁਮਾਰ, ਬਲਦੇਵ ਰਲ੍ਹ, ਰਾਕੇਸ਼ ਬੱਗਾ, ਅਸ਼ੋਕ ਸਈਪੁਰੀਆ, ਬਲਦੇਵ ਸਲਾਲਾ, ਸ਼ਾਦੀ ਲਾਲ ਬੱਲ, ਅਮਰਜੀਤ ਸਿੰਘ ਨੰਗਲ, ਪ੍ਰਭਜਿੰਦਰ ਸਿੰਘ ਪੱਤੜ, ਪਰਮਜੀਤ ਮੰਨਣ, ਕੌਂਸਲਰ ਦਵਿੰਦਰ ਗੋਗਾ, ਹਰਮੇਸ਼ ਖੁਰਲਾ ਕਿੰਗਰਾ, ਗੁਰਨਾਮ ਮਾਣਕ, ਸ਼ਾਮਾ ਮਹਿਤੋ, ਸੁਰਿੰਦਰਜੀਤ ਸ਼ਿੰਦੀ ਆਦਿ ਆਗੂ ਵੀ ਮੌਜ਼ੂਦ ਸਨ।
https://play.google.com/store/apps/details?id=in.yourhost.samaj