ਪੋਰਟ ਬਲੇਅਰ (ਸਮਾਜ ਵੀਕਲੀ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ਤੇ ਇਸ ਦੇ ਆਜ਼ਾਦੀ ਸੰਘਰਸ਼ ਲਈ ਵੀਡੀ ਸਾਵਰਕਰ ਦੀ ਪ੍ਰਤੀਬੱਧਤਾ ’ਤੇ ਸ਼ੱਕ ਕਰਨ ਵਾਲੇ ਲੋਕਾਂ ਨੂੰ ਜਵਾਬ ਦਿੰਦਿਆਂ ਅੱਜ ਕਿਹਾ ਕਿ ਆਜ਼ਾਦੀ ਘੁਲਾਟੀਏ ਦੀ ਦੇਸ਼ ਭਗਤੀ ਤੇ ਬਹਾਦਰੀ ’ਤੇ ਸਵਾਲ ਨਹੀਂ ਚੁੱਕੇ ਜਾ ਸਕਦੇ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ‘ਥੋੜੀ ਸ਼ਰਮ’ ਕਰਨੀ ਚਾਹੀਦੀ ਹੈ। ਗ੍ਰਹਿ ਮੰਤਰੀ ਦੀ ਇਹ ਟਿੱਪਣੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਹਾਲ ਹੀ ’ਚ ਦਿੱਤੇ ਉਸ ਬਿਆਨ ਮਗਰੋਂ ਬਣੇ ਵਿਵਾਦ ਦੀ ਪਿੱਠਭੂਮੀ ’ਚ ਆਈ ਹੈ ਜਿਸ ਉਨ੍ਹਾਂ ਕਿਹਾ ਸੀ ਕਿ ਹਿੰਦੂ ਵਿਚਾਰਕ ਵੀਡੀ ਸਾਵਰਕਰ ਨੇ ਮਹਾਤਮਾ ਗਾਂਧੀ ਦੀ ਸਲਾਹ ’ਤੇ ਅਗਰੇਜ਼ਾਂ ਸਾਹਮਣੇ ਰਹਿਮ ਦੀ ਅਪੀਲ ਦਾਇਰ ਕੀਤੀ ਸੀ। ਇੱਥੇ ਦੱਸਣਾ ਬਣਦਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਆਪਣੇ ਤਿੰਨ ਰੋਜ਼ਾ ਦੌਰੇ ’ਤੇ ਪੋਰਟ ਬਲੇਅਰ ਆਏ ਹੋਏ ਹਨ।
ਸ਼ਾਹ ਨੇ ਇੱਥੇ ਕੌਮੀ ਸਮਾਰਕ ਸੈਲੂਲਰ ਜੇਲ੍ਹ ’ਚ ਸਾਵਰਕਰ ਦੀ ਤਸਵੀਰ ’ਤੇ ਹਾਰ ਪਾਉਣ ਮਗਰੋਂ ਕਿਹਾ, ‘ਇਸ ਜੇਲ੍ਹ ’ਚ ਤੇਲ ਕੱਢਣ ਲਈ ਕੋਹਲੂ ਦੇ ਬੈਲ ਵਾਂਗ ਪਸੀਨਾ ਵਹਾਉਣ ਵਾਲੇ ਤੇ ਉਮਰ ਕੈਦ ਦੀਆਂ ਦੋ ਸਜ਼ਾਵਾਂ ਪਾਉਣ ਵਾਲੇ ਵਿਅਕਤੀ ਦੀ ਜ਼ਿੰਦਗੀ ’ਤੇ ਤੁਸੀਂ ਕਿਵੇਂ ਸ਼ੱਕ ਕਰ ਸਕਦੇ ਹੋ। ਸ਼ਰਮ ਕਰੋ।’ ਸ਼ਾਹ ਨੇ ਕਿਹਾ ਕਿ ਸਾਵਰਕਰ ਕੋਲ ਉਹ ਸਭ ਕੁਝ ਸੀ ਜੋ ਉਸ ਨੂੰ ਚੰਗੀ ਜ਼ਿੰਦਗੀ ਜਿਊਣ ਲਈ ਚਾਹੀਦਾ ਸੀ ਪਰ ਉਨ੍ਹਾਂ ਔਖਾ ਰਾਹ ਚੁਣਿਆ ਜੋ ਮਾਤ-ਭੂਮੀ ਲਈ ਉਸ ਦੀ ਅਟੁੱਟ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਭਾਰਤ ਦੀ ਆਜ਼ਾਦੀ ਦੇ 75 ਸਾਲਾ ਜਸ਼ਨ ਤਹਿਤ ਸਰਕਾਰ ‘ਆਜ਼ਾਦੀ ਕਾ ਅਮ੍ਰਿਤ ਮਹੋਤਸਵ’ ਮਨਾ ਰਹੀ ਹੈ ਅਤੇ ਇਸੇ ਤਹਿਤ ਇੱਥੇ ਕਰਵਾਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ‘ਇਸ ਸੈਲੂਲਰ ਜੇਲ੍ਹ ਤੋਂ ਵੱਡਾ ਤੀਰਥ ਕੋਈ ਨਹੀਂ ਹੋ ਸਕਦਾ।
ਇਹ ਥਾਂ ਇੱਕ ‘ਮਹਾਤੀਰਥ’ ਹੈ ਜਿੱਥੇ ਸਾਵਰਕਰ ਨੇ 10 ਸਾਲ ਤੱਕ ਅਣਮਨੁੱਖੀ ਤਸੀਹੇ ਝੱਲੇ ਪਰ ਆਪਣਾ ਹੌਸਲਾ ਤੇ ਬਹਾਦਰੀ ਨਹੀਂ ਗੁਆਈ।’ ਉਨ੍ਹਾਂ ਕਿਹਾ ਕਿ ਸਾਵਰਕਰ ਨੂੰ ਕਿਸੇ ਸਰਕਾਰ ਨੇ ਨਹੀਂ ਬਲਕਿ ਦੇਸ਼ ਦੇ ਲੋਕਾਂ ਨੇ ਉਨ੍ਹਾਂ ਦੀ ਭਾਵਨਾ ਤੇ ਹੌਸਲੇ ਕਾਰਨ ‘ਵੀਰ’ ਨਾਂ ਦਿੱਤਾ ਹੈ। ਉਨ੍ਹਾਂ ਕਿਹਾ, ‘ਭਾਰਤ ਦੇ 130 ਕਰੋੜ ਲੋਕਾਂ ਵੱਲੋਂ ਉਨ੍ਹਾਂ ਨੂੰ ਪਿਆਰ ਨਾਲ ਦਿੱਤਾ ਗਿਆ ਇਹ ਖਿਤਾਬ ਖੋਹਿਆ ਨਹੀਂ ਜਾ ਸਕਦਾ।’ ਸ਼ਾਹ ਨੇ ਆਜ਼ਾਦੀ ਸੰਘਰਸ਼ ਦੇ ਸ਼ਹੀਦਾਂ ਦੇ ਸਮਾਰਕ ’ਤੇ ਫੁੱਲ ਵੀ ਚੜ੍ਹਾਏ। ਉਨ੍ਹਾਂ ਕਿਹਾ ਅੱਜ ਦੇ ਭਾਰਤ ’ਚ ਜ਼ਿਆਦਾਤਰ ਲੋਕ ਆਜ਼ਾਦੀ ਤੋਂ ਬਾਅਦ ਪੈਦਾ ਹੋਏ ਹਨ ਅਤੇ ਇਸ ਲਈ ਉਨ੍ਹਾਂ ਨੂੰ ‘ਦੇਸ਼ ਲਈ ਮਰ ਮਿਟਣ ਦਾ ਮੌਕਾ’ ਨਹੀਂ ਮਿਲਿਆ। ਉਨ੍ਹਾਂ ਕਿਹਾ, ‘ਮੈਂ ਅੱਜ ਦੇ ਨੌਜਵਾਨਾਂ ਨੂੰ ਇਸ ਮਹਾਨ ਮੁਲਕ ਲਈ ਜਿਊਣ ਦੀ ਅਪੀਲ ਕਰਦਾ ਹਾਂ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly