ਸਤਿਗੁਰੂ ਰਵਿਦਾਸ ਮਹਾਰਾਜ ਜੀ

(ਸਮਾਜ ਵੀਕਲੀ) 

ਪਰਮਜੀਤ ਸਿੰਘ ਦੁਸਾਂਝ

ਪਰਮਜੀਤ ਸਿੰਘ ਦੁਸਾਂਝ

ਆਜੋ ਬਈ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੇ ਦਿਨ ਚੱਲ ਰਹੇ ਹਨ ਤੇ ਆਓ ਆਪਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਆਰਤੀ ਵਿਚਾਰਨ ਦਾ ਕੁਝ ਯਤਨ ਕਰਦੇ ਹਾਂ।

ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥1॥ਰਹਾਉ॥

ਨਾਮੁ ਤੇਰੋ ਆਸਨੋ ਨਾਮੁ ਤੇਰਾ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥1॥

ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥
ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ॥2॥

ਨਾਮੁ ਤੇਰੋ ਤਾਗਾ ਨਾਮ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥
ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥3॥

ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥
ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤਿਨਾਮ ਹੈ ਹਰਿ ਭੋਗ ਤੁਹਾਰੇ।
ਆਰਤੀ ਨੂੰ ਸਮਝਣ ਤੋਂ ਪਹਿਲਾਂ ਇਸ ਦੇ ਪਿਛੋਕੜ ਨੂੰ ਥੋੜਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਆਰਤੀਆਂ ਤਾਂ ਗੁਰੂ ਰਵਿਦਾਸ ਜੀ ਦੇ ਟਾਈਮ ਹੋਰ ਵੀ ਬਹੁਤ ਹੋ ਰਹੀਆਂ ਸਨ, ਪਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਉਹਨਾਂ ਸਾਰੀਆਂ ਆਰਤੀਆਂ ਤੋਂ ਵੱਖਰੀ ਆਪਣੀ ਆਰਤੀ ਕਿਉਂ ਲਿਖੀ…?
ਕਿਉਂਕਿ ਉਸ ਵੇਲੇ ਊਚ ਨੀਚ, ਜਾਤ ਪਾਤ, ਪਖੰਡ, ਵਹਿਮ, ਅੰਧ ਵਿਸ਼ਵਾਸ, ਅਤੇ ਰੱਬ ਨਾਂ ਦਾ ਡਰ ਪਾ ਕੇ ਆਮ ਲੋਕਾਂ ਦਾ ਜੀਣਾ ਦੁਬਰ ਕੀਤਾ ਹੋਇਆ ਸੀ ਅਤੇ ਇਹੋ ਜਿਹੇ ਸਮਾਜ ਵਿੱਚ ਕੁਝ ਆਪਣੇ ਆਪ ਨੂੰ ਅਖੌਤੀ ਰੱਬ ਦੇ ਉਪਾਸ਼ਕ ਸਮਝਦੇ ਲੋਕ ਆਰਤੀਆਂ ਕਰਕੇ ਲੋਕਾਂ ਸਾਹਮਣੇ ਪਖੰਡ ਕਰ ਰਹੇ ਸਨ ਕਿ ਦੇਖੋ ਅਸੀਂ ਰੱਬ ਦੇ ਸੱਚੇ ਭਗਤ ਹਾਂ ਅਸੀਂ ਹੀ ਰੱਬ ਦੇ ਬੰਦੇ ਹਾਂ।
ਕਿਉਂਕਿ ਆਮ ਲੋਕ ਅਨਪੜ ਸਨ ਅਤੇ ਨਾ ਹੀ ਲੋਕਾਂ ਨੂੰ ਪੜ੍ਹਨ ਲਿਖਣ ਦਾ ਅਧਿਕਾਰ ਸੀ,
ਇਸ ਕਰਕੇ ਲੋਕ ਵੀ ਕਿਤੇ ਨਾ ਕਿਤੇ ਇਹ ਸਮਝਣ ਲੱਗ ਪਏ ਸਨ ਕਿ ਜੋ ਇਹ ਲੋਕ (ਬ੍ਰਾਹਮਣਵਾਦੀ ਲੋਕ) ਕਰ ਰਹੇ ਹਨ ਉਹੀ ਬਿਲਕੁਲ ਸੱਚ ਹੈ। ਤੇ ਕਿਉਕਿ ਉਸ ਸਮਾਜ ਵਿੱਚ ਆਮ ਲੋਕਾਂ ਨੂੰ ਖਾਸ ਕਰ ਸ਼ੂਦਰਾਂ ਨੂੰ ਪੜ੍ਹਨ ਲਿਖਣ ਦਾ ਅਧਿਕਾਰ ਨਹੀਂ ਸੀ, “ਅਵਿਦਿਆ ਹਿਤ ਕੀਨ ਬਿਬੇਕ ਦੀਪ ਮਲੀਨ” ਇਸ ਕਰਕੇ ਗੁਰੂ ਰਵਿਦਾਸ ਮਹਾਰਾਜ ਨੇ ਡੰਕੇ ਦੀ ਚੋਟ ਤੇ ਕਿਹਾ ਕਿ ਜਿਸ ਦੀ ਤੁਸੀਂ ਆਰਤੀ ਕਰ ਰਹੇ ਹੋ ਜਿਸ ਨੂੰ ਤੁਸੀਂ ਰੱਬ ਮੰਨ ਰਹੇ ਹੋ, ਮੈਂ ਉਸ ਸਭ ਕਾਸੇ ਤੋਂ ਤਾਂ ਇਨਕਾਰੀ ਹਾਂ, ਕਿਉਕਿ ਮੈਂ ਅਪਣੀ ਸਦਬੁੱਧੀ ਦੇ ਕਰ ਕੇ, ਗਿਆਨ ਦੇ ਕਰ ਕੇ ਇਹ ਜਾਣ ਚੁੱਕਾ ਹਾਂ ਕਿ ਇਹ ਕਿਸੇ ਰੱਬ ਦੀ ਆਰਤੀ ਨੀਂ ਹੋ ਰਹੀ ਬਲਕਿ ਲੋਕਾਂ ਨੂੰ ਭਰਮ ਜਲ ਵਿੱਚ ਫਸਾਉਣ ਦਾ ਤਰੀਕਾ ਹੈ। ਜਿਸਨੂੰ ਮੈਂ ਖਡਿਤ ਕਰਦਾ ਹਾਂ।
“ਮਾਧਿਵੇ ਕਿਆ ਕਹੀਏ ਭਰਮ ਐਸਾ ਜੈਸਾ ਮਨੀਏ ਹੋਏ ਨਾ ਤੈਸਾ”।
ਪਰ ਹਾਂ ਜੋ ਸਦਬੁੱਧੀ ਕੁਦਰਤ ਨੇ ਮੈਂਨੂੰ ਦਿੱਤੀ ਹੈ ਉਹ ਇਸ ਧਰਤੀ ਤੇ ਜਨਮੈ ਹਰ ਇਨਸਾਨ ਨੂੰ ਦਿੱਤੀ ਹੈ ਤੇ ਗਿਆਨ ਲੈਣ ਦਾ ਹੱਕ ਹਰ ਇਨਸਾਨ ਨੂੰ ਹੈ, ਤੇ ਮੈਂ ਗਿਆਨ ਨੂੰ ਹੀ ਗੁਰੂ ਬਣਾ ਕੇ ਲੋਕਾਂ ਨੂੰ ਦੱਸਾਂਗਾ ਕੀ ਅਸਲ ਆਰਤੀ ਕਹਿੰਦੇ ਕਿਹਨੂੰ ਆਂ। ਜਿਹਨਾਂ ਨੂੰ ਪੜ੍ਹਨ ਲਿਖਣ ਦਾ ਗਿਆਨ ਲੈਣ ਦਾ ਹੱਕ ਨਹੀਂ ਮੈਂ ਉਹਨਾਂ ਨੂੰ ਇਸੇ ਹੀ ਰੱਬ ਦੇ ਨਾਮ ਨਾਲ (ਭਾਵ ਗਿਆਨ ਨਾਲ) ਜੋੜ ਕੇ, ਇਸੇ ਰੱਬ ਦਾ ਪ੍ਰਚਾਰ ਪ੍ਰਸਾਰ ਕਰਾਂਗਾ। ਲੋਕਾਂ ਦਾ ਜੋ ਵਿਵੇਕ ਦਾ ਦੀਵਾ ਬੁੱਝ ਚੁੱਕਾ ਉਸਨੂੰ ਮੈਂ ਦੁਬਾਰਾ ਉਜਾਗਰ ਕਰਾਂਗਾ ਤੇ ਲੋਕਾਂ ਨੂੰ ਰੱਬ ਦੇ ਨਾਮ ਨਾਲ ਜੋੜ ਕੇ ਭਾਵ ਗਿਆਨ ਨਾਲ ਜੋੜ ਕੇ ਅਸਲ ਰੱਬ ਨਾਲ ਮਿਲਾਗਾ ਵੀ ਤੇ ਮਿਲਵਾਂਗਾ ਵੀ,
ਹੁਣ ਤੁਸੀਂ “ਨਾਮ” ਤੋਂ ਭਾਵ ਗਿਆਨ ਲਓ ਤੇ ਅਰਥ ਕਰਦੇ ਜਾਓ,

ਨਾਮ ਤੇਰੋ ਆਰਤੀ ਮਜਨ ਮੁਰਾਰੇ
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਸਾਰੇ।
== ਰੱਬ ਦੇ ਨਾਮ ਦੀ ਆਰਤੀ ਮੂਰਤੀਆਂ ਅੱਗੇ ਰੱਖ ਕੇ ਵੱਡੇ ਵੱਡੇ ਮਹਿਲਾ ਚ ਕੀਤੀ ਜਾਂਦੀ ਹੈ, ਪਰ “ਹਰਿ ਦੇ ਨਾਮ ਬਿਨਾਂ” ਭਾਵ ਕੁਦਰਤ ਦੇ ਵਰਤਾਰੇ ਨੂੰ ਜਾਣੇ ਬਿਨਾਂ “Law of nature” ਨੂੰ ਜਾਣੇ ਬਿਨਾਂ, ਇਹ ਸਭ ਜੋ ਕੀਤਾ ਜਾਂ ਰਿਹਾ ਹੈ ਇਹ ਸਭ ਝੂਠ ਦਾ ਪਸਾਰ ਹੀ ਹੈ,
ਕਿਉ ਕੀ ਬ੍ਰਾਮਨਵਾਦੀ ਲੋਕ ਊਚ ਨੀਚ, ਜਾਤ ਪਾਤ ਨੂੰ ਮੰਨਦੇ ਸਨ ਪਰ ਰਵੀਦਾਸ ਮਹਾਰਾਜ ਕਹਿੰਦੇ ਸਨ ਕੀ ਕੁਦਰਤ ਨੇ ਸਾਰੇ ਇਕ ਸਮਾਨ ਪੈਦਾ ਕਿਤੇ ਹਨ, ਇਸ ਲਈ ਓਹ ਲੋਕ ਕੁਦਰਤ ਦੇ ਇਸ ਸਿਸਟਮ ਤੋਂ ਇਨਕਾਰੀ ਸਨ ਤਾਂ ਉਹਨਾਂ ਦੀ ਆਰਤੀ ਵੀ ਫੇਰ ਝੂਠੀ ਹੋਈ, ਰੱਬ ਦੀ ਆਰਤੀ ਤਾਂ ਓਹੀ ਕਰ ਸਕਦਾ ਜੋ ਰੱਬ ਦੇ ਬਣਾਏ ਸਾਰੇ ਬੰਦਿਆਂ ਨੂੰ ਇਕ ਸਮਾਨ ਸਮਝੇ,

“ਨਾਮ ਤੇਰਾ ਆਸਨੋ ਨਾਮ ਤੇਰੋ ਉਰਸਾ
ਨਾਮ ਤੇਰੋ ਕੇਸਰੋ ਲੇ ਛਿਟਕਾਰੇ।

ਤੇਰਾ ਨਾਮ ਹੀ ਭਾਵ ਗਿਆਨ ਲੈਣਾ ਹੀ ਮੇਰੇ ਲਈ ਤੇਰਾ ਆਸਣ ਹੈ,ਜਦੋ ਇਸ ਕੁਦਰਤੀ ਵਰਤਾਰੇ ਨੂੰ ਸਮਝਣਾ ਹੀ (ਭਾਵ ਗਿਆਨ ਲੈਣਾ ਹੀ) ਮੇਰੇ ਲਈ ਤੇਰੀ ਆਰਤੀ ਹੈ, ਤਾਂ ਫੇਰ ਜੋ ਬ੍ਰਹਮਣ ਆਰਤੀ ਵੇਲੇ ਤੋਰ ਤਰੀਕੇ ਵਰਤਦੇ ਹਨ ਮੈਂ ਉਹਨਾਂ ਸਾਰਿਆਂ ਨੂੰ ਗਿਆਨ ਲੈਣ ਦੀ ਵਿਧੀ ਦੇ ਰੂਪ ਚ ਮੰਨਦਾ ਹਾਂ, ਭਾਵ ਬ੍ਰਹਮਣ ਆਸਨ ਲਾਉਂਦਾ ਹੈ ਤਾਂ ਮੈਂ ਆਪਣੇ ਅੰਦਰ ਗਿਆਨ ਰੂਪੀ ਆਸਨ ਲਾ ਲਿਆ ਹੈ, ਜਿਸ ਸਿਲ ਤੇ ਪੁਜਾਰੀ ਚੰਦਨ ਰਗੜਦਾ ਹੈ ਉਹ ਸਿਲ ਨੂੰ ਵੀ ਮੈਂ ਗਿਆਨ ਰੂਪੀ ਸਿਲ ਬਣਾ ਲਿਆ ਹੈ ਤੇ ਪੁਜਾਰੀ ਮੂਰਤੀ ਉਪਰ ਕੇਸਰ ਦਾ ਸ਼ਿੱਟਾ ਦਿੰਦਾ ਹੈ ਪਰ ਮੇਰੇ ਲਈ ਗਿਆਨ ਹੀ ਕੇਸਰ ਸਮਾਨ ਹੈ ਜਿਸ ਦਾ ਮੈਂ ਸ਼ਿੱਟਾ ਦੇਵਾਂਗਾ।

ਨਾਮ ਤੇਰੋ ਦੀਵਾ ਨਾਮੁ ਤੇਰੋ ਬਾਤੀ
ਨਾਮ ਤੇਰੋ ਤੇਲ ਲੈ ਮਾਹਿ ਪਸਾਰੇ।
ਤੇਰੇ ਨਾਮ ਦਾ ਹੀ ਮੈਂ ( ਭਾਵ ਗਿਆਨ ਦਾ) ਆਪਣੇ ਅੰਦਰ ਦੀਵਾ ਬਾਲਿਆ ਹੈ, ਤੇ ਵਿੱਚ ਬੱਤੀ ਵੀ ਗਿਆਨ ਦੀ ਹੀ ਪਈ ਹੈ, ਜਿਸਨੇ ਰੋਸ਼ਨੀ ਕਰਨੀ ਹੈ, ਵੱਡੀ ਗੱਲ ਹੋਰ ਦੇਖੋ ਵਿੱਚ ਤੇਲ ਵੀ ਗਿਆਨ ਦਾ ਹੀ ਪਾਇਆ ਹੈ। ਹੁਣ ਸੋਚ ਕੇ ਦੇਖੋ ਕਿ ਗੁਰੂ ਸਾਹਿਬ ਸਾਡੇ ਅੰਦਰ ਗਿਆਨ ਰੂਪੀ ਦੀਵਾ ਬਾਲ ਕੇ ਸਾਡੀ ਸੁਰਤ ਕਿੰਨੀ ਉੱਚੀ ਚੱਕਣਾ ਚਾਹੁੰਦੇ ਸਨ। ਕਹਿ ਉਹ ਬੇਸ਼ੱਕ ਆਪਣੇ ਆਪ ਨੂੰ ਰਹੇ ਆ ਪਰ ਉਸ ਦੀਵੇ ਦਾ ਚਾਨਣ ਸਾਰੀ ਦੁਨੀਆ ਵਿੱਚ ਫੈਲ ਰਿਹਾ।

ਨਾਮ ਤੇਰੇ ਕੀ ਜੋਤਿ ਲਗਾਈ
ਭਇਓ ਉਜਿਆਰੋ ਭਵਨ ਸਗਲਾਰੇ।

ਹੁਣ ਜਿਸ ਮਨੁੱਖ ਅੰਦਰ ਗਿਆਨ ਰੂਪੀ ਤੇਲ ਹੋਵੇਗਾ, ਗਿਆਨ ਰੂਪੀ ਬੱਤੀ ਹੋਵੇਗੀ ਅਤੇ ਗਿਆਨ ਰੂਪੀ ਹੀ ਦੀਵਾ ਬਲੇਗਾ ਉਸ ਦੀ ਰੋਸ਼ਨੀ ਕਿੱਥੇ ਕਿੱਥੇ ਜਾਵੇਗੀ, ਹੁਣ ਜਦੋਂ ਇਸ ਦੀਵੇ ਦੀ ਜੋਤ ਜਗੇਗੀ ਤਾਂ ਵੱਡੇ ਵੱਡੇ ਭਵਨਾ ਚ, ਮਹਿਲ ਮੁਨਾਰਿਆਂ ਵਿੱਚ ਦੁਨੀਆਂ ਦੇ ਚਾਰੇ ਪਾਸੇ ਚਾਨਣ ਕਰੇਗੀ। ਉਹ ਇਨਸਾਨ ਕੁਦਰਤ ਦੇ ਵਰਤਾਰੇ Law of nature ਨੂੰ ਸਮਝੇਗਾ, ਮਲੀਨ ਹੋ ਚੁਕੀ ਬੁਧੀ ਦਾ ਜਦੋ ਦੀਵਾ ਬਲੇਗਾ ਤਾਂ ਬਾਕੀਆਂ ਨੂੰ ਵੀ ਚਾਨਣ ਕਰੇਗਾ।

ਨਾਮ ਤੇਰੋ ਤਾਗਾ ਨਾਮੁ ਫੂਲ ਮਾਲਾ
ਭਾਰ ਅਠਾਰਹ ਸਗਲ ਜੁਠਾਰੇ।

ਗਿਆਨ ਹੀ ਮੇਰੇ ਲਈ ਫੂਲਾ ਦੀ ਮਾਲਾ ਹੈ ਤੇ ਉਹਨਾਂ ਫੂਲਾ ਨੂੰ ਇਕ ਮਾਲਾ ਚ ਪਰੌਣ ਲਈ ਮੈਂ ਧਾਗਾ ਵੀ ਗਿਆਨ ਦਾ ਹੀ ਵਰਤਿਆ ਹੈ। ਤੇ ਇਸ ਮਾਲਾ ਅੱਗੇ ਦੁਨੀਆਂ ਦੇ ਸਾਰੇ ਫੁੱਲ ਪਤੀਆ ਤੇ ਮਾਲਾਵਾਂ ਜੂਠੀਆਂ ਹਨ। ਕਿਉਂ ਕੀ ਜਦੋ ਇਹ ਗਿਆਨ ਰੂਪੀ ਮਾਲਾ ਕਿਸੇ ਦੇ ਗੱਲ ਪੈਂਦੀ ਹੈ ਤਾਂ ਮੱਥੇ ਤੇ ਛੱਤਰ ਝੁਲਦੇ ਹਨ, ਇਸੇ ਕਰਕੇ ਕਿਹਾ ਸੀਂ,
“ਐਸੀ ਲਾਲ ਤੁਝ ਬਿਨ ਕਉਣ ਕਰੇ
ਗਰੀਬ ਨਵਾਜ ਗੁਸਾਈਆਂ ਮੇਰਾ ਮੱਥੇ ਛਤਰ ਧਰੇ।

ਤੇਰੋ ਕੀਆ ਤੁਝੇ ਕੀ ਅਰਪਉ
ਨਾਮ ਤੇਰਾ ਤੂੰ ਹੀ ਚਵਰ ਢੋਲਾਰੇ।

ਜਦੋਂ ਆਪਣੇ ਅੰਦਰ ਗਿਆਨ ਰੂਪੀ ਦੀਵਾ ਬਲਿਆ ਤਾਂ ਸਮਝ ਲੱਗੀ ਕਿ ਇਹ ਸਾਰਾ ਕੁਝ ਤਾਂ ਕੁਦਰਤ ਦਾ ਵਰਤਾਰਾ ਹੈ, ਪਰ ਪੁਜਾਰੀ ਲੋਕ (ਜਿਹਨਾਂ ਨੂੰ ਸਮਝ ਨਹੀਂ) ਉਹ ਇਸੇ ਕੁਦਰਤ ਵਿੱਚੋਂ ਫਲ ਫੁਲ ਪੱਤੀਆਂ ਲੈ ਕੇ ਪੱਥਰ ਦੀਆਂ ਮੂਰਤੀਆਂ ਨੂੰ ਖੁਸ਼ ਕਰਦੇ ਹਨ, ਪਰ ਮੈਂਨੂੰ ਇਸ ਗੱਲ ਦਾ ਗਿਆਨ ਹੋ ਗਿਆ ਕੀ ਕੁਦਰਤ ਹੀ ਰੱਬ ਹੈ ਪਰ ਹੁਣ ਮੈਂ ਇਸ ਰੱਬ ਅੱਗੇ ਕੀ ਅਰਪਣ ਕਰਾ ਜਾਂ ਕੀ ਰੱਖਾਂ, ਜਾਂ ਕੀ ਭੇਟਾ ਚੜਾਵਾਂ…?
ਮੈਂ ਹੋਰ ਤਾਂ ਕੁਝ ਨਹੀਂ ਚੜਾ ਸਕਦਾ ਪਰ ਮੈਂ ਆਪਣੇ ਆਪ ਨੂੰ ਕੁਦਰਤ ਅੱਗੇ ਅਰਪਣ ਕਰਦਾ ਹਾਂ ਤਾਂ ਕੀ ਆਉਣ ਵਾਲੇ ਸਮੇ ਚ ਵੀ ਇਹ ਗਿਆਨ ਰੂਪੀ ਚਵਰ ਇਸੇ ਤਰਾਂ ਤੇਰੀ ਮਿਹਰ ਬਣ ਕੇ, ਮੇਰੇ ਸਮੇਤ ਸਭ ਤੇ ਝੁਲਦਾ ਰਹੇ।

ਦਸ ਅਠਾ ਅੱਠਸਠੇ ਚਾਰੇ ਖਾਣੀ
ਇਹੈ ਵਰਤਣ ਹੈ ਸਗਲ ਸੰਸਾਰੇ।

ਦਸ ਅਠਾ (ਭਾਵ ਅਠਾਰਾਂ ਪੁਰਾਣ) ਅੱਠ ਸਠੇ (ਭਾਵ ਅਠਾਹਟ ਤੀਰਥ) ਚਾਰੇ ਖਾਣੀ (ਚੋਹਾ ਖੂੰਜੇਆ ਚ)
ਇਹਨਾਂ ਲੋਕਾਂ ਦੇ ਕੀ ਕਹਿਣੇ ਇਹ ਤਾਂ 18 ਪੁਰਾਣ ਪੜ੍ਹ ਕੇ ਅਤੇ 68 ਤੀਰਥਾਂ ਦੇ ਇਸ਼ਨਾਨ ਕਰਕੇ ਹੀ ਆਪਣੇ ਆਪ ਨੂੰ ਪਵਿੱਤਰ ਸਮਝਦੇ ਹਨ ਤੇ ਇਹ ਵਰਤਾਰਾ ਰੱਬ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਚਾਰੇ ਪਾਸੇ ਹੋ ਰਿਹਾ ਹੈ। ਤੇ ਇਸੇ ਤਰ੍ਹਾਂ ਦੀਆਂ ਇਹਨਾਂ ਦੀਆਂ ਆਰਤੀਆਂ ਹੋ ਰਹੀਆਂ ਹਨ।

ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤਿਨਾਮ ਹੈ ਹਰਿ ਭੋਗ ਤੁਹਾਰੇ।

ਪਰ ਗੁਰੂ ਰਵਿਦਾਸ ਜੀ ਕਹਿੰਦੇ (ਸਤਿਨਾਮ” ਭਾਵ ਸੱਚਾ ਗਿਆਨ ਸਹੀ ਗਿਆਨ) ਸੱਚ ਦਾ ਗਿਆਨ ਹਾਸਲ ਕਰਨਾ ਹੀ, ਕੁਦਰਤ ਦਾ ਗਿਆਨ ਹਾਸਲ ਕਰਨਾ ਹੀ ਭਾਵ ਕੁਦਰਤ ਨੂੰ ਸਮਝਣਾ ਹੀ ਉਸ ਦੀ ਅਸਲ ਆਰਤੀ ਹੈ।

ਨੋਟ:– ਮੈਂ ਆਪਣੀ ਤੁਛ ਬੁੱਧੀ ਅਨੁਸਾਰ ਇਹ ਅਰਥ ਕੀਤੇ ਹਨ, ਜੋ ਮੇਰੇ ਸਮਝ ਪਏ ਹਨ, ਹਰ ਕਿਸੇ ਦੀ ਆਪੋ ਆਪਣੀ ਰਾਏ ਹੋ ਸਕਦੀ ਹੈ ਪਰ ਇਹ ਲਿਖਦੇ ਤੋਂ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਪਰਮਜੀਤ ਸਿੰਘ ਦੁਸਾਂਝ

Previous articleਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਜੀ ਦੇ ਬੁੱਤ ਦਾ ਅਪਮਾਨ ਇਨਸਾਨੀਅਤ ਦਾ ਅਪਮਾਨ ਕੀਤਾ ਹੈ –ਮੈਡਮ ਪਰਮਿੰਦਰ ਕੌਰ ਕੰਗਰੌੜ।
Next articleਮਹਾਂਕੁੰਭ ਮੇਲਾ2025……