ਸਤਿਗੁਰੁ ਨਾਨਕੁ ਪ੍ਰਗਟਿਆ

(ਸਮਾਜ ਵੀਕਲੀ)

ਬਾਬੇ ਨਾਨਕ ਕਲਿ ਤਾਰਣ ਲਈ ਦੁਨੀਆਂ ਦਾ ਗੇੜਾ ਲਾ ਦਿੱਤਾ
ਤਨ ਲਈ ਖਾਣੇ ਤੇ ਮਨ ਲਈ ਸ਼ਬਦਾਂ ਦਾ ਲੰਗਰ ਲਗਾ ਦਿੱਤਾ
ਦੁਨੀਆਂ ਨੂੰ ਸੱਚੀ ਸੁੱਚੀ ਕਿਰਤ ਕਰਨ ਦਾ ਹੋਕਾ ਲਗਾ ਦਿੱਤਾ
ਆਪ ਮੋਦੀ ਖਾਨੇ ਕੀਤੀ ਨੌਕਰੀ ਕਰਤਾਰਪੁਰ ਹਲ ਵਾਹ ਦਿੱਤਾ

ਮਰਦਾਨੇ ਜੀ ਦੀ ਰਬਾਬ ਧੁਨੀਆਂ ਤੇ ਰੁਹਾਨੀ ਰਾਗ ਸੁਣਾ ਦਿੱਤਾ
ਕੂੜ ਪਾਪ ਭਰਮ ਵਿੱਚ ਧਸੀ ਜਨਤਾ ਨੂੰ ਸਿੱਧੇ ਰਸਤੇ ਪਾ ਦਿੱਤਾ
ਬਾਬੇ ਨਾਨਕ ਪੱਥਰ ਨੂੰ ਲਾ ਕੇ ਪੰਜਾ ਸਭ ਨੂੰ ਹੈਰਾਨ ਕਰਾ ਦਿੱਤਾ
ਹੰਕਾਰੀ ਕੌਡਾ ਰਾਖਸ਼ ਤੇ ਵਲੀ ਕੰਧਾਰੀ ਨੂੰ ਸਿੱਧੇ ਰਸਤੇ ਪਾ ਦਿੱਤਾ

ਵੰਡ ਛਕੋ ਤੇ ਨਿਸ਼ਕਾਮ ਸੇਵਾ ਦਾ ਸਭਨਾ ਨੂੰ ਸਬਕ ਪੜ੍ਹਾ ਦਿੱਤਾ
ਰੱਬੀ ਨੂਰ ਦੀ ਨਿਗਾ ਨਾਲ ਸੱਜਣ ਠੱਗ ਨੂੰ ਸੱਜਣ ਬਣਾ ਦਿੱਤਾ
ਬਾਬੇ ਨਾਨਕ ਚਾਰ ਉਦਾਸੀਆਂ ਕਰਕੇ ਨਾਮ ਦਾ ਹੋਕਾ ਲਾ ਦਿੱਤਾ
ਜਾਦੂਗਰਨੀਆਂ ਦਾ ਹੰਕਾਰ ਤੋੜ ਸਤਿਨਾਮ ਦੇ ਰਸਤੇ ਪਾ ਦਿੱਤਾ

ਕਿਰਤੀ ਧਰਮੀ ਭਾਈ ਲਾਲੋ ਜੀ ਦੇ ਪ੍ਰਸ਼ਾਦੇ ਨੂੰ ਅੰਮ੍ਰਿਤ ਨਾਂ ਦਿੱਤਾ
ਲੋਭੀ ਮਲਕ ਭਾਗੋ ਦੇ ਖੀਰ ਪੂੜੀਆਂ ਛਕਣ ਤੋਂ ਇਨਕਾਰ ਕੀਤਾ
ਜਾਤ ਪਾਤ ਦਾ ਖੰਡਨ ਕਰ ਨੀਚਾਂ ਨੂੰ ਗਲ਼ ਲਾ ਤੁਸਾਂ ਮਾਣ ਦਿੱਤਾ
ਕੋਹੜੀ ਰੋਗੀਆਂ ਦੀਆਂ ਝੁੱਗੀਆਂ ਵਿੱਚ ਜਾ ਸੁੱਖ ਵਰਦਾਨ ਦਿੱਤਾ

ਗੁਰੂ ਸਾਹਿਬ ਜੀ ਜਗ ਜਨਨੀ ਨੂੰ ਪੂਰਣ ਮਾਣ ਸਤਿਕਾਰ ਦਿੱਤਾ
ਕੁਰੂਕਸ਼ੇਤਰ ਨਾਟਕੀ ਢੰਗ ਨਾਲ ਲੋਕਾਂ ਅਮੁੱਲ ਗਿਆਨ ਦਿੱਤਾ
ਲੋਭੀ ਕੌਰੂ ਬਾਦਸ਼ਾਹ ਦੇ ਮਨ ਨੂੰ ਲੋਭ ਲਾਲਚ ਤੋਂ ਆਜ਼ਾਦ ਕੀਤਾ
ਸਿੱਧਾਂ ਜੋਗੀਆਂ ਨਾਲ ਸਿੱਧ ਗੋਸਟ ਕਰ ਸਭਨਾਂ ਨੂੰ ਤਾਰ ਦਿੱਤਾ

ਉੱਨੀਂ ਰਾਗਾਂ ਦੇ ਨੌ ਸੌ ਚੌਹੰਤਰ ਸ਼ਬਦਾਂ ਅਮੁੱਲ ਗਿਆਨ ਦਿੱਤਾ
ਜੋ ਬਾਣੀ ਪੜ੍ਹ ਸੁਣ ਕਮਾਵੇ ਓਸਦਾ ਲੋਕ ਪ੍ਰਲੋਕ ਸਵਾਰ ਦਿੱਤਾ
ਪੌਣ ਨੂੰ ਗੁਰੂ ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਂ ਦਾ ਮਾਣ ਦਿੱਤਾ
ਕਿਰਤ ਕਰੋ ਵੰਡ ਛਕੋ ਨਾਮ ਜਪੋ ਰੂਹਾਨੀ ਗੁਣ ਸਮਝਾ ਦਿੱਤਾ
ਇਕਬਾਲ ਨੀਚ ਔਗੁਣ ਭਰੇ ਨੇ ਗੁਰੂ ਜੀ ਨੂੰ ਸੀਸ ਝੁਕਾ ਦਿੱਤਾ

ਇਕਬਾਲ ਸਿੰਘ ਪੁੜੈਣ
8872897500

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਰਬੀ ਪੁਲ ਹਾਦਸ —ਤਫ਼ਤੀਸ਼ ਅਤੇ ਕਾਰਵਾਈ ਦੀ ਲੋੜ
Next articleਸਾਡਾ ਅਮੀਰ ਪੰਜਾਬੀ ਵਿਰਸਾ ਔਰਤ ਦਾ ਅਸਲ ਗਹਿਣਾ !