ਬੈਠੇ ਬੈਠੇ ਪੰਗਾ ਲੈ ਲਿਆ ਉਹ ਵੀ ਪੁਲਿਸ ਵਾਲਿਆਂ ਨਾਲ

(ਸਮਾਜ ਵੀਕਲੀ) ਪੁਲਿਸ,ਵਾਹ ਪੁਲਿਸ ਦੇ ਕੀ ਕਹਿਣੇ,ਪੁਲਿਸ ਕਰਕੇ ਹੀ ਤਾਂ ਦੇਸ਼ ਸੁਰੱਖਿਅਤ ਹੈ। ਪੁਲਿਸ ਸਾਡੀ ਜਾਨ ਮਾਲ ਦੀ ਰੱਖਿਆ ਕਰਦੀ ਏ,ਤੇ ਇਹ ਪੁਲਿਸ ਦਾ ਫ਼ਰਜ ਵੀ ਹੈ।ਜਾਨ ਅਤੇ ਮਾਲ ਦੀ ਗੱਲ ਕਰੀਏ ਤਾਂ, ਜਾਨ ਦੀ ਗੱਲ ਕਰੀਏ ਤਾਂ ਜਿਹੜਾ ਬੰਦਾ ਸਾਡੀ ਪੁਲਿਸ ਦੇ ਹੱਥ ਆ ਗਿਆ,ਕੇਰਾਂ ਤਾਂ ਉਸਦੀ ਜਾਨ ਕੜਿਕੀ ਵਿਚ ਫਸ ਜਾਂਦੀ ਹੈ, ਅਤੇ ਮਾਲ ਦੀ ਗੱਲ ਕਰੀਏ ਤਾਂ ਲੋਕਾਂ ਦੇ ਮਾਲ ਤੇ ਪੁਲਿਸ ਦੀ ਅੱਖ ਹਮੇਸ਼ਾਂ ਹੀ ਰਹਿੰਦੀ ਹੈ।ਸਾਡੇ ਦੇਸ਼ ਦੀ ਪੁਲਿਸ ਸਾਰੀ ਦੁਨਿਆਂ ਤੋਂ ਸਭ ਤੋਂ ਵਧਿਆ ਅਤੇ ਇਕ ਨੰਬਰ ਦੀ ਹੈ ਇਕ ਨੰਬਰ ਦੀ ਕਿਹਾ ਤਾਂ ਕੀ ਕਿਹਾ, ਦਸ ਨੰਬਰੀ ਕਹੋ। ਜਿੱਥੇ ਸਾਰੀ ਦੁਨਿਆਂ ਦੀ ਪੁਲਿਸ ਹਜਾਰਾਂ ਡਾਲਰ ਖਰਚਕੇ ਮੁਜਰਿਮ ਨੂੰ ਪਕੜਦੀ ਹੈ ,ੳੱਥੇ ਮੁਜਰਿਮ ਨੂੰ ਪਕੜਣ ਵਾਸਤੇ ਸਾਡੀ ਪੁਲਿਸ ਨੂੰ ਧੇਲਾ ਵੀ ਖਰਚਨਾ ਨਹੀਂ ਪੈਂਦਾ ਹੁਣ ਤੁਸੀਂ ਪੁੱਛੋਂਗੇ ਇਸ ਦਾ ਕੀ ਕਾਰਣ ਹੈ, ਇਹ ਹੇਠ ਲਿਖੇ ਦ੍ਰਿਸ਼ਟਾਂਤ ਤੋਂ ਤੁਹਾਨੂੰ ਪਤਾ ਲੱਗ ਜਾਵੇਗਾ। ਇਕ ਵਾਰੀ ਸਾਰੀ ਦੁਨਿਆਂ ਦੀ ਪੁਲਿਸ ਦੀ ਕਾਨਫ਼ਰੰਸ ਹੋਈ ਤੇ ਸਾਰਿਆਂ ਨੇ ਮੁਜਰਮਾਂ ਨੂੰ ਪਕੜਣ ਵਾਸਤੇ ਇੱਕੋ ਜਿਹੇ ਤਰੀਕੇ ਦੱਸੇ, ਸਾਰੀ ਦੁਨਿਆਂ ਦੀ ਪੁਲਿਸ ਨੇ ਮੁਜਰਮਾਂ ਨੂੰ ਪਕੜਣ ਵਾਸਤੇ ਅੱਡ ਅੱਡ ਤਰੀਕੇ ਦੱਸੇ ਤਾਂ ਸਾਡੀ ਪੁਲਿਸ ਉੱਥੇ ਬੈਠੀ ਮੁਸਕੜੀਆਂ ਹੱਸ ਰਹੀ ਸੀ।ਉੱਸ ਕਾਨਫ਼ਰੰਸ ਵਿਚ ਜਿਹੜੀਆਂ ਵੀ ਗੱਲਾਂ ਹੋਈਆਂ, ਉਸ ਦਾ ਸਾਰ ਇਹ ਸੀ ਕਿ ਪੁਲਿਸ ਵਾਲੇ ਵਾਰਦਾਤ ਵਾਲੀ ਜਗ੍ਹਾ ਤੇ ਜਾਂਦੇ ਹਨ, ਅਤੇ ਕਿਸੇ ਕਲੂ ਨੂੰ ਲੱਭਣ ਵਾਅਤੇ ਜਗਾ੍ਹ ਦਾ ਚੱਪਾ-ਚੱਪਾ ਛਾਣ ਮਾਰਦੇ ਹਨ,ਗਵਾਹਾਂ ਤੋਂ ਪੁੱਛਦੇ ਹਨ,ਟੈਲੀਵਿਜ਼ਨ ਰਾਹੀਂ ਲੋਕਾਂ ਨੂੰ ਦੱਸਦੇ ਹਨ ਕਿ ਜੇ ਕਿਸੇ ਨੇ ਇਹ ਵਾਰਦਾਤ ਹੁੰਦੀ ਦੇਖੀ ਹੋਵੇ,ਜਾਂ ਵਾਰਦਾਤ ਕਰਨ ਵਾਲੇ ਦਾ ਰਿਸ਼ਤੇਦਾਰ ਜਾਂ ਦੋਸਤ ਹੋਵੇ, ਉਹ ਆਕੇ ਸਾਨੂੰ ਦੱਸੇ।ਪੁਲਿਸ ਪੁਰਾਣੇ ਕੈਦੀਆਂ ਨੂੰ ਵੀ ਪੁੱਛਦੀ ਹੈ, ਅਤੇ ਤੇ ਕਈ ਵਾਰੀ ਭਾਰੀ ਇਨਾਮ ਵੀ ਰੱਖਿਆ ਜਾਂਦਾ ਹ,ੈ ਬਈ ਜਿਹੜਾ ਮੁਜਰਮਾਂ ਬਾਰੇ ਦੱਸੇਗਾ ਉਸਨੂੰ ਇਨਾਮ ਦਿੱਤਾ ਜਾਵੇਗਾ। ਕਈ ਵਾਰੀ ਅੱਚਨਚੇਤ ਹੀ ਬੰਦਾ ਪਕੜਿਆ ਜਾਦਾ ਹੈ,ਕਿਉਂਕਿ ਬੰਦੇ ਨੂੰ ਪਕੜਿਆ ਕਿਸੇ ਹੋਰ ਜੁਰਮ ਵਿਚ ਹੁੰਦਾ ਹੈ,ਪਰ ਬਾਅਦ ਵਿਚ ਪਤਾ ਲਗਦਾ ਹੈ ਕਿ ਇਸ ਮੁੁੁੁੁਜਰਮ ਨੇ ਤਾਂ ਹੋਰ ਵੀ ਬਹੁਤ ਸਾਰੇ ਜੁਰਮ ਕੀਤੇ ਹਨ।ਸਾਰੇ ਦੇਸ਼ਾਂ ਦੀ ਇਹੀ ਕਹਾਣੀ ਸੀ ।ਜਦੋਂ ਸਾਡੇ ਦੇਸ਼ ਦੀ ਪੁਲਿਸ ਦੀ ਵਾਰੀ ਆਈ ਤਾਂ ਸਾਡੀ ਪੁਲਿਸ ਦੇ ਨੁਮਾਇੰਦੇ ਨੇ ਕਿਹਾ,” ਲੈ ਸਾਨੂੰ ਮੁਜਰਮ ਲੱਭਣਾ ਕਿਹੜਾ ਔਖਾਂ ਹੈ,ਸਾਨੂੰ ਤਾਂ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਕਿਸ ਮੁਜਰਮ ਨੇ ਕਿਹੜਾ ਜੁਰਮ ਕਰਨਾ ਹੈ,ਸਾਨੂੰ ਤਾਂ ਬੰਦੇ ਪਹਿਲਾਂ ਹੀ ਪੈਸੇ ਦੇ ਜਾਦੇ ਹਨ,ਜਿੰਨਾ ਵੱਡਾ ਜੁਰਮ ਉਨੇ ਹੀ ਜਿਆਦਾ ਪੈਸੇ।ਕਈ ਵਾਰੀ ਵੱਡੇ ਅਫਸਰ ਜੋਰ ਪਾਉਣ ਲੱਗ ਜਾਂਦੇ ਹਨ,ਕਹਿਣਗੇ ਇੱਥੇ ਬੈਠੈ ਕੀ ਕਰੀ ਜਾਨੇ ਹੋ, ਹਾਲੇ ਤੱਕ ਤੁਹਾਡੇ ਕੋਲੋਂ ਮੁਜਰਮ ਨਹੀਂ ਪਕੜਆਿ ਗਿਆ,ਤੇ ਜੇ ਚੌਵੀ ਘੰਟਿਆਂ ਵਿਚ ਮੁਜਰਮ ਨਾ ਪਕੜਿਆ ਗਿਆ ਤਾਂ ਤੁਹਾਨੂੰ ਸਸਪੈਂਡ ਕਰ ਦਿਆਂਗੇ ਫੇਰ ਨਾ ਕਿਹੋ ਅਸੀਂ ਪਹਿਲਾਂ ਚਿਤਾਵਨੀ ਨਹੀਂ ਦਿੱਤੀ।ਤੁਹਾਨੂੰ ਪਤਾ ਹੈ ਅਸੀਂ ਫੇਰ ਕੀ ਕਰਦੇ ਹਾਂ,ਅਸੀਂ ਕਿਸੇ ਗਰੀਬ ਨੂੰ ਫੜਕੇ ਉਸਦੀ ਚਮੜੀ ਉਧੇੜ ਦਿੰਦੇ ਹਾਂ, ਭਾਵੇਂ ਉਸਨੇ ਕਦੇ ਜੁਰਮ ਕੀਤਾਂ ਵੀ ਨਾ ਹੋਵੇ,ਉਹ ਕੁੱਟ ਤੋਂ ਡਰਦਾ ਮਾਰਾ ਸਭ ਕੁਝ ਕਬੂਲ ਕਰ ਲੈਂਦਾ ਹੈ, “ਅਤੇ ਕਹਿੰਦਾ ਹੈ ਮੇਰੀ ਤੌਬਾ ਮੇਰੇ ਪਿਉ ਦੀ ਤੌਬਾ ਜਿੱਥੇ ਕਹੋਂ ਗੂਠਾਂ (ਅੰਗੂਠਾ)ਲਗਾ ਦਿੰਦਾ ਹਾਂ ,ਪਰ ਰੱਬ ਦਾ ਹੀ ਵਾਸਤਾ ਹੈ ਮੈਨੂੰ ਹੋਰ ਨਾ ਮਾਰੋ। ਫੇਰ ਸਾਡੀ ਪੁਲਿਸ ਦੇ ਨੁਮਾਇੰਦੇ ਨੇ ਇਹ ਵੀ ਦੱਿਸਆ ਕਿ ਸਾਡੇ ਕੋਈ ਧੱਕੇ ਚੜ੍ਹ ਜਾਵੇ ,ਉਹ ਤਾਂ ਫੇਰ ਕਰੇ ਆਪਣੀ ਮਾਂ ਨੂੰ ਯਾਦ,ਉਹਨੂੰ ਨਹੀਂ ਅਸੀਂ ਪੈਸੇ ਲਏ ਬਗੈਰ ਬਾਹਰ ਆਉਣ ਦਿੰਦੇ।ਇਹ ਤਾਂ ਸੀ ਕਾਨਫ਼ਰੰਸ ਦੀ ਗੱਲ, ਮੇਰੇ ਨਾਲ ਜਿਹੜੀ ਹੋਈ ਉਹ ਸੁਣੋ(ਪੜੋ੍ਹ) ਇਕ ਵਾਰੀ ਪੁਲਿਸ ਦੀ ਗੱਲ ਚੱਲ ਪਈ ਤਾਂ ਮੇਰਾ ਦੋਸਤ ਜਾਗਰ ਸਿੰਘ(ਉਜਾਗਰ ਸਿੰਘ)ਮੈਨੂੰ ਕਹਿਣ ਲਿੱਗਿਆ “ਬਾਈ ਕੇਹਰ ਸਿਹਾਂ ਕਿਤੇ ਭੁੱਲਕੇ ਵੀ ਆਪਣੀ ਪੁਲਿਸ ਦੇ ਧੱਕੇ ਨਾ ਚੜ੍ਹ ਜਾਈਂ।”
“ਮੈਂ ਕਿਹਾ ਜਾਗਰ ਸਿਹਾਂ, ਪੁਲਿਸ ਸਾਡੀ ਰਾਖੀ ਕਰਦੀ ਹੈ, ਇੰਨੀ ਬੁਰੀ ਤਾਂ ਨਹੀਂ ਹੋ ਸਕਦੀ ਜਿੰਨਾ ਤੂੰ ਸੋਚਦਾ ਹੈਂ।”
ਉਹ ਕਹਿਣ ਲੱਿਗਆ ,”ਹਾਥ ਕੰਗਨ ਕੋ ਆਰਸੀ ਕਿਆ, ਔਰ ਪੜ੍ਹੇ ਲਿਖੇ ਕੋ ਫਾਰਸੀ ਕਿਆ,ਅਖੇ ਨਾਈਆਂ ਨਾਈਆਂ ਮੇਰੇ ਵਾਲ ਕਿੰਨੇ ਲੱਮੇ ਹਨ ,ਨਾਈ ਕਹਿਣ ਲੱਿਗਆ ਬਾਬੂ ਬਾਲ ਜਰਾ ਕੱਟਣ ਦੀ ਦੇਰ ਹੈ ਤੁਹਾਡੇ ਸਾਹਮਣੇ ਹੀ ਆ ਜਾਣਗੇ।ਜੇ ਨਹੀਂ ਯਕੀਨ ਤਾਂ ਪਾਕੇ ਦੇਖਲੈ ਹੱਥ ਪੁਲਿਸ ਨੂੰ।”
ਮੈਂ ਸੋਚਿਆਂ ਪੁਲਿਸ ਨੂੰ ਅਜਮਾਕੇ ਮਿੱਤਰ ਦੀ ਗੱਲ ਝੂਠੀ ਪਾਉਣੀ ਹੈ।ਸਬਬ ਨਾਲ ਇਕ ਮੌਕਾ ਛੇਤੀ ਮਿਲ ਗਿਆ ।ਸਾਡੇ ਖੇਤਾਂ ਚੋਂ ਕਿਸੇ ਨੇ ਸਾਡੇ ਦਰਖਤ ਵੱਢ ਲਏ ਤੇ ਮੈਂ ਪੁਲਿਸ ਵਿਚ ਰਪਟ ਲਿਖਵਾਉਣ ਚਲਾ ਗਿਆ।ਗਰਮੀ ਵੀ ਕਹੇ ਮੈਂ ਅੱਜ ਹੀ ਪੈਣਾ ਹੈ,ਇੰਨੀ ਤੇਜ ਧੁੱਪ ਕਿ ਕਾਂ ਅੱਖ ਨਿਕਲਦੀ ਸੀ।ਮੈਂ ਜਦੋਂ ਥਾਣੇ ਪਹੁੰਚਿਆ ਤਾਂ ਦੇਖਿਆ ਮੁਨਸੀ਼ ਜੀ ਇਕ ਬੈਂਚ ਤੇ ਲੰਮੀ ਤਾਣ ਕੇ ਸੁੱਤੇ ਪਏ ਸਨ,ਉਨ੍ਹਾਂ ਦੇ ਘੁਰਾੜਿਆਂ ਦੀ ਅਵਾਜ ਬਾਹਰ ਸੜਕ ਤੇ ਜਾਂਦੇ ਰਾਹੀ ਨੂੰ ਵੀ ਸੁਣਦੀ ਸੀ ।ਹਵਾ ਭਾਵੇਂ ਗਰਮ ਆ ਰਹੀ ਸੀ ,ਪਰ ਘੁਕ ਸੁੱਤੇ ਪਏ ਮੁਨਸ਼ੀ ਜੀ ਨੂੰ ਕੋਈ ਪਤਾ ਨਹੀਂ ਸੀ ਕੌਣ ਆਇਆ ਤੇ ਕੌਣ ਗਿਆ ਹੈ।ਨਾਲ ਦੇ ਕਮਰੇ ਵਿਚ ਥਾਣੇਦਾਰ ਸਾਹਬ ਘੋੜੇ ਵੇਚ ਕੇ ਸੁੱਤੇ ਪਏ ਸਨ। ਹੁਣ ਮੇਨੂੰ ਸਮਝ ਆਈ ਕਿ ਲੋਕ ਘੋੜੇ ਵੇਚ ਕੇ ਕਿਉਂ ਸੌਂਦੇ ਹਨ, ਉਨ੍ਹਾਂ ਨੂੰ ਡਰ ਹੁੰਦਾ ਹੈ ਜੇ ਉਹ ਸੌਂ ਗਏ ਤਾਂ ਕੋਈ ਉਨ੍ਹਾਂ ਦੇ ਘੋੜੇ ਹੀ ਨਾ ਖੋਲ੍ਹ ਕੇ ਲੈ ਜਾਵੇ । ਫੇਰ ਸਿਪਾਹੀ ਕਿਉਂ ਪਿੱਛੇ ਰਹਿੰਦੇ ਉਹ ਵੀ ਲੰਮੀ ਤਾਣਕੇ ਫ਼ਰਸ਼ ਤੇ ਹੀ ਲਿਟੇ ਪਏ ਸਨ।ਉਹ ਸਾਰੇ ਇੰਨੀ ਗੂਹੜੀ ਨੀਂਦ ‘ਚ ਸੁੱਤੇ ਪਏ ਸਨ,ਭਾਵੇਂ ਥਾਣੇ ਚੋਂ ਬੰਦਾ ਕੋਈ ਵੀ ਚੀਜ ਚੁੱਕ ਕੇ ਲੈ ਜਾਂਦਾ, ਉਨ੍ਹਾਂ ਨੂੰ ਕੁਝ ਪਤਾ ਨਹੀ ਸੀ ਲੱਗਣਾ।ਮੈਨੂੰ ਸ਼ੁਰੂ ਤੋਂ ਹੀ ਸਿਖਾਇਆ ਗਿਆ ਹੈ ਕਿ ਸ਼ਹਿਰ ਕਿਸੇ ਕੰਮ ਜਾਣਾ ਹੋਵੇ ਤਾਂ ਚੰਗੇ ਕੱਪੜੇ ਪਾਕੇ ਜਾਣ ਨਾਲ ਅਗਲੇ ਉੱਤੇ ਚੰਗਾ ਰੋਹਬ ਪੈਂਦਾ ਹੈ,ਅਤੇ ਇਸ ਕਰਕੇ ਮੈਂ ਵੀ ਚਿੱਟਾ ਪਜਾਮਾ-ਕੁੜਤਾ ,ਅਤੇ ਪੋਚਵੀਂ ਪੱਗ ਬੱਨ੍ਹਕੇ ਗਿਆ ਸੀ ।
ਥਾਣੇ ਵਿਚ ਪਹੁੰਚਕੇ ਮੈਂ ਮੁਨਸੀ ਜੀ ਨੂੰ ਜਗਾਉਣ ਦੀ ਗਲਤੀ ਕਰ ਬੈਠਾ, ਇਕ ਦੋ ਵਾਰੀ ਅਵਾਜ ਵੀ ਦਿੱਤੀ ਪਰ ਉਹ ਕਿੱਥੇ ਉੱਠਣ ਵਾਲੇ ਸਨ, ਲਗਦਾ ਸੀ ਵਿਚਾਰੇ ਮੁਨਸ਼ੀ ਜੀ ਕਈ ਦਿਨਾਂ ਤੋਂ ਸੱੁਤੇ ਨਹੀਂ ਸਨ।ਜਦੋਂ ਮੈਂ ਇਕ ਦੋ ਵਾਰੀ ਮੁਨਸ਼ੀ ਜੀ ਨੂੰ ਹਲੂਣਿਆਂ ਤਾਂ ਅੱਖਾਂ ਜਿਹੀਆਂ ਮਲਦੇ ਹੋਏ ਉੱਭੜਵਾਹੇ ਉੱਠਕੇ ਗਾਲ੍ਹ ਕੱਢਦੇ ਹੋਏ ਕਹਿਣ ਲੱਗੇ,” “ਕੌਣ ਹੈ ਉਏ ,ਕੌਣ ਹੈ ਸਾ—ਲੇ ਦੋ ਘੜੀ ਸੌਣ ਵੀ ਨਹੀਂ ਦਿੰਦੇ ।”
ਫੇਰ ਮੈਨੂੰ ਦੇਖਕੇ ਆਪਣੇ ਆਪ ਨੂੰ ਠੀਕ ਕਰਕੇ ਅਤੇ ਮੂੰਹ ਤੇ ਹੱਥ ਫੇਰਦੇ ਹੋਏ ਕਹਿਣ ਲੱਗੇ ,”ਆਉ ਜੱਥੇਦਾਰ ਜੀ ਕਿਵੇਂ ਆਉਣਾ ਹੋਇਆ,ਗਰਮੀ ਬਾਹਲੀ ਹੈ ,ਮਾੜੀ ਜਿਹੀ ਅੱਖ ਲੱਗ ਗਈ ਸੀ,ਤੁਸੀਂ ਇੱਥੇ ਆਉਣ ਦੀ ਤਕਲੀਫ਼਼ ਕਿਉਂ ਕੀਤੀ ,ਸਾਨੂੰ ਕਹਿ ਦਿੰਦੇ ਅਸੀਂ ਘਰ ਆ ਜਾਂਦੇ ।”
ਜਦੋਂ ਮੈਂ ਕਿਹਾ ,”ਜੀ ਮੈਂ ਕੋਈ ਜੱਥੇਦਾਰ ਨਹੀਂ ਹਾਂ, ਮੈਂ ਤਾਂ ਇਕ ਗਰੀਬ ਕਿਸਾਨ ਹਾਂ ਤੁਹਾਡੇ ਕੋਲ ਰਪਟ ਦਰਜ ਕਰਾਉਣ ਆਇਆ ਹਾਂ।ਇਕ ਤਾਂ ਨੰਬਰਦਾਰ ਨੇ ਸਾਡੇ ਦਰਖ਼ਤ ਵੱਢ ਲਏ ਅਤੇ ਉੱਤੋਂ ਧਮਕੀ ਵੀ ਦਿੱਤੀ ਹੈ ਕਿ ਜੇ ਪੁਲਿਸ ਨੂੰ ਰਿਪੋਰਟ ਕੀਤੀ ਤਾਂ ਆਪਣਾ ਅਤੇ ਆਪਣੇ ਪਰਿਵਾਰ ਦੇ ਹੋਣ ਵਾਲੇ ਨੁਕਸਾਨ ਦਾ ਤੂੰ ਆਪ ਜਿ਼ੰਮੇਵਾਰ ਹੋਵੇਂਗਾ।”
ਮੈਥੋਂ ਇਹ ਸੁਣਕੇ ਕਿ ਮੈਂ ਕੋਈ ਜੱਥੇਦਾਰ ਨਹੀਂ, ਮੈਂ ਤਾਂ ਇਕ ਗਰੀਬ ਕਿਸਾਨ ਹਾਂ ,ਅਤੇ ਨੰਬਰਦਾਰ ਦੇ ਖਿ਼ਲਾਫ਼ ਰਪਟ ਦਰਜ ਕਰਵਾਉਣ ਆਇਆ ਹਾਂ,ਮੁਨਸ਼ੀ ਜੀ ਦਾ ਰੱਵਈਆ ਹੀ ਬਦਲ ਗਿਆ ਤੇ ਗੁੱਸੇ ਵਿਚ ਆਕੇ ਕਹਿਣ ਲੱਿਗਆ ,” ਕਿਹੜੇ ਪਿੰਡੋਂ ਹਂੈ ਉਏ।”
“ਚੱਕ ਨੰਬਰ 9।”
ਮੇਰਾ ਛੋਟਾ ਜਿਹਾ ਜਵਾਬ ਸੁਣਕੇ ਕਹਿਣ ਲੱਗਿਆ ,”ਹੱਛਿਆ—ਹੱਛਿਆ ਉਹ ਤਾਂ ਨੰਬਰਦਾਰ ਰਛਪਾਲ ਸਿਹੋਂ ਦਾ ਪਿੰਡ ਹੈ।”
ਮੈਂ ਕਿਹਾ ਹਾਂ ਉਹੀ—ਉਹੀ ਜੀ ।”ੁ
ਅੱਖਾਂ ਲਾਲ ਕਰਕੇ ਗੁੱਸੇ ਨਾਲ ਕਹਿਣ ਲੱਿਗਆ ,” ਇੱਜਤਦਾਰ ਬੰਦੇ ਦਾ ਨਾਂ ਲੈਂਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ ,ਤੇਰੀ ਹਿਮੰਤ ਕਿਵੇਂ ਪਈ ਨੰਬਰਦਾਰ ਤੇ ਦੋਸ਼ ਲਗਾਉਣ ਦੀ ।”
ਮੈਂ ਕਿਹਾ ਮੁਨਸ਼ੀ ਜੀ ਨੰਬਰਦਾਰ ਨੇ ਸਾਡੇ ਖੇਤਾਂ ‘ਚੋਂ ਦਰਖ਼ਤ ਵੱਢੇ ਹਨ ਤਾਂ ਹੀ ਤਾਂ ਮੈਂ ਆਇਆ ਹਾਂ,ਨਹੀਂ ਤਾਂ ਮੈਨੂੰ ਕਿਸੇ ਦਾ ਵਾਧੂ ਨਾਂ ਲੈਣ ਦੀ ਕੀ ਲੋੜ ਸੀ ਭਲਾ।”
“ਚੱਲ ਇਕ ਮਿੰਟ ਵਾਸਤੇ ਮੰਨ ਵੀ ਲਈਏ ,ਬਈ ਤੇਰੇ ਦਰਖ਼ਤਾਂ ਦੀ ਚੋਰੀ ਹੋਈ ਹੈ,ਹੈ ਕੋਈ ਸਫ਼ਾਰਸ਼—ਸਫੂ਼ਰਸ਼।”
“ ਨਾ ਜੀ ਸਾਡੇ ਗਰੀਬਾਂ ਕੋਲ ਕੀਹਦੀ ਸਫ਼ਾਰਸ਼ ਹੋਣੀਿ ਐਂ।”
“ਤਾਂ ਫੇਰ ਕਲਮ ਘਸਾਈ ਤਾਂ ਦੇਵੇਂਗਾ ਨਾ।”
“ਮੈਂ ਕਿਹਾ, ਮੈਂ ਸਮਝਿਆਂ ਨਹੀਂ ।”
ਅੰਦਰੌਂ ਥਾਣੇਦਾਰ ਜਿਹੜਾ ਆਪਣੀ ਨੀਂਦ ਪੂਰੀ ਕਰ ਚੁੱਕਿਆ, ਸੀ ਬਾਹਰ ਆਕੇ ਇਕ ਸਿਪਾਹੀ ਨੂੰ ਅਵਾਜ ਦੇਕੇ ਕਹਿੰਦਾ ,” ਮਹਾਂ ਸਿਹਾਂ ਆਈਂ ਕੇਰਾਂ ਲੈਕੇ ਚੱਲ ਇਸਨੂੰ ਅੰਦਰ ,ਇਸਨੂੰ ਆਪਣੇ ਤਰੀਕੇ ਨਾਲ ਸਮਝਾਉਂਦੇ ਹਾਂ ਕਿ ਕਲਮ ਘਸਾਈ ਕੀ ਹੁੰਦੀ ਹੈ।ਗਾਲ੍ਹ ਕੱਢਕੇ ਮੁਨਸ਼ੀ ਕਹਿਣ ਲੱਿਗਆ ,”ਉਏ ਜੇ ਭਲੀ ਚਾਹੁੰਦਾ ਹੈਂ ਤਾਂ ਵਗ ਜਾ,ਘਰ ਦੇ ਪਿਆਰੇ ਨਹੀਂ ਤੈਨੂੰ, ਥਾਣੇਦਾਰ ਸਾਹਬ ਨੇ ਜੇ ਤੇਰੀ ਤੌਣੀ ਲਾਹੀ ਤੇ ਜੇ ਕਿਤੇ ਕੁਥਾਈਂ ਵੱਜ ਗਈ ਤਾਂ ਮਰ ਜਾਵੇਂਗਾ ਤੇ ਸਾਡੀ ਜਾਨ ਨੂੰ ਹੋਰ ਮੁਸੀਬਤ ਖੜੀ ਕਰੇਂਗਾ।ਸ—ਲੇ ਮੁਫ਼ਤਖੋਰੇ ਪਤਾ ਨਹੀਂ ਕਿੱਥੋਂ ਆ ਜਾਂਦੇ ਹਨ,ਚੰਗੇ ਭਲੇ ਸੁੱਤੇ ਪਏ ਸੀ ਆਕੇ ਨੀਂਦ ਖਰਾਬ ਕਰ ਦਿੱਤੀ, ਮੈਂ ਸੋਚਿਆ ਪਤਾ ਨਹੀਂ ਕਿਹੜਾ ਮੰਤਰੀ -ਮੁੰਤਰੀ ਆ ਗਿਆ, ਚੌਰੇ ਨੇ ਆਕੇ ਡਰਾ ਹੀ ਦਿੱਤਾ ਸੀ।
ਗਾਲ੍ਹਾਂ ਸੁਣਕੇ ਸੱਚ ਪੱੁਛੋ ਤਾਂ ਮੈਨੂੰ ਗੁੱਸਾ ਆ ਗਿਆ ਸੀ, “ ਮੈਂ ਕਿਹਾ ਮੁਨਸ਼ੀ ਜੀ,ਮੈਂ ਤੁਹਾਨੂੰ ਜੀ ਕਹਿਕੇ ਬੁਲਾ ਰਿਹਾ ਹਾਂ, ਤੇ ਤੁਸੀਂ ਮੈਨੂੰ ਗਾਲ੍ਹਾਂ ਕੱਢੀ ਜਾਨੇ ਹੋ,ਪੁਲਿਸ ਤਾਂ ਸਾਡੀ ਰੱਖਿਆ ਕਰਦੀ ਹੈ,ਤੇ ਮੇਰੀ ਇੱਥੇ ਕੋਈ ਸੁਣਵਾਈ ਨਹੀਂ ਹੋ ਰਹੀ,ਤੁਹਾਨੂੰ ਨੰਬਰਦਾਰ ਦੇ ਖਿ਼ਲਾਫ਼ ਰਪਟ ਦਰਜ ਕਰਨੀ ਹੀ ਪਏਗੀ।”
ਮੁਨਸ਼ੀ ਥਾਣੇਦਾਰ ਵੱਲ ਤੱਕ ਕੇ ਹੱਸਣ ਲੱਗ ਗਿਆ ਤੇ ਉਸਨੇ ਕਿਹਾ,” ਇਹ ਚੌਰਾ ਆਪਣੇ ਹੱਕ ਮੰਗਦਾ ਹੈ,ਉਹ ਵੀ ਥਾਣੇ ਵਿਚ ਆਕੇ,ਬੱਲੇ ਬਈ ਬੱਲੇ ਮੰਨ ਗਏ ਬਾਈ ਤੈਨੂੰ, ਤੇਰੀ ਹਿੰਮਤ ਦੇ ਬਲਿਹਾਰੇ ਜਾਈਏ।” ਇਹ ਕਹਿਕੇ ਸਾਰੇ ਹੱਸਣ ਲੱਗ ਏ।ਅਤੇ ਫੇਰ ਚਾਣਚੱਕ ਹੀ ਦੋ ਸਿਪਾਹੀ ਹਨੇਰੀ ਵਾਂਗ ਆਏ ਤੇ ਮੈਨੂੰ ਘਸੀਟਦੇ ਹੋਏ ਅੰਦਰ ਲੈ ਗਏ।ਦੋ ਦਿਨ ਤੱਕ ਉਹ ਮੇਰੀ ਛਿੱਲ ਲਾਹੁੰਦੇ ਰਹੇ ਤੇ ਉਸੇ ਨੰਬਰਦਾਰ ਨੇ ਮੇਰੀ ਜਮਾਨਤ ਕਰਵਾਈ ਜਿਸਨੇ ਮੇਰੇ ਦਰਖ਼ਤ ਵੱਢੇ ਸਨ ਬਾਅਦ ਵਿਚ ਮੈਨੂੰ ਪਤਾ ਲੱਿਗਆ ਕਿ ਇਹ ਨੰਬਰਦਾਰ ਦੀ ਚਾਲ ਸੀ ਉਸਨੇ ਪੁਲਿਸ ਵਾਲਿਆਂ ਨੂੰ ਪਹਿਲਾਂ ਹੀ ਪੈਸੇ ਦਿੱਤੇ ਹੋਏ ਸਨ ਮੇਰੀ ਘਰਵਾਲੀ ਨੇ ਨੰਬਰਦਾਰ ਦੇ ਘਰ ਜਾਕੇ ਮੈਨੂੰ ਛੁਡਵਾਉਣ ਲਈ ਵਾਧੂ ਦੀਆਂ ਮਿੰਨਤਾਂ ਕੀਤੀਆਂ। ਮੈਂ ਤਿੰਨ ਮਹੀਨੇ ਤੱਕ ਤੁਰਨ ਜੋਗਾ ਨਾ ਰਿਹਾ ਤੇ ਦਵਾਈਆਂ ਦੇ ਨਾਲ ਨਾਲ ਟਕੋਰ ਵੀ ਕਰਦਾ ਰਿਹਾ।ਪੁਲਿਸ ਤੋੰ ਚਿੱਲ ਲੁਹਾਕੇ ਪਤਾ ਲੱਿਗਆ ਕਿ ਉਜਾਗਰ ਸਿੰਘ ਠੀਕ ਹੀ ਕਹਿੰਦਾ ਸੀ ਕਿ ਪੁਲਿਸ ਪੈਸੇ ਅਤੇ ਸਫ਼ਾਰਸ਼ ਤੋਂ ਬਿਨਾਂ ਕਿਸੇ ਦੀ ਬਾਤ ਨਹੀ ਪੁੱਛਦੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ” ਵਲੋਂ 06 ਜੁਲਾਈ ਨੂੰ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਵਿੱਚ ਕੀਤਾ ਜਾਵੇਗਾ ਝੰਡਾ ਮਾਰਚ
Next articleਤਰਕਸ਼ੀਲ ਸੁਸਾਇਟੀ ਵੱਲੋਂ ਨਾਮਵਰ ਬੁੱਧੀਜੀਵੀ ਅਰੁੰਧਤੀ ਰਾਏ ਤੇ ਪ੍ਰੋਫੈਸਰ ਸ਼ੌਕਤ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਸਖ਼ਤ ਨਿਖੇਧੀ, ਚੌਦਾਂ ਸਾਲ ਪੁਰਾਣੇ ਕੇਸ ਨੂੰ ਬਿਨਾਂ ਸ਼ਰਤ ਰੱਦ ਕਰਨ ਦੀ ਕੀਤੀ ਮੰਗ