(ਸਮਾਜ ਵੀਕਲੀ)
ਘਰਵਾਲੀ:
ਐਮ.ਪੀ,ਐਮ ਐਲ ਏ, ਸਭ ਘਰ ਸਾਡੇ ਆਉਣਗੇ।
ਕਹਿ ਕੇ ਸਰਪੰਚ ਸਾਬ੍ਹ ਤੈਨੂੰ ਉਹ ਬੁਲਾਉਣਗੇ।
ਉਹਨਾਂ ਨਾਲ ਖੜ ਚੰਨਾ,ਫੋਟੋਆਂ ਖਿਚਾਉਣ ਨੂੰ।
ਚਿੱਤ ਮੇਰਾ ਕਰੇ,ਸਰਪੰਚਣੀ ਕਹਾਉਣ ਨੂੰ।
ਘਰਵਾਲਾ:
ਰਾਜਨੀਤੀ ਸੌਖੀ ਨਹੀਓਂ,ਰਾਸ ਬਿਲੋ ਆਂਵਦੀ।
ਪਹਿਲਾਂ ਘਰੋਂ ਫੁੱਲ,ਇਹ ਖਰਚਾ ਕਰਾਂਵਦੀ
ਤੰਗ ਬੜੇ ਬਾਅਦ ਵਿੱਚ,ਕਰਦੇ ਹਾਲਾਤ ਨੀਂ।
ਔਖਾ ਏ ਚਲਾਉਣਾ,ਸਰਪੰਚੀ ਦਾ ਘਰਾਟ ਨੀਂ।
ਘਰਵਾਲੀ:
ਮਿਲਿਆ ਕਰੂਗਾ ਸਾਰੇ,ਪਾਸੇ ਸਤਿਕਾਰ ਵੇ।
ਦੳਗੀ ਗ੍ਰਾਂਟਾਂ ਨਾਲ਼ੇ,ਸਾਨੂੰ ਸਰਕਾਰ ਵੇ।
ਰੁਕੇ ਪਏ ਕੰਮ ਜਿਹੜੇ,ਲੋਕਾਂ ਦੇ ਕਰਾਉਣ ਨੂੰ।
ਚਿੱਤ ਮੇਰਾ ਕਰੇ,ਸਰਪੰਚਣੀ ਕਹਾਉਣ ਨੂੰ।
ਘਰਵਾਲਾ:
ਕਿੰਝ ਹੁੰਦੇ ਫ਼ੈਸਲੇ ਤੇ,ਕਿੱਥੇ ਕੀ ਐ ਲਿਖਣਾ।
ਬੋਲਣ ਦਾ ਡੀਸੀ ਨਾ,ਸਲੀਕਾ ਪੈਣਾ ਸਿੱਖਣਾ।
ਠਾਣੇ ਚ ਵਿਰੋਧੀਆਂ ਦੀ,ਲਾਉਣੀ ਕਿੰਝ ਵਾਟ ਨੀ।
ਔਖਾ ਏ ਚਲਾਉਣਾ,ਸਰਪੰਚੀ ਦਾ ਘਰਾਟ ਨੀਂ।
ਘਰਵਾਲੀ:
ਰੱਖਣੀ ਈਮਾਨਦਾਰੀ, ਪੈਸਾ ਫੁੱਲ ਲਾਵਾਂਗੇ।
ਰਲ਼ ਮਿਲ਼ “ਕਾਮੀ ਪਿੰਡ”,ਸੋਹਣਾ ਜਾ ਬਣਾਵਾਂਗੇ।
“ਖਾਨਾਂ”ਤੈਨੂੰ ਚਾਹੁੰਦੀ ਸੀ ਮੈ,ਦਿਲ ਦੀ ਸੁਣਾਉਣ ਨੂੰ।
ਚਿੱਤ ਮੇਰਾ ਕਰੇ,ਸਰਪੰਚਣੀ ਕਹਾਉਣ ਨੂੰ।
ਘਰਵਾਲਾ:
ਖਾਂਦੇ ਪੀਂਦੇ ਵੇਖ ਇਹ,ਦੁਨੀਆਂ ਨਾ ਜਰਦੀ।
ਸੂਝਵਾਨ ਬੰਦਾ,ਸਰਪੰਚੀ ਕਰੇ ਘਰਦੀ।
ਗਾਲਾਂ ਦੀ ਨਾ ਪੰਜ ਸਾਲ,ਰਹਿਣੀ ਕੋਈ ਘਾਟ ਨੀ।
ਚੱਲਣਾ ਨਹੀਂ ਸਾਥੋਂ,ਸਰਪੰਚੀ ਦਾ ਘਰਾਟ ਨੀਂ।
ਸੁਕਰ ਦੀਨ ਕਾਮੀਂ ਖੁਰਦ
9592384393
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly