ਬੀਨਾ ਬਾਵਾ,ਲੁਧਿਆਣਾ
(ਸਮਾਜ ਵੀਕਲੀ) ਮੇਰੀ ਮਾਂ ਨੇ ਮੇਰੀ ਨਿੱਕੀ ਭੈਣ ਲਈ ਸ਼ਹਿਰੋਂ ਇੱਕ ਸਰੋਂ ਫੁੱਲੇ ਰੰਗ ਦਾ ਸੂਟ ਖਰੀਦ ਕੇ ਲਿਆਂਦਾ |ਨਿੱਕੀ ਨੂੰ ਐਨਾਂ ਪਸੰਦ ਆਇਆ ਕਿ ਉਸੇ ਰਾਤ ਬਹਿ ਕੇ ਮਸ਼ੀਨ ਤੇ ਸਿਓਂ ਕੇ ਪਾਣੀ ਵਿੱਚ ਡੁਬੋ ਕੇ ਸਵੇਰੇ ਤੜਕ ਸਾਰ ਹੀ ਧੁੱਪੇ ਸੁੱਕਣੇ ਪਾ ਦਿੱਤਾ|ਨਿੱਕੀ ਨੂੰ ਚਾਅ ਚੜ੍ਹਿਆ ਹੋਇਆ ਸੀ,ਨਵਾਂ ਸੂਟ ਪਾਉਣ ਦਾ,ਉਹ ਦੋ ਤਿੰਨ ਵਾਰ ਹੱਥ ਲਾ ਕੇ ਦੇਖ ਆਈ ਸੀ ਕਿ ਸੂਟ ਸੁੱਕਿਆ ਕਿ ਨਹੀਂ |
ਰੱਬੋਂ ਈ ਸਵੇਰੇ ਦਸ ਵਜੇ ਵਾਲ਼ੀ ਗੱਡੀ ਸਾਡੀ ਗੁੱਡੀ ਭੂਆ ਆ ਗਈ |ਵਿਹਡ਼ੇ ਵਿੱਚ ਰੱਸੀ ਤੇ ਸੁੱਕਣੇ ਪਾਏ ਸਰੋਂ ਫੁੱਲੇ ਸੂਟ ਨੂੰ ਦੇਖ ਬੋਲੀ,”ਲੈ ਕੁੜੇ,ਮੇਰੀ ਭਾਬੀ ਨੂੰ ਕਿਵੇਂ ਪਤਾ ਲੱਗ ਗਿਆ ਕਿ ਸਰੋਂ -ਫੁੱਲਾ ਸੂਟ ਲੈਣ ਨੂੰ ਮੇਰਾ ਚਿੱਤ ਕਰ ਰਿਹਾ…ਨਾਲ਼ੇ ਮੇਰੇ ਨਾਪੇ ਦਾ ਵੀ ਪਤਾ ਇਹਨੂੰ…ਇਹ ਭਾਬੀ ਨੇ ਸਿਓੰਤਾ ਕਿ ਵੱਡੀ ਨੇ…ਲਿਆ ਨਿੱਕੀਏ..ਮੈਂ ਪਾਕੇ ਦੇਖਾਂ…ਮੈਨੂੰ ਬਾਹਲ਼ਾ ਜਚੂਗਾ ਇਹ..| ਭੂਆ ਬੋਲੀ ਜਾ ਰਹੀ ਸੀ ਤੇ ਮੈਂ ਕਦੇ ਮਾਂ ਵੱਲ ਦੇਖਾਂ ਤੇ ਕਦੇ ਫਿੱਕੇ ਪੈਂਦੇ ਨਿੱਕੀ ਦੇ ਮੂੰਹ ਵੱਲ…|ਨਿੱਕੀ ਮਾਂ ਨੂੰ ਨਾਂਹ ਕਰਨ ਦਾ ਇਸ਼ਾਰਾ ਕਰ ਰਹੀ ਸੀ ਪਰ ਮਾਂ ਨੇ ਉਹਨੂੰ ਅੱਖਾਂ ਰਾਹੀਂ ਹੀ ਚੁੱਪ ਰਹਿਣ ਦਾ ਸੰਕੇਤ ਦਿੰਦਿਆਂ ਭੂਆ ਨੂੰ ਕਿਹਾ,”ਭੈਣੇ,ਜੇ ਤੈਨੂੰ ਪਸੰਦ ਆ,ਤੂੰ ਲੈਜਾ,ਮੈਂ ਨਿੱਕੀ ਨੂੰ ਹੋਰ ਲਿਆ ਦੂੰਗੀ |”ਸੱਚ ਹੀ ਗੁੱਡੀ ਭੂਆ ਨੇ ਇੱਕ ਵਾਰ ਵੀ ਨਾਂਹ ਨਾਂ ਕੀਤੀ, ਉਂਜ ਭੂਆ ਤੇ ਨਿੱਕੀ ਦਾ ਮੇਚਾ ਵੀ ਇੱਕੋ ਹੀ ਸੀ,ਦੂਜੇ ਦਿਨ ਸੂਟ ਝੋਲੇ ਚ ਪਾ ਭੂਆ ਤੁਰਦੀ ਬਣੀ |
ਨਿੱਕੀ ਮੁੜ ਮੁੜ ਉਸੇ ਸੂਟ ਨੂੰ ਯਾਦ ਕਰਦੀ | ਭਾਵੇਂ ਮੰਮੀ ਨੇ ਉਹਨੂੰ ਇੱਕ ਹੋਰ ਪੀਲਾ ਸੂਟ ਲਿਆਤਾ ਪਰ ਉਹ ਭੂਆ ਵਾਲਾ ਪ੍ਰਿੰਟ ਮੁੜ ਨਾਂ ਲੱਭਿਆ|ਕਈ ਵਾਰ ਭੂਆ ਜਦੋਂ ਉਹੀ ਸੂਟ ਪਾ ਕੇ ਸਾਨੂੰ ਮਿਲ਼ਣ ਆਉਂਦੀ ਤਾਂ ਸਾਨੂੰ ਦੋਵੇਂ ਭੈਣਾਂ ਨੂੰ ਮੰਮੀ ਤੇ ਖਿਝ ਵੀ ਚੜ੍ਹਦੀ ਕਿ ਉਹ ਅਜੇ ਤੱਕ ਵੀ ਭੂਆ ਨੂੰ ਨਾਂਹ ਕਿਉਂ ਨੀਂ ਸੀ ਕਰ ਸਕਦੀ |
ਸਮਾਂ ਲੰਘ ਗਿਆ,ਦੋ ਸਾਲਾਂ ਬਾਦ ਅਚਾਨਕ ਹੀ ਨਿੱਕੀ ਨੂੰ ਹੈਜਾ ਹੋ ਗਿਆ ਤੇ ਕੁਸ਼ ਘੰਟਿਆਂ ਵਿੱਚ ਹੀ ਭਰ ਜੁਆਨ ਨਿੱਕੀ, ਸਦਾ ਦੀ ਨੀਂਦ ਸੌਂ ਗਈ | ਨਿੱਕੀ… ਜਿਸਦੇ ਮਨ ਵਿੱਚ ਮੇਰੇ ਨਾਲੋਂ ਵੀ ਵੱਧ ਵਿਆਹ ਦਾ ਚਾਅ ਸੀ,ਨਿੱਕੀ…ਜੋ ਲਾਲ,ਨੀਲੇ,ਪੀਲ਼ੇ ਸ਼ੋਖ ਰੰਗਾਂ ਨੂੰ ਹੰਢਾਉਣਾ ਚਾਹੁੰਦੀ ਸੀ, ਨਿੱਕੀ… ਜੋ ਬਾਹੀਂ ਸ਼ਗਨਾਂ ਦਾ ਚੂੜਾ ਪਾਉਣਾ ਚਾਹੁੰਦੀ ਸੀ..ਜੋ ਭੂਆ ਨੂੰ ਆਪਣੀ ਪਸੰਦ ਦਾ ਸੂਟ ਦੇ ਦੇਣ ਕਰਕੇ ਮੰਮੀ ਨਾਲ਼ ਕਈ ਵਾਰੀ ਲੜ ਪੈਂਦੀ ਸੀ ਤਾਂ ਮੰਮੀ ਉਹਨੂੰ ਕਹਿੰਦੀ, “ਨਿੱਕੀਏ,ਚੱਲ ਛੱਡ ਵੀ ਹੁਣ ਓਸ ਸੂਟ ਦਾ ਖਹਿੜਾ,ਲੈ ਮੈਂ ਤੇਰੇ ਦਾਜ ਲਈ ਉਸੇ ਰੰਗ ਦਾ ਸਿਲਕ ਦਾ ਸੂਟ ਲੈ ਦੂੰਗੀ ਤੈਨੂੰ…|”
ਅੱਜ ਮੰਮੀ ਆਪਣੀ ਚਾਵਾਂ ਲੱਧੀ ਧੀ ਦੀ ਅਰਥੀ ਵੇਖ ਬਾਰ ਬਾਰ ਗਸ਼ ਖਾ ਕੇ ਡਿਗ ਜਾਂਦੀ ਸੀ |ਜਦੋਂ ਹੋਸ਼ ਆਉਂਦੀ ਤਾਂ ਨਿੱਕੀ ਲਈ ਸਰੋਂ ਫੁੱਲਾ ਸਿਲਕ ਦਾ ਸੂਟ ਲਿਓਣ ਲਈ ਕਹਿ ਰਹੀ ਸੀ |ਮੈਂ ਕਿਸੇ ਗੁਆਂਢਣ ਨੂੰ ਬਜ਼ਾਰੋਂ ਉਹੀ ਸੂਟ ਲਿਆਉਣ ਲਈ ਪੈਸੇ ਫੜ੍ਹਾਏ ਤੇ ਜਦੋਂ ਨਿੱਕੀ ਦੇ ਅਹਿੱਲ ਸਰੀਰ ਤੇ ਪਾਇਆ ਤਾਂ ਮੈਨੂੰ ਲੱਗਿਆ ਜਿਵੇੰ ਨਿੱਕੀ ਕਹਿ ਰਹੀ ਹੋਵੇ,”ਮੇਰਾ ਸਰੋਂ ਫੁੱਲਾ ਸੂਟ…ਕਿੰਨਾ ਸੋਹਣਾ ਤੇ ਮੈਨੂੰ…ਗੁੱਡੀ ਭੂਆ ਤੋਂ ਵੀ ਬਾਹਲ਼ਾ ਜਚ ਰਿਹਾ ਨਾਂ |”
ਹੁਣ ਮੇਰੀਆਂ ਭੁੱਬਾਂ ਹੀ ਨਿੱਕਲ ਗਈਆਂ ਤੇ ਜਿਹੜੀਆਂ ਗੁਆਂਢਣਾ ਮੈਨੂੰ ਰੁਆਉਣ ਦੀ ਕੋਸ਼ਿਸ਼ ਕਰ ਰਹੀਆਂ ਸੀ,ਉਨ੍ਹਾਂ ਕਿਹਾ,”ਰੋ ਲੈ ਧੀਏ,ਨਾਲ਼ ਦੀ ਜੰਮੀ ਦੇ ਤੁਰ ਜਾਣ ਦਾ ਪਹਾੜ ਜਿੱਡਾ ਦੁੱਖ ਹੁੰਦਾ…ਇਹ ਦੁੱਖ ਹੰਝੂਆਂ ਨਾਲ਼ ਵਹਿ ਜੇ ਤਾਂ ਚੰਗਾ,ਨਹੀਂ ਤਾਂ ਉਮਰ ਭਰ ਲਈ ਨਾਸੂਰ ਬਣ ਜਾਂਦਾ |”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly