ਮਾਨਸਾ/ਸਰਦੂਲਗੜ੍ਹ, (ਸਮਾਜ ਵੀਕਲੀ): ਪਹਾੜੀ ਖੇਤਰਾਂ ਵਿੱਚ ਪਏ ਮੀਂਹ ਦੇ ਪਾਣੀ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਸ਼ਹਿਰ ਦਾ ਸੂਬੇ ਨਾਲੋਂ ਸੜਕੀ ਸੰਪਰਕ ਤੋੜ ਦਿੱਤਾ ਹੈ। ਸਰਦੂਲਗੜ੍ਹ ਨਾਲ ਖਹਿ ਕੇ ਲੰਘਦੇ ਘੱਗਰ ਦਰਿਆ ਦਾ ਪਾਣੀ ਡਾਫ਼ ਲੱਗਣ ਕਾਰਨ ਪੁਲ ਉਪਰ ਦੀ ਜਾਣ ਲੱਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮਾਨਸਾ ਤੋਂ ਸਰਦੂਲਗੜ੍ਹ ਨੂੰ ਸਿੱਧੇ ਜਾਣ ਵਾਲੇ ਦੋਪਹੀਆ ਵਾਹਨਾਂ ਸਮੇਤ ਕਾਰਾਂ ਅਤੇ ਟਰੱਕਾਂ ’ਤੇ ਘੱਗਰ ਦਰਿਆ ਦੇ ਪੁਲ ਉਪਰੋਂ ਲੰਘਣ ਦੀ ਪਾਬੰਦੀ ਲਗਾ ਦਿੱਤੀ ਹੈ। ਬੱਸਾਂ ਦੀਆਂ ਸਵਾਰੀਆਂ ਸਮੇਤ ਆਮ ਲੋਕਾਂ ਨੂੰ ਹੁਣ ਪੁਲ ਉਪਰੋਂ ਤੁਰ ਕੇ ਜਾਣਾ ਪੈ ਰਿਹਾ ਹੈ।
ਇਸੇ ਤਰ੍ਹਾਂ ਮਾਨਸਾ ਤੋਂ ਸਿਰਸਾ ਅਤੇ ਸਰਦੂਲਗੜ੍ਹ ਜਾਣ ਵਾਲੇ ਲੋਕਾਂ ਨੂੰ ਹੁਣ ਵਾਇਆ ਰੋੜੀ-ਰੰਗਾ ਅਤੇ ਭਗਵਾਨਪੁਰ ਜਾਣ ਵਾਲਿਆਂ ਨੂੰ ਹੀਂਗਣਾ-ਆਹਲੂਪੁਰ ਹੋ ਕੇ ਜਾਣਾ ਪੈ ਰਿਹਾ ਹੈ। ਮਾਲ ਮਹਿਕਮੇ ਦੇ ਅਧਿਕਾਰੀਆਂ ਅਨੁਸਾਰ ਬੀਤੀ ਰਾਤ ਘੱਗਰ ਦਰਿਆ ਵਿਚ ਵੱਡੀ ਮਾਤਰਾ ’ਚ ਜੰਗਲੀ ਬੂਟੀ ਆ ਜਾਣ ਕਰਕੇ ਅਤੇ ਨਵੇਂ ਬਣ ਰਹੇ ਪੁਲ ਦੇ ਪਿੱਲਰਾਂ ਦੀ ਡਾਫ ਕਰਕੇ ਪਾਣੀ ਪੁਲ ਉੱਪਰੋਂ ਵਹਿਣਾ ਸ਼ੁਰੂ ਹੋ ਗਿਆ ਸੀ।
ਹਾਲਾਤ ਦੇਖਦਿਆਂ ਪ੍ਰਸ਼ਾਸਨ ਨੇ ਜੇਸੀਬੀ ਮਸ਼ੀਨਾਂ ਲਗਾ ਕੇ ਘੱਗਰ ਦੇ ਪੁਰਾਣੇ ਪੁਲ ਹੇਠਾਂ ਫਸੀ ਬੂਟੀ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਘੱਗਰ ਦਾ ਦੌਰਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਹੜ੍ਹਾਂ ਦਾ ਅਗਾਊਂ ਪ੍ਰਬੰਧ ਕਰਨ ਵਿੱਚ ਨਾਕਾਮ ਰਿਹਾ ਹੈ। ਘੱਗਰ ਵਿੱਚ ਪਾਣੀ ਆਉਣ ਕਾਰਨ ਰੰਗੋਈ ਵਿੱਚ ਪਾਣੀ ਛੱਡ ਦਿੱਤਾ ਗਿਆ ਹੈ, ਜਿਸ ਕਾਰਨ ਸੰਘਾ, ਰਾਜਰਾਣਾ, ਕਰੰਡੀ, ਲੁਹਾਰਖੇੜਾ ਅਤੇ ਖੈਰਾ ਕਲਾਂ ਦੇ ਕਿਸਾਨਾਂ ਦੀ ਫ਼ਸਲ ਖਰਾਬ ਹੋ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੀੜਤ ਕਿਸਾਨਾਂ ਲਈ ਨੁਕਾਸਨੀਆਂ ਗਈਆਂ ਫ਼ਸਲਾਂ ਦਾ ਮੁਆਵਜ਼ਾ ਮੰਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly