ਸਿੱਖਿਆ ਤੇ ਸਾਹਿਤ ਦੀ ਸੇਵਾਦਾਰ ਸਰਬਜੀਤ ਕੌਰ ਭੁੱਲਰ

ਸਰਬਜੀਤ ਕੌਰ ਭੁੱਲਰ

(ਸਮਾਜ ਵੀਕਲੀ)

ਖ਼ੁਸ਼ਾਮਦੀਦ ਹੁੰਦੇ ਨੇ ਉਹ ਲੋਕ ਜਿਨ੍ਹਾਂ ਹਿੱਸੇ ਆਉਂਦੈ ਹੈ ਦੇਸ਼ ਦਾ ਭਵਿੱਖ ਸੰਵਾਰਨਾ ਅਤੇ ਮਾਂ ਬੋਲੀ ਦੀ ਸੇਵਾ ਕਰਨਾ ।ਇਕ ਸਾਹਿਤਕਾਰ ਦੇ ਹਿੱਸੇ ਇਹ ਦੋਨੋਂ ਕੰਮ ਨਹੀਂ ਆ ਸਕਦੇ.. ਪਰ ਹਾਂ, ਇਕ ਅਧਿਆਪਕ ਇਹ ਦੋਨੋਂ ਕੰਮ ਬਾਖ਼ੂਬੀ ਨਿਭਾ ਸਕਦਾ ਹੈ। ਜੇਕਰ ਉਸ ਅੰਦਰ ਕੁਝ ਕਰਨ ਦਾ ਜਜ਼ਬਾ ਹੋਵੇ।ਇੱਕ ਅਧਿਆਪਕ ਆਪਣੇ ਅਧੂਰੇ ਰਹੇ ਸੁਪਨਿਆਂ ਨੂੰ ਆਪਣੇ ਨੰਨ੍ਹੇ-ਮੁੰਨ੍ਹੇ ਪਿਆਰੇ ਬੱਚਿਆਂ ਰਾਹੀਂ ਪੂਰਾ ਕਰ ਸਕਦਾ ਹੈ ਤੇ ਜੇਕਰ ਇਕ ਪ੍ਰਾਇਮਰੀ ਅਧਿਆਪਕ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ।

ਫੇਸਬੁੱਕ ਤੇ ਕਈ ਸਾਹਿਤਕ ਗਰੁੱਪਾਂ ਵਿੱਚ ਹੋਣ ਕਰਕੇ ਮੇਰੀ ਨਜ਼ਰ ਵਧੀਆ ਲਿਖਣ ਵਾਲੇ ਸਾਹਿਤਕਾਰਾਂ ‘ਤੇ ਕਾਂ ਅੱਖ ਵਾਂਗ ਰਹਿੰਦੀ ਹੈ। ਕਿਉਂਕਿ ਮੈਂ ਵਧੀਆ ਰਚਨਾਵਾਂ ਵੱਖ-ਵੱਖ ਅਖ਼ਬਾਰਾਂ ਵਿੱਚ ਦੇਣੀਆਂ ਹੁੰਦੀਆਂ ਹਨ । ਇਸੇ ਤਰ੍ਹਾਂ ਹੀ ਮੇਰੀ ਗੱਲਬਾਤ ਸਾਹਿਤਕ ਰੁਚੀਆਂ ਰੱਖਣ ਵਾਲ਼ੀ ਅਧਿਆਪਕਾ ਸ੍ਰੀਮਤੀ ਸਰਬਜੀਤ ਕੌਰ ਭੁੱਲਰ ਜੀ ਨਾਲ਼ ਹੋਈ।ਜਿੰਨਾ ਕੁ ਉਨ੍ਹਾਂ ਬਾਰੇ ਜਾਣਿਆ ਸੁਣਿਆ ਤੁਹਾਡੇ ਨਾਲ਼ ਸਾਂਝਾ ਕਰਨ ਲੱਗਿਆ ਹਾਂ।ਸ਼ੁਰੂ ਕਰਦੇ ਹਾਂ, ਉਨ੍ਹਾਂ ਦੇ ਆਪਣੇ ਲਿਖੇ ਮਾਂ ਬੋਲੀ ਬਾਰੇ ਖ਼ਿਆਲਾਂ ਤੋਂ..

ਜੀਅ ਕਰਦਾ ਹੈ ਮੈਂ ਵੀ ਅੱਖਰ ਬਣ ਜਾਵਾਂ,
ਛਪ ਕੇ ਵਿਚ ਕਿਤਾਬਾਂ ਮਨਾਂ ਨੂੰ ਪੜ੍ਹ ਜਾਵਾਂ!
ਪਾਤਰ ,ਸ਼ਿਵ ਤੇ ਪਾਸ਼ ਦੀ ਸ਼ਾਇਰੀ ਵਾਂਗੂੰ,
ਮਾਂ ਬੋਲੀ ਦੀ ਸੇਵਾ ਮੈਂ ਵੀ ਕਰ ਜਾਵਾਂ !!

ਇਨ੍ਹਾਂ ਦਾ ਜਨਮ ਮੱਧਵਰਗੀ ਪਰਿਵਾਰ ਵਿਚ ਸਰਦਾਰ ਗੁਰਚਰਨ ਸਿੰਘ ਫੌਜੀ ਅਤੇ ਮਾਤਾ ਨਸੀਬ ਕੌਰ ਦੀ ਕੁੱਖੋਂ ਪਿੰਡ ਭਾਈਰੂਪਾ, ਜ਼ਿਲ੍ਹਾ ਬਠਿੰਡਾ ਵਿੱਚ ਹੋਇਆ।

ਖੁੱਲ੍ਹੇ ਮਾਹੌਲ ਵਿੱਚ ਪਾਲਣ ਪੋਸ਼ਣ ਹੋਇਆ। ਪਿਤਾ ਜੀ ਆਰਮੀ ਵਿਚ ਹੋਣ ਕਰਕੇ ਛੋਟੇ ਹੁੰਦਿਆਂ ਤੋਂ ਹੀ ਹੌਂਸਲੇ ਭਰੀਆਂ ਕਹਾਣੀਆਂ ਸੁਣਾਉਂਦੇ ਅਤੇ ਔਖੇ-ਔਖੇ ਕੰਮ ਸੌਂਪਦੇ ਰਹਿੰਦੇ।ਜਿਸ ਕਾਰਨ ਕੁਝ ਬਣਨ ਦਾ ਜਜ਼ਬਾ ਅਤੇ ਜਾਗਦੀਆਂ ਅੱਖਾਂ ਨੇ ਸੁਪਨੇ ਦੇਖਣੇ ਸ਼ੁਰੂ ਕਰ ਦਿੱਤੇ।ਸਕੂਲ ਵਿੱਚ ਵੀ ਬਹੁਤ ਵਧੀਆ ਅਧਿਆਪਕ ਮਿਲ਼ੇ।ਪੜ੍ਹਾਈ ਵਿੱਚ ਹੁਸ਼ਿਆਰ ਹੋਣ ਦੇ ਨਾਲ਼- ਨਾਲ਼ ਕਲਚਰ ਗਤੀਵਿਧੀਆਂ ਗਿੱਧਾ, ਨਾਟਕ ਖੇਡਣਾ, ਕਵਿਤਾਵਾਂ ਸੁਣਾਉਣਾ ,ਉੱਚੀ ਪੜ੍ਹਨਾ, ਲੇਖ ਲਿਖਣ ਮੁਕਾਬਲੇ, ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ।ਮੰਚ ਸੰਚਾਲਨ ਦੀ ਝਿਜਕ ਦੂਰ ਕਰਨ ਦਾ ਸਿਹਰਾ ਆਪਣੇ ਅਧਿਆਪਕ ਮਾਸਟਰ ਨਛੱਤਰ ਸਿੰਘ ਧੰਮੂ ਜੀ ਨੂੰ ਦਿੰਦੇ ਹੋਏ ਦੱਸਦੇ ਕਿ ਇਹ ਮੌਕਾ ਮੈਨੂੰ ਉਨ੍ਹਾਂ ਨੇ ਦਿੱਤਾ ਦਿੱਤਾ ਸੀ।

ਉਸ ਤੋਂ ਬਾਅਦ ਕਾਲਜ,ਡਾਇਟ, ਬੀ.ਐੱਡ ਕਾਲਜ ਤੇ ਸਕੂਲ ਵਿਚ ਇਹ ਕਲਾ ਬਾਖ਼ੂਬੀ ਨਿਭਾਈ।ਲਾਕਡਾਊਨ ਦੌਰਾਨ ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ਐਤਵਾਰ ਨੂੰ ਬੱਚਿਆਂ ਲਈ ਪੇਸ਼ ਕੀਤੇ ਜਾਂਦੇ ਡੀ. ਡੀ. ਪੰਜਾਬੀ ‘ਤੇ ‘ਨੰਨ੍ਹੇ ਉਸਤਾਦ’ ਪ੍ਰੋਗਰਾਮ ਵਿਚ ਮੰਚ ਸੰਚਾਲਨ ਕੀਤਾ। ਇਸ ਤੋਂ ਇਲਾਵਾ ਵਿਭਾਗ ਦੁਆਰਾ ਚੌਥੀ ਜਮਾਤ ਦੇ ਵਿਸ਼ਾ ਪੰਜਾਬੀ ਦੀਆਂ ਆਨਲਾਈਨ ਕਲਾਸਾਂ ਡੀ.ਡੀ.ਪੰਜਾਬੀ ‘ਤੇ ਪਿਛਲੇ ਸਾਲ ਅਤੇ ਹੁਣ ਵੀ ਲਗਾ ਰਹੇ ਹਨ।ਆਪਣੇ ਬੱਚਿਆਂ ਵਿਚ ਇਹ ਸਭ ਗੁਣ ਭਰਨ ਦੀ ਕੋਸ਼ਸ਼ ਵਿੱਚ ਰਹਿੰਦੇ ਹਨ ਹਮੇਸ਼ਾ।

ਸਾਹਿਤਕ ਰੁਚੀਆਂ ਬਾਰੇ ਪੁੱਛਣ ਤੇ ਉਨ੍ਹਾਂ ਦੱਸਿਆ ਕਿ ਸ਼ੁਰੂ ਤੋਂ ਹੀ ਸਾਹਿਤ ਕਹਾਣੀ, ਨਾਟਕ, ਕਵਿਤਾਵਾਂ ਪੜ੍ਹਨ ਦਾ ਸ਼ੌਂਕ ਸੀ।ਪੜ੍ਹਨ ਦੀ ਇਹ ਲਾਲਸਾ ਨੇ ਲਿਖਣ ਦੀ ਚਿਣਗ ਜਗਾ ਦਿੱਤੀ। ਕਾਪੀ ‘ਤੇ ਲਿਖ ਦੇਣਾ ਤੇ ਮਿਟਾ ਦੇਣਾ …ਸੋਚਣਾ ਕਿ ਕੀ ਖਾਂਦੇ ਹੋਣਗੇ ਇਹ ਲੋਕ ਐਨਾ ਵਧੀਆ ਲਿਖਦੇ ਨੇ ? ਪਰ ਉਸ ਸਮੇਂ ਕੋਈ ਜਵਾਬ ਦੇਣ ਵਾਲਾ ਨਾ ਹੁੰਦਾ ।ਤੇ ਉਹ ਜਜ਼ਬੇ, ਅਲਫਾਜ਼ ਕਾਪੀ ‘ਤੇ ਹੀ ਰਹਿ ਜਾਂਦੇ।ਕਹਿੰਦੇ ਹਨ ਜਾਗਦੀਆਂ ਅੱਖਾਂ ਨਾਲ਼ ਵੇਖੇ ਸੁਪਨੇ ਸੱਚ ਹੁੰਦੇ ਹਨ..ਇਹੀ ਹੋਇਆ ਸਰਬਜੀਤ ਨਾਲ਼ ਵੀ ।

ਸੁਖਾਨੰਦ ਕਾਲਜ ਦੇ ਪਹਿਲੇ ਮੈਗਜ਼ੀਨ ਲਈ ਵਿਦਿਆਰਥੀ ਸੰਪਾਦਕ ਦੀ ਲਈ ਇਕ ਪ੍ਰਤੀਯੋਗਤਾ ਰੱਖੀ ਗਈ ਜਿਸ ਵਿੱਚ ਚੁਣਿਆ ਗਿਆ।ਮੈਗਜ਼ੀਨ ਲਈ ਰਚਨਾਵਾਂ ਲਿਖਣ ਦਾ ਮੌਕਾ ਮਿਲ਼ ਗਿਆ।ਰਚਨਾਵਾਂ ਤਾਂ ਸਾਰੀਆਂ ਛਪ ਗਈਆਂ ਪਰ ਸੰਪਾਦਕੀ ਪੇਜ ਤੇ ਨਾਂ ਨਹੀਂ ਸੀ..ਕਾਰਨ ਜਦੋਂ ਤਕ ਮੈਗਜ਼ੀਨ ਛਪਿਆ ਉਦੋਂ ਤਕ ਕਾਲਜ ਛੱਡ ਚੁੱਕੀ ਸੀ ਕਿਉਂਕਿ ਈ.ਟੀ.ਟੀ. ਦਾ ਕੋਰਸ ਕਰਨ ਚਲੀ ਗਈ।

ਖ਼ੁਸ਼ੀ ਵੀ ਹੋਈ ਤੇ ਦੁੱਖ ਵੀ।ਡਾਈਟ ਵਿੱਚ ਸੱਤਪਾਲ ਭੀਖੀ ਇਨ੍ਹਾਂ ਦੇ ਜਮਾਤੀ ਰਹੇ।ਲਿਖਣ ਲਈ ਪ੍ਰੇਰਿਤ ਕਰਦੇ ਅਤੇ ਲਿਖਤਾਂ ਵਿੱਚ ਸੁਧਾਰ ਕਰਦੇ ਰਹਿੰਦੇ।ਪਹਿਲੀ ਕਹਾਣੀ ‘ਮਹਿੰਗਾ ਖਿਡੌਉਣਾ’ ਉਨ੍ਹਾਂ ਦੁਆਰਾ ਹੀ ‘ਨਵਾਂ ਜ਼ਮਾਨਾ’ ਅਖ਼ਬਾਰ ਵਿਚ ਛਪਵਾਈ ਗਈ।ਇਸ ਤੋਂ ਬਾਅਦ ਦੋ ਚਾਰ ਹੋਰ।ਨੌਕਰੀ ਮਿਲ਼ ਗਈ.. ਵਿਆਹ ਹੋਣ ਕਰਕੇ ਇਸ ਰੁਚੀ ਤੋਂ ਕੁਝ ਦੂਰ ਚਲੀ ਗਈ।ਜੀਵਨ ਸਾਥੀ ਦੇ ਰੂਪ ਵਿੱਚ ਜਸਵਿੰਦਰ ਸਿੰਘ ਭੁੱਲਰ ਇਕ ਬਹੁਤ ਹੀ ਸੁਲਝੇ ਹੋਏ ਅਤੇ ਵਧੀਆ ਮਿੱਤਰ ਮਿਲ਼ੇ।ਪਰ ਲਿਖਣ ਦੀ ਚਿਣਗ ਕਿੱਥੇ ਮਿਟਦੀ ਸੀ ।ਜਦੋਂ ਆਸੇ ਪਾਸੇ ਕੁਝ ਵਰਤਾਰਾ ਵਧੀਆ ਜਾਂ ਬਿਲਕੁਲ ਵਧੀਆ ਨਾ ਲੱਗਣਾ ਤਾਂ ਕਾਪੀ ‘ਤੇ ਉਤਾਰ ਦੇਣਾ ਅਤੇ ਸੈਮੀਨਾਰਾਂ ਵਿਚ ਸੁਣਾ ਦੇਣਾ।

ਟੀ.ਵੀ. ਦੇਖਣ ਦਾ ਬਹੁਤ ਘੱਟ ਸ਼ੌਕ ਸੀ।ਵਿਭਾਗ ਦੁਆਰਾ ਫੇਸਬੁੱਕ ਪੇਜ ਬਣਾਉਣ ‘ਤੇ ਜ਼ੋਰ ਪਾਉਣ ਕਰਕੇ ਸਾਹਿਤਕ ਰੁਚੀਆਂ ਨੂੰ ਬਾਹਰ ਕੱਢਣ ਦਾ ਹੋਰ ਮੌਕਾ ਮਿਲ ਗਿਆ।ਇਸ ਪਲੇਟਫਾਰਮ ਤੇ ਇਕ ਦੋ ਸਾਹਿਤਕ ਸ਼ਖ਼ਸੀਅਤਾਂ ਨਾਲ ਮੇਲ਼ ਹੋਇਆ । ਇਸ ਸਮੇਂ ਦੌਰਾਨ ਕਵਿਤਾਵਾਂ ਤੇ ਛੋਟੀ ਬਹਿਰ ਦੀ ਗ਼ਜ਼ਲ ਲਿਖਣੀ ਸ਼ੁਰੂ ਕੀਤੀ।ਰਚਨਾਵਾਂ ਸਹੇਲੀਆਂ, ਦੋਸਤਾਂ ਵੱਲੋਂ ਪਸੰਦ ਕੀਤੀਆਂ ਜਾਂਦੀਆਂ ।ਮਨ ਨੂੰ ਹੌਸਲਾ ਮਿਲ਼ਦਾ।ਇਸ ਸਮੇਂ ਉਹ ਮਿੰਨੀ ਕਹਾਣੀ ਅਤੇ ਛੋਟੀ ਬਹਿਰ ਦੀ ਗ਼ਜ਼ਲ ਲਿਖਣ ‘ਤੇ ਕਲਮ ਅਜ਼ਮਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਸ਼ੁੱਧ ਅਤੇ ਸਾਰਥਕ ਲਿਖਣਾ ਉਨ੍ਹਾਂ ਦਾ ਮੁੱਖ ਉਦੇਸ਼ ਹੈ।ਤਾਂ ਹੀ ਸਹੀ ਅਰਥਾਂ ਵਿੱਚ ਮਾਂ ਬੋਲੀ ਦੀ ਸੇਵਾ ਹੋ ਸਕਦੀ ਹੈ ਜੇਕਰ ਅਸੀਂ ਆਪਣੀ ਭਾਸ਼ਾ ਨੂੰ ਸ਼ੁੱਧ ਲਿਖਾਂਗੇ।ਮੇਰੇ ਲਿਖਣ ਦਾ ਉਦੇਸ਼ ਗਿਣਤੀ ਵਧਾਉਣਾ ਨਹੀਂ ਬਲਕਿ ਸ਼ੁੱਧ ਲਿਖਣ ਦੀ ਕੋਸ਼ਸ਼ ਕਰਨਾ ਹੈ।ਆਪਾਂ ਨੂੰ ਸ਼ਬਦ ਜੋੜ ਸਹੀ ਲਿਖਣ ਲਈ ਕਿਸੇ ਮਾਹਰ ਤੋਂ ਪੁੱਛਣ ਦੀ ਕੋਈ ਸੰਕੋਚ ਨਹੀਂ ਕਰਨੀ ਚਾਹੀਦੀ। ਅਧਿਆਪਕ ਦੀ ਇੱਕ ਗ਼ਲਤੀ ਹਜ਼ਾਰਾਂ ਵਿਦਿਆਰਥੀਆਂ ਵਿੱਚ ਦਿਖੇਗੀ ।

ਆਮ ਹੀ ਵੇਖਣ ਵਿੱਚ ਆਉਂਦਾ ਹੈ ਕਿ ਵਿਆਕਰਨਿਕ ਪੱਖੋਂ ਬਹੁਤ ਗ਼ਲਤੀਆਂ ਕਰਦੇ ਨੇ ਲਿਖਣ ਵਾਲ਼ੇ।ਪਾਠਕਾਂ ਅਤੇ ਲਿਖਣ ਦੀ ਰੁਚੀ ਰੱਖਣ ਵਾਲ਼ੇ ਦੋਸਤਾਂ ਮਿੱਤਰਾਂ ਨੂੰ ਇਹੋ ਕਹਿਣਾ ਚਾਹਾਂਗੀ ਕਿ ਸ਼ਬਦ-ਜੋੜ ਦੀ ਸ਼ੁੱਧਤਾ ਹੋਣੀ ਬਹੁਤ ਜ਼ਰੂਰੀ ਹੈ ।ਖ਼ਾਸ ਕਰਕੇ ਇੱਕ ਅਧਿਆਪਕ ਹੋਣ ਦੇ ਨਾਤੇ ਉਹ ਵੀ ਪ੍ਰਾਇਮਰੀ।ਬੱਚੇ ਕੋਰਾ ਕਾਗਜ਼ ਹੁੰਦੇ ਹਨ ਅਤੇ ਜਿਸ ਤਰ੍ਹਾਂ ਦਾ ਅਸੀਂ ਲਿਖਾਂਗੇ ਉਸੇ ਤਰ੍ਹਾਂ ਦੇ ਹੀ ਉਹ ਲਿਖਣਗੇ।ਅਧਿਆਪਕ ਦਾ ਸਭ ਤੋਂ ਵੱਡਾ ਫ਼ਰਜ਼ ਹੈ ਤੇ ਜ਼ਿੰਮੇਵਾਰੀ ਵੀ ਮਾਂ ਬੋਲੀ ਨੂੰ ਸਾਂਭਣ ਦੀ।
ਉਨ੍ਹਾਂ ਦੀਆਂ ਕੁਝ ਰਚਨਾਵਾਂ ਨਾਲ਼ ਤੁਹਾਨੂੰ ਰੂਬਰੂ ਕਰਵਾ ਰਿਹਾ ਹਾਂ …
ਬਚਪਨ ਦੀਆਂ ਅਭੁੱਲ ਯਾਦਾਂ ਨੂੰ ਚੇਤੇ ਕਰਦਿਆਂ …

ਬਚਪਨ ਦੇ ਦਿਨ ਕਿੰਨੇ ਚੇਤੇ ਆਉਂਦੇ ਨੇ…

ਕਈਆਂ ਨੂੰ ਹੈ ਚੇਤੇ ਸੁਆਦ ਸਲੇਟੀ ਦਾ,
ਪਰੌਂਠਾ ਵੀ ਸੀ ਪੋਣੇ ਵਿਚ ਲਪੇਟੀ ਦਾ,
ਯਾਦਾਂ ਦੇ ਉਹ ਪਲ ਬੜਾ ਸਤਾਉਂਦੇ ਨੇ,
ਬਚਪਨ ਦੇ ਦਿਨ ਕਿੰਨੇ ਚੇਤੇ …

ਬੜਾ ਨਿੱਘ ਹੁੰਦਾ ਸੀ ਖੱਦਰ ਦੀ ਖੇਸੀ ਦਾ,
ਵਿਚ ਕੱਕਰ ਦੇ ਧੂਣੀ ਲਾ ਕੇ ਸੇਕੀ ਦਾ,
ਹੁਣ ਬਿਜਲੀ ਦੇ ਹੀਟਰਸੇਕ ਦਿਵਾਉਂਦੇ ਨੇ,
ਬਚਪਨ ਦੇ ਦਿਨ …

ਭੱਠੀ ਉੱਤੇ ਦਾਣੇ ਖ਼ੂਬ ਭੁਨਾਉਂਦੇ ਸੀ,
ਚੁੰਗ ਆਪਣੇ ਘਰ ਤੋਂ ਲੈ ਕੇ ਆਉਂਦੇ ਸੀ,
ਪੌਪਕੌਰਨ ਹੁਣ ਕਿੱਥੇ ਸਵਾਦ ਦਿਵਾਉਂਦੇ ਨੇ,
ਬਚਪਨ ਦੇ ਦਿਨ …

ਹੰਝੂਆਂ ਬਾਰੇ ਲਿਖਦੇ ਹਨ ..

ਦੁੱਖਾਂ ਦੇ ਹਰਕਾਰੇ ਹੰਝੂ ,
ਲੱਗਦੇ ਬੜੇ ਪਿਆਰੇ ਹੰਝੂ ।

ਮਨ ਨੂੰ ਹਲਕਾ ਕਰ ਦਿੰਦੇ ਨੇ,
ਬਹਿ ਜਾਵਣ ਜਦ ਸਾਰੇ ਹੰਝੂ ।

ਵਿੱਚ ਮੁਸੀਬਤ ਛੱਡਣ ਸਾਰੇ ,
ਦਿੰਦੇ ਸਾਥ ਪਿਆਰੇ ਹੰਝੂ ।

ਕੋਰੜਾ ਛੰਦ … .

ਹੱਥਾਂ ਵਿੱਚ ਬਾਲ ਕੇ, ਜੋ ਮਸ਼ਾਲਾਂ ਤੁਰਦੇ,
ਕਿਸਮਤਾਂ ‘ਤੇ ਉਹ ,ਕਦੇ ਵੀ ਨਾ ਝੁਰਦੇ।
ਹਾਰਾਂ ਨਾ ਉਨ੍ਹਾਂ ਤੋਂ, ਫਿਰ ਜਰ ਹੁੰਦੀਆਂ,
ਜਜ਼ਬੇ ਨਾ ਮੰਜ਼ਿਲਾਂ ਨੇ ਸਰ ਹੁੰਦੀਆਂ।

ਹਿੰਮਤ ਤੇ ਦਲੇਰੀ, ਨਾਲ਼ ਜੋ ਲੜਦੇ,
ਯੋਧੇ ਫਿਰ ਉਹੀ ,ਮੈਦਾਨੇ ਜੰਗ ਖੜ੍ਹਦੇ।
ਕੌਮਾਂ ਉਨ੍ਹਾਂ ਦੀਆਂ ਹੀ, ਤਰ ਹੁੰਦੀਆਂ,
ਜਜ਼ਬੇ ਨਾ ਮੰਜ਼ਲਾਂ ਨੇ ਸਰ ਹੁੰਦੀਆਂ ।

‘ਕਾਂ-ਅੱਖ’ ਜਿਹੜੇ, ਗੋਲ ਉੱਤੇ ਰੱਖਦੇ ,
ਭੱਠ ਵਾਂਗ ਦਿਨ-ਰਾਤ, ਓਹੀ ਭੱਖਦੇ।
ਗੱਲਾਂ ਉਨ੍ਹਾਂ ਦੀਆਂ, ਘਰ-ਘਰ ਹੁੰਦੀਆਂ,
ਜਜ਼ਬੇ ਨਾ ਮੰਜ਼ਲਾਂ ਨੇ ਸਰ ਹੁੰਦੀਆਂ ।

ਅਖੀਰ ਵਿੱਚ ਮੈਂ ਤਾਂ ਇਸ ਭੈਣ ਲਈ ਇਹੋ ਦੁਆ ਕਰ ਸਕਦਾ ਹਾਂ ਕਿ ਪਰਮਾਤਮਾ ਇਨ੍ਹਾਂ ਦੀ ਕਲਮ ਵਿੱਚ ਹੋਰ ਨਿਖਾਰ ਲਿਆਵੇ ।ਸ਼ੁੱਧ ਤੇ ਸਾਰਥਕ ਲਿਖਣ ਦਾ ਬਲ ਬਖ਼ਸ਼ੇ!ਇਹ ਮਾਂ ਬੋਲੀ ਦੀ ਝੋਲੀ ਵਿੱਚ ਆਪਣੀਆਂ ਹੋਰ ਅਨੁਭਵੀ ਲਿਖਤਾਂ ਪਾਉਂਦੇ ਰਹਿਣ। ਇਨ੍ਹਾਂ ਦਾ ਆਉਣ ਵਾਲ਼ਾ ਸਾਹਿਤਕ ਸਫ਼ਰ ਖੁਸ਼ੀਆਂ ਭਰਿਆ ਅਤੇ ਸੁਖਾਲਾ ਰਹੇ… ਦੁਆਵਾਂ !!!

ਰਮੇਸ਼ਵਰ ਸਿੰਘ

 

 

 

 

 

 

 

 

ਸੰਪਰਕ ਨੰਬਰ 9914880392

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਨਿੱਕੇ ਖੰਭਾਂ ਦੀ ਵੱਡੀ ਪ੍ਰਵਾਜ਼ :- ਸਿਮਰਨਜੀਤ ਕੌਰ ਸਿਮਰ
Next articleਗ਼ਜ਼ਲ