ਸ਼ਿਕਾਇਤ ਮਿਲਣ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ- ਡੀ ਐਸ ਪੀ
ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਸੰਤ ਸੀਚੇਵਾਲ ਦੇ ਸੇਵਾਦਾਰਾਂ ਦੀ ਹੋਈ ਕੁੱਟਮਾਰ ਅਤੇ ਉਸ ਤੋਂ ਬਾਅਦ ਸ਼ੇਖਮਾਂਗਾ ਦੇ ਸਰਪੰਚ ਦੇ ਪਤੀ ਵੱਲੋਂ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਸੀਚੇਵਾਲ ਦੇ ਹਲਕਾ ਸੁਲਤਾਨਪੁਰ ਲੋਧੀ ਤੇ ਸ਼ਾਹਕੋਟ ਦੇ ਸੇਵਾਦਾਰਾਂ ਵੱਲੋਂ ਕਰੀਬ 40 ਪਿੰਡਾਂ ਦੇ ਸੇਵਾਦਾਰਾਂ ਵੱਲੋਂ ਵੱਡੀ ਗਿਣਤੀ ਚ ਕੀਤੀ ਗਈ ਇਕੱਤਰਤਾ ਵਿਚ ਇਸ ਦੀ ਪੁਰਜ਼ੋਰ ਨਿੰਦਾ ਕੀਤੀ ਗਈ ਅਤੇ ਪੁਲਿਸ ਨੂੰ ਚਿਤਾਵਨੀ ਦਿੰਦੇ ਹੋਏ ਇਸ ਮਾਮਲੇ ਤੇ ਤੁਰੰਤ ਕਾਰਵਾਈ ਕਰਨ ਅਤੇ ਸਬੰਧਤ ਸਰਪੰਚ ਦੇ ਪਤੀ ਨੂੰ ਸੰਤ ਸੀਚੇਵਾਲ ਪ੍ਰਤੀ ਵਰਤੀ ਮਾੜੀ ਸ਼ਬਦਾਵਲੀ ਨੂੰ ਲੈ ਕੇ ਉਨਾਂ ਦੇ ਕੋਲ ਜਾ ਕੇ ਮੁਆਫ਼ੀ ਮੰਗਣ ਲਈ ਕਿਹਾ ਹੈ।
ਸੰਤ ਬਲਵੀਰ ਸਿੰਘ ਸੀਚੇਵਾਲ ਦੇ ਸੇਵਾਦਾਰਾਂ ਨੇ ਪੁਲੀਸ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਇਸ ਮਾਮਲੇ ਤੇ ਤੁਰੰਤ ਕਾਰਵਾਈ ਨਾ ਹੋਈ ਤਾਂ ਡੀਐੱਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਜੇਕਰ ਲੋੜ ਪਈ ਤਾਂ ਮੁੱਖ ਮੰਤਰੀ ਨੂੰ ਵੀ ਮਿਲ ਕੇ ਹਾਲਾਤ ਤੋਂ ਜਾਣੂ ਕਰਵਾਇਆ ਜਾਵੇਗਾ। ਬੀਤੇ ਦਿਨੀਂ ਸੰਤ ਸੀਚੇਵਾਲ ਦੇ ਸੇਵਾਦਾਰਾਂ ਉੱਤੇ ਅਵਤਾਰ ਗਊਸ਼ਾਲਾ ਫੱਤੇਵਾਲ ਵਿਖੇ ਹੋਏ ਹਮਲੇ ਉਪਰੰਤ ਗੁਰਵਿੰਦਰ ਸਿੰਘ ਦੀ ਸ਼ਿਕਾਇਤ ਤੇ ਪਿੰਡ ਸ਼ੇਖਮਾਗਾ ਵਾਸੀ ਗੁਰਮੁਖ ਸਿੰਘ ਅਤੇ ਚੰਚਲ ਸਿੰਘ ਦੋਵੇਂ ਪਿਉ ਪੁੱਤ ਉੱਪਰ ਕੇਸ ਦਰਜ ਕੀਤਾ ਗਿਆ ਹੈ।
ਜਦਕਿ ਇਸ ਤੋਂ ਬਾਅਦ ਪਿੰਡ ਸ਼ੇਖਮਾਂਗਾ ਦੇ ਸਰਪੰਚ ਦੇ ਪਤੀ ਦੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਸ ਨੇ ਸੰਤ ਸੀਚੇਵਾਲ ਅਤੇ ਸੇਵਾਦਾਰਾਂ ਪ੍ਰਤੀ ਭੈੜੀ ਸ਼ਬਦਾਵਲੀ ਵਰਤਦੇ ਹੋਏ ਕਈ ਪ੍ਰਕਾਰ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਦੋਸ਼ ਲਾਇਆ ਕਿ ਗਿਣੀ ਮਿਥੀ ਸਾਜ਼ਿਸ਼ ਤਹਿਤ ਸਾਡੇ ਬਜ਼ੁਰਗ ਸੇਵਾਦਾਰਾ ਤੇ ਹਮਲਾ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੰਡ ਖੇਤਰ ਦੇ ਉਕਤ ਗਊਸ਼ਾਲਾ ਵਾਲੀ ਥਾਂ ਤੇ ਗਊਸ਼ਾਲਾ ਬਣਨ ਤੋਂ ਪਹਿਲਾਂ ਮੰਡ ਖੇਤਰ ਦੇ ਕੁਝ ਇਕ ਲੋਕ ਸ਼ਿਕਾਰ ਕਰਨ ਲਈ ਜਾਂਦੇ ਸਨ ਜੋ ਕਿ ਗਊਸ਼ਾਲਾ ਬਣਨ ਉਪਰੰਤ ਬੰਦ ਹੋ ਗਿਆ ਤੇ ਇਸ ਗੱਲ ਨੂੰ ਲੈ ਕੇ ਸ਼ਿਕਾਰ ਖੇਡਣ ਵਾਲਿਆਂ ਦੇ ਮਨਾਂ ਵਿੱਚ ਰੋਸ ਸੀ। ਉਨ੍ਹਾਂ ਕਿਹਾ ਕਿ ਬੀਤੇ ਦਿਨ ਸਾਡੇ ਬਜ਼ੁਰਗ ਸੇਵਾਦਾਰਾਂ ਤੇ ਗਊਸ਼ਾਲਾ ਵਿਖੇ ਸੋਚੀ ਸਮਝੀ ਸਾਜ਼ਿਸ਼ ਤਹਿਤ ਹਮਲਾ ਕੀਤਾ ਗਿਆ ਜੋ ਕਿ ਬਹੁਤ ਹੀ ਮੰਦਭਾਗੀ ਅਤੇ ਸ਼ਰਮਨਾਕ ਗੱਲ ਹੈ। ਸੰਤ ਸੀਚੇਵਾਲ ਨੇ ਸਾਜ਼ਿਸ਼ਕਰਤਾ ਨੂੰ ਖੁੱਲ੍ਹ ਕੇ ਸਾਹਮਣੇ ਆਉਣ ਦਾ ਸੱਦਾ ਵੀ ਦਿੱਤਾ।
ਸਾਰੇ ਮਾਮਲੇ ਨੂੰ ਲੈ ਕੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅਤੇ ਸ਼ਾਹਕੋਟ ਦੇ ਸੰਤ ਸੀਚੇਵਾਲ ਦੇ ਸੇਵਾਦਾਰਾਂ ਦੇ ਤਿੰਨ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਦੇ ਹੋਏ ਇਕੱਠ ਵਿਚ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਕਿ ਸੰਤ ਸੀਚੇਵਾਲ ਦੇ ਸੇਵਾਦਾਰਾਂ ਤੇ ਹਮਲਾ ਕਰਨ ਵਾਲੇ ਅਤੇ ਵੀਡੀਓ ਵਾਇਰਲ ਕਰਕੇ ਸੰਤਾਂ ਪ੍ਰਤੀ ਮਾੜੀ ਸ਼ਬਦਾਵਲੀ ਵਰਤਣ ਵਾਲੇ ਵਿਅਕਤੀ ਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਵੀਡਿਓ ਵਿੱਚ ਬੋਲਣ ਵਾਲਾ ਵਿਅਕਤੀ ਸੰਤ ਸੀਚੇਵਾਲ ਪਾਸੋਂ ਜਾ ਕੇ ਮੁਆਫ਼ੀ ਮੰਗ ਲਵੇ ਨਹੀਂ ਤਾਂ ਇਲਾਕੇ ਦੀਆਂ ਸੰਗਤਾਂ ਮਿਲ ਕੇ ਡੀਐਸਪੀ ਦਫਤਰ ਸੁਲਤਾਨਪੁਰ ਲੋਧੀ ਦਾ ਘਿਰਾਓ ਕਰਨਗੀਆਂ ਅਤੇ ਜੇ ਲੋੜ ਪਈ ਤਾਂ ਐਸਐਸਪੀ, ਡੀਆਈਜੀ ਅਤੇ ਮੁੱਖ ਮੰਤਰੀ ਤੱਕ ਵੀ ਮਾਮਲਾ ਲਿਜਾਇਆ ਜਾਵੇਗਾ।
ਸੇਵਾਦਾਰਾਂ ਨੇ ਵੀ ਦੋਸ਼ ਲਾਇਆ ਕਿ ਉਕਤ ਸਰਪੰਚ ਵੱਲੋਂ ਸੰਤ ਸੀਚੇਵਾਲ ਪ੍ਰਤੀ ਮਾੜੀ ਸ਼ਬਦਾਵਲੀ ਸੱਤਾ ਦੇ ਨਸ਼ੇ ਅਤੇ ਕਿਸੇ ਦੀ ਸਿਆਸੀ ਆਗੂ ਦੀ ਕਥਿਤ ਸ਼ਹਿ ਤੇ ਕੀਤੀ ਗਈ ਹੈ ਜੋ ਕਿ ਉਹ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਅਕਾਲੀ ਆਗੂ ਸੁਰਜੀਤ ਸਿੰਘ ਢਿੱਲੋਂ ਨੇ ਸ਼ੇਖਮਾਂਗਾ ਦੇ ਸਰਪੰਚ ਦੇ ਪਤੀ ਵੱਲੋਂ ਸੰਤ ਸੀਚੇਵਾਲ ਪ੍ਰਤੀ ਵਰਤੀ ਗਈ ਸ਼ਬਦਾਵਲੀ ਦੀ ਨਿੰਦਾ ਕਰਦਿਆਂ ਕਿਹਾ ਕਿ ਅਜਿਹਾ ਬੋਲਣ ਵਾਲੇ ਦੀ ਮਾਨਸਿਕਤਾ ਕਮਜ਼ੋਰ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪ੍ਰਸ਼ਾਸਨ ਉਕਤ ਸਰਪੰਚ ਦੀ ਇਸ ਘਟੀਆ ਹਰਕਤ ਨੂੰ ਸਹੀ ਢੰਗ ਨਾਲ ਸੰਭਾਲ ਲਵੇ ਨਹੀਂ ਤਾਂ ਦੋਹਾਂ ਇਲਾਕੇ ਦੀਆਂ ਸੰਗਤਾਂ ਵੱਲੋਂ ਡੀਐੱਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਲੋਕ ਸੇਵਾਾ ਦੀ ਬਦੌਲਤ ਹੀ ਇਲਾਕੇ ਦੇ ਲੋਕਾਂ ਨੂੰ ਹੜ੍ਹਾਂ ਤੋਂ ਮੁਕਤੀ ਮਿਲੀ ਹੈ।
ਕੀ ਕਹਿੰਦੇ ਹਨ ਡੀ ਐੱਸ ਪੀ ਸਰਵਣ ਸਿੰਘ ਬੱਲ ?
ਇਸ ਸੰਬੰਧ ਵਿਚ ਡੀਐਸਪੀ ਸੁਲਤਾਨਪੁਰ ਲੋਧੀ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਆਹਲੀ ਖੁਰਦ ਨੇੜੇ ਅਵਤਾਰ ਗਊਸ਼ਾਲਾ ਫੱਤੇਵਾਲ ਦੇ ਸੇਵਾਦਾਰਾਂ ਨਾਲ ਹੋਏ ਟਕਰਾਅ ਦੇ ਮਾਮਲੇ ਵਿਚ ਗੁਰਵਿੰਦਰ ਸਿੰਘ ਦੀ ਸ਼ਿਕਾਇਤ ਤੇ ਦੋ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵੀਡੀਓ ਵਾਇਰਲ ਦਾ ਸਵਾਲ ਹੈ ਇਸ ਸਬੰਧ ਵਿਚ ਉਨ੍ਹਾਂ ਕੋਲ ਕੋਈ ਵੀ ਸ਼ਿਕਾਇਤ ਨਹੀਂ ਆਈ ਅਤੇ ਸ਼ਿਕਾਇਤ ਮਿਲਣ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly