ਸੰਗਰੂਰ, (ਸਮਾਜ ਵੀਕਲੀ) : ਇੱਥੇ ਭਾਜਪਾ ਆਗੂਆਂ ਦਾ ਵਫ਼ਦ ਅੱਜ ਜ਼ਿਲ੍ਹਾ ਪੁਲੀਸ ਮੁਖੀ ਨੂੰ ਮੰਗ ਪੱਤਰ ਦੇਣ ਲਈ ਪੁਲੀਸਲਾਈਨ ’ਚ ਸਥਿਤ ਐੱਸਐੱਸਪੀ ਦਫ਼ਤਰ ਪੁੱਜਿਆ। ਇਸ ਬਾਰੇ ਜਿਵੇਂ ਹੀ ਕਿਸਾਨਾਂ ਨੂੰ ਭਿਣਕ ਪਈ ਤਾਂ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪੁੱਜੇ ਕਿਸਾਨਾਂ ਨੇ ਪੁਲੀਸ ਲਾਈਨ/ਐਸਐਸਪੀ ਦਫ਼ਤਰ ਦੇ ਦੋਵੇਂ ਮੁੱਖ ਗੇਟਾਂ ਦਾ ਘਿਰਾਓ ਕਰਦਿਆਂ ਰੋਸ ਧਰਨਾ ਦਿੱਤਾ। ਭਾਵੇਂ ਕਿ ਉਦੋਂ ਤੱਕ ਭਾਜਪਾ ਵਫ਼ਦ ’ਚੋਂ ਕਾਫ਼ੀ ਆਗੂ ਐਸਐਸਪੀ ਦਫ਼ਤਰ ’ਚੋਂ ਜਾ ਚੁੱਕੇ ਸਨ।
ਪੁਲੀਸ ਨੇ ਗੇਟ ਬੰਦ ਕਰ ਕੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਬਾਹਰ ਹੀ ਰੋਕ ਦਿੱਤਾ। ਕਿਸਾਨਾਂ ਨੇ ਪੁਲੀਸਲਾਈਨ ਦੇ ਦੋਵੇਂ ਮੁੱਖ ਗੇਟਾਂ ਦਾ ਘਿਰਾਓ ਕਰਦਿਆਂ ਰੋਸ ਧਰਨਾ ਲਗਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਉਧਰ, ਭਾਜਪਾ ਦੇ ਸੂਬਾ ਆਗੂ ਜਤਿੰਦਰ ਕਾਲੜਾ ਨੇ ਕਿਹਾ ਕਿ ਕਾਮਰੇਡ ਕਿਸਾਨਾਂ ਦਾ ਭੇਸ ਧਾਰ ਕੇ ਗੁੰਡਾਗਰਦੀ ਕਰ ਰਹੇ ਹਨ। ਇਸ ਸਬੰਧੀ ਕਿਸਾਨ ਆਗੂ ਗੋਬਿੰਦਰ ਸਿੰਘ ਮੰਗਵਾਲ, ਗੋਬਿੰਦਰ ਸਿੰਘ ਬਡਰੁੱਖਾਂ, ਲਾਭ ਸਿੰਘ ਖੁਰਾਣਾ ਅਤੇ ਗੁਰਦੀਪ ਸਿੰਘ ਕੰਮੋਮਾਜਰਾ ਨੇ ਕਿਹਾ ਕਿ ਭਾਜਪਾ ਜਾਣਬੁੱਝ ਕੇ ਕਿਸਾਨ ਵਿਰੋਧੀ ਗਤੀਵਿਧੀਆਂ ਕਰ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ। ਧਰਨੇ ਦੌਰਾਨ ਹੀ ਕਿਸਾਨ ਆਗੂਆਂ ਨਾਲ ਐੱਸਐੱਸਪੀ ਦੀ ਕੁੱਝ ਤਲਖ਼ਕਲਾਮੀ ਵੀ ਹੋਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly