ਸੰਗਰੂਰ ਦੇ ਪੱਤਰਕਾਰਾਂ ਖਿਲਾਫ ਝੂਠਾ ਮਾਮਲਾ ਦਰਜ ਕਰਨ ਅਤੇ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਫੋਟੋ : ਅਜਮੇਰ ਦੀਵਾਨਾ

ਕਵਰੇਜ ਕਰਨ ਦੀ ਡਿਊਟੀ ਕਰ ਰਹੇ ਮੀਡੀਆ ਕਰਮੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ-ਪ੍ਰਿੰ.ਬਲਵੀਰ ਸੈਣੀ 

ਹੁਸ਼ਿਆਰਪੁਰ, (ਸਮਾਜ ਵੀਕਲੀ) (ਤਰਸੇਮ ਦੀਵਾਨਾ )
ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ ਆਫ ਇੰਡੀਆ ਦਾ ਇੱਕ ਵਫਦ ਸੂਬਾ ਪ੍ਰਧਾਨ ਪ੍ਰਿੰ. ਬਲਵੀਰ ਸਿੰਘ ਸੈਣੀ ਦੀ ਅਗਵਾਈ ਹੇਠ ਥਾਣਾ ਸਿਟੀ ਸੰਗਰੂਰ ਵਿਖੇ ਦੋ ਪੱਤਰਕਾਰਾਂ ਖਿਲਾਫ ਝੂਠਾ ਮਾਮਲਾ ਦਰਜ ਕਰਕੇ ਉਹਨਾਂ ਨੂੰ ਜੇਲ ਭੇਜਣ ਦੇ ਵਿਰੋਧ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਭੇਜਣ ਲਈ ਸ੍ਰੀਮਤੀ ਕੋਮਲ ਮਿੱਤਲ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮਿਲਿਆ | ਇਸ ਵਫਦ ਵਿੱਚ ਤਰਸੇਮ ਦੀਵਾਨਾ ਜੁਆਇੰਟ ਸਕੱਤਰ ਇੰਡੀਆ, ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ ਪੰਜਾਬ, ਓਮ ਪ੍ਰਕਾਸ਼ ਰਾਣਾ ਜ਼ਿਲਾ ਜਨਰਲ ਸਕੱਤਰ, ਅਸ਼ਵਨੀ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਇੰਦਰਜੀਤ ਸਿੰਘ ਮੁਕੇਰੀਆਂ, ਸੁਖਵਿੰਦਰ ਸਿੰਘ ਮੁਕੇਰੀਆਂ, ਰਮਨ ਤੰਗਰਾਲੀਆ, ਬਲਜਿੰਦਰ ਸਿੰਘ, ਰਾਕੇਸ਼ ਕੁਮਰਾ,ਰਮਨ ਕੁਮਾਰ, ਦਲਵੀਰ ਚਰਖਾ,ਗੌਰਵ ਕੁਮਾਰ, ਸੁਰਿੰਦਰ ਮੱਟੂ, ਅਮਰਜੀਤ ਭੱਟੀ ਅਤੇ ਹੋਰ ਪਤਰਕਾਰ ਸਾਥੀ ਸ਼ਾਮਿਲ ਹੋਏ | ਇਸ ਮੰਗ ਪੱਤਰ ਵਿੱਚ ਦਰਜ ਮੰਗਾਂ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ ਨੇ ਦੱਸਿਆ ਕਿ ਭਾਵੇਂ ਪੱਤਰਕਾਰਾਂ ਨੂੰ ਦਬਾਉਣ ਲਈ ਉਨ੍ਹਾਂ ਖਿਲਾਫ਼ ਪਹਿਲਾਂ ਵੀ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪੱਤਰਕਾਰਾਂ ਖਿਲਾਫ਼ ਝੂਠੇ ਮਾਮਲੇ ਦਰਜ ਕਰਨ ਦਾ ਹੜ੍ਹ ਹੀ ਆ ਗਿਆ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵੱਖ ਵੱਖ ਖੇਤਰਾਂ ਦੇ ਮਾਫੀਆ ਦੇ ਲੋਕਾਂ ਵੱਲੋਂ ਪੱਤਰਕਾਰਾਂ ਨੂੰ ਸਮਾਜ ਵਿਰੋਧੀ ਅਨਸਰਾਂ ਦਾ ਪਰਦਾਫਾਸ਼ ਕਰਨ ਤੋਂ ਰੋਕਣ ਲਈ ਡਰਾਉਣ ਧਮਕਾਉਣ ਦੇ ਮਕਸਦ ਨਾਲ ਹੀ ਦਰਜ ਕੀਤੇ ਗਏ ਹਨ ਇਸ ਦੀ ਜਿਉਂਦੀ ਜਾਗਦੀ ਮਿਸਾਲ ਥਾਣਾ ਸਿਟੀ ਸੰਗਰੂਰ ਵਿੱਚ ਦੋ ਪੱਤਰਕਾਰਾਂ ਗੁਰਮੇਲ ਸਿੰਘ ਛਾਜਲੀ ਅਤੇ ਕੁਲਦੀਪ ਸਿੰਘ ਸੱਗੂ ਉਪਰ ਦਰਜ ਕੀਤੀ ਗਈ ਝੂਠੀ ਐਫ.ਆਈ.ਆਰ. ਹੈ ਜਿਸ ਵਿੱਚ ਕਾਰਵਾਈ ਏਨੀ ਤੇਜ਼ੀ ਨਾਲ ਕੀਤੀ ਗਈ ਕਿ ਪੱਤਰਕਾਰਾਂ ਨੂੰ ਸੁਣਵਾਈ ਦਾ ਮੌਕਾ  ਦਿੱਤੇ ਬਗੈਰ ਸਿੱਧਾ ਜੇਲ੍ਹ ਵੀ ਭੇਜ ਦਿੱਤਾ ਗਿਆ | ਪ੍ਰਿੰ ਬਲਵੀਰ ਸਿੰਘ ਸੈਣੀ ਨੇ ਕਿਹਾ ਕਿ ਆਪ ਦੀ ਸਰਕਾਰ ਦੇ ਕਾਰਜਕਾਲ ਅਧੀਨ ਪੱਤਰਕਾਰਾਂ ਨਾਲ ਵੱਡੇ ਪੱਧਰ ਤੇ ਹੋ ਰਹੀਆਂ ਵਧੀਕੀਆਂ ਅਤੇ ਦਰਜ ਕੀਤੇ ਜਾ ਰਹੇ ਝੂਠੇ ਪਰਚਿਆਂ ਕਾਰਨ ਨਾਂ ਸਿਰਫ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨੂੰ ਵੱਡੀ ਢਾਹ ਲੱਗ ਰਹੀ ਹੈ ਸਗੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਦਨਾਮ ਹੋ ਰਹੀ ਹੈ।ਇਸ ਦਾ ਜ਼ੋਰਦਾਰ ਵਿਰੋਧ ਕਰਦਿਆਂ ਮੰਗ ਪੱਤਰ ਵਿੱਚ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਗਈ ਕਿ ਥਾਣਾ ਸਿਟੀ ਸੰਗਰੂਰ ਵਿੱਚ ਦੋ ਪੱਤਰਕਾਰਾਂ ਗੁਰਮੇਲ ਸਿੰਘ ਛਾਜਲੀ ਅਤੇ ਕੁਲਦੀਪ ਸਿੰਘ ਸੱਗੂ ਉਪਰ ਦਰਜ ਕੀਤੀ ਗਈ ਝੂਠੀ ਐਫ.ਆਈ.ਆਰ. ਨੰ: 0146 ਮਿਤੀ 11 ਜੁਲਾਈ 2024 ਨੂੰ ਤੁਰੰਤ ਰੱਦ ਕਰਕੇ ਦੋਵਾਂ ਪੱਤਰਕਾਰਾਂ ਨੂੰ ਬਿਨਾਂ ਦੇਰੀ ਰਿਹਾਅ ਕੀਤਾ ਜਾਵੇ | ਉਪਰੋਕਤ ਦੋਵੇਂ ਪੱਤਰਕਾਰਾਂ ਨਾਲ ਡਿਊਟੀ ਕਰਦਿਆਂ ਡਾਕਟਰ ਸਮੇਤ ਭੀੜ ਵਲੋਂ ਕੁੱਟਮਾਰ ਕੀਤੀ ਗਈ ਅਤੇ ਇਸ ਪੂਰੇ ਮਾਮਲੇ ਦੀ ਤਹਿ ਤੱਕ ਜਾਣ ਲਈ ਮਾਨਯੋਗ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਨਿਰਪੱਖ ਜਾਂਚ ਦੇ ਆਦੇਸ਼ ਜਾਰੀ ਕੀਤੇ ਜਾਣ ਤਾਂ ਜੋ ਪੱਤਰਕਾਰਾਂ ਨੂੰ ਇਨਸਾਫ ਮਿਲ ਸਕੇ ਅਤੇ ਹਸਪਤਾਲਾਂ ਵਿੱਚ ਫੈਲੇ ਭ੍ਰਿਸ਼ਟ ਤੰਤਰ ਦਾ ਵੀ ਪਰਦਾਫਾਸ਼ ਹੋ ਸਕੇ। ਮੰਗ ਪੱਤਰ ਵਿੱਚ ਇਹ ਵੀ ਦੱਸਿਆ ਗਿਆ ਕਿ ਬਿਲਕੁਲ ਇਹੋ ਜਿਹਾ ਹੀ ਇੱਕ ਹੋਰ ਮਾਮਲਾ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਵਾਪਰਿਆ ਸੀ ਜਿਸ ਵਿੱਚ 14 ਨਵੰਬਰ 2022 ਨੂੰ ਕਵਰੇਜ ਕਰਨ ਗਏ ਦੋ  ਪੱਤਰਕਾਰਾਂ ਉਪਰ ਮੌਕੇ ਦੀ ਐਸ.ਐਮ.ਓ. ਡਾ: ਸਵਾਤੀ ਸ਼ੀਮਾਰ ਅਤੇ ਡਾ: ਸੁਨੀਲ ਭਗਤ ਵਲੋਂ ਦੁਰਵਿਹਾਰ ਅਤੇ ਘਟੀਆਂ ਵਰਤਾਉ ਕਰਦਿਆਂ ਜਿੱਥੇ ਲੋਕਹਿੱਤ ਵਿੱਚ ਮੀਡੀਆ ਵਲੋਂ ਕੀਤੇ ਜਾ ਕੰਮ ਵਿੱਚ ਵਿਘਨ ਪਾਇਆ ਗਿਆ ਉਲਟਾ ਪੁਲਿਸ ਨਾਲ ਮਿਲੀ ਭੁਗਤ ਕਰਕੇ ਉਕਤ ਡਾਕਟਰਾਂ ਵਲੋਂ ਦੋਵੇਂ ਪੱਤਰਕਾਰਾਂ ਖਿਲਾਫ ਝੂਠਾ ਤੇ ਬੇ-ਬਨਿਆਦ ਕੇਸ ਨੰ: 0291 ਮਿਤੀ 14 ਨਵੰਬਰ 2022 ਨੂੰ ਦਰਜ ਕਰਵਾਇਆ ਗਿਆ ਜੋ ਹੁਣ ਅਦਾਲਤ ਵਿੱਚ ਚਲਦਾ ਹੈ ਅਤੇ ਪੱਤਰਕਾਰ ਜਮਾਨਤ ਤੇ ਬਾਹਰ ਹਨ ਜਦ ਕਿ ਪੱਤਰਕਾਰਾਂ ਵਲੋਂ ਥਾਣਾ ਮਾਡਲ ਟਾਉਨ ਹੁਸ਼ਿਆਰਪੁਰ ਵਿੱਚ ਉਕਤ ਮਾਮਲੇ ਦੀ ਸਭ ਤੋਂ ਪਹਿਲਾਂ ਲਿਖਤੀ ਦਰਖਾਸਤ ਦੇਣ ਦੇੁ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਕੀਤੀ ਗਈ। ਵਫਦ ਨੇ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਕਿ ਕਵਰੇਜ ਕਰਨ ਦੀ ਡਿਊਟੀ ਕਰ ਰਹੇ ਮੀਡੀਆ ਕਰਮੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਉਨ੍ਹਾਂ ਦੇ ਕੰਮ ਵਿੱਚ ਵਿਘਨ ਪਾਉਣ ਵਾਲਿਆਂ ਖਿਲਾਫ਼ ਕੇਸ ਦਰਜ ਕਰਨ ਦੇ ਹੁਕਮ ਬਿਨਾਂ ਦੇਰੀ ਦੇ ਲਾਗੂ ਕੀਤੇ ਜਾਣ ਤਾਂ ਜੋ ਲੋਕਤੰਤਰ ਦਾ ਚੌਥਾ ਥੰਮ ਮੀਡੀਆ ਨਿਸ਼ਚਿੰਤ ਹੋ ਕੇ ਆਉਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਦੇ ਕਾਬਿਲ ਹੋ ਸਕੇ | ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਵਿਸ਼ਵਾਸ ਦਵਾਇਆ ਕਿ ਉਹ ਪੱਤਰਕਾਰਾਂ ਦੇ ਹਿੱਤ ਵਿੱਚ ਇਸ ਮੰਗ ਪੱਤਰ ਨੂੰ ਯੋਗ ਪ੍ਰਣਾਲੀ ਰਾਹੀਂ ਮਾਨਯੋਗ ਮੁੱਖ ਮੰਤਰੀ ਤੱਕ ਪਹੁੰਚਾਉਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ,ਤਰਸੇਮ ਦੀਵਾਨਾ,ਗੁਰਬਿੰਦਰ ਸਿੰਘ ਪਲਾਹਾ, ਓਪੀ ਰਾਣਾ, ਅਸ਼ਵਨੀ ਸ਼ਰਮਾ, ਇੰਦਰਜੀਤ ਪ੍ਰਧਾਨ ਮੁਕੇਰੀਆਂ, ਰਮਨ ਕੁਮਾਰ, ਦਲਵੀਰ ਚਰਖਾ,ਸੁਖਵਿੰਦਰ ਸਿੰਘ ਮੁਕੇਰੀਆਂ,ਗੌਰਵ ਕੁਮਾਰ, ਸੁਰਿੰਦਰ ਮੱਟੂ, ਰਾਕੇਸ਼ ਕੁਮਰਾ, ਅਮਰਜੀਤ ਭੱਟੀ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਐਡਵੋਕੇਟ ਸੰਜੀਵ ਰਾਜਪੂਤ ਬਜਰੰਗ ਦਲ ਹਿੰਦੁਸਤਾਨ ਪੰਜਾਬ ਸੂਬੇ ਦਾ ਚੇਅਰਮੈਨ ਨਿਯੁਕਤ ।
Next articleਧਰਤੀ ਦੀ ਗਰਮੀ ਨੂੰ ਘੱਟ ਕਰਨ ਲਈ ਪੌਦੇ ਲਾਉਣੇ ਅਤਿ ਜ਼ਰੂਰੀ : ਤਲਵਾੜ