(ਸਮਾਜ ਵੀਕਲੀ)
ਸਾਉਣ ਮਹੀਨੇ ਵਿੱਚ ਬਾਗੀਂ ਮੋਰ ਬੋਲਦੇ,
ਦੇਖ ਤਾਂ ਸਹੀ ਨੀ ਕੌਣ ਆਇਆ ਕੁੰਡਾ ਖੋਲ੍ਹਦੇ।
ਬੜੇ ਚਿਰਾਂ ਪਿੱਛੋਂ ਵੀਰਾ ਮੇਰਾ ਆਇਆ ਏ,
ਤੇ ਫੁੱਲੀ ਨਾ ਸਮਾਵਾਂ ਕੁੜੀਓ।
ਵੀਰ ਲੈ ਕੇ ਆਇਆ ਮੇਰਾ ਨੀ ਸੰਧਾਰਾ,
ਮੈਂ ਵਾਰੇ-ਵਾਰੇ ਜਾਵਾਂ ਕੁੜੀਓ…..
ਪਿੰਡ ਦੀ ਸੁਣਾ ਦੇ ਕੋਈ ਵੀਰਾ ਗੱਲਬਾਤ ਵੇ,
ਕਰਨੀਆਂ ਗੱਲਾਂ ਨਹੀਓਂ ਸੌਣਾ ਸਾਰੀ ਰਾਤ ਵੇ।
ਬੜੇ ਚਿਰ ਤੋਂ ਸੀ ਬੈਠ ਕੇ ਬਨੇਰੇ ਉੱਤੋਂ,
ਕਾਗ ਮੈਂ ਉਡਾਵਾਂ ਕੁੜੀਓ।
ਵੀਰ ਲੈ ਕੇ ਆਇਆ ਮੇਰਾ ਨੀ ਸੰਧਾਰਾ,
ਮੈਂ ਵਾਰੇ-ਵਾਰੇ ਜਾਵਾਂ ਕੁੜੀਓ…..
ਮੰਮੀ ਡੈਡੀ, ਵੀਰੇ, ਭਾਬੀਆਂ ਦਾ ਦੱਸ ਹਾਲ ਵੇ,
ਭਤੀਜੇ ਤੇ ਭਤੀਜੀਆਂ ਦਾ ਰੱਖੀਂ ਤੂੰ ਖ਼ਿਆਲ ਵੇ।
ਸੁੱਖਾਂ ਰੱਬ ਕੋਲ਼ੋਂ ਰਹਿੰਦੀ ਸਦਾ ਮੰਗਦੀ,
ਸੁੱਖਾਂ ਰੱਬ ਕੋਲ਼ੋਂ ਮੰਗਾਂ ਕਦੇ ਲੱਗਣ ਨਾ,
ਤੱਤੀਆਂ ਹਵਾਵਾਂ ਕੁੜੀਓ।
ਵੀਰ ਲੈ ਕੇ ਆਇਆ ਮੇਰਾ ਨੀ ਸੰਧਾਰਾ,
ਮੈਂ ਵਾਰੇ-ਵਾਰੇ ਜਾਵਾਂ ਕੁੜੀਓ…..
ਪੀਪੇ ਵਿੱਚ ਬਿਸਕੁਟ, ਡੱਬੇ ‘ਚ ਮਿਠਾਈ ਏ,
ਮੈਂ ਵੀਰ ਪਿਆਰੇ ਲਈ ਖੀਰ ਬਣਾਈ ਏ।
ਦੁੱਧ ਧਰਿਆ ਮੈਂ ਵਿੱਚ ਹੁਣੇ ਕਾੜ੍ਹਨੀ,
ਤੇ ਲਾਚੀਆਂ ਵੀ ਪਾਵਾਂ ਕੁੜੀਓ।
ਵੀਰ ਲੈ ਕੇ ਆਇਆ ਮੇਰਾ ਨੀ ਸੰਧਾਰਾ,
ਮੈਂ ਵਾਰੇ-ਵਾਰੇ ਜਾਵਾਂ ਕੁੜੀਓ…..
ਪਾਉਣੀਆਂ ਨੇ ਪੀਂਘਾਂ ਆਪਾਂ ਪਿੱਪਲਾਂ ਦੇ ਟਾਹਣੇ ਨੂੰ,
ਕਰਨਾ ਨੀ ਤੰਗ ਮੇਰੇ ਵੀਰ ਸਿਆਣੇ ਨੂੰ।
ਪੈਂਦੀ ਮਿੰਨੀ-ਮਿੰਨੀ ਭੂਰ ਵਿੱਚ ਅੰਬਰੀਂ,
ਪਕੌੜੇ ਮੈਂ ਬਣਾਵਾਂ ਕੁੜੀਓ।
ਵੀਰ ਲੈ ਕੇ ਆਇਆ ਮੇਰਾ ਨੀ ਸੰਧਾਰਾ,
ਮੈਂ ਵਾਰੇ-ਵਾਰੇ ਜਾਵਾਂ ਕੁੜੀਓ…..
ਰਲ਼-ਮਿਲ਼ ਆਪਾਂ ਇਹ ਘੜੀਆਂ ਬਿਤਾਉਣੀਆਂ,
ਇਹੋ ਜਿਹੀਆਂ ਘੜੀਆਂ ਨਾ ਮੁੜਕੇ ਥਿਆਉਣੀਆਂ।
ਮਸਾਂ ਸਾਲ ਪਿੱਛੋਂ ਦਿਨ ਹੈ ਇਹ ਆਂਵਦਾ,
ਤੇ ਲੰਘੇ ਨਾਲ਼ ਚਾਵਾਂ ਕੁੜੀਓ।
ਵੀਰ ਲੈ ਕੇ ਆਇਆ ਮੇਰਾ ਨੀ ਸੰਧਾਰਾ,
ਮੈਂ ਵਾਰੇ-ਵਾਰੇ ਜਾਵਾਂ ਕੁੜੀਓ…..
ਲੈ ਕੇ ਆਇਆ ਸੂਟ ਜਿਹੜਾ ਬੜਾ ਮੈਂ ਹੰਢਾਉਣਾ ਏ,
ਧੋ-ਧੋ ਕੇ ਸੂਟ ਮੈਂ ਜਹਾਜ਼ਾਂ ਵਾਲ਼ਾ ਪਾਉਣਾ ਏ।
ਸੁਖੀ ਵਸੇ ਮੇਰਾ ਵੀਰ ‘ਗੁਰਵਿੰਦਰ’,
ਮੈਂ ਗੁਣ ਉਹਦੇ ਗਾਵਾਂ ਕੁੜੀਓ,
ਵੀਰ ਲੈ ਕੇ ਆਇਆ ਮੇਰਾ ਨੀ ਸੰਧਾਰਾ,
ਮੈਂ ਵਾਰੇ-ਵਾਰੇ ਜਾਵਾਂ ਕੁੜੀਓ…..
ਗੁਰਵਿੰਦਰ ਸਿੰਘ ਉੱਪਲ
ਮਾਲੇਰਕੋਟਲਾ (ਪੰਜਾਬ)
ਸੰਪਰਕ – 98411-45000
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly