(ਸਮਾਜ ਵੀਕਲੀ)-ਰਿਸ਼ੀਆਂ ਮੁਨੀਆਂ ਗੁਰੂਆਂ,ਭਗਤਾਂ ਤੇ ਪੰਜ ਦਰਿਆਵਾਂ ਦੀ ਧਰਤੀ ਮੇਰਾ ਰੰਗਲਾ ਪੰਜਾਬ ਪੂਰੀ ਦੁਨੀਆਂ ਵਿੱਚ ਸਭ ਤੋ ੳੱੁਤਮ ਮੰਨਿਆ ਜਾਂਦਾ ਸੀ।ਇਥੋ ਦੇ ਲੰਮ ਤਲੰਮੇ ਗੱਭਰੂ,ਚੌੜੀਆਂ ਛਾਤੀਆਂ,ਗਜ਼-ਗਜ਼ ਲੰਮੇ ਮੁੱਗਦਰਾਂ ਵਰਗੇ ਪੱਟਾਂ ਕਰਕੇ ਮੇਲਿਆਂ ਦੀ ਸ਼ਾਨ ਹੁੰਦੇ ਸਨ।ਪਰ ਸਮੇਂ ਦੇ ਹਾਲਾਤਾਂ ਅਤੇ ਕੁੱਝ ਮੁਨਾਫਾਖੋਰ ਲੋਕਾਂ ਨੇ ਅਜਿਹੇ ਮੱਕੜੀ ਜਾਲ ਵਿਛਾ ਕੇ ਇੱਕ ਐਸੇ ਦਰਿਆ ਦੀ ਸਿਰਜਣਾ ਜਿਸ ਵਿੱਚ ਵਰਤਮਾਨ ਜਵਾਨੀ ਫਸਦੀ ਤੇ ਧਸਦੀ ਹੀ ਤੁਰੀ ਜਾਂਦੀ ਹੈ।ਜਿਸ ਦਾ ਹੱਲ ਨਾ ਅਜੇ ਤੱਕ ਕਿਸੇ ਬਾਪ ਅਤੇ ਨਾ ਹੀ ਕਿਸੇ ਮਾਈ ਕੋਲ ਹੈ ਉਹ ਬੱਸ ਫੜੀ ਹੋਈ ਘੱੁਗੀ ਵਾਂਗ ਇਸ ਸਾਰੇ ਵਰਤਾਰੇ ਨੂੰ ਵੇਖ ਹੀ ਰਹੇ ਹਨ।ਮਾਪਿਆਂ ਦਾ ਉਹ ਪੱੁਤਰ ਜਿਸ ਦੇ ਪੈਦਾ ਹੋਣ ਤੇ ਬੜੇ ਚਾਵਾਂ ਨਾਲ ਮਾਪਿਆਂ ਨੇ ਬੂਹੇ ਤੇ ਨਿੰਮ ਬੰਨ੍ਹ ਕੇ ਖੁਸ਼ੀਆਂ ਮਨਾਈਆਂ ਅਤੇ ਮਹੰਤਾਂ ਨੂੰ ਸੱਦ ਕੇ ਵਧਾਈਆਂ ਦਿੱਤੀਆਂ।ਅੱਜ ਮਾਂ ਅਤੇ ਬਾਪ ਦਾ ਕਾਤਲ ਬਣ ਗਿਆ।ਕਿਉਕਿ ਉਸ ਨੂੰ ਆਪਣੇ ਨਸ਼ੇ ਤੋ ਪਿਆਰਾ ਕੁੱਝ ਵੀ ਨਹੀ ਉਸ ਨੂੰ ਕੁੱਝ ਵੀ ਕਰਨਾ ਪਵੇ ਉਹ ਆਪਣਾ ਨਸ਼ਾ ਪੂਰਾ ਕਰਨ ਚ ਦੇਰੀ ਨਹੀ ਕਰਦਾ।ਚਾਹੇ ਉਸ ਨੂੰ ਘਰ ਦਾ ਕੋਈ ਵੀ ਸਮਾਨ ਵੇਚਣ ਤੋਂ ਇਲਾਵਾ ਲੁਟਖੋਹ,ਡਕੈਤੀ ਹੀ ਕਿਉਂ ਨਾ ਕਰਨੀ ਪਵੇ।
ਗੱਲ ਦੋ ਕੁ ਸਾਲ ਪਹਿਲਾਂ ਦੀ ਜਦੋਂ ਮੇਰੀ ਡਿਊਟੀ ਪਲਸ ਪੋਲੀਓ ਮੁਹਿੰਮ ਦੌਰਾਨ ਬਤੌਰ ਸੁਪਰਵਾਈਜ਼ਰ ਇਸ ਪ੍ਰੋਗਰਾਮ ਦੀ ਸੁਪਰਵੀਜ਼ਨ ਕਰਨ ਲਈ ਕੁੱਝ ਪਿੰਡਾਂ ਵਿੱਚ ਲਗਾਈ ਗਈ।ਮੇਰੇ ਨਾਲ ਵਿਭਾਗ ਦੇ ਕੁੱਝ ਹੋਰ ਕਰਮਚਾਰੀ ਵੀ ਸਨ।ਜਨਵਰੀ ਦਾ ਮਹੀਨਾ ਸੀ ਕਾਫੀ ਜਿਆਦਾ ਧੁੰਦ ਦੇ ਨਾਲ ਨਾਲ ਠੰਡ ਬਹੁਤ ਜਿਆਦਾ ਸੀ।ਇਸ ਮੁਹਿੰਮ ਦੌਰਾਨ ਸਾਨੂੰ ਬਹੁਤ ਸਾਰੇ ਘਰਾਂ ਵਿੱਚ ਜਾਣ ਦਾ ਮੌਕਾ ਮਿਿਲਆ।ਇਸ ਦੌਰਾਨ ਅਸੀਂ 5 ਸਾਲ ਤੋਂ ਛੋਟੇ ਬੱਚਿਆਂ ਨੂੰ ਚੈਕ ਕਰ ਰਹੇ ਸੀ ਤਾਂ ਕਿ ਕੋਈ ਬੱਚਾ ਪੋਲੀਓ ਦੀਆਂ ਬੂੰਦਾਂ ਪੀਤੇ ਬਿਨਾ ਵਾਝਾਂ ਨਾ ਰਹੇ।ਜਦੋਂ ਇੱਕ ਘਰ ਵਿੱਚ ਇਸ ਸਬੰਧੀ ਮੈਂ ਪ੍ਰੀਵਾਰਕ ਮੈਬਰਾਂ ਨਾਲ ਗੱਲ ਕਰ ਰਿਹਾ ਸੀ ਤਾਂ ਉਹਨਾਂ ਨੇ ਸਾਡੇ ਬੈਠਣ ਲਈ ਬਰਾਂਡੇ ਵਿੱਚ ਕੁਰਸੀਆਂ ਡਾਹ ਦਿੱਤੀਆਂ ਅਤੇ ਨਾਲ ਹੀ ਬਜ਼ੁਰਗ ਮਾਤਾ ਨੇ ਆਪਣੀ ਨੂੰਹ ਨੂੰ ਸਾਡੇ ਲਈ ਚਾਹ ਬਨਾਉਣ ਲਈ ਕਹਿ ਦਿੱਤਾ।ਭਾਵੇਂ ਸਾਡੇ ਕੋਲ ਸਮਾਂ ਸੀਮਿਤ ਹੀ ਸੀ ਨਾ ਚਾਹੁੰਦੇ ਹੋਏ ਵੀ ਕੜਕਦੀ ਠੰਡ ਵਿੱਚ ਚੜੇ੍ਹ ਪਾਲੇ ਕਾਰਨ ਚਾਹ ਪੀ ਕੇ ਜਾਣ ਨੂੰ ਤਰਜ਼ੀਹ ਦਿੱਤੀ।ਅਸੀਂ ਚਾਹ ਪੀ ਹੀ ਰਹੇ ਸੀ ਕਿ ਬਾਹਰੋਂ 25 ਕੁ ਸਾਲ ਦਾ ਨੌਜਵਾਨ ਲੜਕਾ ਘਰ ਦੇ ਅੰਦਰ ਥੋੜਾ ਲੜਖੜਾਉਦਾ ਹੋਇਆ ਦਾਖਲ ਹੋਇਆ ਤੇ ਸਾਡੇ ਕੋਲ ਆ ਕੇ ਉਸ ਬਜ਼ੁਰਗ ਔਰਤ ਕੋਲ ੳਸ ਦੇ ਮੰਜ਼ੇ ਤੇ ਬੈਠ ਗਿਆ।ਜੋ ਸਾਇਦ ਉਸ ਦਾ ਹੀ ਲੜਕਾ ਹੋਣਾ।ਦੇਖਣ ਵਿੱਚ ਥੋੜਾ ਬਿਮਾਰ ਤੇ ਪ੍ਰੇਸ਼ਾਨ ਜਿਹਾ ਲੱਗ ਰਿਹਾ ਸੀ।ਪਰ ਕੁਦਰਤ ਨੇ ਰੱਜ ਕੇ ਰੰਗ ਰੂਪ ਤੇ ਸਿਹਤ ਦਿੱਤੀ ਹੋਈ ਸੀ।ਮੇਰਾ ਅੰਦਾਜ਼ਾ ਠੀਕ ਹੀ ਨਿਕਲਿਆ ਉਹ ਲੜਕਾ ਉਸ ਬਜ਼ੁਰਗ ਔਰਤ ਦਾ ਹੀ ਸੀ।ਮੇਰੇ ਪੱੁਛਣ ਤੇ ਉਸ ਮਾਤਾ ਨੇ ਦੱਸਿਆ ਕਿ ਇਸ ਨੇ ਪੰਜ ਛੇ ਸਾਲ ਪਹਿਲਾਂ ਬਹੁਤ ਹੀ ਵਧੀਆ ਕਾਲਜ ਵਿੱਚ ਉਚੇਰੀ ਪੜਾਈ ਲਈ ਦਾਖਲਾ ਲਿਆ ਸੀ।ਪੜ੍ਹਨ ਵਿੱਚ ਵੀ ਬਹੁਤ ਹੁਸ਼ਿਆਰ ਸੀ।ਉਸ ਮਾਤਾ ਦੇ ਦੱਸਣ ਅਨੁਸਾਰ ਉਹ ਲੜਕਾ ਕਿਸੇ ਚੰਗੇ ਵਿਸ਼ੇ ਵਿੱਚ ਡਿਗਰੀ ਹੋਲਡਰ ਸੀ।ਬਹੁਤ ਹੀ ਵਧੀਆ ਪੁਜੀਸ਼ਨ ਵਿੱਚ ਪਾਸ ਹੋਇਆ ਸੀ।ਐਨਾ ਪੜ੍ਹ ਕੇ ਵੀ ਕੋਈ ਚੰਗੀ ਨੌਕਰੀ ਨਾ ਮਿਲਣ ਕਾਰਨ ਇਸ ਨੂੰ ਪਤਾ ਨੀ ਕੀ ਹੋ ਗਿਆ।ਉਸ ਦੇ ਦੱਸਣ ਅਨੁਸਾਰ ਉਸ ਨੇ ਸਾਲ ਕੁ ਕਿਸੇ ਪ੍ਰਾਈਵੇਟ ਸਕੂਲ ਵਿੱਚ ਪੜਾਉਣ ਲਈ ਲਗਾਇਆ ਸੀ ਪਰ ਉੱਥੇ ਕੰਮ ਜਿਆਦਾ ਤੇ ਤਨਖਾਹ ਘੱਟ ਦੇ ਕੇ ਸ਼ੋਸਣ ਕੀਤਾ ਜਾਂਦਾ ਰਿਹਾ।ਫਿਰ ਕਿਸੇ ਪ੍ਰਾਈਵੇਟ ਫੈਕਟਰੀ ਵਿੱਚ ਵੀ ਨੌਕਰੀ ਕੀਤੀ ਪਰ ਹਾਲਾਤ ਉੱਥੇ ਵੀ ਇਹੋ ਸਨ।ਇਸ ਮਾਨਸਿਕ ਪ੍ਰੇਸਾਨੀ ਕਾਰਨ ਪਤਾ ਨੀ ਇਸ ਨੇ ਇਹ ਭੈੜੀਆਂ ਆਦਤਾਂ ਕਿੱਥੋ ਸਹੇੜ ਲਈਆਂ।
ਕੁੱਝ ਸਾਲ ਪਹਿਲਾਂ ਇਸ ਦਾ ਪਿਤਾ ਵੀ ਰੋਜ਼ਾਨਾ ਦੀ ਸ਼ਰਾਬ ਦੀ ਲਤ ਵਾਲੇ ਦੈਂਤ ਨੇ ਸਾਡੇ ਕੋਲੋ ਸਦਾ ਲਈ ਨਿਗਲ ਲਿਆ।ਉਸ ਦੀ ਚੰਦਰੀ ਸ਼ਰਾਬ ਅਤੇ ਇਸ ਚੰਦਰੇ ਦੀਆਂ ਫੀਸਾਂ ਨੇ ਸਾਡੇ ਕੋਲ ਗੁਜ਼ਾਰੇ ਜੋਗੀ ਜੋ ਜ਼ਮੀਨ ਸੀ।ਉਹ ਵੀ ਲੱਗਭੱਗ ਸਾਰੀ ਹੀ ਗਹਿਣੇ ਰਖਵਾ ਦਿੱਤੀ।ਹੁਣ ਇਸ ਤੋਂ ਸਾਨੂੰ ਬਹੁਤ ਆਸ ਸੀ ਕਿ ਘਰ ਨੂੰ ਥੋੜਾ ਬਹੁਤ ਲੀਹ ਤੇ ਲੈ ਆਵੇਗਾ।ਘਰ ਵਿੱਚ ਹੁਣ ਇਸ ਤੋਂ ਬਿਨਾ ਤੋਂ ਇਲਾਵਾ ਸਾਡੇ ਕੋਲ ਕੱੁਝ ਵੀ ਦੇਖਣ ਨੂੰ ਨਹੀ।ਪਰ ਇਸ ਦੀ ਹਾਲਤ ਤਾਂ ਆਪਣੇ ਬਾਪ ਨਾਲਂੋ ਵੀ ਮਾੜੀ ਹੋ ਗਈ ਹੈ।ਇਹ ਸੋਚ ਕੇ ਇਸ ਦਾ ਵਿਆਹ ਵੀ ਕਰ ਦਿੱਤਾ ਕਿ ਸ਼ਾਇਦ ਇਸ ਦੇ ਹਾਲਾਤਾ ਵਿੱਚੱ ਕੁੱਝ ਸੁਧਾਰ ਹੋ ਜਾਊਗਾ।ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ।ਆਪਣੇ ਨਸ਼ੇ ਦੀ ਪੂਰਤੀ ਕਰਨ ਲਈ ਘਰੋ ਹਰ ਰੋਜ਼ ਮੇਰੇ ਕੋਲੋਂ ਅਤੇ ਆਪਣੀ ਪਤਨੀ ਕੋਲੋਂ ਪੈਸੇ ਮੰਗਦਾ ਰਹਿੰਦਾ ਹੈ।ਨਾ ਦੇਣ ਦੀ ਸੂਰਤ ਵਿੱਚ ਘਰੋਂ ਕੁੱਝ ਨਾ ਕੁੱਝ ਵੇਚਣ ਦੀ ਧਮਕੀ ਦਿੰਦਾ ਹੈ।ਗੱਲ ਗੱਲ ਤੇ ਲੜਨ ਨੂੰ ਪੈਂਦਾ ਹੈ।ਇਸ ਚੰਦਰੇ ਨੂੰ ਪਤਾ ਨੀ ਕੀ ਕਿਸੇ ਓਪਰੀ ਬਲਾ ਨੇ ਘੇਰ ਲਿਆ ਤੇ ਕਿਸ ਚੰਦਰੇ ਕਲਮੂਹੇ ਦੀ ਨਜ਼ਰ ਲੱਗ ਗਈ।ਇੱਕੋ ਹੀ ਸਾਹ ਵਿੱਚ ਉਹ ਦੁਖਿਆਰੀ ਪਤਾ ਨੀ ਕੀ ਕੁੱਝ ਕਹਿ ਗਈ।ਕਿਉ ਕਿ ਪੁੱਤਰ ਮੋਹ ਦਾ ਘੇਰਾ ਹੀ ਅਜਿਹਾ ਵਿਸ਼ਾਲ ਜੋ ਹੁੰਦਾ ਹੈ।
ਹਰ ਮਾਤਾ ਪਿਤਾ ਨੂੰ ਆਪਣੇ ਪੱੁਤਰ ਤੋਂ ਇੱਕ ਹੀ ਆਸ ਹੁੰਦੀ ਹੈ ਕਿ ਜਦੋਂ ਸਾਡੇ ਬੁਢਾਪਾ ਆਵੇਗਾ ਤਾਂ ਸਾਡਾ ਪੱੁਤਰ ਸਾਡੀ ਸੇਵਾ ਕਰੇਗਾ ਅਤੇ ਸਰਵਣ ਪੱੁਤ ਵਾਂਗ ਸਾਨੂੰ ਤੀਰਥ ਤੇ ਲੈ ਕੇ ਜਾਵੇਗਾ ਤਾਂ ਹੀ ਆਪਣੇ ਮੂੰਹ ਚੋਂ ਗਰਾਸ ਕੱਢ ਕੇ ਪੁੱਤਰ ਦੇ ਮੂੰਹ ਵਿੱਚ ਪਾਉਣ ਦੀ ਦੇਰੀ ਨਹੀ ਕਰਦੇ।ਪਰ ਕਈ ਵਾਰੀ ਉਦੋਂ ਸਾਰੀਆਂ ਆਸਾਂ ਤੇ ਪਾਣੀ ਫਿਰ ਜਾਂਦਾ ਹੈ ਜਦੋਂ ਪੁੱਤਰ ਨਸ਼ੇ ਨਾਲ ਗੱੁਟ ਹੋਇਆ ਘਰ ਦੇ ਦਰਵਾਜ਼ੇ ਤੇ ਖੜ੍ਹ ਕੇ ਗਾਲਾਂ ਕੱਢਦਾ ਹੋਇਆ ਬੁਰਾ ਭਲਾ ਬੋਲਦਾ ਹੈ।ਉਸ ਦੀਆਂ ਅੱਖਾਂ ਵਿੱਚੋਂ ਵਗਦਾ ਹੋਇਆ ਨੀਰ ਬਹੁਤ ਕੁੱਝ ਬਿਆਨ ਕਰ ਰਿਹਾ ਸੀ ਤੇ ਫਿਰ ਉਹ ਅੱਗੇ ਜੁਬਾਨੋ ਕੁੱਝ ਹੋਰ ਬੋਲ ਨਾ ਸਕੀ।
ਸਭ ਕੁੱਝ ਸੁਨਣ ਤੋਂ ਬਾਅਦ ਮੈ ਸੋਚਾਂ ਵਿੱਚ ਪੈ ਗਿਆ ਕਿ ਅੱਜ ਦੱੁਧ ਦਹੀ ਵਰਗੇ ਪਦਾਰਥ ਲੈਣੇ ਤਾਂ ਔਖੇ ਹੋ ਗਏ ਹਨ।ਪਰ ਨਸ਼ਾ (ਚਿੱਟਾ,ਸਮੈਕ,ਟੀਕੇ ਗੋਲੀਆਂ ਕੈਪਸੂਲ ਅਤੇ ਸ਼ੀਸ਼ੀਆਂ) ਲੈਣ ਵਿੱਚ ਕੋਈ ਔਖ ਨਹੀ ਆਉਦੀ।ਬਿਨਾਂ ਕਿਸੇ ਰੋਕ ਟੋਕ ਤੋਂ ਫੋਨ ਤੇ ਘਰ ਆ ਕੇ ਦੇ ਜਾਂਦੇ ਹਨ।ਜਿੰਨਾਂ ਨੂੰ ਕਿਸੇ ਪ੍ਰਾਸ਼ਸਨ,ਜਾਂ ਮਾਂ, ਬਾਪ ਦੀ ਕੋਈ ਪ੍ਰਵਾਹ ਨਹੀ।ਨਸ਼ੇ ਦੇ ਆਦੀ ਹੋਏ ਬੱਚੇ ਆਪਣਾ ਅਮੀਰ ਸੱਭਿਆਚਾਰ ਅਤੇ ਲਿਆਕਤ ਭੁੱਲ ਕੇ ਟੋਲੀਆਂ ਬਣਾ ਕੇ ਸ਼ਹਿਰਾਂ,ਪਿੰਡਾਂ ਦੀਆਂ ਗਲੀਆਂ ਵਿੱਚ ਫਿਰਦੇ ਆਮ ਮਿਲ ਜਾਂਦੇ ਹਨ।ਇਸ ਤੋਂ ਇਲਾਵਾ ਖਾਲੀ ਪਏ ਮਕਾਨਾਂ ਤੇ ਬੱਸ ਅੱਡਿਆ ਦੇ ਬਾਥਰੂਮਾਂ ਅਤੇ ਸ਼ਮਸਾਨ ਘਾਟਾ ਵਿੱਚ ਨਸ਼ੇ ਕਰਦੇ ਆਮ ਵੇਖੇ ਜਾਂਦੇ ਹਨ ਜਿਸ ਦਾ ਅੰਦਾਜ਼ਾ ਉਥੋਂ ਮਿਲੇ ਨਸ਼ੇ ਵਾਲੀਆਂ ਖਾਲੀਆਂ ਸ਼ੀਸ਼ੀਆਂ,ਪੱਤਿਆਂ,ਸ਼ਰਿੰਜਾਂ ਅਤੇ ੳਥੇ ਇਸ ਸਬੰਧੀ ਮਿਲੇ ਹੋਰ ਸਮਾਨ ਤੋਂ ਲਗਾਇਆ ਜਾ ਸਕਦਾ ਹੈ।ਨਿੱਤ ਦਿਹਾੜੇ ਮਾੜੇ ਕੰਮਾਂ ਜਾਣੀ ਕੇ ਧੀਆਂ ਭੈਣਾਂ ਦੇ ਸਾਝੀਂ ਤਾ ਕੀ ਬਣਨਾ ਸੀ ਸਗੋਂ ਦੋਖੀ ਬਣ ਕੇ ਨਵੇਂ ਚੰਦ ਚਾੜ੍ਹਨ ਚ ਦੇਰ ਨਹੀ ਕਰਦੇ।ਕਿਉਂਕਿ ਨਸ਼ੇ ਦੀ ਲੱਗੀ ਲਤ ਨੇ ਇਹਨਾਂ ਦੀ ਅੰਤਰ ਆਤਮਾ ਨੂੰ ਖਤਮ ਕਰ ਦਿੱਤਾ ਹੈ।ਇਹਨਾਂ ਨੂੰ ਕਿਸੇ ਧੀ ਭੈਣ ਅਤੇ ਆਪਣੇ ਬਿਗਾਨੇ ਦੀ ਪਛਾਣ ਵੀ ਨਹੀ ਰਹਿੰਦੀ।ਬੱਸ ਆਪਣੇ ਹੀ ਸਰੂਰ ਵਿੱਚ ਜ਼ਿੰਦਗੀ ਦੇ ਪਲ ਲੜਖੜਾਂਉਦੇ ਹੋਏ ਬਤੀਤ ਕਰਦੇ ਹਨ।ਸੜਕ ਦੁਰਘਟਨਾਵਾਂ ਵਿੱਚ ਵੀ ਇੰਨਾਂ ਦੀ ਬਦੌਲਤ ਅਥਾਹ ਵਾਧਾ ਹੋ ਰਿਹਾ ਹੈ।ਨਸ਼ੇ ਦੀ ਇਸ ਇਸ ਭੈੜੀ ਲਤ ਨੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਹਨ।ਵਸਦੇ ਰਸਦੇ ਘਰਾਂ ਦੇ ਚਿਰਾਗ ਬੁੱਝਾ ਦਿੱਤੇ ਮਾਵਾਂ ਦੀਆਂ ਝੋਲੀਆਂ ਖਾਲੀ ਕਰ ਦਿੱਤੀਆਂ ਹਨ ਭੈਣਾਂ ਦੇ ਵੀਰ, ਬੱਚਿਆਂ ਦੇ ਸਿਰ ਦੇ ਸਾਏ ਅਤੇ ਸੁਹਾਗਣਾਂ ਦੇ ਸੁਹਾਗ ਉਜਾੜ ਦਿੱਤੇ ਹਨ।
ਅੱਜ ਦੇ ਇੱਕ ਸਰਵੇਖਣ ਮੁਤਾਬਿਕ ਅੱਜ ਸਾਡੀ ਨੌਜਵਾਨ ਪੀੜ੍ਹੀ ਅੱਧਿਓ ਵੱਧ ਇਸ ਦਲਦਲ ਵਿੱਚ ਗ੍ਰਸਤ ਹੋ ਚੱੁਕੀ ਹੈ।ਜਿਸ ਦੇ ਮਾੜੇ ਨਤੀਜੇ ਹਰ ਰੋਜ਼ ਸਾਡੇ ਸਮਾਜ਼ ਸਾਹਮਣੇ ਆ ਰਹੇ ਹਨ।ਇਸ ਤੋਂ ਇਲਾਵਾ ਸਿਹਤ ਉੱਤੇ ਪੈ ਰਹੇ ਨਸ਼ੇ ਦੇ ਮਾੜੇ ਪ੍ਰਭਾਵਾਂ ਕਾਰਨ ਸਾਡੀ ਆਉਣ ਵਾਲੀ ਪੀੜੀ੍ਹ ਦੀ ਮਰਦਾਨਗੀ ਵੀ ਲੱਗਭੱਗ ਖਤਮ ਹੁੰਦੀ ਜਾਂਦੀ ਹੈ ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਚੰਗੇ ਮਰਦਾਂ ਦੀ ਘਾਟ ਹੋ ਜਾਵੇਗੀ।ਜਿਸ ਦਾ ਦੱੁਖ ਸਾਨੂੰ ਸਭ ਨੂੰ ਸਹਿਣਾ ਪਵੇਗਾ।ਅੱਜ ਦੇ ਨਸ਼ਾ ਤਸਕਰ ਤੇ ਮੁਨਾਫਾਖੋਰ ਲੋਕ ਉਸ ਅਣਜਾਣ ਸੁਆਣੀ ਵਾਂਗ ਹਨ ਜਿਸ ਨੁੰ ਚੰਦਨ ਦੀ ਲੱਕੜ ਦੀ ਕੀਮਤ ਦੀ ਸਾਰ ਨਹੀ ਜੋ ਹਾਰੇ ਦੀ ਅੱਗ ਨੂੰ ਧੁਖਾਉਣ ਲਈ ਟੋਟੇ ਟੋਟੇ ਕਰਕੇ ਪਾਈਆਂ ਪਾਥੀਆਂ ਨਾਲ ਹੀ ਚੰਦਨ ਨੂੰ ਧੁੱਖਣ ਲਈ ਪਾਈ ਜਾਂਦੀ ਹੈ।ਜਿਹੜੀ ਪਾਥੀਆਂ ਨਾਲ ਹੀ ਤਿਲ ਤਿਲ ਕਰਕੇ ਧੱੁਖੀ ਜਾਂਦੀ ਹੈ।ਆਓ ਆਪਾਂ ਸਾਰੇ ਰਲ ਮਿਲ ਇਕੱਠੇ ਹੋ ਕੇ ਹੰਭਲਾ ਮਾਰੀਏ ਤੇ ਇਸ ਚੰਦਨ (ਨੌਜਵਾਨੀ) ਨੂੰ ਹਾਰੇ ਦੀ ਅੱਗ ਚੋਂ ਕੱਢਣ ਦੀ ਕੋਸਿਸ ਕਰੀਏ ਤਾਂ ਜੋ ਆਉਣ ਵਾਲੀਆਂ ਪੀੜੀਆਂ ਲਈ ਨਿਰੋਏ ਸਮਾਜ ਦੀ ਸਿਰਜਣਾ ਕਰ ਸਕੀਏ।ਨਸ਼ੇ ਦੇ ਹਾਰੇ ਵਿੱਚ ਧੱੁਖਦੇ ਹੋਏ ਚੰਦਨ ਜਾਣੀ ਕਿ ਕੱਲ ਦੇ ਭਵਿੱਖ ਨੌਜਵਾਨ ਪੀੜੀ ਨੂੰ ਇਸ ਹਾਰੇ ਵਿੱਚ ਧੁੱਖਣ ਤੋਂ ਬਚਾਉਣ ਲਈ ਸੱਚੇ ਦਿਲੋਂ ਆਪਣਾ ਬਣਦਾ ਯੋਗਦਾਨ ਪਾਈਏ।ਲੋਕਤੰਤਰੀ ਸਵਿਧਾਨਕ ਢਾਂਚੇ ਵਾਲੇ ਸਾਡੇ ਦੇਸ਼ ਅਤੇ ਸੂਬੇ ਦੀਆਂ ਸਰਕਾਰਾਂ ਨੂੰ ਵੀ ਇਸ ਨੂੰ ਗੰਭੀਰਤਾਂ ਨਾਲ ਲੈਦੇਂ ਹੋਏ ਨਸ਼ਾ ਤਸਕਰਾਂ ਤੇ ਨਕੇਲ ਕੱਸਣੀ ਦੀ ਲੋੜ ਹੈ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਤਿਲ ਤਿਲ ਕਰਕੇ ਧੁੱਖ ਰਹੀ ਨੌਜਵਾਨ ਪੀੜ੍ਹੀ ਨੂੰ ਇਸ ਅੱਗ ਵਿੱਚੋਂ ਕੱਢਣ ਲਈ ਕੋਈ ਯੋਗ ਨੀਤੀ ਬਨਾਉਣ ਨੂੰ ਅਹਿਮੀਅਤ ਦੇਣ ਦੀ ਜਰੂਰਤ ਹੈ ਤਾਂ ਕਿ ਨਿਰਾਸ਼ਤਾ ਵੱਲ ਵਧ ਰਿਹਾ ਪੰਜਾਬ ਪਹਿਲਾਂ ਵਰਗਾ ਹੀ ਹੱਸਦਾ ਵੱਸਦਾ ਤੇ ਰੰਗਲਾ ਨਜ਼ਰ ਆਵੇ। ਇੱਕ ਵਾਰ ਫਿਰ ਤੋਂ ਨੌਜਵਾਨ ਖੁਸ਼ ਤਬੀਅਤ ਅਤੇ ਬੁਲੰਦ ਇਰਾਦਿਆਂ ਨਾਲ ਖੇਡ ਮੈਦਾਨਾਂ ਦੀ ਰੌਣਕ ਵਿੱਚ ਵਾਧਾ ਕਰਦੇ ਨਜ਼ਰ ਆਉਣ।ਜੋ ਆਪਣੀਆਂ ਮੰਜ਼ਿਲਾਂ ਨੂੰ ਸਰ ਕਰਕੇ ਦੇਸ਼ ਦੇ ਵਿਕਾਸ ਅਤੇ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ।
“ਆਮੀਨ”
ਲੇਖਕ:ਜਗਦੀਸ਼ ਸਿੰਘ ਪੱਖੋ (ਹੈਲਥ ਇੰਸਪੈਕਟਰ)
ਪਿੰਡ ਤੇ ਡਾਕ:ਪੱਖੋ ਕਲਾਂ ਤਹਿ ਤਪਾ(ਬਰਨਾਲਾ)
ਮੋਬਾ:ਨੰ: 98151-07001