ਨਵੀਂ ਦਿੱਲੀ (ਸਮਾਜ ਵੀਕਲੀ) : ਸੰਯੁਕਤ ਕਿਸਾਨ ਮੋਰਚਾ ਦੀ ਅੱਜ ਸਿੰਘੂ ਬਾਰਡਰ ਵਿਖੇ ਹੋਈ ਮੀਟਿੰਗ ਦੌਰਾਨ 26 ਨਵੰਬਰ ਨੂੰ ਦਿੱਲੀ ਦੇ ਕਿਸਾਨ ਮੋਰਚਿਆਂ ’ਚ ਇਤਿਹਾਸਕ ਕਿਸਾਨ ਸੰਘਰਸ਼ ਦੀ ਪਹਿਲੀ ਵਰ੍ਹੇਗੰਢ ਵੱਡੇ ਪੱਧਰ ’ਤੇ ਮਨਾਉਣ ਦਾ ਫੈਸਲਾ ਕਰਦਿਆਂ 29 ਨਵੰਬਰ ਨੂੰ ਸੰਸਦ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਮੋਰਚੇ ਨੇ ਕਿਸਾਨਾਂ ਨੂੰ ਵੱਡੀ ਗਿਣਤੀ ’ਚ ਦਿੱਲੀ ਦੇ ਕਿਸਾਨ-ਮੋਰਚਿਆਂ ’ਤੇ ਪਹੁੰਚਣ ਦੇ ਨਾਲ-ਨਾਲ ਦੇਸ਼-ਭਰ ’ਚ ਵੀ ਸੂਬਾ ਪੱਧਰੀ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ।
ਮੋਰਚੇ ਵੱਲੋਂ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 26 ਨਵੰਬਰ ਸੰਵਿਧਾਨ ਦਿਵਸ ਵੀ ਹੈ, ਜਿਸ ਦਿਨ 1949 ਵਿੱਚ ਸੰਵਿਧਾਨ ਸਭਾ ਦੁਆਰਾ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ ਗਿਆ ਸੀ। ਮੋਰਚੇ ਮੁਤਾਬਕ 26 ਨਵੰਬਰ ਨੂੰ ਪਿਛਲੇ ਸਾਲ ਮਜ਼ਦੂਰ ਵਰਗ ਦੁਆਰਾ ਕੀਤੀ ਗਈ ਆਲ ਇੰਡੀਆ ਹੜਤਾਲ ਦਾ ਇੱਕ ਸਾਲ ਵੀ ਹੈ। 29 ਨਵੰਬਰ ਨੂੰ ਦਿੱਲੀ ਵਿੱਚ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋਵੇਗਾ ਤੇ ਇਸ ਸੰਸਦ ਸੈਸ਼ਨ ਦੀ ਸਮਾਪਤੀ ਤੱਕ 500 ਚੁਣੇ ਹੋਏ ਕਿਸਾਨ ਵਾਲੰਟੀਅਰ ਹਰ ਰੋਜ਼ ਟਰੈਕਟਰ ਟਰਾਲੀਆਂ ਵਿੱਚ ਸ਼ਾਂਤੀਪੂਰਵਕ ਤੇ ਪੂਰੇ ਅਨੁਸ਼ਾਸਨ ਨਾਲ ਸੰਸਦ ਵੱਲ ਜਾਣਗੇ ਤਾਂ ਜੋ ਇਸ ਅੜੀਅਲ, ਅਸੰਵੇਦਨਸ਼ੀਲ, ਵਿਰੋਧੀ ’ਤੇ ਦਬਾਅ ਵਧਾਇਆ ਜਾ ਸਕੇ।
ਮੋਰਚੇ ਅਨੁਸਾਰ 26 ਨਵੰਬਰ ਨੂੰ ਦਿੱਲੀ ਦੀਆਂ ਸਾਰੀਆਂ ਸਰਹੱਦਾਂ ’ਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਰਾਜਸਥਾਨ ਤੋਂ ਭਾਰੀ ਲਾਮਬੰਦੀ ਹੋਵੇਗੀ। ਉੱਥੇ ਵੱਡੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਕਿਸਾਨ-ਅੰਦੋਲਨ ਦੇ 650 ਦੇ ਕਰੀਬ ਸ਼ਹੀਦ ਹੋਏ ਕਿਸਾਨਾਂ ਸ਼ਰਧਾਂਜਲੀ ਦਿੱਤੀ ਜਾਵੇਗੀ। 26 ਨਵੰਬਰ ਨੂੰ ਭਾਰਤ ਦੇ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਕਿਸਾਨਾਂ, ਮਜ਼ਦੂਰਾਂ, ਕਰਮਚਾਰੀਆਂ, ਖੇਤ ਮਜ਼ਦੂਰਾਂ, ਔਰਤਾਂ, ਨੌਜਵਾਨਾਂ ਤੇ ਵਿਦਿਆਰਥੀਆਂ ਦੁਆਰਾ ਵਿਸ਼ਾਲ ਸੰਯੁਕਤ ਰਾਜ ਵਿਆਪੀ ਐਕਸ਼ਨ ਦਾ ਸੱਦਾ ਦਿੱਤਾ ਹੈ, ਜੋ (ਉਕਤ ਰਾਜਾਂ ਨੂੰ ਛੱਡ ਕੇ) ਦਿੱਲੀ ਦੀਆਂ ਸਰਹੱਦਾਂ ’ਤੇ ਲਾਮਬੰਦ ਹੋਣਗੇ। ਮੋਰਚੇ ਮੁਤਾਬਕ ਲਖੀਮਪੁਰ ਖੀਰੀ ਕਤਲੇਆਮ ਦੀ ਫੋਰੈਂਸਿਕ ਜਾਂਚ ਤੋਂ ਪਤਾ ਲੱਗਾ ਹੈ ਕਿ ਆਸ਼ੀਸ਼ ਮਿਸ਼ਰਾ ਟੈਨੀ ਅਤੇ ਉਸ ਦੇ ਸਾਥੀ ਦੀ ਮਾਲਕੀ ਵਾਲੀ ਬੰਦੂਕ ਘਟਨਾ ਸਮੇਂ ਚਲਾਈ ਗਈ ਸੀ। 28 ਨਵੰਬਰ ਨੂੰ ਮੁੰਬਈ ਦੇ ਆਜ਼ਾਦ ਮੈਦਾਨ ਵਿੱਚ ਵਿਸ਼ਾਲ ਕਿਸਾਨ-ਮਜ਼ਦੂਰ ਮਹਾਪੰਚਾਇਤ ਸੰਯੁਕਤ ਸ਼ੇਤਕਾਰੀ ਕਾਮਗਾਰ ਮੋਰਚਾ ਦੇ ਬੈਨਰ ਹੋਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly